D5 specialEvents

ਮਨੁੱਖੀ ਰਿਸ਼ਤਿਆਂ ਦੀ ਲੋੜ ਤੇ ਮਨੋਰਥ

ਹਰੇਕ ਮਨੁੱਖ ਦੀਆਂ ਜਿਊਂਦੇ ਰਹਿਣ ਤੇ ਵਿਕਾਸ ਕਰਨ ਲਈ ਕੁਝ ਲੋੜਾਂ ਹੁੰਦੀਆਂ ਹਨ। ਇਸ ਲਈ ਸਮਾਜ ਵਿੱਚ ਰਹਿੰਦੇ ਹੋਏ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਉਸ ਨੂੰ ਦੂਸਰੇ ਮਨੁੱਖਾਂ ਨਾਲ ਸਹਿਯੋਗ ਜਾਂ ਸੰਘਰਸ਼ ਕਰਨਾ ਪੈਂਦਾ ਹੈ। ਉਹ ਆਪਣੀਆਂ ਇਨ੍ਹਾਂ ਲੋੜਾਂ ਦੀ ਪੂਰਤੀ ਲਈ ਸਹਿਯੋਗ ਕਰੇ ਜਾਂ ਸੰਘਰਸ਼ ਨਤੀਜਣ ਮਨੁੱਖੀ ਰਿਸ਼ਤੇ ਪੈਦਾ ਹੁੰਦੇ ਹਨ। ਜੇਕਰ ਸੰਸਾਰ ਵਿੱਚ ਰਹਿੰਦੇ ਹੋਏ ਸਾਰੇ ਮਨੁੱਖ ਇੱਕੋ ਤਰ੍ਹਾਂ ਸੋਚਦੇ ਜਾਂ ਵਿਚਾਰ ਕਰਦੇ ਤਾਂ ਮਨੁੱਖੀ ਜੀਵਨ ਬਹੁਤ ਨੀਰਸ ਬਣ ਜਾਣਾ ਸੀ। ਇਸ ਲਈ ਮਨੁੱਖਾਂ ਵਿਚਕਾਰ ਇੱਕ-ਦੁੂਜੇ ਦੀ ਹੋਂਦ ਪ੍ਰਤਿ ਚੇਤਨਾ ਹੋਣੀ ਬਹੁਤ ਜ਼ਰੁੂਰੀ ਹੈ। ਮਨੁੱਖ ਨੇ ਜੰਗਲੀ ਜੀਵਨ ਤੋਂ ਸ਼ੁਰੂ ਕਰ ਕੇ ਵਿਕਾਸ ਕਰਦਿਆਂ ਸੱਭਿਅਤਾ ਦੇ ਜੀਵਨ ਵਿੱਚ ਪ੍ਰਵੇਸ਼ ਕੀਤਾ।ਇਸ ਦੌਰਾਨ ਹੌਲੀ-ਹੌਲੀ ਉਸ ਦਾ ਦਿਮਾਗ ਵਿਕਾਸ ਕਰਦਾ ਗਿਆ। ਆਪਣੀ ਸੋਚਣ-ਸਮਝਣ ਤੇ ਸਿੱਖਣ ਦੀ ਯੋਗਤਾ ਕਾਰਨ ਮਨੁੱਖ ਨੇ ਦੂਸਰੇ ਜੀਵਾਂ ਤੇ ਪ੍ਰਾਣੀਆਂ ਨਾਲੋਂ ਸੰਸਾਰ ਵਿੱਚ ਵੱਖਰੀ ਤੇ ਵਿਸ਼ੇਸ਼ ਥਾਂ ਬਣਾ ਲਈ। ਉਸ ਨੇ ਸੱਭਿਆਚਾਰਕ ਪ੍ਰਬੰਧ ਦੀ ਸਿਰਜਣਾ ਕੀਤੀ। ਮਨੁੱਖ ਕਿਉਂਕਿ ਇਕੱਲਾ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਤੋਂ ਅਸਮਰੱਥ ਹੈ।

ਇਸ ਲਈ ਉਹ ਸਮੂਹ ਵਿੱਚ ਵਿਚਰਦਾ ਹੈ। ਸਮੂਹ ਵਿੱਚ ਵਿਚਰਦਿਆਂ ਉਹ ਬਹੁਤ ਸਾਰੇ ਮਨੁੱਖਾਂ ਨਾਲ ਮਿਲਦਾ-ਜੁਲਦਾ ਹੈ। ਇਸ ਪ੍ਰਕਾਰ ਉਹ ਦੂਸਰੇ ਮਨੁੱਖਾਂ ਨਾਲ ਵਸਤਾਂ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਹੈ। ਮਨੁੱਖ ਜੇਕਰ ਇਕੱਲਾ ਵੀ ਬੈਠਾ ਹੋਵੇ ਤਾਂ ਵੀ ਉਸ ਦੇ ਮਨ ਵਿੱਚ ਦੂਸਰੇ ਮਨੁੱਖਾਂ ਬਾਰੇ ਕੁਝ ਨਾ ਕੁਝ ਸੋਚ-ਵਿਚਾਰ ਚਲਦਾ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਸਮੂਹ ਵਿੱਚ ਮਨੁੱਖ ਦਾ ਰਵੱਈਆ ਕੁਝ ਹੋਰ ਹੁੰਦਾ ਹੈ ਤੇ ਇਕੱਲੇ ਉਸ ਦਾ ਰਵੱਈਆ ਕੁਝ ਹੋਰ ਤਰ੍ਹਾਂ ਦਾ ਹੁੰਦਾ ਹੈ। ਇਸ ਦੇ ਨਾਲ ਹੀ ਸਮੂਹਿਕ ਪ੍ਰਵਿਰਤੀ ਦਾ ਧਾਰਨੀ ਹੋਣ ਕਰਕੇ ਮਨੁੱਖ ਇਕੱਲਾ ਨਹੀਂ ਰਹਿੰਦਾ। ਇਸ ਪ੍ਰਕਾਰ ਆਪਣੀਆਂ ਲੋੜਾਂ ਤੇ ਇੱਛਾਵਾਂ ਦੀ ਪੂਰਤੀ ਖ਼ਾਤਰ ਮਨੁੱਖ ਦੂਸਰੇ ਮਨੁੱਖਾਂ ਨਾਲ ਰਿਸ਼ਤਾ ਕਾਇਮ ਕਰਦਿਆਂ ਹੋਇਆਂ ਸਮੂਹਾਂ ਵਿੱਚ ਵਿਚਰਦਾ ਹੈ। ਇਹ ਸਮੂਹ ਕਈ ਪ੍ਰਕਾਰ ਦੇ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਨਾਲ ਉਸ ਦਾ ਰਿਸ਼ਤਾ ਨਜ਼ਦੀਕੀ ਤੇ ਪ੍ਰਤੱਖ ਤੌਰ `ਤੇ ਹੁੰਦਾ ਹੈ ਤੇ ਕੁਝ ਨਾਲ ਉਸ ਦਾ ਸੰਬੰਧ ਪ੍ਰਤੱਖ ਦੀ ਪੱਧਰ `ਤੇ ਨਾ ਹੋ ਕੇ ਅਪ੍ਰਤੱਖ ਹੁੰਦਾ ਹੈ। ਇਨ੍ਹਾਂ ਸਮੂਹਾਂ ਤੋਂ ਮਿਲ ਕੇ ਹੀ ਸੰਸਥਾਵਾਂ ਬਣਦੀਆਂ ਹਨ ਤੇ ਸੰਸਥਾਵਾਂ ਤੋਂ ਹੀ ਅੱਗੇ ਸਮਾਜ ਦਾ ਨਿਰਮਾਣ ਹੁੰਦਾ ਹੈ।

ਸਮਾਜ ਵਿੱਚ ਮਨੁੱਖ ਕਈ ਪ੍ਰਕਾਰ ਦੇ ਰਿਸ਼ਤਿਆਂ ਵਿੱਚ ਬੱਝਾ ਹੁੰਦਾ ਹੈ। ਇਨ੍ਹਾਂ ਰਿਸ਼ਤਿਆਂ ਨੂੰ ਕਈ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਸਮਾਜ ਵਿਗਿਆਨ ਦੇ ਖੇਤਰ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਮਨੁੱਖੀ ਰਿਸ਼ਤਿਆਂ ਨੂੰ ਅਲੱਗ-ਅਲੱਗ ਕਿਸਮਾਂ ਵਿੱਚ ਵੰਡਣ ਦਾ ਯਤਨ ਕੀਤਾ ਹੈ। ਇਨ੍ਹਾਂ ਵਿੱਚੋਂ ਸਾਂਝੀਆਂ ਕਿਸਮਾਂ ਜੋ ਮਨੁੱਖੀ ਰਿਸ਼ਤਿਆਂ ਦੀਆਂ ਪ੍ਰਵਾਨ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਮੁੱਖ ਤੌਰ `ਤੇ ਦੋ ਵਰਗਾਂ ਵਿੱਚ ਰੱਖਿਆ ਜਾਂਦਾ ਹੈ। ਇਨ੍ਹਾਂ ਵਿੱਚ ਇੱਕ ਕਿਸਮ ਖ਼ੂਨ ਦੇ ਰਿਸ਼ਤਿਆਂ ਦੀ ਮੰਨੀ ਜਾਂਦੀ ਹੈ ਤੇ ਦੂਸਰੀ ਕਿਮ ਵਿਆਹ ਦੇ ਬੰਧਨ ਵਿੱਚ ਬੱਝ ਕੇ ਬਣੇ ਰਿਸ਼ਤਿਆਂ ਦੀ ਮੰਨੀ ਜਾਂਦੀ ਹੈ। ਇਸ ਪ੍ਰਕਾਰ ਬਣੀਆਂ ਰਿਸ਼ਤਿਆਂ ਦੀਆਂ ਇਨ੍ਹਾਂ ਕਿਸਮਾਂ ਨੂੰ ਵੀ ਅੱਗੋਂ ਭਿੰਨ-ਭਿੰਨ ਵਰਗਾਂ ਵਿੱਚ ਰੱਖਿਆ ਜਾਂਦਾ ਹੈ। ਉਪਰੋਕਤ ਦੱਸੇ ਖ਼ੂਨ ਦੇ ਰਿਸ਼ਤਿਆਂ ਨੂੰ ਅਨੁਵੰਸ਼ਿਕ ਤੇ ਸ਼ਰੀਕੇ ਦੇ ਆਧਾਰ `ਤੇ ਵੰਡਿਆ ਜਾਂਦਾ ਹੈ। ਦੂਸਰੀ ਕਿਸਮ ਦੇ ਰਿਸ਼ਤੇ ਭਾਵ ਵਿਆਹ ਦੇ ਬੰਧਨ ਵਿਚਲੇ ਰਿਸ਼ਤੇ ਕਿਸੇ ਸਮਾਜਿਕ ਪ੍ਰਬੰਧ ਵਿੱਚ ਪ੍ਰਚਲਿਤ ਰੀਤੀ-ਰਿਵਾਜਾਂ `ਤੇ ਆਧਾਰਿਤ ਹੁੰਦੇ ਹਨ। ਇਸ ਪ੍ਰਕਾਰ ਕਿਸੇ ਵੀ ਸਮਾਜਿਕ ਪ੍ਰਬੰਧ ਵਿਚਲੀਆਂ ਰਸਮਾਂ-ਰੀਤਾਂ ਅਨੁਸਾਰ ਮਨੁੱਖੀ ਰਿਸ਼ਤੇ ਰੂਪ ਅਖ਼ਤਿਆਰ ਕਰਦੇ ਰਹਿੰਦੇ ਹਨ। ਇਨ੍ਹਾਂ ਨੂੰ ਉਪਰ ਵੰਡੀਆ ਕਿਸਮਾਂ ਦੇ ਆਧਾਰ `ਤੇ ਹੇਠ ਲਿਖੇ ਅਨੁਸਾਰ ਵਰਣਨ ਕੀਤਾ ਜਾ ਸਕਦਾ ਹੈ।

ਸਭ ਤੋਂ ਪਹਿਲਾਂ ਖ਼ੂਨ ਦੇ ਰਿਸ਼ਤੇ ਦਾ ਵਰਣਨ ਕਰਦਿਆਂ ਹੋਇਆਂ ਇਸ ਦੀਆਂ ਕਿਸਮਾਂ `ਤੇ ਨਜ਼ਰ ਮਾਰਦੇ ਹਾਂ। ਖ਼ੂਨ ਦੇ ਰਿਸ਼ਤਿਆਂ ਦੀ ਪਹਿਲੀ ਵੰਨਗੀ ਅਨੁਵੰਸ਼ਿਕ ਰਿਸ਼ਤਿਆਂ ਦੀ ਹੈ। ਅਨੁਵੰਸ਼ਿਕ ਰਿਸ਼ਤਿਆਂ ਵਿੱਚ ਮਨੁੱਖ ਦਾ ਆਪਣੇ ਰਿਸ਼ਤੇਦਾਰਾਂ ਨਾਲ ਸੰਬੰਧ ਸਿੱਧੀ ਚੱਲਦੀ ਲਾਈਨ ਦੁਆਰਾ ਦੇਖਿਆ ਜਾਂਦਾ ਹੈ। ਭਾਵ ਇਹ ਲਾਈਨ ਪਿਉ ਤੋਂ ਸ਼ੁਰੂ ਹੋ ਕੇ ਹੇਠਾਂ ਵੱਲ ਨੂੰ ਪੁੱਤਰ, ਪੋਤੇ, ਪੜੋਤੇ, ਪੜਪੋਤੇ… ਆਦਿ ਵੱਲ ਨੂੰ ਅਗਾਂਹ ਪੀੜ੍ਹੀਓ-ਪੀੜ੍ਹੀ ਚੱਲਦੀ ਹੈ। ਇਸੇ ਤਰ੍ਹਾਂ ਹੀ ਇਹ ਰੇਖਾ ਉੱਪਰ ਵੱਲ ਨੂੰ ਵੀ ਪਿਉ ਤੋਂ ਦਾਦੇ, ਪੜਦਾਦੇ, ਨਕੜਦਾਦੇ… ਵੱਲ ਤੇ ਅਗਾਂਹ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ। ਇਸ ਪ੍ਰਕਾਰ ਮਨੁੱਖ ਦਾ ਖ਼ੂਨ ਦਾ ਰਿਸ਼ਤਾ ਪੁਸ਼ਤ-ਦਰ-ਪੁਸ਼ਤ ਚੱਲਦਾ ਰਹਿੰਦਾ ਹੈ। ਇਸੇ ਪ੍ਰਕਾਰ ਇਸ ਸਿੱਧੇ ਚੱਲਦੇ ਤਣੇ ਵਿੱਚੋਂ ਹੀ ਮਨੁੱਖ ਦੀ ਸ਼ਰੀਕੇਦਾਰੀ ਦੀਆਂ ਟਾਹਣੀਆਂ ਬਾਹਰ ਵੱਲ ਨੂੰ ਫ਼ੁੱਟਦੀਆਂ ਭਾਵ ਆਲੇ-ਦੁਆਲੇ ਫ਼ੈਲਦੀਆਂ ਹਨ। ਰਿਸ਼ਤਿਆਂ ਦੀ ਇਸ ਲੜੀ ਵਿੱਚ ਹਰੇਕ ਮਨੁੱਖ ਕੇਂਦਰੀ ਧੁਰਾ ਹੁੰਦਾ ਹੈ। ਉਹ ਇਸ ਲੜੀ ਦਾ ਮੈਂਬਰ ਵੀ ਹੁੰਦਾ ਹੈ ਤੇ ਇਸ ਦੇ ਨਾਲ ਹੀ ਉਹ ਇਸ ਦਾ ਕੇਂਦਰੀ ਧੁਰਾ ਵੀ ਹੁੰਦਾ ਹੈ। ਇਸ ਪ੍ਰਕਾਰ ਰਿਸ਼ਤੇਦਾਰੀ ਅੱਗੇ ਤੋਂ ਅੱਗੇ ਸਿਰਜੀ ਜਾਂਦੀ ਹੈ ਤੇ ਇੱਕ ਮਨੁੱਖ ਦਾ ਦੂਸਰਿਆਂ ਨਾਲ ਰਿਸ਼ਤਾ ਸਥਾਪਿਤ ਹੁੰਦਾ ਜਾਂਦਾ ਹੈ। ਸ਼ਰੀਕੇਦਾਰੀ ਵਿੱਚ ਕਿਸੇ ਵਿਅਕਤੀ ਦੀ ਪਹਿਲੀ ਮਰਦਾਨਾ ਸ਼ਾਖ ਉਸ ਦਾ ਭਰਾ ਹੋਵੇਗਾ ਤੇ ਉਸ ਤੋਂ ਅਗਲੀ ਸ਼ਾਖ ਉਸ ਭਰਾ ਦੀ ਸੰਤਾਨ ਹੋਵੇਗੀ। ਇਸੇ ਪ੍ਰਕਾਰ ਪਹਿਲੀ ਜ਼ਨਾਨਾ ਸ਼ਾਖ ਉਸ ਦੀ ਭੈਣ ਤੇ ਉਸ ਤੋਂ ਅਗਲੀ ਪੀੜ੍ਹੀ ਭਾਵ ਭੈਣ ਦੀ ਸੰਤਾਨ ਇਸ ਲੜੀ ਦਾ ਅਗਲਾ ਹਿੱਸਾ ਹੋਵੇਗੀ।

ਇਸ ਪ੍ਰਕਾਰ ਸ਼ਰੀਕੇਦਾਰੀ ਦੀਆਂ ਸ਼ਾਖਾਵਾਂ ਵੀ ਅੱਗੇ ਤੋਂ ਅੱਗੇ ਫੈਲਦੀਆਂ ਜਾਂਦੀਆਂ ਹਨ। ਸ਼ਰੀਕੇਦਾਰੀ ਤੋਂ ਮਨੁੱਖ ਦਾ ਉਸ ਦੀਆਂ ਪਿਛਲੀਆਂ ਪੀੜ੍ਹੀਆਂ ਨਾਲ ਸਾਂਝ ਦਾ ਪਤਾ ਲੱਗਦਾ ਹੈ। ਸ਼ਰੀਕੇਦਾਰੀ ਵਿੱਚ ਮਨੁੱਖਾਂ ਦੀ ਸਾਂਝ ਦਾ ਮੁੱਖ ਆਧਾਰ ਜਾਇਦਾਦ ਹੁੰਦਾ ਹੈ। ਇਸ ਪ੍ਰਕਾਰ ਜਾਇਦਾਦ ਦੇ ਸਹੀ ਵਟਵਾਰੇ ਲਈ ਮਨੁੱਖਾਂ ਵਿੱਚ ਰਿਸ਼ਤਿਆਂ ਦੀ ਵੰਡ ਸਮਾਜ ਵਿੱਚ ਪ੍ਰਚਲਿਤ ਰਿਸ਼ਤਾ-ਨਾਤਾ ਪ੍ਰਬੰਧ ਦੇ ਅਨੁਸਾਰੀ ਹੀ ਕੀਤੀ ਗਈ ਹੁੰਦੀ ਹੈ। ਅਸਲ ਵਿੱਚ ਰਿਸ਼ਤੇ ਮਨੁੱਖਾਂ ਵਿਚਕਾਰ ਅਧਿਕਾਰਾਂ ਅਤੇ ਕਰਤੱਵਾਂ ਦੀ ਵੰਡ ਹੀ ਹਨ। ਇਹ ਵੰਡ ਹੀ ਇੱਕ ਮਨੁੱਖ ਦਾ ਦੂਸਰੇ ਮਨੁੱਖ ਨਾਲ ਰਿਸ਼ਤਾ ਸਥਾਪਿਤ ਕਰਦੀ ਹੈ। ਇਸ ਵੰਡ ਵਿੱਚ ਉਮਰ, ਲਿੰਗ, ਜਾਤ-ਬਰਾਦਰੀ, ਨਸਲ, ਗੋਤ ਆਦਿ ਦਾ ਖ਼ਿਆਲ ਰੱਖਿਆ ਜਾਂਦਾ ਹੈ। ਇੱਕ ਰਿਸ਼ਤੇਦਾਰੀ ਪ੍ਰਣਾਲੀ ਵਿੱਚ ਮਨੁੱਖ ਆਪਣੇ ਪਰਿਵਾਰ ਵਿੱਚ ਰੁਤਬੇ ਦੇ ਆਧਾਰ `ਤੇ ਇੱਕ-ਦੂਜੇ ਨਾਲ ਵਿਵਹਾਰ ਕਰਦੇ ਹਨ ਜਾਂ ਉਨ੍ਹਾਂ ਤੋਂ ਇਸ ਪ੍ਰਕਾਰ ਵਿਵਹਾਰ ਦੀ ਆਸ ਕੀਤੀ ਜਾਂਦੀ ਹੈ। ਇੱਕ ਬੱਚੇ ਦਾ ਆਪਣੇ ਮਾਤਾ-ਪਿਤਾ ਪ੍ਰਤਿ ਰਵੱਈਆ ਸਤਿਕਾਰ ਭਰਿਆ ਹੋਣਾ ਚਾਹੀਦਾ ਹੈ। ਇਸੇ ਪ੍ਰਕਾਰ ਮਾਤਾ-ਪਿਤਾ ਵੱਲੋਂ ਵੀ ਆਪਣੇ ਬੱਚਿਆਂ ਪ੍ਰਤਿ ਪਿਆਰ ਭਰੇ ਰਵੱਈਏ ਦੀ ਉਮੀਦ ਕੀਤੀ ਜਾਂਦੀ ਹੈ। ਇਸ ਪ੍ਰਕਾਰ ਰਿਸ਼ਤੇਦਾਰੀ ਪ੍ਰਣਾਲੀ ਮਨੁੱਖਾਂ ਨੂੰ ਸ਼੍ਰੇਣੀਆਂ ਵਿੱਚ ਵੰਡ ਕੇ ਸਮਾਜ ਵਿੱਚ ਉਨ੍ਹਾਂ ਦੇ ਰੁਤਬਿਆਂ ਦੀ ਸੀਮਾ ਨੂੰ ਨਿਰਧਾਰਿਤ ਕਰਦੀ ਹੈ।

ਰਿਸ਼ਤੇਦਾਰੀ ਪ੍ਰਣਾਲੀ ਵਿੱਚ ਮਨੁੱਖਾਂ ਦਾ ਇੱਕ-ਦੂਜੇ ਪ੍ਰਤਿ ਰਵੱਈਆਂ, ਪ੍ਰਮਾਪਾਂ, ਨਿਯਮਾਂ ਆਦਿ ਦਾ ਖ਼ਿਆਲ ਰੱਖਿਆ ਜਾਂਦਾ ਹੈ। ਮਨੁੱਖੀ ਰਿਸ਼ਤਿਆਂ ਦਾ ਉਦੇਸ਼ ਅਸਲ ਵਿੱਚ ਸਮਾਜ ਨੂੰ ਉਸਾਰੂ ਸੇਧ ਦੇ ਕੇ ਵਿਕਾਸ ਦੀਆਂ ਲੀਹਾਂ `ਤੇ ਤੋਰਨਾ ਹੈ। ਇਸ ਲਈ ਸਮਾਜ ਵਿੱਚ ਸੰਤੁਲਨ ਕਾਇਮ ਰੱਖਣ ਲਈ ਰਿਸ਼ਤਾ-ਨਾਤਾ ਪ੍ਰਬੰਧ ਦੀ ਸਿਰਜਣਾ ਕੀਤੀ ਗਈ ਹੈ। ਜੇਕਰ ਸਮਾਜ ਵਿੱਚ ਮਨੁੱਖਾਂ ਵਿਚਕਾਰ ਰਿਸ਼ਤੇ ਉਘੜ-ਦੁਘੜ ਹੁੰਦੇ ਤਾਂ ਸਮਾਜਿਕ ਵਿਕਾਸ ਸੰਭਵ ਨਹੀਂ ਸੀ। ਇਸ ਲਈ ਮਨੁੱਖਾਂ ਵਿਚਕਾਰ ਇੱਕ ਸੰਤੁਲਿਤ ਰਿਸ਼ਤਾ-ਨਾਤਾ ਪ੍ਰਬੰਧ ਦੀ ਸਿਰਜਣਾ ਕੀਤੀ ਜਾਂਦੀ ਹੈ। ਜੰਗਲੀ ਦੌਰ ਤੋਂ ਸ਼ੁਰੂ ਕਰ ਕੇ ਮਨੁੱਖ ਦੇ ਸੱਭਿਅਕ ਦੌਰ ਤੱਕ ਪਹੁੰਚਣ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਉਸ ਦੁਆਰਾ ਸਿਰਜਿਆ ਗਿਆ ਰਿਸ਼ਤਾ-ਨਾਤਾ ਪ੍ਰਬੰਧ ਹੀ ਹੈ। ਇਹ ਪ੍ਰਬੰਧ ਹੀ ਮਨੁੱਖੀ ਵਿਕਾਸ ਨੂੰ ਸਹੀ ਲੀਹਾਂ `ਤੇ ਤੋਰਨ ਵਿੱਚ ਸਹਾਈ ਹੁੰਦਾ ਹੈ। ਸੰਤੁਲਿਤ ਸਮਾਜਿਕ ਰਿਸ਼ਤਿਆਂ ਦੀ ਨੀਂਹ ਵਿੱਚ ਹੀ ਸਮਾਜ ਦਾ ਵਿਕਾਸ ਨਿਹਿਤ ਹੈ। ਉੱਚਿਤ ਰਿਸ਼ਤਾ-ਨਾਤਾ ਪ੍ਰਬੰਧ ਹੀ ਸਵਸਥ ਸਮਾਜ ਦੀ ਨਿਸ਼ਾਨੀ ਹੈ। ਇਸ ਲਈ ਕਿਸੇ ਵੀ ਸਮਾਜ ਦੇ ਵਿਕਾਸ ਲਈ ਰਿਸ਼ਤਾ-ਨਾਤਾ ਪ੍ਰਬੰਧ ਦੀ ਸਹੀ ਸਿਰਜਣਾ ਅਤਿਅੰਤ ਲੋੜੀਂਦਾ ਕਾਰਜ ਹੈ।

ਸੰਤੋਸ਼

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button