SOCIETY SEGMENTS

ਪੰਜਾਬੀਆਂ ਲਈ ਮਾੜੀ ਖ਼ਬਰ

ਅਮਰਜੀਤ ਸਿੰਘ ਵੜੈਚ (94178-01988) 

ਮੋਟੇ ਪੰਜਾਬੀ ਨੂੰ ਕਹਿੰਦੇ ਨੇ ਕਿ ਇਹ ਤਾਂ ‘ਖਾਂਦੇ-ਪੀਂਦੇ’ ਘਰ ਦਾ ਹੈ। ਜਿਹੜੇ ਪੰਜਾਬੀ ਭਰਾ ਮੋਟੇ ਨੇ ਉਨ੍ਹਾਂ ਲਈ ਇਹ ਬੜੀ ਮਾੜੀ ਖ਼ਬਰ ਹੈ ਕਿ ਭਾਰਤ ਵਿੱਚ ਸਭ ਤੋਂ ਵੱਧ ਮੁਟਾਪੇ ਦੀ ਬਿਮਾਰੀ ‘ਮੇਰੇ ਰੰਗਲੇ ਪੰਜਾਬ’ ਦੇ ਪੰਜਾਬੀਆਂ ਨੂੰ ਹੈ। ਪੰਜਾਬ ਦੇ ਤਕਰੀਬਨ 35 ਫ਼ੀਸਦ ਲੋਕ ਮੁਟਾਪੇ ਦੇ ਸ਼ਿਕਾਰ ਹਨ। ਮੋਟਾਪਾ ਹਰ ਬਿਮਾਰੀ ਅਤੇ ਖਾਸ ਕਰਕੇ ਹਾਈ ਬਲੱਡ ਪ੍ਰੈਸ਼ਰ (ਬੀਪੀ) ਲਈ ਵੱਡਾ ਕਾਰਨ ਬਣਦਾ ਹੈ। ਭਾਰਤ ਵਿੱਚ ਮਰਦਾਂ ਵਿੱਚ ਮੋਟਾਪਾ ਦਰ 24 ਅਤੇ ਔਰਤਾਂ ਵਿੱਚ 22 ਫ਼ੀਸਦ ਹੈ। ਪੰਜਾਬੀ ਬੀਬੀਆਂ ਵਿੱਚ ਮੋਟਾਪਾ ਦਰ 31.2.ਫ਼ੀਸਦ ਅਤੇ ਭਰਾਵਾਂ ਵਿੱਚ 37.7 ਫ਼ੀਸਦ ਹੈ। (ਹਰਿਆਣਾ ਮਰਦ 26.2 ਅਤੇ ਔਰਤਾਂ  22.9 ਫ਼ੀਸਦ, ਔਸਤ 25 ਫ਼ੀਸਦ)।

ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ;

ਬਾਬਾ ਹੋਰੁ ਖਾਣਾ ਖੁਸੀ ਖੁਆਰ ।।

ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ। (ਅੰਗ 16)

ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਹਰ ਪੰਜਵਾਂ ਪੰਜਾਬੀ ਹਾਈਪਰਟੈਂਸ਼ਨ ਭਾਵ ਬੀਪੀ ਦਾ ਸ਼ਿਕਾਰ ਹੈ। ਇਸ ਹਿਸਾਬ ਨਾਲ 60 ਲੱਖ ਪੰਜਾਬੀ ਬੀਪੀ ਦੇ ਸ਼ਿਕਾਰ ਹਨ। ਇਨ੍ਹਾਂ ਵਿੱਚ ਬਹੁਤ ਸਾਰਿਆਂ ਨੂੰ ਹਾਲੇ ਪਤਾ ਵੀ ਨਹੀਂ ਹੋਣਾ ਕਿ ਉਹ ਬੀਪੀ ਦਾ ਸ਼ਿਕਾਰ ਹਨ। ਰਾਸ਼ਟਰੀ ਸਿਹਤ ਅਤੇ ਪਰਿਵਾਰ ਸਰਵੇਖਣ-5 ਅਨੁਸਾਰ ਪੰਜਾਬ ਵਿੱਚ ਕੁੱਲ ਬੀਪੀ ਵਾਲੇ ਲੋਕਾਂ ਵਿੱਚ 8.6 ਔਰਤਾਂ ਅਤੇ 11 ਫ਼ੀਸਦ ਮਰਦਾਂ ਵਿੱਚ ਬੀਪੀ ਦੀ ਸਮੱਸਿਆ ਖ਼ਤਰੇ ਦੇ ਨਿਸ਼ਾਨ ਨੂੰ ਲੱਗ ਚੁੱਕੀ ਹੈ ਭਾਵ ਗੰਭੀਰ ਹੋ ਚੁੱਕੀ ਹੈ। ਇਸ ਬਿਮਾਰੀ ਨੂੰ ਇੰਨਾ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਅਸੀਂ ਘਰਾਂ ਦੇ ਓੜ੍ਹ-ਪੋੜ੍ਹ ਕਰਕੇ ਹੀ ਕੰਮ ਚਲਾਉਣਾ ਚਾਹੁੰਦੇ ਹਾਂ ਪਰ ਉਦੋਂ ਤਕ ਦੇਰ ਹੋ ਜਾਂਦੀ ਹੈ।

ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਬੀਪੀ ਹੈ। ਜਿਨ੍ਹਾਂ ਲੋਕਾਂ ਨੂੰ ਮੋਟਾਪਾ ਹੈ ਉਨ੍ਹਾਂ ਨੂੰ ਲੱਛਣ ਆ ਜਾਂਦੇ ਹਨ ਅਤੇ ਕੁਝ ਨੂੰ ਪਤਾ ਹੀ ਨਹੀਂ ਲੱਗਦਾ। ਜਿਨ੍ਹਾਂ ਨੂੰ ਪਤਾ ਹੀ ਨਹੀਂ ਲਗਦਾ ਉਨ੍ਹਾਂ ਨੂੰ ਇਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਬੀਪੀ ਨਾਲ ਦਿਲ ਦਾ ਦੌਰਾ, ਦਿਮਾਗ ਵਿੱਚ ਕਲੌਟ, ਲਕਵਾ ਅੱਖਾਂ ‘ਤੇ ਅਸਰ, ਦਿਮਾਗ ‘ਤੇ ਅਸਰ ਆਦਿ ਹੋ ਸਕਦਾ ਹੈ।

ਲਗਾਤਾਰ ਸਿਰ ਦੁਖਣਾ, ਦਿਲ ਦਾ ਕੱਚਾ ਹੋਣਾ, ਦਿਲ ਘਬਰਾਉਣਾ, ਉਲਟੀ ਆਉਣਾ, ਥਕਾਵਟ, ਥੋੜਾ ਚੱਲਣ ‘ਤੇ ਸਾਹ ਚੜਨਾ, ਨਿਗ੍ਹਾ ਦਾ ਘਟਣਾ, ਕੰਮ ਵਿੱਚ ਇਕਾਗਰਤਾ ਘਟਣੀ, ਉਦਾਸੀ, ਗੁੱਸਾ ਚੜ੍ਹਨਾ ਆਦਿ ਕੁਝ ਅਜਿਹੇ ਲੱਛਣ ਹਨ ਜੋ ਬੀਪੀ ਦਾ ਸ਼ੱਕ ਪ੍ਰਗਟ ਕਰਨ ਲਈ ਬਹੁਤ ਹਨ। ਇਨ੍ਹਾਂ ਚੋਂ ਕਿਸੇ ਇਕ ਦਾ ਹੋਣਾ ਹੀ ਕਾਫ‌ੀ ਹੈ। ਇਹ ਸ਼ੱਕ ਸਿਰਫ਼ ਡਾਕਟਰ ਕੋਲ ਜਾਕੇ ਹੀ ਕੱਢਿਆ ਜਾ ਸਕਦਾ ਹੈ।

ਇਕ ਗੱਲ ਬਹੁਤ ਮਹੱਤਵ ਪੂਰਣ ਹੈ ਕਿ ਬੀਪੀ ਕਿਸੇ ਚੰਗੇ ਜਾਂ ਸਪੈਸ਼ਲਿਸਟ ਡਾਕਟਰ ਨੂੰ ਹੀ ਚੈੱਕ ਕਰਵਾਉਣਾ ਚਾਹੀਦਾ ਹੈ। ਘਰ ਵਿੱਚ ਰੱਖੇ ਬੀਪੀ ਚੈੱਕ ਕਰਨ ਵਾਲੀਆਂ ਮਸ਼ੀਨਾਂ ਸਿਰਫ਼ ਆਮ ਦਿਨਾਂ ਵਾਸਤੇ ਹੁੰਦੀਆਂ ਹਨ ਪਰ ਸਹੀ ਚੈਕਿੰਗ ਲਈ ਡਾਕਟਰ ਕੋਲ ਹੀ ਜਾਣਾ ਚਾਹੀਦਾ ਹੈ। ਸਿਰ ਪੀੜ ਦੀ ਗੋਲੀ ਲੈਕੇ ਹੀ ਕੰਮ ਨਹੀਂ ਸਰਦਾ ਡਾਕਟਰ ਦੀ ਸਲਾਹ ਵੀ ਬਹੁਤ ਜ਼ਰੂਰੀ ਹੈ। ਨੀਮ ਹਕੀਮਾਂ ਕੋਲੋਂ ਪੁੜੀਆਂ ਨਹੀਂ ਖਾਣੀਆਂ ਚਾਹੀਦੀਆਂ।

ਸ਼ਰਾਬ, ਤੰਬਾਕੂ, ਬੀੜੀ, ਸਿਗਰਟ, ਵੱਧ ਘਿਓ ਵੱਧ, ਰੋਜ਼ ਪਰਾਉਂਠੇ ਖਾਣੇ,ਮੀਟ, ਫ਼ਾਸਟ ਫ਼ੂਡ, ਮਾਨਸਿਕ ਤਣਾਓ ਆਦਿ ਬੀਪੀ ਦੇ ਕਾਰਨ ਬਣ ਸਕਦੇ ਹਨ। ਸਾਧਾਰਣ ਖਾਣਾ, ਸਰੀਰਕ ਕਸਰਤ ਅਤੇ ਤਣਾਓ ਮੁਕਤ ਆਦਤਾਂ ਬੀਪੀ ਤੋਂ ਬਚਾ ਕਰ ਸਕਦੇ ਹਨ।

ਸੋ ਸੋਚਦੇ ਕੀ ਓ ..ਕੀ ਜੇਕਰ ਤੁਸੀ ਸਮਝਦੇ ਓ ਕਿ ਤੁਸੀਂ ਮੋਟੇ ਓ ਤਾਂ ਫਿਰ ਜਾਓ ਕਿਸੇ ਚੰਗੇ ਡਾਕਟਰ ਕੋਲ। ਹਾਂ ! ਇਕ ਗੱਲ ਹੋਰ ਜੇਕਰ ਤੁਸੀਂ ਮੋਟੇ ਤਾਂ ਨਹੀਂ ਪਰ ਤੁਹਾਨੂੰ ਉਪਰ ਦੱਸੇ ਲੱਛਣਾ ਵਿੱਚੋਂ ਕੋਈ ਹੈ ਤਾਂ ਫਿਰ ਤੁਹਾਨੂੰ ਵੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਦੇ ਵੀ ਬੀਪੀ ਦੀ ਦਵਾਈ ਲੈ ਰਹੇ ਵਿਅਕਤੀ ਦੀ ਗੋਲੀ ਦੂਸਰੇ ਵਿਅਕਤੀ ਨੂੰ ਨਹੀਂ ਲੈਣੀ ਚਾਹੀਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button