PunjabTop News

ਪਟਿਆਲਾ ‘ਚ ਵੱਡਾ ਹਾਦਸਾ, ਭਾਖੜਾ ਨਹਿਰ ‘ਤੇ ਬਣਿਆ ਪੁੱਲ ਟੁੱਟਿਆ, ਇੱਕ ਟਰੱਕ ਨੂੰ ਲੱਗੀ ਅੱਗ

ਪਟਿਆਲਾ ‘ਚ ਵੀਰਵਾਰ ਨੂੰ ਤੜਕਸਾਰ ਉਦੋਂ ਵੱਡਾ ਜਾਨੀ ਨੁਕਸਾਨ ਹੋਣੋ ਬਚ ਗਿਆ, ਜਦੋਂ ਭਾਖੜਾ ਨਹਿਰ ‘ਤੇ ਬਣਿਆ ਇੱਕ ਲੋਹੇ ਦਾ ਪੁੱਲ ਡਿੱਗ ਕੇ ਜ਼ਮੀਨ ‘ਚ ਧੱਸ ਗਿਆ। ਜਾਣਕਾਰੀ ਅਨੁਸਾਰ, ਪੁੱਲ ਦੇ ਧੱਸਣ ਮੌਕੇ ਉਪਰ ਟਰੱਕਾਂ ਦੀ ਆਵਾਜਾਈ ਸੀ, ਜਿਸ ਦੌਰਾਨ ਦੋ ਟਰੱਕ ਮੌਕੇ ‘ਤੇ ਪੁੱਲ ਵਿੱਚ ਧੱਸ ਗਏ। ਮੌਕੇ ‘ਤੇ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ, ਜੋ ਕਿ ਬੁਰੀ ਤਰ੍ਹਾਂ ਸੜ ਗਿਆ।
ਮੌਕੇ ਤੋਂ ਜਾਣਕਾਰੀ ਅਨੁਸਾਰ, ਇਹ ਪੁੱਲ ਪਟਿਆਲਾ-ਸੰਗਰੂਰ ਬਾਈਪਾਸ ‘ਤੇ ਪਿੰਡ ਪਾਸਿਆਣਾ ਨੇੜੇ ਬਣਿਆ ਹੋਇਆ ਹੈ। ਅੱਜ ਤੜਕਸਾਰ ਜਦੋਂ ਦੋ ਟਰਾਲੇ ਪੁੱਲ ਦੇ ਉਪਰੋਂ ਲੰਘ ਰਹੇ ਸਨ ਤਾਂ ਅਚਾਨਕ ਇਹ ਘਟਨਾ ਵਾਪਰੀ, ਜਿਸ ਦੌਰਾਨ ਪੁੱਲ ਅਚਾਨਕ ਟੁੱਟ ਗਿਆ ਅਤੇ ਧੱਸ ਗਿਆ। ਹਾਲਾਂਕਿ, ਪੁੱਲ ਟੁੱਟਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ, ਘਟਨਾ ਕਾਰਨ ਮੌਕੇ ‘ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਕਿਉਂਕਿ ਇਹ ਚੰਡੀਗੜ੍ਹ-ਬਠਿੰਡਾ ਲਈ ਮੁੱਖ ਰਸਤਾ ਹੈ। ਟਰੱਕ ਨੂੰ ਅੱਗ ਲੱਗਣ ਦੀ ਘਟਨਾ ਪਿੱਛੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਅੱਗ ‘ਤੇ ਕਾਬੂ ਪਾ ਲਿਆ। ਭਾਵੇਂ ਇਸ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਪੁੱਲ ਦੇ ਅਚਾਨਕ ਇਸ ਤਰ੍ਹਾਂ ਡਿੱਗਣ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਹਨ ਕਿਉਂਕਿ ਕੁੱਝ ਸਮਾਂ ਪਹਿਲਾਂ ਹੀ ਇਸ ਪੁੱਲ ਦੀ ਮੁਰੰਮਤ ਹੋਈ ਸੀ।
ਪੁੱਲ ਡਿੱਗਣ ਕਾਰਨ ਭਾਖੜਾ ਨਦੀ ਦਾ ਪਾਣੀ ਵੀ ਉੱਪਰੋਂ ਵਹਿਣਾ ਸ਼ੁਰੂ ਹੋ ਗਿਆ ਹੈ। ਪੁਲ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਦੋਵਾਂ ਟਰੱਕਾਂ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਉਨ੍ਹਾਂ ਦੇ ਮੌਜੂਦਾ ਟਿਕਾਣੇ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ
ਮੌਕੇ ‘ਤੇ ਇੱਕ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਪੁੱਲ ਅਚਾਨਕ ਡਿੱਗ ਗਿਆ, ਇੱਕਦਮ ਧਮਾਕੇ ਵਾਂਗ ਆਵਾਜ਼ ਆਈ। ਉਸ ਨੇ ਕਿਹਾ ਕਿ ਸਾਨੂੰ ਖੁਦ ਵੀ ਨਹੀਂ ਪਤਾ ਲੱਗਾ ਕਿ ਆਖਿਰ ਹੋਇਆ ਕੀ ਹੈ। ਉਸ ਨੇ ਕਿਹਾ ਕਿ ਇਹ ਸਵੇਰੇ 6 ਵਜੇ ਦੇ ਲਗਭਗ ਘਟਨਾ ਵਾਪਰੀ ਹੈ। ਹਾਲਾਂਕਿ, ਕਿਸੇ ਦੇ ਗੰਭੀਰ ਸੱਟ ਤਾਂ ਨਹੀਂ ਵੱਜੀ, ਪਰ ਫਿਰ ਵੀ ਜਾਂਚ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button