NewsBreaking NewsD5 specialIndiaPoliticsPunjab

ਬਰਗਾੜੀ ਦਾ ਇਕੱਠ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਦੀਆਂ ਹਿਲਾ ਗਿਆ ਜੜ੍ਹਾਂ !

ਬਰਗਾੜੀ : ਪੰਜਾਬ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਐਤਵਾਰ ਨਾ ਹੋ ਕੇ “ਰੈਲੀਵਾਰ” ਹੋ ਨਿਬੜਿਆ ਜਿਸ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀਆਂ ਤਿੰਨੋਂ ਵੱਡੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਮਕਸਦਾਂ ਲਈ ਕੀਤੀਆਂ ਜਾਣ ਵਾਲੀਆਂ ਰੈਲੀਆਂ ਸਬੰਧੀ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਸੀ। ਜਿਵੇਂ ਕਹਿੰਦੇ ਨੇ ਕਿ ‘ਨਾਈਆਂ ਨਾਈਆਂ ਕਿੰਨੇ ਕੁ ਵਾਲ’ ਤੇ ਅੱਗੋ ਨਾਈ ਕਹਿੰਦਾ ਹੈ ‘ਥੋੜਾ ਠਹਿਰ ਹੁਣੇ ਮੁੰਨ ਕੇ ਤੇਰੇ ਸਾਹਮਣੇ ਹੀ ਧਰ ਦਾਂਗਾ’ ਇਹੋ ਕੁਝ ਹੋਇਆ ਕਿ ਪੰਜਾਬ ਦੇ ਲੋਕ ਜੋ ਪਿਛਲੇ ਕਈ ਦਿਨਾਂ ਤੋਂ ਇੱਕ ਦੂਜੇ ਨੂੰ ਇਹ ਪੁੱਛਦੇ ਫਿਰਦੇ ਸੀ ਕਿ ਕਿਸ ਦੀ ਰੈਲੀ ਝੰਡੀ ਲਿਜਾਵੇਗੀ। ਸ਼ਾਮ ਢਲਦਿਆਂ ਢਲਦਿਆਂ ਸਾਰੇ ਨਤੀਜੇ ਸਾਹਮਣੇ ਆ ਗਏ ਤੇ ਸਿਆਸੀ ਮਾਹਿਰਾਂ ਨੇ ਆਪੋ ਆਪਣੀਆਂ ਪੋਥੀਆਂ ਖੋਲ ਕੇ ਇਹ ਦੱਸ ਦਿੱਤਾ ਹੈ ਕਿ ਬਰਗਾੜੀ ਵਿਖੇ ਸੁਖਪਾਲ ਖਹਿਰਾ ਅਤੇ ਪੰਥਕ ਜੱਥੇਬੰਦੀਆਂ ਦੀ ਅਗਵਾਈ ਵਿੱਚ ਹੋਇਆ ਇਕੱਠ ਕਾਂਗਰਸ ਅਤੇ ਅਕਾਲੀ ਦਲ ਦੀਆਂ ਜੜ੍ਹਾਂ ਹਿਲਾ ਕੇ ਰੱਖ ਗਿਆ ਹੈ।

ਆਪਣੀ ਇਹ ਗੱਲ ਸਿਆਸੀ ਮਾਹਿਰ ਹਵਾ ਵਿੱਚ ਨਹੀਂ ਕਰਦੇ ਇਸ ਨੂੰ ਸਾਬਤ ਕਰਨ ਲਈ ਤਰਕ ਦਿੰਦੇ ਹਨ ਕਿ ਇੱਕ ਪਾਸੇ ਸੂਬੇ ਦੀ ਸੱਤਾ ਤੇ ਕਾਬਜ਼ ਉਹ ਕਾਂਗਰਸ ਪਾਰਟੀ ਜਿਸਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਹੈ ਤੇ ਜਿਸਦੀ ਪੰਜਾਬ ਵਿਚ ਅਗਵਾਈ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖਮੰਤਰੀ ਰਹਿਣ ਦੇ ਨਾਲ ਨਾਲ ਚਾਰ ਦਹਾਕਿਆਂ ਤੋਂ ਵੱਧ ਸਮੇਂ ਦਾ ਰਾਜਨੀਤਕ ਤਜ਼ਰਬਾ ਰੱਖਦੇ ਹਨ। ਇਸ ਤੋਂ ਇਲਾਵਾ ਸਾਰੀ ਸਰਕਾਰ, ਸਾਰੇ ਮੰਤਰੀ, ਸੰਤਰੀ ਤੇ ਸੁਰੱਖਿਆ ਅਮਲਾ ਕਾਂਗਰਸ ਦੀ ਇਸ ਰੈਲੀ ਨੂੰ ਸਫ਼ਲ ਬਣਾਉਣ ਵਿਚ ਲੱਗਿਆ ਹੋਇਆ ਸੀ।

Read Also ਬਰਗਾੜੀ ਰੋਸ ਮਾਰਚ ਦੀ ਇਹ ਵੀਡੀਓ, ਵਿਰੋਧੀਆਂ ਦੇ ਮੂੰਹ ‘ਤੇ ਕਰਾਰੀ ਚਪੇੜ

ਦੂਜੇ ਪਾਸੇ ਪੰਜਾਬ ਦੀ ਸੱਤਾ ਤੇ ਪੰਜ ਵਾਰ ਕਾਬਜ਼ ਹੋ ਚੁੱਕੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਕੋਲ ਸੂਬੇ ਦੀ ਸਿਆਸਤ ਦਾ 70 ਸਾਲ ਦਾ ਤਜ਼ਰਬਾ ਹੈ ਅਤੇ ਇਸ ਪਾਰਟੀ ਨੂੰ ਹੋਂਦ ਵਿੱਚ ਆਇਆਂ ਵੀ 100 ਸਾਲ ਦੇ ਕਰੀਬ ਹੋ ਚੱਲੇ ਹਨ। ਇੱਥੋਂ ਤੱਕ ਕਿ ਜੇਕਰ ਪਿਛਲੀਆਂ ਕਈ ਚੋਣਾਂ ਨੂੰ ਚੁੱਕ ਕੇ ਉਨ੍ਹਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸਾਨੂੰ ਪਤਾ ਲੱਗੇਗਾ ਕਿ ਇਨ੍ਹਾਂ ਚੋਣਾਂ ਵਿੱਚ ਲੋਕ ਅੱਖਾਂ ਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਲਈ ਵੋਟਾਂ ਪਾਉਂਦੇ ਆ ਰਹੇ ਹਨ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਇਹ ਸਿੱਖ ਪੰਥ ਦੀ ਪਾਰਟੀ ਹੈ ਤੇ ਉਨ੍ਹਾਂ ਨੇ ਵੋਟ ਕਿਸੇ ਲੀਡਰ ਨੂੰ ਨਹੀਂ ਬਲਕਿ ਪੰਥ ਨੂੰ ਪਾਈ ਹੈ।

ਤੀਜੇ ਪਾਸੇ ਸਾਲ 2012 ਦੌਰਾਨ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਅਤੇ ਉਸਦੇ 7 ਵਿਧਾਇਕਾਂ ਰੂਪੀ ਉਹ ਆਗੂ ਜਿਨ੍ਹਾਂ ਕੋਲ ਨਾ ਸੱਤਾ ਦਾ ਤਜ਼ਰਬਾ, ਨਾ ਸਰਕਾਰੀ ਤੰਤਰ, ਨਾ ਰਾਸ਼ਟਰੀ ਪੱਧਰ ਦੀ ਕਿਸੇ ਪਾਰਟੀ ਦੀ ਕੋਈ ਸਪੋਰਟ ਤੇ ਇੱਥੋਂ ਤੱਕ ਕਿ ਉਸਦੇ ਆਪਣੇ ਵੀ ਉਸਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਸਨ। ਜਿਨ੍ਹਾਂ ਦਾ ਸਾਥ ਦੇ ਰਹੀਆਂ ਸਨ ਉਹ ਪੰਥਕ ਜੱਥੇਬੰਦੀਆਂ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਜੱਥੇਬੰਦੀਆਂ ਵਲੋਂ ਸਿੱਖ ਪੰਥ ਦੀ ਦੁਸ਼ਮਣ, ਆਈਐਸਆਈ ਦੇ ਸਾਥੀ ਅਤੇ ਅੱਤਵਾਦੀ ਤੱਕ ਗਰਦਾਨੇ ਜਾ ਚੁੱਕੇ ਲੋਕ ਕਿਹਾ ਜਾ ਰਿਹਾ ਸੀ ਜਿਨ੍ਹਾਂ ਦਾ ਸਾਥ ਦਿੱਤਾ ਖੇਤਰੀ ਪਾਰਟੀਆਂ ਦੇ ਕੁਝ ਉਹ ਲੋਕਾਂ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਚੋਣਾਂ ਦੌਰਾਨ ਕੁਝ ਖਾਸ ਅਹਿਮੀਅਤ ਨਹੀਂ ਦਿੱਤੀ, ਪਰ ਅੱਜ ਬਰਗਾੜੀ ਵਿਖੇ ਇਹ ਸਾਰੇ ਲੋਕ ਜਿੰਨਾ ਇਕੱਠਾ ਕਰ ਗਏ ਉਸ ਨੇ ਉਕਤ ਦੋਵਾਂ ਪਾਰਟੀਆਂ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ।

ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਵੀ ਆਪੋ ਆਪਣੀਆਂ ਰੈਲੀਆਂ ਦੌਰਾਨ ਭਾਰੀ ਇਕੱਠ ਕੀਤਾ ਤੇ ਉਸ ਇਕੱਠ ਨੂੰ ਦੇਖ ਕੇ ਖੂਬ ਖੁਸ਼ੀਆਂ ਵੀ ਮਨਾਈਆਂ। ਪਰ ਇਸਦੇ ਬਾਵਜੂਦ ਜੋ ਇਕੱਠ ਬਰਗਾੜੀ ਵਿਖੇ ਹੋਇਆ ਉਸਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇੱਥੇ ਲੋਕ ਆਪਣੀ ਮਰਜ਼ੀ ਨਾਲ ਆਏ ਸਨ। ਅਜਿਹਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਪਿਛਲੇ 10-12 ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਘਰ ਘਰ, ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਤਰਲੇ ਮਿੰਨਤਾ ਕੱਢ ਕੇ ਉਨ੍ਹਾਂ ਨੂੰ ਰੈਲੀ ਵਿੱਚ ਆਉਣ ਦਾ ਸੱਦਾ ਦਿੰਦੇ ਰਹੇ।

ਇਸ ਤੋਂ ਇਲਾਵਾ ਸਿਆਸੀ ਸੱਤਾਧਾਰੀ ਪਾਰਟੀ ਸਬੰਧੀ ਤਰਕ ਦਿੰਦੇ ਹਨ ਕਿ ਇਸ ਪਾਰਟੀ ਦੇ ਸੱਦੇ ਤੇ ਲੋਕ ਰੈਲੀ ਵਿੱਚ ਇਸ ਲਈ ਵੀ ਪਹੁੰਚੇ ਹੋਣਗੇ ਕਿਉਂਕਿ ਇੱਕ ਤਾਂ ਇਨ੍ਹਾਂ ਲੋਕਾਂ ਨਾਲ ਜੁੜੇ ਹੋਏ ਲੋਕਾਂ ਨੂੰ ਸੱਤਾਧਾਰੀਆਂ ਤੋਂ ਭਵਿੱਖ ਵਿਚ ਕੋਈ ਨਾ ਕੋਈ ਕੰਮ ਲਏ ਜਾਣ ਦੀ ਆਸ ਹੋਵੇਗੀ, ਨੰਬਰ ਦੋ ਤੇ ਰੈਲੀ ਵਿੱਚ ਪਹੁੰਚਣ ਲਈ ਦਿੱਤੀਆਂ ਗਈਆਂ ਸਹੂਲਤਾਂ ਜਿਵੇਂ ਗੱਡੀਆਂ, ਖਾਣਾ ਪੀਣਾ ਅਤੇ ਹੋਰ ਸਹੂਲਤਾਂ ਦਾ ਆਨੰਦ ਮਾਣਨ ਲਈ ਵੀ ਇਹ ਲੋਕ ਉੱਥੇ ਪਹੁੰਚੇ ਹੋ ਸਕਦੇ ਹਨ। ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਲੋਕ ਹੀ ਉਕਤ ਆਨੰਦ ਮਾਣਨ ਜਾਂ ਆਪੋ ਆਪਣੇ ਕੰਮ ਕਢਵਾਉਣ ਲਈ ਗਏ ਹੋਣਗੇ ਪਰ ਸਿਆਸੀ ਮਾਹਿਰਾਂ ਅਨੁਸਾਰ ਉੱਥੇ ਪਹੁੰਚਣ ਵਾਲੇ ਜ਼ਿਆਦਾਤਰ ਲੋਕਾਂ ਦੀ ਤਾਦਾਦ ਇਹੋ ਜਿਹੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਹੁਣ ਜੇਕਰ ਆਪਾਂ ਤਿੰਨੋਂ ਰੈਲੀਆਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਵਾਲਾ ਪੋਸਟ ਮਾਰਟਮ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਗੱਡੀਆਂ, ਬੱਸਾਂ, ਟੈਂਟ, ਕੁਰਸੀਆਂ, ਖਾਣਾ ਪੀਣਾ ਅਤੇ ਇੱਥੋਂ ਤੱਕ ਕਿ ਦਿਹਾੜੀ ਤੇ ਬੰਦੇ ਮੰਗਵਾਉਣ ਦੇ ਵੀ ਦੋਸ਼ ਲੱਗੇ ਹਨ। ਦੂਜੇ ਪਾਸੇ ਕਾਂਗਰਸ ਦੀ ਰੈਲੀ ਵਿੱਚ ਵੀ ਵੱਡੀ ਸਾਰੀ ਸਟੇਜ, ਹਾਈਟੈਕ ਟੈਂਟ, ਲੋਕਾਂ ਦੀ ਮਦਦ ਲਈ ਪੂਰਾ ਸਰਕਾਰੀ ਅਮਲਾ ਅਤੇ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਵਿਚ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ।

ਇਸ ਸਭ ਦੇ ਉਲਟ ਜੇਕਰ ਅਸੀਂ ਕੋਟਕਪੁਰੇ ਤੋਂ ਬਰਗਾੜੀ ਤੱਕ ਕੱਢੇ ਜਾਣ ਵਾਲੇ ਮਾਰਚ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਵੇਖਦੇ ਹਾਂ ਤਾਂ ਉਸ ਵਿੱਚ ਸਾਨੂੰ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਇੱਥੇ ਆਗੂਆਂ ਨੇ ਨਾ ਤਾਂ ਕੋਈ ਵੱਡੀ ਸਟੇਜ ਲਾਈ ਹੋਈ ਸੀ, ਨਾ ਹੀ ਉੱਥੇ ਲੋਕਾਂ ਦੀ ਮਦਦ ਲਈ ਕੋਈ ਸਰਕਾਰੀ ਅਮਲਾ ਮੌਜੂਦ ਸੀ, ਤੇ ਇੱਥੋਂ ਤੱਕ ਕਿ ਇੱਥੇ ਪਹੁੰਚੀ ਸੰਗਤ ਵਾਸਤੇ ਬੈਠਣ ਲਈ ਕੁਰਸੀਆਂ ਤੱਕ ਮੌਜੂਦ ਨਹੀਂ ਸੀ ਪਰ ਇਸਦੇ ਬਾਵਜੂਦ ਲੋਕ ਧਰਤੀ ਤੇ ਚੌਂਕੜੀ ਮਾਰ ਕੇ ਬੈਠੇ ਤੇ ਉਨ੍ਹਾਂ ਨੇ ਗੱਡੀਆਂ ਦੀ ਬਣਾਈ ਹੋਈ ਸਟੇਜ ਤੇ ਖੜ੍ਹ ਕੇ ਬੋਲ ਰਹੇ ਆਪਣੇ ਆਗੂਆਂ ਅਤੇ ਪੰਥਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਸੁਣੇ ਤੇ ਉੱਥੋਂ ਹੀ ਅੱਗੇ ਮਾਰਚ ਵਿੱਚ ਸ਼ਾਮਿਲ ਹੁੰਦੇ ਹੋਏ ਆਪੋ ਆਪਣੇ ਘਰਾਂ ਨੂੰ ਤੁਰ ਗਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਹੜੇ ਲੋਕ ਇਸ ਮਾਰਚ ਵਿੱਚ ਸ਼ਾਮਲ ਹੋਣ ਲਈ ਆਏ ਸਨ ਉਨ੍ਹਾਂ ਵਿੱਚ ਜ਼ਿਆਦਾ ਤਾਦਾਦ ਉਨ੍ਹਾਂ ਲੋਕਾਂ ਦੀ ਸੀ ਜਿਨ੍ਹਾਂ ਨੇ ਇੱਥੇ ਆਉਣ ਜਾਣ ਲਈ ਆਪਣੀਆਂ ਗੱਡੀਆਂ ਵਿੱਚ ਆਪਣਾ ਤੇਲ ਪਾ ਕੇ ਫੂਕਿਆ ਸੀ।

ਉਕਤ ਸਾਰੇ ਤੱਥਾਂ ਦੇ ਆਧਾਰ ਤੇ ਸਿਆਸੀ ਮਾਹਿਰ ਹਿੱਕ ਠੋਕ ਕੇ ਕਹਿੰਦੇ ਹਨ ਕਿ ਬਰਗਾੜੀ ਵਿਖੇ ਜੋ ਇਕੱਠ ਹੋਇਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਰੈਲੀਆਂ ਨੂੰ ਮਾਤ ਪਾਉਂਦਾ ਦਿਸਦਾ ਹੈ ਜਿਸਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਇਕੱਠ ਕਿਤੇ ਨਾ ਕਿਤੇ ਦੋਵਾਂ ਪਾਰਟੀਆਂ ਦੀਆਂ ਸਿਆਸੀ ਜੜ੍ਹਾਂ ਹਿਲਾ ਗਿਆ ਹੈ। ਹੁਣ ਰੈਲੀ ਰੈਲੀ ਦੀ ਇਸ ਖੇਡ ਵਿੱਚ ਕਿਸ ਨੂੰ ਕੀ ਮਿਲਿਆ ਤੇ ਕਿਸਨੇ ਕੀ ਗਵਾਇਆ ਇਹ ਤਾਂ ਇਹ ਲੋਕ ਆਪ ਜਾਣਨ ਪਰ ਪੰਥਕ ਜੱਥੇਬੰਦੀਆਂ ਅਤੇ ਸੁਖਪਾਲ ਖਹਿਰਾ ਦੀ ਅਗਵਾਈ ਵਾਲੇ ਸਰਬ ਪਾਰਟੀ ਦਲ ਨੇ ਇਸ ਇਕੱਠ ਤੋਂ ਜੋ ਹਾਸਿਲ ਕੀਤਾ ਹੈ ਉਸਨੂੰ ਉਹ ਸ਼ਾਇਦ ਸ਼ਬਦਾਂ ਵਿੱਚ ਬਿਆਨ ਨਾ ਕਰ ਪਾਉਣ।

ਕੁਲਵੰਤ ਸਿੰਘ ਪਟਿਆਲਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button