ਪਟਿਆਲਾ : ਬੀਤੀ ਰਾਤ ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਚ ਸ਼ਰਾਬ ਪੀਣ ਕਾਰਨ ਗੋਲ਼ੀਆਂ ਮਾਰ ਕੇ ਕਤਲ ਕੀਤੀ ਔਰਤ ਦੀ ਸੋਮਵਾਰ ਦੇਰ ਸ਼ਾਮ ਪਛਾਣ ਹੋ ਗਈ। ਉਕਤ ਔਰਤ ਦੀ ਅਸਲ ਪਛਾਣ ਕੁਲਵਿੰਦਰ ਕੌਰ ਪੁੱਤਰੀ ਜਗਰੂਪ ਸਿੰਘ ਵਾਸੀ ਅਸਮਾਨਪੁਰ ਥਾਣਾ ਸਦਰ ਪਟਿਆਲਾ ਵਜੋਂ ਹੋਈ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਅਨਾਜ ਮੰਡੀ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਬਰਾੜ ਨੇ ਦੱਸਿਆ ਕਿ ਪੁਲਿਸ ਕੋਲ ਪਹੁੰਚ ਕੇ ਪਰਵਿੰਦਰ ਕੌਰ ਦੇ ਭਰਾ ਹਰਮੇਲ ਸਿੰਘ ਨੇ ਉਸਦੀ ਪਛਾਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਰਵਿੰਦਰ ਕੌਰ ਦਾ ਅਸਲੀ ਨਾਮ ਕੁਲਵਿੰਦਰ ਕੌਰ ਹੈ ਅਤੇ ਉਕਤ ਔਰਤ ਦੀ ਅਸਲ ਪਛਾਣ ਹੋਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਔਰਤ ਦਾ ਵਿਆਹ ਸੰਗਰੂਰ ਦੇ ਮੁਨਸ਼ੀ ਵਾਲਾ ਇਲਾਕੇ ਦੇ ਰਹਿਣ ਵਾਲੇ ਵਿਅਕਤੀ ਨਾਲ ਹੋਇਆ ਸੀ ਪਰ ਕਈ ਸਾਲ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਇਹ ਔਰਤ ਵੱਖ-ਵੱਖ ਰਹਿਣ ਲੱਗ ਪਈ ਅਤੇ ਕੁਲਵਿੰਦਰ ਕੌਰ ਨੇ ਕਰੀਬ 7 ਸਾਲ ਪਹਿਲਾਂ ਅਰਬਨ ਸਟੇਟ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਿਆਂ ਆਪਣਾ ਜਾਲੀ ਆਧਾਰ ਕਾਰਡ ਪਰਵਿੰਦਰ ਕੌਰ ਦੇ ਨਾਂ ਤੇ ਬਣਵਾ ਲਿਆ ਸੀ। ਇਨ੍ਹੀਂ ਦਿਨੀਂ ਉਹ ਜ਼ੀਰਕਪੁਰ ਵਿੱਚ ਇੱਕ ਸੈਲੂਨ ਵਿੱਚ ਕੰਮ ਕਰਦੀ ਸੀ ਪਰ ਉਸਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਜਿਸ ਕਾਰਨ ਉਹ ਪਰਿਵਾਰ ਦੇ ਸੰਪਰਕ ਵਿੱਚ ਵੀ ਨਹੀਂ ਸੀ। ਲਾਸ਼ ਦੀ ਸ਼ਨਾਖਤ ਤੋਂ ਬਾਅਦ ਉਕਤ ਔਰਤ ਦਾ ਪੋਸਟਮਾਰਟਮ ਕਰਵਾ ਕੇ ਦੇਰ ਰਾਤ ਰਾਜਪੁਰਾ ਰੋਡ ‘ਤੇ ਸਥਿਤ ਵੀਰ ਜੀ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿੱਥੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.