PunjabTop News

ਤਲਵੰਡੀ ਧਾਮ ਦੇ ਬਾਲ ਘਰ ਦੀਆਂ ਬੱਚੀਆਂ ’ਤੇ ਤਸ਼ੱਦਦ ਦਾ ਵੀਡੀਓ ਵਾਇਰਲ

ਮੁੱਲਾਂਪੁਰ ਦੇ ਤਲਵੰਡੀ ਧਾਮ ਡੇਰੇ ਦੇ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵਾਇਰਲ ਵੀਡੀਓ ਵਿਵਾਦ ਦੇ ਨਾਲ ਹੀ ਤਲਵੰਡੀ ਧਾਮ ਦੇ ਬਾਲ ਘਰ ਵਿਚ ਬੱਚਿਆਂ ਦੇ ਸ਼ੋਸ਼ਣ ਦਾ ਮੁੱਦਾ ਵੀ ਮੁੜ ਵਿਵਾਦਾਂ ਵਿਚ ਆ ਗਿਆ ਹੈ। ਸਵਾਮੀ ਸ਼ੰਕਰਾ ਨੰਦ ਦਾ ਵਿਰੋਧ ਕਰ ਰਹੇ ਲੋਕਾਂ ਨੇ ਬਾਲ ਘਰ ਵਿਚ ਬੱਚਿਆਂ ਦੇ ਸ਼ੋਸ਼ਣ ਨੂੰ ਲੈ ਕੇ ਵੀ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਸਾਲ 2022 ’ਚ ਬਾਲ ਘਰ ਵਿਚ ਬੱਚਿਆਂ ’ਤੇ ਕੀਤੇ ਜਾਂਦੇ ਤਸ਼ੱਦਦ ਤੋਂ ਬਾਅਦ ਅੱਧੀ ਰਾਤ ਨੂੰ ਕੰਧਾਂ ਟੱਪ ਕੇ ਬਾਲ ਘਰ ਵਿਚੋਂ ਭੱਜੇ ਬੱਚਿਆਂ ਦੀਆਂ ਵੀਡੀਓਜ਼ ਨੂੰ ਵੀ ਪੋਸਟ ਕੀਤਾ ਗਿਆ ਹੈ। ਭਾਵੇਂ ਇਸ ਸਾਰੇ ਮਾਮਲੇ ਵਿਚ ਅਜੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਗਰਾਓਂ ਪੁਲਿਸ ਵੱਲੋਂ ਕੋਈ ਜਾਂਚ ਨਹੀਂ ਬਿਠਾਈ ਗਈ ਪਰ ਲੋਕਾਂ ਵਿਚ ਬਾਲ ਘਰ ’ਚ ਬੱਚਿਆਂ ਦੇ ਸ਼ੋਸ਼ਣ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ।

ਸਾਲ 2022 ’ਚ ਬਾਲ ਘਰ ਦੀਆਂ ਉਚੀਆਂ ਕੰਧਾਂ ਟੱਪ ਕੇ ਬੱਚੇ ਭੱਜ ਗਏ ਸਨ। ਉਨ੍ਹਾਂ ਪਿੰਡ ਤਲਵੰਡੀ ਕਲਾਂ ’ਚ ਹੀ ਰਾਤ ਕੱਟਦਿਆਂ ਉਥੋਂ ਦੇ ਲੋਕਾਂ ਨੂੰ ਰੋਂਦਿਆਂ-ਕੁਰਲਾਉਂਦਿਆਂ ਉਨ੍ਹਾਂ ’ਤੇ ਤਲਵੰਡੀ ਧਾਮ ਵਿਚ ਹੁੰਦੇ ਤਸ਼ੱਦਦ ਦੀ ਦੁਹਾਈ ਦਿੱਤੀ। ਇਸ ਦੌਰਾਨ ਇੱਕ ਬੱਚੇ ਨੂੰ ਤਾਂ ਬਾਲ ਘਰ ਦਾ ਸਟਾਫ ਜਬਰਨ ਗੱਡੀ ਵਿਚ ਪਾ ਕੇ ਲੈ ਗਿਆ ਸੀ ਪਰ ਇੱਕ ਬੱਚੀ ਨੂੰ ਲੈਣ ਪੁੱਜੇ ਤਲਵੰਡੀ ਧਾਮ ਦੇ ਓਮਾ ਨੰਦ ਅਤੇ ਬੀਬੀ ਜਸਵੀਰ ਕੌਰ ਨੂੰ ਲੋਕਾਂ ਦਾ ਵਿਰੋਧ ਝੱਲਣਾ ਪਿਆ ਅਤੇ ਬਿਨ੍ਹਾਂ ਬੱਚੀ ਹੀ ਭੱਜਣਾ ਪਿਆ ਸੀ। ਇਹ ਦੋਵੇਂ ਵੀਡੀਓ ਅੱਜ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਸੰਗਤ ਨੇ ਸਵਾਮੀ ਸ਼ੰਕਰਾ ਨੰਦ ਦੇ ਚੇਲਿਆਂ ਓਮਾ ਨੰਦ, ਜਸਵੀਰ ਕੌਰ, ਕੁਲਦੀਪ ਸਿੰਘ ਅਤੇ ਹੋਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਮੁੱਖ ਧਾਮ ਛੁਡਾਨੀ ਸਾਹਿਬ ਦੇ ਮੁਖੀ ਸ੍ਰੀਮਹੰਤ ਦਯਾਸਾਗਰ ਜੀ ਨੇ ਵੀ ਬਾਲ ਘਰ ’ਚ ਬੱਚਿਆਂ ਦੇ ਸ਼ੋਸ਼ਣ ਦਾ ਖਦਸ਼ਾ ਪ੍ਰਗਟਾਉਂਦਿਆਂ ਬਾਲ ਘਰ ਦੇ ਬੱਚਿਆਂ ਦਾ ਮੈਡੀਕਲ ਕਰਵਾਉਣ ਅਤੇ ਬਿਆਨ ਕਲਮਬੱਧ ਕਰਵਾਉਣ ਦੀ ਮੰਗ ਕੀਤੀ ਸੀ। ਇਸ ਦੇ ਲਈ ਉਨ੍ਹਾਂ ਬਾਕਾਇਦਾ ਮੁੱਖ ਮੰਤਰੀ ਤੋਂ ਲੈ ਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੋਈ ਹੈ ਪਰ ਇਸ ਸਭ ਦੇ ਬਾਵਜੂਦ ਅਜੇ ਤਕ ਪੁਲਿਸ ਪ੍ਰਸ਼ਾਸਨ ਨੇ ਅਸ਼ਲੀਲ ਵੀਡੀਓ ਵਾਇਰਲ ’ਚ ਸਵਾਮੀ ਸ਼ੰਕਰਾ ਨੰਦ ਨੂੰ ਗ੍ਰਿਫ਼ਤਾਰ ਕਰਨਾ ਤਾਂ ਦੂਰ, ਉਕਤ ਮਾਮਲੇ ਵਿਚ ਕੋਈ ਜਾਂਚ ਤੱਕ ਸ਼ੁਰੂ ਨਹੀਂ ਕੀਤੀ।

ਅਸ਼ਲੀਲ ਵਾਇਰਲ ਵੀਡੀਓ ਮਾਮਲੇ ’ਚ ਭੱਜੇ ਸਵਾਮੀ ਸ਼ੰਕਰਾ ਨੰਦ ਖ਼ਿਲਾਫ਼ ਦੇਸ਼ ਤੋਂ ਇਲਾਵਾ ਹੁਣ ਵਿਦੇਸ਼ਾਂ ਵਿਚ ਵੀ ਸੰਗਤਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਬਾਕਾਇਦਾ ਸੰਗਤ ਨੇ ਮੀਟਿੰਗ ਰੱਖ ਲਈ ਹੈ। ਇਹ ਮੀਟਿੰਗ ਕੈਨੇਡਾ ’ਚ 22 ਜੂਨ ਨੂੰ ਦੁਪਹਿਰ 3 ਵਜੇ ਸੱਦੀ ਗਈ ਹੈ ਜਿਸ ਵਿਚ ਸੰਗਤ ਨੇ ਲਿਖਤੀ ਮੈਸੇਜ ਵਿਚ ਕਿਹਾ ਹੈ ਕਿ ਸ਼ੰਕਰਾ ਨੰਦ ਦੀ ਅਸ਼ਲੀਲ ਵੀਡੀਓ ਨਾਲ ਇਲਾਕੇ ਦੀ ਬਹੁਤ ਬਦਨਾਮੀ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ੰਕਰਾ ਨੰਦ ਇਲਾਕੇ ਦੇ ਕੁਝ ਖਾਸ ਲੋਕਾਂ ਨਾਲ ਸੰਪਰਕ ਕਰਕੇ ਇਸ ਮੁੱਦੇ ਨੂੰ ਠੰਢੇ ਬਸਤੇ ਵਿਚ ਪਾਉਣ ਲਈ ਲੱਗਾ ਹੋਇਆ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਮੁੱਦੇ ’ਤੇ ਵਿਚਾਰ ਕਰਨ ਲਈ ਬਰੈਂਪਟਨ ਦੇ ਅੰਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ’ਚ ਮੀਟਿੰਗ ਕਰਕੇ ਰਣਨੀਤੀ ਉਲੀਕੀ ਜਾਵੇਗੀ।

ਸ਼ੰਕਰਾ ਨੰਦ ਨਾਲ ਭੂਰੀ ਵਾਲੇ ਨਾ ਲਿਖਿਆ ਜਾਵੇ

ਛੱਤਰੀ ਸਾਹਿਬ ਮੰਦਰ ਛੁਡਾਨੀ ਧਾਮ ਦੇ ਸ੍ਰੀਮਹੰਤ ਦਯਾਸਾਗਰ ਜੀ ਨੇ ਅੱਜ ਇੱਕ ਮੁੱਖ ਧਾਮ ਤੋਂ ਚਿੱਠੀ ਜਾਰੀ ਕਰਦਿਆਂ ਸੰਗਤ ਅਤੇ ਖਾਸ ਕਰ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਤਲਵੰਡੀ ਧਾਮ ਦੇ ਸ਼ੰਕਰਾ ਨੰਦ ਕਾਂਡ ’ਚ ਭੂਰੀ ਵਾਲਾ ਸ਼ਬਦ ਨਾ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ੰਕਰਾ ਨੰਦ ਇੱਕ ਅਪਰਾਧੀ ਹੈ, ਜਦਕਿ ਸਤਿਗੁਰੂ ਭੂਰੀ ਵਾਲੇ ਪੂਜਨੀਕ ਧਾਰਮਿਕ ਸ਼ਖਸੀਅਤ ਸਨ। ਇਸ ਲਈ ਸ਼ੰਕਰਾ ਨੰਦ ਵਰਗੇ ਅਪਰਾਧੀ ਬਿਰਤੀ ਵਾਲੇ ਵਿਅਕਤੀ ਦੇ ਨਾਂ ਨਾਲ ਭੂਰੀ ਵਾਲਾ ਸ਼ਬਦ ਨਾ ਜੋੜਿਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button