ਖਿਆਲਾ ਪਿੰਡ ਤੋਂ ਫੜਿਆ ਗਿਆ ਅਵਤਾਰ ਸਿੰਘ, ਦੋ ਪਿਸਤੌਲਾਂ, ਚਾਰ ਮੈਗਜ਼ੀਨ ਤੇ 25 ਕਾਰਤੂਸ ਬਰਾਮਦ

Girl in a jacket
Like
Like Love Haha Wow Sad Angry
Girl in a jacket

ਚੰਡੀਗੜ੍ਹ : ਆਖਰਕਾਰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਬੰਬ ਧਮਾਕੇ ਦੇ ਕੇਸ ਵਿੱਚ ਫੜੇ ਗਏ ਅਵਤਾਰ ਸਿੰਘ ਦੇ ਸਬੰਧ ਵਿਚ ਖੁਲਾਸਾ ਕਰ ਹੀ ਦਿੱਤਾ। ਅੱਜ ਇੱਕ ਭਰਵੇਂ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਬ ਧਮਾਕੇ ਦੇ ਜਿਸ ਕੇਸ ਵਿਚ ਪਹਿਲਾਂ ਬਿਕਰਮਜੀਤ ਸਿੰਘ ਨਾਮ ਦੇ ਸ਼ਖਸ ਨੂੰ ਫੜਿਆ ਗਿਆ ਸੀ ਹੁਣ ਉਸਦੇ ਦੂਜੇ ਸਾਥੀ ਅਵਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਚੱਕ ਮਿਸ਼ਰੀ ਖਾਨ ਨੂੰ ਵੀ ਲੋਪੋਕੇ ਥਾਣਾ ਅਧੀਨ ਪੈਂਦੇ ਪਿੰਡ ਖਿਆਲਾ ਅੰਮ੍ਰਿਤਸਰ ਤੋਂ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ।  ਡੀਜੀਪੀ ਅਨੁਸਾਰ ਜਿਹੜੇ ਹਥਿਆਰ ਵਾਰਦਾਤ ਮੌਕੇ ਵਰਤੋਂ ਵਿੱਚ ਲਿਆਂਦੇ ਗਏ ਸਨ ਤੇ ਉਨ੍ਹਾਂ ਨੂੰ ਲੋਕਾਂ ਨੇ ਪਹਿਚਾਣਿਆ ਵੀ ਸੀ ਉਹ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ ਜਿਨ੍ਹਾਂ ਵਿਚੋਂ ਫੜੇ ਗਏ ਅਵਤਾਰ ਸਿੰਘ ਤੋਂ ਇੱਕ 32 ਬੋਰ ਦਾ ਰਿਵਾਲਵਰ, ਅਮਰੀਕਾ ਵਿੱਚ ਬਣੀ ਇੱਕ ਪਿਸਤੌਲ ਅਤੇ ਚਾਰ ਮੈਗਜ਼ੀਨ ਅਤੇ 25 ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਅੱਗੇ ਜਾਂਚ ਜਾਰੀ ਹੈ। ਡੀਜੀਪੀ ਅਨੁਸਾਰ ਫੜੇ ਗਏ ਅਵਤਾਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਜਿਸਦਾ ਸੱਤ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਤੇ ਅੱਗੇ ਦੀ ਜਾਂਚ ਤੋਂ ਬਾਅਦ ਉਹ ਹੋਰ ਪੁਖਤਾ ਜਾਣਕਾਰੀ ਨਾਲ ਅੱਗੇ ਆਉਣਗੇ।

ਡੀਜੀਪੀ ਅਨੁਸਾਰ ਮੁਢਲੇ ਤੌਰ ਤੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਇਨ੍ਹਾਂ ਦੇ ਪਾਕਿਸਤਾਨ ਵਾਲੇ ਪਾਸੋਂ ਕੁਝ ਲੋਕਾਂ ਨਾਲ ਸਬੰਧ ਹਨ ਜਿਨ੍ਹਾਂ ਨਾਲ ਜਾਵੇਦ ਨਾਮ ਦੇ ਇਕ ਸਖਸ਼ ਦਾ ਨਾਮ ਸਾਹਮਣੇ ਆਇਆ ਹੈ ਜੋ ਕਿ ਇਨ੍ਹਾਂ ਲੋਕਾਂ ਨੂੰ ਗੁਮਰਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਕਿਉਂਕਿ ਅਵਤਾਰ ਸਿੰਘ ਦਵਾਈਆਂ ਦਾ ਕੰਮ ਕਰਦਾ ਸੀ ਇਸ ਲਈ ਜਾਵੇਦ ਨੇ ਪਹਿਲਾਂ ਉਸ ਨਾਲ ਇਸ ਸੰਦਰਭ ਵਿਚ ਰਾਬਤਾ ਕਾਇਮ ਕੀਤਾ ਜਿਸ ਤੋਂ ਬਾਅਦ ਜਾਵੇਦ ਨੇ ਅਵਤਾਰ ਨਾਲ ਕਈ ਹੋਰ ਤਰ੍ਹਾਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਉਂ ਨਾ ਕੁਝ ਹੋਰ ਕੀਤਾ ਜਾਵੇ। ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਸ ਤੋਂ ਬਾਅਦ ਜਾਵੇਦ ਨੇ ਸਭ ਤੋਂ ਪਹਿਲਾਂ ਅਵਤਾਰ ਨੂੰ ਦੁਬਈ ਤੋਂ ਫੋਨ ਕੀਤਾ ਜਿਸ ਤੋਂ ਬਾਅਦ ਉਹ ਪਾਕਿਸਤਾਨ ਚਲਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਇੱਥੇ ਇਹ ਵਾਰਦਾਤ ਇਸ ਲਈ ਕੀਤੀ ਹੈ ਕਿਉਂਕਿ ਇਹ ਇੱਕ ਪੇਂਡੂ ਇਲਾਕਾ ਸੀ ਜਿੱਥੇ ਨਾ ਤਾਂ ਪੁਲਿਸ ਦੀ ਮੌਜੂਦਗੀ ਸੀ ਤੇ ਨਾ ਹੀ ਕੋਈ ਹੋਰ ਸੁਰੱਖਿਆ ਦੇ ਪ੍ਰਬੰਧ ਸਨ ਜਿਸ ਲਈ ਇਹ ਉਨ੍ਹਾਂ ਦਾ ਇੱਕ ਆਸਾਨ ਨਿਸ਼ਾਨਾ ਬਣ ਗਿਆ ਤੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਪਰਮਜੀਤ ਸਿੰਘ ਬਾਵਾ ਨੇ ਇਨ੍ਹਾਂ ਦੀ ਮੁਲਾਕਾਤ ਹੈਪੀ ਪੀਐਚਡੀ ਨਾਲ ਕਰਵਾਈ ਸੀ ਜਿਨ੍ਹਾਂ ਨੇ ਰਲ ਮਿਲ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਡੀਜੀਪੀ ਸੁਰੇਸ਼ ਅਰੋੜਾਂ ਨੇ ਇਹ ਦਾਅਵਾ ਕੀਤਾ ਕਿ ਜੋ ਲੋਕ ਫੜ੍ਹੇ ਗਏ ਹਨ ਉਨ੍ਹਾਂ ਸਬੰਧੀ ਦਿੱਤੀ ਜਾ ਰਹੀ ਜਾਣਕਾਰੀ ਇੰਨਬਿੰਨ ਸੱਚ ਹੈ ਤੇ ਇਸ ਵਿਚ ਕਿਸੇ ਉੱਤੇ ਕੋਈ ਝੂਠਾ ਕੇਸ ਦਰਜ ਕੀਤੇ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਉੱਚ ਪੱਧਰ ਦੇ ਪੰਜਾਬ ਪੁਲਿਸ ਅਧਿਕਾਰੀ ਕਰ ਰਹੇ ਹਨ ਇਸੇ ਲਈ ਅੱਜ ਜੇਕਰ ਇਹ ਕਿਹਾ ਜਾ ਰਿਹਾ ਹੈ ਕਿ ਅਵਤਾਰ ਸਿੰਘ ਨਾਮ ਦੇ ਵਿਅਕਤੀ ਨੂੰ ਫੜ ਲਿਆ ਗਿਆ ਹੈ ਤਾਂ ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।  ਉਹਾਂ ਕਿਹਾ ਕਿ ਸਾਨੂੰ ਬਿਲਕੁਲ ਤਸੱਲੀ ਹੈ ਕਿ ਸਾਡੇ ਕੋਲ ਪੁਖਤਾ ਸਬੂਤ ਹਨ ਤੇ ਅਸੀ ਇਨ੍ਹਾਂ ਸਬੂਤਾਂ ਨੂੰ ਅਦਾਲਤ ਵਿਚ ਵੀ ਸਾਬਤ ਕਰਾਂਗੇ।

ਇਸ ਤੋਂ ਇਲਾਵਾ ਕਿਉਂਕਿ ਇਨ੍ਹਾਂ ਦਾ ਪਹਿਲਾਂ ਕੋਈ ਮੁਜ਼ਿਰਮਾਨਾ ਪਿਛੋਕੜ ਨਹੀਂ ਸੀ ਇਸ ਲਈ ਪਰਮਜੀਤ ਸਿੰਘ ਬਾਵਾ ਵਾਸੀ ਵਡਾਲਾ ਜੋ ਕਿ ਇਸ ਵੇਲੇ ਇਟਲੀ ਵਿਚ ਰਹਿ ਰਿਹਾ ਹੈ ਉਹ ਵੀ ਇਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਡੀਜੀਪੀ ਅਨੁਸਾਰ ਹਲੇ ਤੱਕ ਇਨ੍ਹਾਂ ਨੌਜਵਾਨਾਂ ਦਾ ਕੋਈ ਵੀ ਅਪਰਾਧਕ ਪਿਛੋਕੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਹਿਲਾਂ ਜਿਹੜਾ ਦਾਅਵਾ ਕਰਦੀ ਆ ਰਹੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਲੋਕ ਇੱਥੋਂ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ ਉਹ ਵੀ ਇਸ ਕੇਸ ਵਿਚ ਸਾਹਮਣੇ ਆ ਰਹੇ ਤੱਥਾਂ ਨਾਲ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਾਹੀਂ ਉਹ ਅਪੀਲ ਕਰਦੇ ਹਨ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਰਾਹੀਂ ਸਾਡੇ ਉਨ੍ਹਾਂ ਨੌਜਵਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਕੋਈ ਮੁਜ਼ਰਿਮਾਨਾਂ ਪਿਛੋਕੜ ਨਹੀਂ ਹੈ। ਇਸ ਲਈ ਇਨ੍ਹਾਂ ਚੀਜ਼ਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਇਸ ਦੌਰਾਨ ਜਦੋਂ ਗਲੋਬਲ ਪੰਜਾਬ ਟੀਵੀ ਦੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਨੇ ਡੀਜੀਪੀ ਪੰਜਾਬ ਦਾ ਧਿਆਨ ਬੰਬ ਧਮਾਕੇ ਤੋਂ ਬਾਅਦ ਮੌਕੇ ’ਤੇ ਮੌਜੂਦ ਚਸ਼ਮਦੀਦਾਂ ਵਲੋਂ ਮੀਡੀਆ ਨੂੰ ਦਿੱਤੇ ਉਸ ਬਿਆਨ ਵੱਲ ਦੁਆਇਆ ਕਿ ਵਾਰਦਾਤ ਕਰਨ ਵਾਲੇ ਦੋਵੇਂ ਵਿਅਕਤੀ ਮੋਨ ਸਨ ਤਾਂ ਡੀਜੀਪੀ ਅਰੋੜਾਂ ਭਾਵੇਂ ਸ਼ਾਂਤੀ ਨਾਲ ਦਰਸ਼ਨ ਸਿੰਘ ਖੋਖਰ ਨੂੰ ਜੁਆਬ ਦਿੰਦੇ ਰਹੇ ਪਰ ਉਨ੍ਹਾਂ ਦੇ ਨਾਲ ਬੈਠੇ ਅਧਿਕਾਰੀ ਨੇ ਪੂਰੇ ਗੁੱਸੇ ਵਿਚ ਖੋਖਰ ਦੀ ਇਸ ਗੱਲ ਨੂੰ ਇਹ ਕਹਿੰਦਿਆਂ ਨਕਾਰ ਦਿੱਤਾ ਕਿ ਤੁਸੀਂ ਕਿਹੜਾ ਮੌਕੇ ਤੇ ਗਏ ਹੋ, ਮੈਂ ਖੁਦ ਇਨ੍ਹਾਂ ਮੁਲਜ਼ਮਾਂ ਤੋਂ 2 ਘੰਟੇ ਪੁਛਗਿਛ ਕੀਤੀ ਹੈ। ਇਸ ਮੌਕੇ ਡੀਜੀਪੀ ਦਾ ਕਹਿਣਾ ਸੀ ਕਿ ਫੜੇ ਗਏ ਲੋਕਾਂ ਤੋਂ ਉਹ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ ਜਿਨ੍ਹਾਂ ਨਾਲ ਇਹ ਵਾਰਦਾਤ ਕੀਤੀ ਗਈ ਸੀ ਤੇ ਸਾਰੀ ਕਹਾਣੀ ਵੀ ਸਾਹਮਣੇ ਆ ਚੁੱਕੀ ਹੈ ਇਸ ਲਈ ਹੁਣ ਅਜਿਹੇ ਸਵਾਲ ਕਰਨਾ ਫਜ਼ੂਲ ਗੱਲ ਹੈ।

Like
Like Love Haha Wow Sad Angry
Girl in a jacket

LEAVE A REPLY