
ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ’ਚ ਮੌਜੂਦਾ ਚੈਂਪੀਅਨ ਭਾਰਤੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਐਤਵਾਰ ਨੂੰ ਖੇਡੇ ਗਏ ਆਪਣੇ ਤੀਜੇ ਮੈਚ ਵਿਚ ਭਾਰਤ ਨੇ ਥਾਈਲੈਂਡ ਨੂੰ 7-0 ਨਾਲ ਕਰਾਰੀ ਹਾਰ ਦਿੱਤੀ ਤੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ। ਟੂਰਨਾਮੈਂਟ ਵਿਚ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ।
ਇਸ ਤੋਂ ਪਹਿਲਾਂ ਭਾਰਤੀ ਟੀਮ ਮਲੇਸ਼ੀਆ ਤੇ ਦੱਖਣੀ ਕੋਰੀਆ ਨੂੰ ਵੀ ਹਰਾ ਚੁੱਕੀ ਹੈ। ਭਾਰਤ ਵੱਲੋਂ ਨਵਨੀਤ ਕੌਰ ਨੇ ਚੌਥੇ ਮਿੰਟ ’ਚ ਪੈਨਲਟੀ ਸਟ੍ਰੋਕ ਰਾਹੀਂ ਪਹਿਲਾ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਦੀਪਿਕਾ ਨੇ 10ਵੇਂ ਮਿੰਟ ਵਿਚ ਗੋਲ ਕਰਕੇ ਭਾਰਤ ਦੀ ਬੜ੍ਹਤ 2-0 ਕਰ ਦਿੱਤੀ। ਥਾਈਲੈਂਡ ਦੀ ਟੀਮ ਅਜੇ ਸੰਭਲ ਵੀ ਨਹੀਂ ਸਕੀ ਸੀ ਕਿ ਦੀਪਿਕਾ ਨੇ 11ਵੇਂ ਮਿੰਟ ’ਚ ਇੱਕ ਹੋਰ ਗੋਲ ਕਰ ਦਿੱਤਾ। ਇਸ ਨਾਲ ਭਾਰਤ ਦੀ ਬੜ੍ਹਤ 3-0 ਹੋ ਗਈ। ਮੁਮਤਾਜ਼ ਖਾਨ ਨੇ ਵੀ ਆਪਣਾ ਜਲਵਾ ਦਿਖਾਇਆ।
ਉਸ ਨੇ 28ਵੇਂ ਮਿੰਟ ’ਚ ਗੋਲ ਕਰਕੇ ਭਾਰਤ ਦੀ ਬੜ੍ਹਤ 4-0 ਕਰ ਦਿੱਤੀ। ਹਾਫ਼ ਟਾਈਮ ਤੱਕ ਭਾਰਤੀ ਟੀਮ ਮੈਚ ਵਿਚ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ ਵਿਚ ਸੀ। ਤੀਜੇ ਕੁਆਰਟਰ ’ਚ ਸੁਨੇਲਿਤਾ ਟੋਪੋ ਨੇ 32ਵੇਂ ਮਿੰਟ ਵਿਚ ਟੀਮ ਲਈ ਪੰਜਵਾਂ ਗੋਲ ਕਰ ਦਿੱਤਾ।
ਦੀਪਿਕਾ ਨੇ 56ਵੇਂ ਮਿੰਟ ’ਚ ਆਪਣਾ ਤੀਜਾ ਗੋਲ ਕਰਕੇ ਹੈਟ੍ਰਿਕ ਪੂਰੀ ਕੀਤੀ। ਇਸ ਨਾਲ ਥਾਈਲੈਂਡ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਨਵਨੀਤ ਕੌਰ ਨੇ ਪੈਨਲਟੀ ਸਟ੍ਰੋਕ ਰਾਹੀਂ ਆਪਣਾ ਦੂਜਾ ਤੇ ਭਾਰਤ ਦਾ ਸੱਤਵਾਂ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ ਥਾਈਲੈਂਡ ਨੂੰ 7-0 ਨਾਲ ਕਰਾਰੀ ਮਾਤ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




