ਜਾਨਲੇਵਾ ਸੜਕ ਹਾਦਸੇ ’ਚ ਪੰਜਾਬੀ ਟਰੱਕ ਡਰਾਈਵਰ ਦੋਸ਼ੀ ਕਰਾਰ

ਕੈਨੇਡਾ ਦੇ ਸੂਬੇ ਓਨਟਾਰੀਓ ਦੇ ਉੱਤਰੀ ਹਿੱਸੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੇ ਮਾਮਲੇ ਵਿੱਚ ਅਦਾਲਤ ਨੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਗੁਰਸ਼ਰਨ ਸਿੰਘ ਨੂੰ ‘ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਦਾ ਦੋਸ਼ੀ ਕਰਾਰ ਦਿੱਤਾ ਹੈ। ਥੰਡਰ ਬੇਅ ਸਥਿਤ ਓਨਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਦੇ ਜੱਜ ਐੱਫ. ਬਰੂਸ ਫਿਟਜ਼ਪੈਟ੍ਰਿਕ ਨੇ ਸੁਣਾਏ ਆਪਣੇ ਫ਼ੈਸਲੇ ਵਿੱਚ ਸਪੱਸ਼ਟ ਕੀਤਾ ਕਿ ਗੁਰਸ਼ਰਨ ਸਿੰਘ ਦੀ ਤੇਜ਼ ਰਫ਼ਤਾਰ ਅਤੇ ਅਣਗਹਿਲੀ ਹੀ ਇਸ ਭਿਆਨਕ ਹਾਦਸੇ ਦਾ ਮੁੱਖ ਕਾਰਨ ਬਣੀ।ਇਹ ਮੰਦਭਾਗੀ ਘਟਨਾ ਜਨਵਰੀ 2023 ਦੀ ਇੱਕ ਸਵੇਰ ਨੂੰ ਟੈਰੇਸ ਬੇਅ ਤੋਂ ਲਗਪਗ 27 ਕਿਲੋਮੀਟਰ ਪੂਰਬ ਵੱਲ ਸਟੀਲ ਰਿਵਰ ਪੁਲ ਨੇੜੇ ਹਾਈਵੇਅ 17 ’ਤੇ ਵਾਪਰੀ ਸੀ। ਉਸ ਸਮੇਂ 24 ਸਾਲਾ ਗੁਰਸ਼ਰਨ ਸਿੰਘ ਸਾਮਾਨ ਨਾਲ ਲੱਦਿਆ ਫ੍ਰੇਟਲਾਈਨਰ (ਟਰੱਕ ਪੱਛਮ ਵੱਲ ਲੈ ਕੇ ਜਾ ਰਿਹਾ ਸੀ, ਜਦਕਿ ਦੂਜੇ ਪਾਸਿਓਂ 64 ਸਾਲਾ ਆਰਥਰ ਮੀਨਨ ਆਪਣੀ ਪਤਨੀ ਨਾਲ ਫੋਰਡ ਐਕਸਪੀਡੀਸ਼ਨ ਗੱਡੀ ਵਿੱਚ ਸਵਾਰ ਹੋ ਕੇ ਪੂਰਬ ਵੱਲ ਆ ਰਹੇ ਸਨ।
ਅਦਾਲਤੀ ਰਿਕਾਰਡ ਅਤੇ ਜਾਂਚ ਮੁਤਾਬਕ ਹਾਦਸੇ ਵਾਲੇ ਦਿਨ ਤਾਪਮਾਨ ਮਨਫ਼ੀ 21 ਡਿਗਰੀ ਸੈਲਸੀਅਸ ਸੀ ਅਤੇ ਸੜਕ ਗਿੱਲੀ ਸੀ। ਪੁਲੀਸ ਅਧਿਕਾਰੀਆਂ ਦੀ ਗਵਾਹੀ ਅਤੇ ਟਰੱਕ ਦੇ ਆਨ-ਬੋਰਡ ਕੰਪਿਊਟਰ ਡਾਟਾ ਤੋਂ ਇਹ ਗੱਲ ਸਾਹਮਣੇ ਆਈ ਕਿ ਉਸ ਹਿੱਸੇ ਵਿੱਚ ਨਿਰਧਾਰਿਤ ਰਫ਼ਤਾਰ ਸੀਮਾ 90 ਕਿਲੋਮੀਟਰ ਪ੍ਰਤੀ ਘੰਟਾ ਅਤੇ ਚੇਤਾਵਨੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੇ ਬਾਵਜੂਦ ਗੁਰਸ਼ਰਨ ਸਿੰਘ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਢਲਾਣ ’ਤੇ ਟਰੱਕ ਚਲਾ ਰਿਹਾ ਸੀ। ਪੁਲ ਪਾਰ ਕਰਦਿਆਂ ਅਚਾਨਕ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟ੍ਰੇਲਰ ਮੁੜਨ ਕਾਰਨ ਟਰੱਕ ਸੜਕ ਦੀ ਵਿਚਕਾਰਲੀ ਲਾਈਨ ਟੱਪ ਕੇ ਸਾਹਮਣਿਓਂ ਆ ਰਹੀ ਆਰਥਰ ਮੀਨਨ ਦੀ ਗੱਡੀ ਨਾਲ ਜਾ ਟਕਰਾਇਆ।ਟੱਕਰ ਇੰਨੀ ਜ਼ਬਰਦਸਤ ਸੀ ਕਿ ਆਰਥਰ ਮੀਨਨ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਪਤਨੀ ਨੂੰ ਮਾਮੂਲੀ ਸੱਟਾਂ ਲੱਗੀਆਂ। ਟਰੱਕ ਦੇ ਡੈਸ਼ ਕੈਮਰੇ ਦੀ ਫੁਟੇਜ ਨੇ ਵੀ ਇਸ ਪੂਰੇ ਹਾਦਸੇ ਦੀ ਤਸਵੀਰ ਸਾਫ਼ ਕਰ ਦਿੱਤੀ।ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੁਲ ਦੇ ਜੋੜ ਕਾਰਨ ਟਰੱਕ ਨੂੰ ਲੱਗੇ ਝਟਕੇ ਕਰਕੇ ਗੁਰਸ਼ਰਨ ਸਿੰਘ ਦਾ ਸੰਤੁਲਨ ਵਿਗੜਿਆ ਸੀ ਅਤੇ ਇਹ ਮਹਿਜ਼ ਤੇਜ਼ ਰਫ਼ਤਾਰ ਦਾ ਮਾਮਲਾ ਹੈ, ਨਾ ਕਿ ਖ਼ਤਰਨਾਕ ਡਰਾਈਵਿੰਗ ਦਾ। ਪਰ ਜੱਜ ਨੇ ਇਨ੍ਹਾਂ ਦਲੀਲਾਂ ਨੂੰ ਰੱਦ ਕਰਦਿਆਂ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਇੱਕ ਭਾਰੀ ਵਪਾਰਕ ਵਾਹਨ ਚਲਾਉਣ ਵਾਲੇ ਡਰਾਈਵਰ ਨੂੰ ਹਰ ਪਲ ਆਪਣੀ ਰਫ਼ਤਾਰ ਦਾ ਪਤਾ ਹੋਣਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਇਸ ਘਟਨਾ ਨੇ ਕੈਨੇਡਾ ਦੇ ਟਰੱਕਿੰਗ ਖੇਤਰ ਵਿੱਚ ਕੰਮ ਕਰ ਰਹੇ ਪੰਜਾਬੀ ਭਾਈਚਾਰੇ ਅਤੇ ਨੌਜਵਾਨ ਡਰਾਈਵਰਾਂ ਦੀ ਸਿਖਲਾਈ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਦੋਸ਼ੀ ਗੁਰਸ਼ਰਨ ਸਿੰਘ ਨੂੰ ਸਜ਼ਾ ਸੁਣਾਉਣ ਲਈ ਅਦਾਲਤ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




