
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਦੀਵਾਲੀ ਦੇ ਤੋਹਫੇ’ ਵਜੋਂ ਐਲਾਨੇ ਤਿੰਨ ਫੀਸਦੀ ਡੀਏ ਵਾਧੇ ਨੂੰ ਰੱਦ ਕਰਦਿਆਂ, ਪੰਜਾਬ ਸਰਕਾਰ ਦੇ ਕਰੀਬ 4 ਲੱਖ ਮੁਲਾਜ਼ਮਾਂ ਅਤੇ ਸਾਢੇ 3 ਲੱਖ ਪੈਨਸ਼ਨਰਾਂ ਨੇ 13 ਨਵੰਬਰ ਤੋਂ ਮਹੀਨਾ ਭਰ ਚੱਲਣ ਵਾਲੇ ਅੰਦੋਲਨ ਦਾ ਐਲਾਨ ਕੀਤਾ ਹੈ। ਇਹ ਸੰਘਰਸ਼ 13 ਦਸੰਬਰ ਨੂੰ ਸ਼ੰਭੂ ਤੋਂ ਅੰਮਿ੍ਰਤਸਰ ਤੱਕ ਮਨੁੱਖੀ ਲੜੀ ਬਣਾ ਕੇ ਸਮਾਪਤ ਹੋਵੇਗਾ। ਸਾਂਝੀ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਸੁਖਚੈਨ ਖਹਿਰਾ ਅਤੇ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਅੰਦੋਲਨ ਦੀ ਸ਼ੁਰੂਆਤ 13 ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਪੱਕੇ ਧਰਨੇ ਨਾਲ ਹੋਵੇਗੀ। ਇਸੇ ਤਰ੍ਹਾਂ 1 ਤੋਂ 5 ਦਸੰਬਰ ਤੱਕ ਸਰਕਾਰੀ ਕਰਮਚਾਰੀ ਆਮ ਆਦਮੀ ਪਾਰਟੀ ਦੇ ਸਾਰੇ 91 ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਪੁਤਲੇ ਫੂਕਣਗੇ ਅਤੇ 6 ਦਸੰਬਰ ਨੂੰ ਇਨ੍ਹਾਂ ਦੀ ਸੁਆਹ ਬੁੱਢੇ ਨਾਲੇ ਵਿੱਚ ਜਲ-ਪ੍ਰਵਾਹ ਕੀਤੀ ਜਾਵੇਗੀ। ਇਹ ਐਲਾਨ ਸੀ.ਐੱਮ. ਮਾਨ ਵੱਲੋਂ 3 ਫੀਸਦੀ ਡੀਏ ਵਾਧੇ ਦੇ ਐਲਾਨ ਤੋਂ ਇੱਕ ਦਿਨ ਬਾਅਦ ਆਇਆ ਹੈ, ਜਿਸ ਨਾਲ ਸਰਕਾਰ ’ਤੇ ਮਹੀਨਾਵਾਰ 90 ਕਰੋੜ ਰੁਪਏ ਦਾ ਵਾਧੂ ਖਰਚਾ ਆਵੇਗਾ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਬਕਾਇਆ 10 ਫੀਸਦੀ ਡੀਏ ਜਾਰੀ ਕਰਨਾ, ਛੇਵਾਂ ਤਨਖਾਹ ਕਮਿਸ਼ਨ, ਪੁਰਾਣੇ ਤਨਖਾਹ ਸਕੇਲ ਬਹਾਲ ਕਰਨਾ ਅਤੇ ਮਾਰੂ ਨੀਤੀਆਂ ਵਾਪਸ ਲੈਣਾ ਸ਼ਾਮਲ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




