ਰੋਮਾਂਟਿਕਤਾ ਅਤੇ ਕਾਮੇਡੀ ਦਾ ਦਿਲਚਸਪ ਸੁਮੇਲ ਹੈ ‘ਮੰਜੇ ਬਿਸਤਰੇ 2’ : ਸਿੰਮੀ ਚਾਹਲ
ਸਿੰਮੀ ਚਾਹਲ ਅੱਜ ਪੰਜਾਬੀ ਫ਼ਿਲਮਾਂ ਦੀ ਇੱਕ ਜਾਣੀ ਪਹਿਚਾਣੀ ਅਦਾਕਾਰਾ ਹੈ। ਉਸਦੀ ਅਦਾਕਾਰੀ ਵਿੱਚ ਕਲਾ ਦੇ ਕਈ ਰੰਗ ਹਨ ਜਿਸ ਵਿੱਚ ਭਾਵੁਕਤਾ ਵੀ ਹੈ ਤੇ ਚੁਲਬੁਲਾਪਣ ਵੀ ਹੈ। ਉਸਦੀਆਂ ਮੁੱਢਲੀਆਂ ਫਿਲਮਾਂ ‘ਬੰਬੂਕਾਟ’ ਅਤੇ ਰੱਬ ਦਾ ਰੇਡੀਓ’ ਵਿੱਚ ਕੀਤੇ ਕਿਰਦਾਰ (ਪੱਕੋ ਅਤੇ ਗੁੱਡੀ) ਹੀ ਅੱਜ ਉਸਦੀ ਪਛਾਣ ਬਣ ਚੁੱਕੇ ਹਨ ਪ੍ਰੰਤੂ ਸਿੰਮੀ ਚਾਹਲ ਬਾਕਮਾਲ ਅਦਾਕਾਰਾ ਹੈ। ਜੋ ਹਰ ਤਰ੍ਹਾਂ ਦੇ ਕਿਰਦਾਰ ਵਿੱਚ ਫਿੱਟ ਹੋਣ ਦੇ ਸਮਰੱਥ ਹੈ। ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਵਿੱਚ ਉਸਦਾ ਕਿਰਦਾਰ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਚੁਸਤ ਚਲਾਕ ਮਾਡਰਨ ਕੁੜੀ ਦਾ ਸੀ ਜੋ ਆਪਣੇ ਹਲਵਾਈ ਪਿਤਾ ਦੀ ਦੁਕਾਨ ‘ਤੇ ਮੁੰਡਿਆਂ ਵਾਂਗ ਸਾਰਾ ਕੰਮ ਸੰਭਾਲਦੀ ਹੈ। ਦਰਸ਼ਕਾਂ ਨੇ ਉਸਨੂੰ ਮਿਸ਼ਰੀ ਦੇ ਇਸ ਕਿਰਦਾਰ ਵਿੱਚ ਵੀ ਬੇਹੱਦ ਪਸੰਦ ਕੀਤਾ।
Read Also ‘ਮੰਜੇ ਬਿਸਤਰੇ 2’ ਦਾ ਟਰੇਲਰ ਬਣਿਆ ਦਰਸ਼ਕਾਂ ਦੀ ਪਸੰਦ (ਵੀਡੀਓ)
ਅੰਬਾਲਾ ਸ਼ਹਿਰ ਦੀ ਜੰਮਪਲ ਸਿਮਰਜੀਤ ਕੌਰ ਚਾਹਲ ਨੇ ਸੰਨ 2014 ਤੋਂ ਕਲਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। ਕੁਝ ਨਾਮੀ ਗਾਇਕਾਂ ਦੇ ਗੀਤਾਂ ਵਿੱਚ ਅਦਾਕਾਰੀ ਕਰਦਿਆਂ ਹੀ ਉਹ ਅਚਾਨਕ ਫ਼ਿਲਮੀ ਪਰਦੇ ਵੱਲ ਆ ਗਈ। ਨਿਰਦੇਸ਼ਕ ਪੰਕਜ ਬੱਤਰਾ ਦੀ ਫ਼ਿਲਮ ‘ਬੰਬੂਕਾਟ’ ਵਿੱਚ ਉਸਨੂੰ ਐਮੀ ਵਿਰਕ ਨਾਲ ਮੇਨ ਲੀਡ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਦੀ ਪ੍ਰਸਿੱਧੀ ਨੇ ਸਿੰਮੀ ਦੀ ਕਿਸਮਤ ਦੇ ਐਸੇ ਦਰਵਾਜ਼ੇ ਖੋਲ੍ਹੇ ਕਿ ਫ਼ਿਲਮਾਂ ਦੀਆਂ ਲਾਇਨਾਂ ਲੱਗ ਗਈਆ। ਉਸਨੇ ਅਮਰਿੰਦਰ ਗਿੱਲ ਨਾਲ ਸਰਵਣ, ਤਰਸੇਮ ਜੱਸੜ ਨਾਲ ‘ਰੱਬ ਦਾ ਰੇਡੀਓ, ਜਿੰਮੀ ਸ਼ੇਰਗਿੱਲ ਨਾਲ ‘ਦਾਣਾ ਪਾਣੀ, ਹਰੀਸ਼ ਵਰਮਾ ਨਾਲ ‘ਗੋਲਕ ਬੁਗਨੀ ਬੈਂਕ ਬਟੂਆ, ਅੰਬਰਦੀਪ ਨਾਲ ‘ਭੱਜੋ ਵੀਰੋ ਵੇ’ ਫ਼ਿਲਮਾਂ ਵਿੱਚ ਮੁੱਖ ਕਿਰਦਾਰਾਂ ਵਿੱਚ ਕੰਮ ਕੀਤਾ।
ਇੰਨ੍ਹੀ ਦਿਨੀਂ ਸਿੰਮੀ ਚਾਹਲ ਦੀਆਂ ਦੋ ਫ਼ਿਲਮਾਂ ਰਿਲੀਜ਼ ਦੇ ਨੇੜੇ ਹਨ। ਇੱਕ ਫਿਲਮ ‘ਤਰਸੇਮ ਜੱਸੜ ਨਾਲ ਹੈ ਰੱਬ ਦਾ ਰੇਡੀਓ 2’ ਜਿਸ ਵਿੱਚ ਉਹ ਆਪਣੀ ਪਹਿਲੀ ਫ਼ਿਲਮ ਦੀ ਅਗਲੀ ਜ਼ਿੰਦਗੀ ‘ਚ ਅਦਾਕਾਰੀ ਕਰਦੀ ਨਜ਼ਰ ਆਵੇਗੀ। ਦੂਸਰੀ ਫ਼ਿਲਮ ‘ਮੰਜੇ ਬਿਸਤਰੇ 2’ ਹੈ ਜੋ ਕਿ ਗਿੱਪੀ ਗਰੇਵਾਲ ਨਾਲ ਹੈ। ਗਿੱਪੀ ਗਰੇਵਾਲ ਨਾਲ ਉਸਦਾ ਕਿਰਦਾਰ ਪਹਿਲੀਆ ਫ਼ਿਲਮਾਂ ਤੋਂ ਬਹੁਤ ਹਟਕੇ ਹੈ। ਸਿੰਮੀ ਨੇ ਦੱਸਿਆ ਕਿ ਉਸਦਾ ਕਿਰਦਾਰ ਰੋਮਾਂਟਿਕਤਾ ਵਾਲਾ ਵਿਦੇਸ਼ੀ ਪੰਜਾਬਣ ਮੁਟਿਆਰ ਦਾ ਹੈ। ਫ਼ਿਲਮ ਦਾ ਵਿਸ਼ਾ ਕੈਨੈਡਾ ਦੀ ਪੰਜਾਬੀ ਜ਼ਿੰਦਗੀ ਅਧਾਰਤ ਕਾਮੇਡੀ ਅਤੇ ਮਨੋਰੰਜਨ ਭਰਪੂਰ ਹੈ ਜੋ ਇੱਕ ਵਿਆਹ ਸਮਾਗਮ ਦੀ ਪੇਸ਼ਕਾਰੀ ਦਾ ਹਿੱਸਾ ਹੈ। ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਜਿਸਦੇ ਚਰਚੇ ਸੋਸ਼ਲ ਮੀਡੀਆ ਅਤੇ ਯੂ ਟਿਊਬ ਚੈਨਲਾਂ ‘ਤੇ ਸਰਗਰਮ ਹਨ। ਸਿੰਮੀ ਚਾਹਲ ਗਿੱਪੀ ਗਰੇਵਾਲ ਨਾਲ ਫੋਰਡ ਟਰੈਕਟਰ ‘ਤੇ ਬੈਠੀ ਨਜ਼ਰ ਆਈ ਹੈ। ਇਸ ਜੋੜੀ ਦਾ ਫ਼ਿਲਮ ਵਿਚਲਾ ਇੱਕ ਦੋਗਾਣਾ ‘ਕਰੰਟ’ ਵੀ ਕਾਫ਼ੀਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਵਿੱਚ ਵੀ ਸਿੰਮੀ ਗਿੱਪੀ ਦੀ ਰੋਮਾਂਟਿਕ ਜੋੜੀ ਦੇ ਚਰਚੇ ਹੋ ਰਹੇ ਹਨ।
12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਮਾਣ ਗਿੱਪੀ ਗਰੇਵਾਲ ਨੇ ਆਪਣੀ ਨਿੱਜੀ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਕੀਤਾ ਹੈ ਜਿਸ ਨੂੰ ਸਰਦਾਰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ।ਫ਼ਿਲਮ ਦੀ ਕਹਾਣੀ ਵੀ ਖੁਦ ਗਿੱਪੀ ਨੇ ਹੀ ਲਿਖੀ ਹੈ ਜਦਕਿ ਡਾਇਲਾਗ ਅਤੇ ਸਕਰੀਨ ਪਲੇਅ ਦੇ ਲੇਖਕ ਨਰੇਸ਼ ਕਥੂਰੀਆਂ ਹਨ। ਫ਼ਿਲਮ ਵਿੱਚ ਗਿੱਪੀ ਗਰੇਵਾਲ, ਸਿੰਮੀ ਚਾਹਲ ਤੋ ਇਲਾਵਾ ਸਰਦਾਰ ਸੋਹੀ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਅਨੀਤਾ ਦੇਵਗਣ, ਨਿਸ਼ਾ ਬਾਨੋ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਬੀ ਐਨ ਸ਼ਰਮਾ, ਰਾਣਾ ਜੰਗ ਬਹਾਦਰ,ਬਨਿੰਦਰ ਬੰਨੀ, ਰਾਣਾ ਰਣਬੀਰ,ਬੀ ਕੇ ਰੱਖੜਾ,ਪ੍ਰਕਾਸ਼ ਗਾਧੂ ਆਦਿਅਹਿਮ ਕਲਾਕਾਰ ਹਨ। ਗਿੱਪੀ ਗਰੇਵਾਲ ਨਾਲ ‘ਮੰਜੇ ਬਿਸਤਰੇ 2’ ਕੰਮ ਕਰਕੇ ਸਿੰਮੀ ਚਾਹਲ ਬੇਹੱਦ ਖੁਸ਼ ਹੈ। ਉਸਦਾ ਕਹਿਣਾ ਹੈ ਕਿ ਮੈਨੂੰ ਇਸ ਟੀਮ ਨਾਲ ਕੰਮ ਕਰਦਿਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.