ਸਪੇਸਐਕਸ ਨੇ ਰਚਿਆ ਇਤਿਹਾਸ : ਸਟਾਰਸ਼ਿਪ ਪੁਲਾੜ ਯਾਨ ਨੂੰ ਹਵਾ ’ਚ ਹੀ ਫੜਿਆ

ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਪੁਲਾੜ ਦੀ ਦੁਨੀਆ ’ਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਕੰਪਨੀ ਦਾ ਸਟਾਰਸ਼ਿਪ ਪੁਲਾੜ ਯਾਨ ਪੁਲਾੜ ’ਚ ਚੱਕਰ ਲਗਾਉਣ ਤੋਂ ਬਾਅਦ ਧਰਤੀ ’ਤੇ ਵਾਪਸ ਆਇਆ। ਜਦੋਂ ਇਹ ਵਾਪਸ ਆਇਆ ਤਾਂ ਲਾਂਚ ਟਾਵਰ ’ਤੇ ਲੱਗੀਆਂ 2 ਵੱਡੀਆਂ ਰੋਬੋਟਿਕ ਮਸ਼ੀਨਾਂ ਨੇ ਇਸ ਨੂੰ ਹਵਾ ’ਚ ਹੀ ਫੜ ਲਿਆ।
ਇਹ ਪਹਿਲੀ ਵਾਰ ਹੋਇਆ ਹੈ ਕਿ ਪੁਲਾੜ ਵਿਚ ਜਾਣ ਤੋਂ ਬਾਅਦ ਵਾਪਸ ਆ ਰਹੇ ਸਟਾਰਸ਼ਿਪ ਨੂੰ ਲਾਂਚ ਟਾਵਰ ਨੇ ਇਸ ਤਰ੍ਹਾਂ ਫੜਿਆ ਹੈ। ਇਸ ਪੁਲਾੜ ਯਾਨ ਦਾ ਨਾਂਅ ਸ਼ਿਪ 42 ਹੈ। ਇਸ ਨੇ 14 ਨਵੰਬਰ ਨੂੰ ਅਮਰੀਕਾ ਦੇ ਟੈਕਸਾਸ ਸੂਬੇ ’ਚ ਸਥਿਤ ਸਪੇਸਐਕਸ ਦੇ ਲਾਂਚ ਸੈਂਟਰ ਤੋਂ ਉਡਾਣ ਭਰੀ ਸੀ। ਲਗਭਗ 22 ਘੰਟੇ ਪੁਲਾੜ ’ਚ ਰਹਿਣ ਤੋਂ ਬਾਅਦ ਇਹ 15 ਨਵੰਬਰ ਨੂੰ ਵਾਪਸ ਲਾਂਚ ਟਾਵਰ ਕੋਲ ਪਹੁੰਚ ਗਿਆ। ਭਾਰਤੀ ਸਮੇਂ ਮੁਤਾਬਕ, ਇਹ ਸਵੇਰੇ ਲਗਭਗ 2:52 ਵਜੇ ਵਾਪਸ ਆਇਆ।
ਇਸ ਦੌਰਾਨ ਇਸ ਨੇ ਧਰਤੀ ਦੇ ਲਗਭਗ 14 ਚੱਕਰ ਲਗਾਏ। ਸਟਾਰਸ਼ਿਪ ਨੂੰ ਫੜਨ ਲਈ ਲਾਂਚ ਟਾਵਰ ’ਤੇ ਦੋ ਵੱਡੀਆਂ ਮਸ਼ੀਨੀ ਬਾਂਹਾਂ ਲਗਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ ਸਪੇਸਐਕਸ ਆਪਣੇ ਰਾਕੇਟ ਦੇ ਪਹਿਲੇ ਹਿੱਸੇ ਯਾਨੀ ਬੂਸਟਰ ਨੂੰ ਇਸੇ ਤਕਨੀਕ ਨਾਲ ਫੜ ਚੁੱਕੀ ਹੈ। ਪਰ ਪੁਲਾੜ ’ਚ ਜਾਣ ਤੋਂ ਬਾਅਦ ਵਾਪਸ ਆ ਰਹੇ ਸਟਾਰਸ਼ਿਪ ਨੂੰ ਇਸ ਤਰ੍ਹਾਂ ਫੜਨ ’ਚ ਕੰਪਨੀ ਨੂੰ ਪਹਿਲੀ ਵਾਰ ਕਾਮਯਾਬੀ ਮਿਲੀ ਹੈ।
ਇਸ ਉਡਾਣ ਦੌਰਾਨ ਸਟਾਰਸ਼ਿਪ ਲਗਭਗ 275 ਕਿਲੋਮੀਟਰ ਦੀ ਉਚਾਈ ਤੱਕ ਪਹੁੰਚਿਆ। ਉੱਥੋਂ ਇਸ ਨੇ 26 ਨਵੇਂ ਸਟਾਰਲਿੰਕ ਸੈਟੇਲਾਈਟ ਪੁਲਾੜ ਵਿੱਚ ਛੱਡੇ। ਇਹ ਸੈਟੇਲਾਈਟ ਇੰਟਰਨੈੱਟ ਸੇਵਾ ਨੂੰ ਹੋਰ ਵਧੀਆ ਬਣਾਉਣ ਵਿਚ ਮਦਦ ਕਰਨਗੇ। ਸਪੇਸਐਕਸ ਦਾ ਟੀਚਾ ਇਸ ਵਾਰ ਰਾਕੇਟ ਦੇ ਦੋਵਾਂ ਹਿੱਸਿਆਂ ਨੂੰ ਵਾਪਸ ਫੜਨਾ ਸੀ। ਪਰ ਪਹਿਲਾ ਹਿੱਸਾ ਬੂਸਟਰ ਵਾਪਸ ਆਉਂਦੇ ਸਮੇਂ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਿਆ।
ਇਸ ਦੇ ਇੰਜਣ ਨੇ ਸਮੇਂ ਤੋਂ ਪਹਿਲਾਂ ਹੀ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਇਸ ਦਾ ਰਸਤਾ ਬਦਲ ਗਿਆ ਤੇ ਇਹ ਮੈਕਸੀਕੋ ਦੀ ਖਾੜੀ ’ਚ ਜਾ ਡਿੱਗਿਆ। ਕੰਪਨੀ ਦੇ ਇੰਜੀਨੀਅਰ ਇਸ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਹਾਲਾਂਕਿ, ਬੂਸਟਰ ਨੂੰ ਫੜਨ ’ਚ ਨਾਕਾਮੀ ਦੇ ਬਾਵਜੂਦ ਸ਼ਿਪ 42 ਦੀ ਸੁਰੱਖਿਅਤ ਵਾਪਸੀ ਨੂੰ ਇਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਰਾਕੇਟ ਨੂੰ ਵਾਰ-ਵਾਰ ਵਰਤਣਾ ਸੰਭਵ ਹੋ ਸਕੇਗਾ। ਇਸ ਨਾਲ ਪੁਲਾੜ ਯਾਤਰਾਵਾਂ ਦਾ ਖਰਚਾ ਘਟਾਉਣ ਵਿਚ ਮਦਦ ਮਿਲ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




