ਨੈੱਟਵਰਕ ਸੈਟਿੰਗ ਠੀਕ ਕਰਨ ਦੇ ਬਹਾਨੇ ਮਹਿਲਾ ਦੇ ਆਈਫੋਨ ਤੋਂ ਖ਼ੁਦ ਨੂੰ ਭੇਜੀਆਂ ਨਿੱਜੀ ਤਸਵੀਰਾਂ; ਭਾਰਤੀ ਮੂਲ ਦਾ ਨੌਜਵਾਨ ਕਾਬੂ

ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ ਭਾਰਤੀ ਮੂਲ ਦੇ ਰਾਹੁਲ ਆਨੰਦਕ੍ਰਿਸ਼ਨਨ ਨੂੰ ਹਿਰਾਸਤ ਵਿੱਚ ਲਿਆ ਹੈ। ਟੈਕਸਸ ਵਿੱਚ ‘ਇਨਵੇਸਿਵ ਵਿਜ਼ੂਅਲ ਰਿਕਾਰਡਿੰਗ’ (ਬਿਨਾਂ ਇਜਾਜ਼ਤ ਦੇ ਇਤਰਾਜ਼ਯੋਗ ਤਸਵੀਰਾਂ ਜਾਂ ਵੀਡੀਓ ਬਣਾਉਣ ਦੀ ਕੋਸ਼ਿਸ਼) ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਇਹ ਮਾਮਲਾ 7 ਜੂਨ ਦਾ ਹੈ। ICE ਨੇ ਦੱਸਿਆ ਕਿ ਆਨੰਦਕ੍ਰਿਸ਼ਨਨ ਪਹਿਲਾਂ ਹੀ ਕਾਊਂਟੀ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਾ ਹੈ ਅਤੇ ਹੁਣ ਇਮੀਗ੍ਰੇਸ਼ਨ ਅਦਾਲਤ ਦੀ ਕਾਰਵਾਈ ਪੂਰੀ ਹੋਣ ਤੱਕ ਉਹ ICE ਦੀ ਹਿਰਾਸਤ ਵਿੱਚ ਰਹੇਗਾ।

ਆਸਟਿਨ ਪੁਲਿਸ ਨੂੰ ਕੈਪੀਟਲ ਪਲਾਜ਼ਾ ਸ਼ਾਪਿੰਗ ਸੈਂਟਰ ਸਥਿਤ ‘ਟੋਟਲ ਵਾਇਰਲੈੱਸ’ ਸਟੋਰ ਤੋਂ ਸੂਚਨਾ ਮਿਲੀ ਸੀ। ਇੱਕ ਮਹਿਲਾ ਨੇ ਸ਼ਿਕਾਇਤ ਕੀਤੀ ਸੀ ਕਿ ਸਟੋਰ ਦੇ ਇੱਕ ਕਰਮਚਾਰੀ ਨੇ ਉਸ ਦਾ ਫ਼ੋਨ ਲਿਆ ਅਤੇ ਉਸ ਦੀਆਂ ਨਿੱਜੀ ਤਸਵੀਰਾਂ ਆਪਣੇ ਆਪ ਨੂੰ ਭੇਜ ਲਈਆਂ।
ਮਹਿਲਾ ਨੇ ਦੋਸ਼ ਲਾਇਆ ਕਿ ਫ਼ੋਨ ਖੋਲ੍ਹਣ ਲਈ ਕਰਮਚਾਰੀ ਨੇ ਉਸ ਤੋਂ ਪਾਸਕੋਡ ਮੰਗਿਆ। ਇਸ ਤੋਂ ਬਾਅਦ ਉਸ ਨੇ ਜਾਣਬੁੱਝ ਕੇ ਗਾਹਕ ਦੀ ਫੋਟੋ ਗੈਲਰੀ ਖੋਲ੍ਹੀ ਅਤੇ ‘ਏਅਰਡ੍ਰੌਪ’ (AirDrop) ਰਾਹੀਂ ਕੁਝ ਨਿਊਡ ਤਸਵੀਰਾਂ ਆਪਣੇ ਡਿਵਾਈਸ ’ਤੇ ਭੇਜਣ ਦੀ ਕੋਸ਼ਿਸ਼ ਕੀਤੀ।
ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਆਨੰਦਕ੍ਰਿਸ਼ਨਨ ਉਸ ਦਾ ਫ਼ੋਨ ਲੈ ਕੇ ਸਟੋਰ ਦੇ ਪਿਛਲੇ ਹਿੱਸੇ ਵਿੱਚ ਚਲਾ ਗਿਆ ਸੀ। ਉੱਥੋਂ ਵਾਪਸ ਆਉਣ ਤੋਂ ਬਾਅਦ ਮਹਿਲਾ ਨੇ ਦੇਖਿਆ ਕਿ ਏਅਰਡ੍ਰੌਪ ਰਾਹੀਂ ਉਸ ਦੀਆਂ ਦੋ ਨਿੱਜੀ ਤਸਵੀਰਾਂ ਕਰਮਚਾਰੀ ਦੇ ਡਿਵਾਈਸ ’ਤੇ ਭੇਜੀਆਂ ਗਈਆਂ ਸਨ।
ਮਹਿਲਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨੇ ਉਸ ਦੇ ਸਨੈਪਚੈਟ (Snapchat) ਅਕਾਊਂਟ ਤੱਕ ਵੀ ਪਹੁੰਚ ਬਣਾਈ ਅਤੇ ਖ਼ੁਦ ਨੂੰ ਉਸ ਵਿੱਚ ਸ਼ਾਮਲ ਕਰ ਲਿਆ। ਮਹਿਲਾ ਨੇ ਪੁਲਿਸ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਉਸ ਨੇ ਕਰਮਚਾਰੀ ਨੂੰ ਆਪਣੀਆਂ ਤਸਵੀਰਾਂ ਜਾਂ ਸਨੈਪਚੈਟ ਦੇਖਣ ਜਾਂ ਕੋਈ ਵੀ ਨਿੱਜੀ ਤਸਵੀਰ ਆਪਣੇ ਆਪ ਨੂੰ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਸ ਨੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
‘ਫੌਕਸ 7 ਆਸਟਿਨ’ ਵੱਲੋਂ ਜਾਰੀ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਮੁਤਾਬਕ, 29 ਸਾਲਾ ਆਨੰਦਕ੍ਰਿਸ਼ਨਨ ਨੇ ਪੁਲਿਸ ਨੂੰ ਦੱਸਿਆ ਕਿ ਗਾਹਕ ਆਪਣੇ ਆਈਫੋਨ ਦੀਆਂ ਨੈੱਟਵਰਕ ਸੈਟਿੰਗਾਂ ਬਦਲਵਾਉਣ ਲਈ ਸਟੋਰ ’ਤੇ ਆਈ ਸੀ।
ਹਲਫ਼ਨਾਮੇ ਮੁਤਾਬਕ, ਆਨੰਦਕ੍ਰਿਸ਼ਨਨ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਤਸਵੀਰਾਂ ਟ੍ਰਾਂਸਫਰ ਨਹੀਂ ਹੋ ਸਕੀਆਂ ਅਤੇ ਉਸ ਨੇ ਫ਼ੋਨ ਗਾਹਕ ਨੂੰ ਵਾਪਸ ਕਰ ਦਿੱਤਾ। ਮੁਲਜ਼ਮ ਨੇ ਇਹ ਵੀ ਮੰਨਿਆ ਕਿ ਉਸ ਨੂੰ ਸਿਰਫ਼ ਨੈੱਟਵਰਕ ਸੈਟਿੰਗਾਂ ਦੇਖਣ ਦੀ ਇਜਾਜ਼ਤ ਸੀ, ਨਾ ਕਿ ਗਾਹਕ ਦੀਆਂ ਤਸਵੀਰਾਂ ਜਾਂ ਹੋਰ ਨਿੱਜੀ ਜਾਣਕਾਰੀ ਦੇਖਣ ਦੀ।
ਆਨੰਦਕ੍ਰਿਸ਼ਨਨ ਖ਼ਿਲਾਫ਼ ਸ਼ੁਰੂ ਵਿੱਚ ‘ਇਨਵੇਸਿਵ ਵਿਜ਼ੂਅਲ ਰਿਕਾਰਡਿੰਗ’ (ਇੱਕ ਗੰਭੀਰ ਅਪਰਾਧ) ਅਤੇ ‘ਕੰਪਿਊਟਰ ਸਿਕਿਓਰਿਟੀ ਬ੍ਰੀਚ’ (ਬਿਨਾਂ ਇਜਾਜ਼ਤ ਕੰਪਿਊਟਰ ਸਿਸਟਮ ਤੱਕ ਪਹੁੰਚ ਬਣਾਉਣਾ) ਦੇ ਦੋਸ਼ ਲਗਾਏ ਗਏ ਸਨ। ਹਲਫ਼ਨਾਮੇ ਮੁਤਾਬਕ, ਦੂਜਾ ਦੋਸ਼ ਫ਼ੋਨ ਦੀ ‘ਫੋਟੋ ਐਪ’ ਤੱਕ ਬਿਨਾਂ ਇਜਾਜ਼ਤ ਪਹੁੰਚ ਬਣਾਉਣ ਨਾਲ ਸਬੰਧਤ ਹੈ।
ICE ਨੇ ਦੱਸਿਆ ਕਿ ਬਾਅਦ ਵਿੱਚ ਉਸ ਨੂੰ ‘ਇਨਵੇਸਿਵ ਵਿਜ਼ੂਅਲ ਰਿਕਾਰਡਿੰਗ’ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੇ ਕਾਊਂਟੀ ਜੇਲ੍ਹ ਵਿੱਚ ਸਜ਼ਾ ਕੱਟੀ। ਇਸ ਤੋਂ ਬਾਅਦ ICE ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




