
ਬੰਗਲਾਦੇਸ਼ 5 ਅਗਸਤ 2024 ਨੂੰ ਜਦੋਂ ਬੰਗਲਾਦੇਸ਼ ਵਿੱਚ ਤਖ਼ਤਾਪਲਟ ਹੋਇਆ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦੇਸ਼ ਛੱਡ ਕੇ ਜਾਣਾ ਪਿਆ, ਤਾਂ ਉਸ ਪਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈ ਸੀ। ਹੁਣ ਉਸੇ ਵੀਡੀਓ ਨੂੰ ਰਿਕਾਰਡ ਕਰਨ ਅਤੇ ਸਾਂਝਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬੰਗਲਾਦੇਸ਼ ਹਵਾਈ ਸੈਨਾ ਦੇ 28 ਸਾਲਾ ਸਾਬਕਾ ਅਧਿਕਾਰੀ ਤਹਸੀਫ਼ ਸ਼ੌਰੀ ਦੀ ਲਾਸ਼ ਸ਼ੱਕੀ ਹਾਲਾਤ ਵਿੱਚ ਤੁਰਾਗ ਨਦੀ ਵਿੱਚੋਂ ਬਰਾਮਦ ਹੋਈ ਹੈ।
ਇੱਕ ਪਾਸੇ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਰਹੀਆਂ ਹਨ, ਉੱਥੇ ਹੀ ਇਸ ਮਾਮਲੇ ਦੀ ਇੱਕ ਅਹਿਮ ਕੜੀ ਮੰਨੇ ਜਾ ਰਹੇ ਸਾਬਕਾ ਫ਼ੌਜੀ ਅਧਿਕਾਰੀ ਦੀ ਰਹੱਸਮਈ ਮੌਤ ਨੇ ਦੇਸ਼ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। 28 ਸਾਲਾ ਸਾਬਕਾ ਅਧਿਕਾਰੀ ਦੀ ਲਾਸ਼ ਨਦੀ ’ਚੋਂ ਮਿਲੀ, ਜੇਬ ਵਿੱਚੋਂ ਮਿਲੇ ਆਈਫੋਨ ਨਾਲ ਪਛਾਣ ਹੋਈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨੇੜੇ ਟੋਂਗੀ ਬੰਦਰ ਘਾਟ ਅਤੇ ਉੱਤਰਖਾਨ ਇਲਾਕੇ ਦੇ ਕੋਲ ਬੁੱਧਵਾਰ, 28 ਅਕਤੂਬਰ ਦੀ ਸ਼ਾਮ ਨੂੰ ਤੁਰਾਗ ਨਦੀ ਵਿੱਚ ਇੱਕ ਲਾਸ਼ ਤੈਰਦੀ ਦਿਖਾਈ ਦਿੱਤੀ । ਇਸ ਤੋਂ ਬਾਅਦ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਸਥਾਨਕ ਲੋਕਾਂ ਨੇ ਤੁਰੰਤ ਐਮਰਜੈਂਸੀ ਹੈਲਪਲਾਈਨ 999 ’ਤੇ ਫ਼ੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ।
ਟੋਂਗੀ ਰਿਵਰ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਨਦੀ ਵਿੱਚੋਂ ਬਾਹਰ ਕੱਢਿਆ। ਸ਼ੁਰੂਆਤ ਵਿੱਚ ਇਹ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਜਾਪ ਰਹੀ ਸੀ। ਚਿੱਟੀ ਪੈਂਟ ਅਤੇ ਕਾਲੀ ਕਮੀਜ਼ ਪਹਿਨੇ ਇਸ ਨੌਜਵਾਨ ਦੀ ਜੇਬ ਦੀ ਤਲਾਸ਼ੀ ਲੈਣ ’ਤੇ ਪੁਲਿਸ ਨੂੰ ਇੱਕ ਆਈਫੋਨ ਅਤੇ ਹੱਥ ਘੜੀ ਮਿਲੀ। ਆਈਫੋਨ ਦੀ ਮਦਦ ਨਾਲ ਮ੍ਰਿਤਕ ਦੀ ਪਛਾਣ 28 ਸਾਲਾ ਸਾਬਕਾ ਫਲਾਈਟ ਲੈਫਟੀਨੈਂਟ ਕੇ.ਐੱਮ. ਤਹਸੀਫ਼ ਸ਼ੌਰੀ ਵਜੋਂ ਹੋਈ। ਤਹਸੀਫ਼ ਸੌਰੀ ਮੰਗਲਵਾਰ, 27 ਅਕਤੂਬਰ ਤੋਂ ਆਪਣੇ ਘਰੋਂ ਲਾਪਤਾ ਸਨ। ਉਨ੍ਹਾਂ ਦਾ ਪਰਿਵਾਰ ਢਾਕਾ ਦੇ ਉੱਤਰਾ ਇਲਾਕੇ ਦੇ ਸੈਕਟਰ 18 ਵਿੱਚ ਰਹਿੰਦਾ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਢਾਕਾ ਦੇ ਸ਼ਹੀਦ ਸੁਹਰਾਵਰਦੀ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ। ਮੁੱਢਲੀ ਜਾਂਚ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




