ਜਸ਼ਨ-ਏ-ਆਜ਼ਾਦੀ
ਆਜ਼ਾਦੀ ਦੌਰਾਨ ਸ਼ਹੀਦ ਹੋਏ ਫੌਜੀਆਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਉਨਾਂ ਸਦਕਾ ਹੀ ਇਹ ਦਿਨ ਵੇਖਣਾ ਨਸੀਬ ਹੋਇਆ ਹੈ। ਉਨਾਂ ਸ਼ਹੀਦਾਂ ਦੇ ਟੱਬਰਾਂ ਦਾ ਦੇਣਾ ਵੀ ਨਹੀਂ ਦਿੱਤਾ ਜਾ ਸਕਦਾ, ਜਿਨਾਂ ਨੇ ਆਪਣਾ ਵਿਹੜਾ ਸੱਖਣਾ ਕਰ ਕੇ ਸਾਡਾ ਵਿਹੜਾ ਆਬਾਦ ਕੀਤਾ ਹੈ।ਇਨਾਂ ਦੇ ਨਾਲ ਕੁੱਝ ਹੋਰ ਅਣਕਹੀਆਂ ਅਤੇ ਅਣਸੁਣੀਆਂ ਮੌਤਾਂ ਜੋ ਆਜ਼ਾਦੀ ਲਈ ਪਰਵਾਨ ਹੋਈਆਂ, ਉਨਾਂ ਦਾ ਜ਼ਿਕਰ ਕਦੇ ਨਹੀਂ ਹੁੰਦਾ। ਹੁਣ ਤਕ ਦੇ ਮਨਾਏ ਆਜ਼ਾਦੀ ਦੇ ਜਸ਼ਨਾਂ ਵਿਚ ਉਨਾਂ ਦਾ ਕਦੇ ਵੀ ਜ਼ਿਕਰ ਨਹੀਂ ਕੀਤਾ ਗਿਆ। ਮੈਂ ਉਨਾਂ ਦੀ ਯਾਦ ਦਵਾਉਣ ਦਾ ਹੀਆ ਕੀਤਾ ਹੈ।
ਜਿਸ ਨੇ ਬੀ.ਬੀ.ਸੀ ਉੱਤੇ ਇਸ ਪ੍ਰੋਗਰਾਮ ਵਿਚਲੇ ਤੱਥ ਅਤੇ ਅੰਕੜੇ ਨਾ ਵੇਖੇ ਹੋਣ, ਉਨਾਂ ਨੂੰ ਮੈਂ ਦਸ ਦਿਆਂ ਕਿ :-
1. ਸੰਨ 1947 ਦੀ ਭਾਰਤ ਪਾਕ ਵਿਚਲੀ ਵੰਡ ਦੌਰਾਨ ਦੁਨੀਆਂ ਭਰ ਵਿਚਲੀਆਂ ਸਾਰੀਆਂ ਆਜ਼ਾਦੀ ਦੀਆਂ ਜੰਗਾਂ ਤੋਂ ਵੱਧ ਲੋਕ ਘਰੋਂ ਬੇਘਰ ਹੋਏ।
2. ਇਹ ਗਿਣਤੀ ਸਾਢੇ 14 ਮਿਲੀਅਨ ਲੋਕਾਂ ਤੋਂ ਵੀ ਵੱਧ ਸਾਬਤ ਹੋਈ ਹੈ ਜਿਸ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਸ਼ਾਮਲ ਹਨ।
3. ਇਸ ਦੌਰਾਨ ਗਿਣੀਆਂ ਜਾ ਚੁੱਕੀਆਂ ਅਤੇ ਰਿਪੋਰਟ ਹੋਈਆਂ 93,000 ਔਰਤਾਂ ਨੂੰ ਮਧੋਲਿਆ ਅਤੇ ਅਗਵਾ ਕੀਤਾ ਗਿਆ। ਜਿਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਤੇ ਸਿਰਫ਼ ਟੋਟੇ ਹੀ ਲੱਭੇ ਜਾਂ ਪੂਰੇ ਦੇ ਪੂਰੇ ਟੱਬਰ ਫ਼ਨਾਹ ਹੋ ਗਏ, ਉਹ ਇਸ ਗਿਣਤੀ ਵਿਚ ਸ਼ਾਮਲ ਨਹੀਂ ਹਨ।
4. ਇਨਾਂ ਔਰਤਾਂ ਦਾ ਸਿਰਫ਼ ਜ਼ਬਰਜਿਨਾਹ ਅਤੇ ਕਤਲ ਹੀ ਨਹੀਂ ਕੀਤਾ ਗਿਆ, ਬਲਕਿ ਇਨਾਂ ਵਿਚੋਂ ਲਗਭਗ 15 ਹਜ਼ਾਰ ਨੂੰ ਨੌਕਰਾਣੀ, ਬੰਧੂਆ ਮਜੂਰ ਜਾਂ ਰਖ਼ੈਲ ਬਣਨ ਲਈ ਮਜ਼ਬੂਰ ਕੀਤਾ ਗਿਆ ਅਤੇ ਕੁੱਝ ਨੂੰ ਕੋਠੇ ਉੱਤੇ ਬਿਠਾ ਦਿੱਤਾ ਗਿਆ।
5. ਜਿਹੜੀਆਂ ਔਰਤਾਂ ਦਾ ਜਬਰਜ਼ਨਾਹ ਕਰਨ ਬਾਅਦ ਜ਼ਿੰਦਾ ਰੱਖਿਆ ਗਿਆ, ਉਸ ਦਾ ਵੀ ਕਾਰਣ ਸੀ। ਇਨਾਂ ਵਿੱਚੋਂ ਕਈਆਂ ਦੇ ਸਰੀਰ ਉੱਤੇ ਗਰਮ ਲੋਹੇ ਨਾਲ ‘ਪਾਕਿਸਤਾਨ ਜ਼ਿੰਦਾਬਾਦ’ ਅਤੇ ਕਈਆਂ ਉੱਤੇ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਪੱਕੇ ਠੱਪੇ ਲਾ ਕੇ ਦੂਜੇ ਮੁਲਕ ਨੂੰ ਸ਼ਰਮਸਾਰ ਕਰਨ ਲਈ ਇਨਾਂ ਨੂੰ ਵਰਤਿਆ ਗਿਆ ਕਿ ਜਦੋਂ ਵੀ ਇਹ ਆਪਣੇ ਮੁਲਕ ਵਾਪਸ ਜਾਣ ਤਾਂ ਉਹ ਲੋਕ ਦੂਜੇ ਮੁਲਕ ਦੀ ਪੱਕੀ ਮੋਹਰ ਵੇਖਣ!
6. ਦੁਸ਼ਮਨੀ ਦਾ ਆਲਮ ਇਹ ਸੀ ਕਿ ਜਿਹੜੀਆਂ ਔਰਤਾਂ ਮਰਨ ਨੂੰ ਤਰਜੀਹ ਦੇਣ, ਉਨਾਂ ਦੇ ਮੁਰਦਾ ਸਰੀਰ ਵੀ ਆਪਣੇ ਮੁਲਕ ਇਹੋ ਸੁਨੇਹਾ ਪਹੁੰਚਾਉਣ। ਇਸੇ ਲਈ ਕੋਈ ਔਰਤ ਛੱਡੀ ਹੀ ਨਹੀਂ ਗਈ!
7. ਯਾਸਮੀਨ ਖ਼ਾਨ ਨੇ ਵੰਡ ਬਾਰੇ ਲਿਖੀ ਕਿਤਾਬ ਵਿਚ ਸਪਸ਼ਟ ਕੀਤਾ ਹੈ ਕਿ ਔਰਤਾਂ ਉੱਤੇ ਅਤਿ ਦੇ ਜ਼ੁਲਮ ਇਸ ਲਈ ਢਾਹੇ ਗਏ ਕਿ ਭਾਰਤੀਆਂ ਨੂੰ ਜ਼ਲੀਲ ਕੀਤਾ ਜਾ ਸਕੇ। ਔਰਤਾਂ ਨੂੰ ਜਬਰੀ ਮੁਸਲਮਾਨ ਧਰਮ ਵਿਚ ਸ਼ਾਮਲ ਕਰ ਕੇ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ।
8. ਇੰਗਲੈਂਡ ਵਿਖੇ ਡੀਮੋਂਟ ਫੋਰਟ ਯੂਨੀਵਰਸਿਟੀ ਦੀ ਪ੍ਰੋਫੈਸਰ ਪੀਪਾ ਵਿਰਦੀ ਨੇ ਪੁਰਾਣੇ ਰਿਕਾਰਡ ਅਤੇ ਤਸਵੀਰਾਂ ਇਕੱਠੀਆਂ ਕਰਕੇ ਅਤੇ ਘੁੰਮ ਫਿਰ ਕੇ ਲੋਕਾਂ ਦੀਆਂ ਇੰਟਰਵਿਊ ਕਰ ਕੇ ਜੋ ਤੱਥ ਪੇਸ਼ ਕੀਤੇ ਹਨ, ਉਹ ਦਿਲ ਕੰਬਾਊ ਹਨ। ਜਿਵੇਂ ਹਰ ਜਿੱਤ ਦੀ ਟਰਾਫ਼ੀ ਸਾਂਭੀ ਜਾਂਦੀ ਹੈ, ਇਸੇ ਤਰਾਂ ਭਾਰਤੀਆਂ ਅਤੇ ਪਾਕਿਸਤਾਨੀਆਂ ਨੇ, ਦੂਜੇ ਮੁਲਕ ਦੀਆਂ ਔਰਤਾਂ ਦੇ ਸਰੀਰਾਂ ਨੂੰ ਟਰਾਫ਼ੀਆਂ ਬਣਾ ਕੇ ਸਾਂਭਿਆ।
2
ਪਹਿਲਾਂ ਔਰਤਾਂ ਨੂੰ ਰੱਜ ਕੇ ਜ਼ਲੀਲ ਕਰ ਕੇ, ਜਿੰਨਿਆਂ ਵੱਲੋਂ ਹੋ ਸਕਦਾ, ਜਬਰਜ਼ਨਾਹ ਕਰ ਕੇ, ਫੇਰ ਉਨਾਂ ਦੀ ਛਾਤੀ ਕਟ ਦਿੱਤੀ ਜਾਂਦੀ। ਉਸਤੋਂ ਬਾਅਦ ਸਾਰੇ ਸਰੀਰ ਦੇ ਮਾਸ ਨੂੰ ਦੰਦਾਂ ਨਾਲ ਵੱਢ ਟੁੱਕ ਕੇ ਲਾਹਿਆ ਜਾਂਦਾ (ਜੋ ਕਿ ਮੁਰਦਾ ਸਰੀਰਾਂ ਉੱਤੇ ਦੰਦਾਂ ਨੇ ਨਿਸ਼ਾਨਾਂ ਤੋਂ ਸਪਸ਼ਟ ਹੋ ਚੁੱਕਿਆ ਹੈ)। ਫੇਰ ਗਰਮ ਲੋਹੇ ਨਾਲ ‘ਪਾਕਿਸਤਾਨ ਜ਼ਿੰਦਾਬਾਦ’ ਜਾਂ ‘ਹਿੰਦੁਸਤਾਨ ਜ਼ਿੰਦਾਬਾਦ’ ਦੀ ਮੋਹਰ ਲਾਈ ਜਾਂਦੀ। ਕਈਆਂ ਦੇ ਸਰੀਰਾਂ ਉੱਤੇ ਇਕ ਦੂਜੇ ਪ੍ਰਤੀ ਕੱਢੀਆਂ ਗਾਲਾਂ ਛਾਪ ਦਿੱਤੀਆਂ ਜਾਂਦੀਆਂ।
ਫੇਰ ਬਾਹਵਾਂ ਕੱਟੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਖਿੱਚ ਕੇ ਲੱਤਾਂ ਜੋੜ ਵਿੱਚੋਂ ਕੱਢ ਕੇ ਵੱਢੀਆਂ ਜਾਂਦੀਆਂ। ਅਖ਼ੀਰ ਵਿਚ ਸਿਰ ਧੜ ਤੋਂ ਅਲੱਗ ਕੀਤਾ ਜਾਂਦਾ। ਅਜਿਹੇ ਬਾਕੀ ਬਚੇ ਧੜ ਨੂੰ ਜਿੱਤ ਦੀ ਟਰਾਫ਼ੀ ਵਜੋਂ ਸਾਂਭਿਆ ਜਾਂਦਾ ਕਿ ਅਸੀਂ ਦੂਜੇ ਮੁਲਕ ਦੇ ਲੋਕਾਂ ਉੱਤੇ ਜਿੱਤ ਹਾਸਲ ਕਰਕੇ ਆਪਣਾ ਬਦਲਾ ਲਾਹ ਲਿਆ ਹੈ।
9. ਆਪਣੇ ਆਪ ਨੂੰ ਇਸ ਜ਼ਲਾਲਤ ਤੋਂ ਬਚਾਉਣ ਲਈ ਸੈਂਕੜੇ ਔਰਤਾਂ ਨੇ ਖੂਹ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
10. ਰਿਤੂ ਮੈਨਨ ਤੇ ਕਮਲਾ ਭਸੀਨ ਨੇ ਅੱਖੀਂ ਵੇਖੀਆਂ ਗੱਲਾਂ ਬਿਆਨ ਕਰਦਿਆਂ ਕਿਹਾ ਕਿ ਜਿਨਾਂ ਔਰਤਾਂ ਦੇ ਸਰੀਰਾਂ ਉੱਤੇ ‘ਪਾਕਿਸਤਾਨ ਜ਼ਿੰਦਾਬਾਦ’ ਜਾਂ ‘ਜੈ ਹਿੰਦ’ ਗਰਮ ਲੋਹੇ ਨਾਲ ਛਾਪਿਆ ਗਿਆ ਸੀ, ਉਨਾਂ ਦੇ ਸਰੀਰਾਂ ਦੀ ਬਚੀ ਖੁਚੀ ਚਮੜੀ ਉੱਤੇ ਏਨੇ ਭਿਆਨਕ ਦੰਦਾਂ ਦੇ ਨਿਸ਼ਾਨ ਸਨ ਕਿ ਜਾਨਵਰ ਵੀ ਸ਼ਾਇਦ ਇੰਜ ਨਾ ਚੱਬਦੇ ਜਿਵੇਂ ਇਨਸਾਨ ਰੂਪੀ ਹੈਵਾਨਾਂ ਨੇ ਚੂੰਡਿਆ ਹੋਇਆ ਸੀ।
11. ਸ਼ੇਖੂਪੁਰਾ ਦੇ ਇਕ ਡਾਕਟਰ ਨੇ ਮੈੈਨਨ ਅਤੇ ਭਸੀਨ ਨੂੰ ਦੱਸਿਆ ਕਿ ਜਿੰਨੇ ਕੇਸ ਰਿਫਿਊਜੀ ਕੈਂਪਾਂ ਵਿਚੋਂ ਚੁੱਕੀਆਂ ਔਰਤਾਂ ਦੀ ਛਾਤੀ ਵੱਢਣ ਤੋਂ ਬਾਅਦ ਉਸ ਕੋਲ ਲਿਆਏ ਗਏ, ਉਨਾਂ ਵਿਚੋਂ ਇਕ ਵੀ ਔਰਤ ਬਚਾਈ ਨਹੀਂ ਜਾ ਸਕੀ, ਕਿਉਂਕਿ ਉਸ ਵਿੱਚ ਕੁੱਝ ਬਚਾਉਣ ਜੋਗਾ ਛੱਡਿਆ ਹੀ ਨਹੀਂ ਸੀ ਗਿਆ।
12. ਸੰਨ 1950 ਵਿਚ ਮੈਨਨ ਤੇ ਭਸੀਨ ਨੇ ਸਰਕਾਰੀ ਅੰਕੜਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 50,000 ਔਰਤਾਂ ਦਾ ਭਾਰਤ ਵਿਚ ਅਤੇ 33,000 ਔਰਤਾਂ ਨੂੰ ਪਾਕਿਸਤਾਨ ਵਿਚ ਜਬਰਜ਼ਨਾਹ ਕਰ ਕੇ ਤਸੀਹੇ ਦੇ ਕੇ ਮਾਰ ਘੱਤਿਆ ਗਿਆ। ਪਰ ਔਰਤਾਂ ਵਾਸਤੇ ਕੰਮ ਕਰ ਰਹੇ ਰੀਹੈਬਿਲੀਟੇਸ਼ਨ ਸੈਂਟਰ ਵਿਚ ਲੱਗੇ ਲੋਕਾਂ ਨੇ ਸਪਸ਼ਟ ਕੀਤਾ ਕਿ ਪਾਕਿਸਤਾਨ ਵਿਚ ਇਹ ਗਿਣਤੀ ਕਿਤੇ ਵੱਧ ਹੈ ਤੇ ਲਗਭਗ ਇਕ ਲੱਖ 25,000 ਔਰਤਾਂ ਨਿਰਵਸਤਰ ਕਰ ਕੇ ਕਤਲ ਕੀਤੀਆਂ ਗਈਆਂ ਤੇ ਕਾਫ਼ਲਿਆਂ ਉੱਤੇ ਹਮਲੇ ਕਰਕੇ ਚੁੱਕੀਆਂ ਔਰਤਾਂ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਲੱਭਿਆ। ਕਿਸੇ ਦੀ ਇਕ ਬਾਂਹ ਤੇ ਕਿਸੇ ਦੀ ਇਕ ਲੱਤ ਹੀ ਮਿਲੀ ਜੋ ਐਵੇਂ ਹੀ ਦਫ਼ਨ ਕਰ ਦਿੱਤੀਆਂ ਗਈਆਂ।
13. ਕਮਲਾਬੇਨ ਪਟੇਲ ਨੇ ਦੱਸਿਆ ਕਿ ਉਸ ਨੇ ਵੰਡ ਤੋਂ 8 ਸਾਲ ਬਾਅਦ ਤਕ 20,728 ਚੁੱਕੀਆਂ ਗਈਆਂ ਔਰਤਾਂ ਨਾਲ ਕੰਮ ਕੀਤਾ, ਜਿਨਾਂ ਵਿੱਚੋਂ 600 ਵਾਪਸ ਭੇਜੀਆਂ ਗਈਆਂ। ਉਸ ਦੱਸਿਆ ਕਿ ਬਥੇਰੀਆਂ ਔਰਤਾਂ ਜੋ ਵਾਪਸ ਪਹੁੰਚੀਆਂ, ਉਨਾਂ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਉਨਾਂ ਨੂੰ ਕਈ ਕਈ ਦਿਨ ਭੁੱਖੇ ਰੱਖ ਕੇ ਰੋਜ਼ ਸਾਰਿਆਂ ਵੱਲੋਂ ਜਬਰਜ਼ਨਾਹ ਕਰਨ ਬਾਅਦ ਹੀ ਵਾਪਸ ਭਾਰਤ ਭੇਜਿਆ ਹੈ।
14. ਇਹ ਵੀ ਉਦੋਂ ਪਤਾ ਲੱਗਿਆ ਕਿ ਕਈ ਪਿਓਆਂ ਨੇ ਆਪਣੀਆਂ ਧੀਆਂ, ਮਾਵਾਂ, ਭੈਣਾਂ ਨੂੰ ਅਜਿਹੇ ਹਾਲਾਤ ਵਿੱਚੋਂ ਲੰਘਣ ਨਾਲੋਂ ਆਪ ਹੀ ਸਿਰ ਵੱਢ ਕੇ ਜਾਂ ਅੱਗ ਵਿਚ ਸਾੜ ਕੇ ਮਾਰ ਮੁਕਾ ਦਿੱਤਾ।
15. ਇਨਾਂ ਤੋਂ ਇਲਾਵਾ ਵੀ ਕਈਆਂ ਨੇ ਖੁਲਾਸਾ ਕੀਤਾ ਕਿ ਕਿਵੇਂ ਨਿਰਵਸਤਰ ਕਰਕੇ ਪੁੱਠੇ ਟੰਗ ਕੇ ਉਨਾਂ ਉੱਤੇ ਤਸ਼ੱਦਦ ਢਾਹੇ ਗਏ। ਕਈਆਂ ਨੇ ਤਾਂ ਇਸ ਤੋਂ ਵੀ ਬਦਤਰ ਹਾਲਾਤ ਵੇਖੇ ਅਤੇ ਮੂੰਹ ਖੋਲਣ ਦੀ ਹਾਲਤ ਵਿਚ ਹੀ ਨਹੀਂ ਸਨ, ਕਿਉਂਕਿ ਉਨਾਂ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਿਆ ਸੀ।
16. ਜਿੰਨਾ ਵੱਧ ਤਸ਼ੱਦਦ ਢਾਹ ਕੇ ਔਰਤ ਵੱਢੀ ਜਾਂਦੀ, ਓਨੀ ਭਾਰੀ ਜਿੱਤ ਤੇ ਓਨੀ ਹੀ ਵੱਡੀ ਟਰਾਫ਼ੀ ਮੰਨ ਕੇ ਉਸ ਦੇ ਬਚੇ ਖੁਚੇ ਟੋਟੇ ਸਾਂਭੇ ਜਾਂਦੇ।
3
ਇਸ ਤੋਂ ਇਲਾਵਾ ਵੀ ਏਨਾ ਕੁੱਝ ਹੈ, ਜਿਸ ਨੂੰ ਪੜ ਸੁਣ ਕੇ ਹੀ ਮੇਰਾ ਦਿਮਾਗ ਸੁੰਨ ਹੋ ਚੁੱਕਿਆ ਹੈ ਤੇ ਮੇਰੀ ਕਲਮ ਵਿਚ ਉਸ ਨੂੰ ਬਿਆਨ ਕਰਨ ਦੀ ਤਾਕਤ ਹੀ ਨਹੀਂ। ਮੇਰਾ ਮਕਸਦ ਸਿਰਫ਼ ਸਭ ਨੂੰ ਇਹ ਯਾਦ ਕਰਵਾਉਣਾ ਹੈ ਕਿ ਆਜ਼ਾਦੀ ਦੀ ਜੰਗ ਵਿਚਲਾ ਇਹ ਹਿੱਸਾ ਅਣਗੌਲਿਆ ਕਿਉਂ ਰੱਖਿਆ ਜਾਂਦਾ ਹੈ? ਕੀ ਔਰਤਾਂ ਵੱਲੋਂ ਹੋਇਆ ਇਹ ਯੋਗਦਾਨ ਕਿਸੇ ਪਾਸਿਓਂ ਘੱਟ ਰਹਿ ਗਿਆ ਹੈ? ਇਸ ਤਸ਼ੱਦਦ ਨੂੰ ਯਾਦ ਕਿਉਂ ਨਹੀਂ ਕੀਤਾ ਜਾਂਦਾ? ਜੇ ਆਜ਼ਾਦੀ ਵੇਲੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਜਾ ਸਕਦੀ ਹੈ ਤਾਂ ਇਨਾਂ ਬੇਕਸੂਰਾਂ ਦੇ ਡੁੱਲੇ ਲਹੂ ਅਤੇ ਅਤਿ ਦੇ ਸਹੇ ਤਸ਼ੱਦਦ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ ਹੈ? ਆਪਣੀਆਂ ਕੁਰਬਾਨ ਹੋਈਆਂ ਮਾਵਾਂ ਭੈਣਾਂ ਤੇ ਧੀਆਂ ਦੀ ਯਾਦ ਵਿੱਚ ਇਕ ਦੀਵਾ ਵੀ ਨਹੀਂ ਬਾਲਿਆ ਜਾਂਦਾ।
ਮੈਂ ਕਿਸੇ ਛਾਤੀ ਉੱਤੇ ਗੋਲੀ ਖਾ ਕੇ ਸ਼ਹੀਦ ਹੋਏ ਵੀਰ ਨੂੰ ਨੀਵਾਂ ਨਹੀਂ ਵਿਖਾ ਰਹੀ। ਮੈਂ ਤਾਂ ਯਾਦ ਕਰਵਾ ਰਹੀ ਹਾਂ ਕਿ ਗੋਲੀ ਤੋਂ ਵੱਧ ਪੀੜ ਸਹਿ ਕੇ ਹਲਾਕ ਹੋਈਆਂ ਬੇਕਸੂਰ ਵੀਰਾਂਗਣਾਂ ਨੂੰ ਯਾਦ ਰਖ ਕੇ ਉਨਾਂ ਦੀਆਂ ਰੂਹਾਂ ਨੂੰ ਤਾਂ ਠੰਡਕ ਪਹੁੰਚਾ ਦੇਈਏ। ਜੇ ਏਨੀ ਕੁ ਕੁਰਬਾਨੀ ਹੀ ਯਾਦ ਰਖ ਲਈ ਜਾਏ ਤਾਂ ਔਰਤ ਦਾ ਨਿਰਾਦਰ ਸ਼ਾਇਦ ਕੁੱਝ ਘੱਟ ਜਾਏ ਅਤੇ ਉਸ ਨੂੰ ਬਣਦੀ ਇੱਜ਼ਤ ਮਿਲ ਜਾਏ! ਚੇਤੇ ਰਹੇ ਕਿ ਵੰਡ ਦੀ ਸਭ ਤੋਂ ਵੱਧ ਮਾਰ ਅਤੇ ਸੰਤਾਪ ਚੜਦੇ ਅਤੇ ਲਹਿੰਦੇ ਪੰਜਾਬ ਦੀਆਂ ਔਰਤਾਂ ਨੇ ਹੀ ਝੱਲਿਆ ਹੈ। ਇਨਾਂ ਮਾਵਾਂ ਦੇ ਡੁੱਲੇ ਲਹੂ ਨੂੰ ਅਜਾਈਂ ਨਾ ਗੁਆਓ! ਅੱਗੇ ਤੋਂ ਹਰ ਆਜ਼ਾਦੀ ਦਿਵਸ ਉੱਤੇ ਇਕ ਦੀਵਾ ‘ਮਾਂ ਦੇ ਨਾਂ ਦਾ’, ‘ਭੈਣ ਦੇ ਨਾਂ ਦਾ’ ਤੇ ‘ਧੀ ਦੇ ਨਾਂ’ ਦਾ ਵੀ ਜ਼ਰੂਰ ਬਾਲਿਓ।
ਡਾ. ਹਰਸ਼ਿੰਦਰ ਕੌਰ, ਐਮ. ਡੀ. ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.