News

ਰਾਜੋਆਣਾ ਮਾਮਲੇ ‘ਤੇ ਭਾਜਪਾ ਦੀ ਪਲਟੀ ਨੇ ਕਸੂਤਾ ਫਸਾਇਆ ਅਕਾਲੀ ਦਲ

ਚੰਡੀਗੜ, 4 ਦਸੰਬਰ : ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਦੇ ਮਾਮਲੇ ‘ਤੇ ਕੇਂਦਰ ਸਰਕਾਰ ਵੱਲੋਂ ਮਾਰੀ ਪਲਟੀ ਨੇ ਅਕਾਲੀ ਦਲ ਨੂੰ ਕਸੂਤਾ ਫਸਾ ਦਿੱਤਾ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੋਕ ਸਭਾ ਵਿਚ ਇਹ ਬਿਆਨ ਦਿੱਤਾ ਗਿਆ ਕਿ ਰਾਜੋਆਣਾ ਦੀ ਸਜ਼ਾ ਮੁਆਫ ਨਹੀਂ ਕੀਤੀ ਗਈ ਜਦਕਿ ਪਹਿਲਾਂ ਪੰਜਾਬ ਅਤੇ ਚੰਡੀਗੜ ਪ੍ਰਸ਼ਾਸਨ ਨੂੰ ਕੇਂਦਰ ਸਰਕਾਰ ਤੋਂ ਇਹ ਚਿੱਠੀਆਂ ਪ੍ਰਾਪਤ ਹੋਈਆਂ ਸਨ ਕਿ  ਰਾਜੋਆਣਾ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਰਾਜੋਆਣਾ ਦੀ ਸਜ਼ਾ ਮੁਆਫੀ ਉਸਦੇ ਯਤਨਾਂ ਨਾਲ ਹੋਈ ਹੈ ਤੇ ਇਸ ਨਾਲ ਪੰਥਕ ਜ਼ਖ਼ਮਾਂ ਨੂੰ ਮੱਲਮ ਲੱਗੀ ਹੈ। ਹੁਣ ਕੇਂਦਰ ਸਰਕਾਰ ਵੱਲੋਂ ਮਾਰੀ ਪਲਟੀ ਨੇ ਅਕਾਲੀ ਦਲ ਦੀ ਸਥਿਤੀ ਨੂੰ ਢਾਹ ਲਗਾਈ ਹੈ।

ਇਹ ਵੀ ਦੇਖੋ : ਰਾਜ਼ੋਆਣਾ ਸਜ਼ਾ ਮੁਆਫੀ ਮਾਮਲਾ, ਅਮਿਤ ਸ਼ਾਹ ‘ਤੇ ਲੌਂਗੋਵਾਲ ਦਾ ਵੱਡਾ ਬਿਆਨ, ਹੁਣ ਆਹ ਕੁਝ ਕਰੇਗੀ SGPC
ਕਾਂਗਰਸ ਪਾਰਟੀ ਨੇ ਰਾਜੋਆਣਾ ਦੀ ਸਜ਼ਾ ਮੁਆਫੀ ਦਾ ਕਰੜਾ ਵਿਰੋਧ ਕੀਤਾ ਸੀ। ਬੇਅੰਤ ਸਿੰਘ ਦੇ ਪੋਤੇ ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵੀ ਚੁੱਕਿਆ ਸੀ।
ਅਸਲ ਵਿਚ ਅਕਾਲੀ ਦਲ ਇਹ ਦਰਸਾਉਂਦਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਰਾਜੋਆਣਾ ਦੀ ਸਜ਼ਾ ਮੁਆਫੀ ਅਤੇ ਵਿਦੇਸ਼ ਵਿਚ ਰਹਿੰਦੇ ਸਿੰਘਾਂ ਦੀ ਕਾਲੀ ਸੂਚੀ ਖਤਮ ਕਰਨ ਦੇ ਫੈਸਲੇ ਉਸਦੇ ਯਤਨਾਂ ਦਾ ਨਤੀਜਾ ਹੈ ਤੇ ਇਹ ਯਤਨ ਇਸ ਵਾਸਤੇ ਕੀਤੇ ਗਏ ਕਿ ਅਤਿਵਾਦ ਦੇ ਕਾਲੇ ਦੌਰ ਦੌਰਾਨ ਜੋ ਜ਼ਖ਼ਮ ਸਿੱਖਾਂ ਦੇ ਮਨਾਂ ‘ਤੇ ਲੱਗੇ ਸਨ, ਉਸ ‘ਤੇ ਮੱਲਮ ਲਗਾਈ ਜਾ ਸਕੇ। ਹੁਣ ਤਾਜ਼ਾ ਫੈਸਲੇ ਮਗਰੋਂ ਅਕਾਲੀ ਦਲ ਨੇ ਬੇਸ਼ੱਕ ਸਾਫ ਬਿਆਨ ਦਿੱਤਾ ਹੈ ਕਿ ਅਮਿਤ ਸ਼ਾਹ ਦਾ ਬਿਆਨ ਮੰਦਭਾਗਾ ਹੈ ਤੇ ਅਕਾਲੀ ਦਲ ਦਾ ਵਫਦ ਜਲਦੀ ਹੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇਗਾ ਪਰ ਇਹ ਮੁਲਾਕਾਤਾਂ ਹੁਣ ਕੋਈ ਨਤੀਜਾਮੁਖੀ ਹੋਣ ਦੀ ਸੰਭਾਵਨਾ ਘੱਟ ਹੀ ਰਹਿ ਗਈ ਹੈ ਕਿਉਂਕਿ ਸਰਕਾਰ ਵੱਲੋਂ ਸੰਸਦ ਵਿਚ ਦਿੱਤੇ ਸਪਸ਼ਟ ਬਿਆਨ ਤੋਂ ਪਿੱਛੇ ਹਟਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ।
ਅਕਾਲੀ ਦਲ ਲਈ ਸਜ਼ਾ ਮੁਆਫੀ ਦਾ ਮਾਮਲਾ ਪੰਥਕ ਵੋਟਾਂ ਨਾਲ ਜੁੜਿਆ ਹੈ। ਬਰਗਾੜੀ ਬੇਅਦਬੀ ਕਾਂਡ ਵਿਚ ਹੋਈ ਬਦਨਾਮੀ ਦੇ ਕਾਰਨ ਪੰਥਕ ਵੋਟਾਂ ਦਾ ਵੱਡਾ ਹਿੱਸਾ ਅਕਾਲੀ ਦਲ ਨਾਲੋਂ ਟੁੱਟਿਆ ਜਿਸ ਕਾਰਨ ਉਸਦੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀਜਨਕ ਹਾਰ ਹੋਈ। ਪਿਛਲੇ ਦੋ ਸਾਲਾਂ ਤੋਂ ਅਕਾਲੀ ਦਲ ਇਸ ਵੋਟ ਬੈਂਕ ਨੂੰ ਹਾਸਲ ਕਰਨ ਦੇ ਸਿਰਤੋੜ ਯਤਨ ਕਰ ਰਿਹਾ ਹੈ ਤੇ ਰਾਜੋਆਣਾ ਦੀ ਸਜ਼ਾ ਮੁਆਫੀ ਵੀ ਇਹਨਾਂ ਯਤਨਾਂ ਦਾ ਹਿੱਸਾ ਸੀ। ਕੇਂਦਰ ਦੇ ਫੈਸਲੇ ਦਾ ਅਕਾਲੀ ਦਲ ਕਿਵੇਂ ਵਿਰੋਧ ਕਰੇਗਾ, ਇਸ ‘ਤੇ ਹੁਣ ਪੰਥਕ ਹਲਕਿਆਂ ਦੀ ਨਜ਼ਰ ਹੋਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button