EDITORIAL

ਕੋਰੋਨਾ ਟੀਕੇ ਤੋਂ ਬਿਨਾ ਕੰਨਿਆ ਦੀ ਲੋੜ, ਜੱਟਾਂ ਦੇ ਘਰ ਹੋ ਰਹੇ ਨੇ ਖਾਲੀ

ਅਸ਼ਟਾਮਾਂ 'ਤੇ ਹੁੰਦੇ ਨੇ ਵਿਆਹ

ਅਮਰਜੀਤ ਸਿੰਘ ਵੜੈਚ (94178-01988)

ਪੰਜਾਬੀ ਦੀਆਂ ਅਖ਼ਬਾਰਾਂ ‘ਚ ਛਾਇਆ ਹੁੰਦੇ ਵਿਆਹਾਂ  ਲਈ ਵਰ/ਕੰਨਿਆਂ  ਦੀ ਲੋੜ ਵਾਲ਼ੇ ਕਲਾਸੀਫ਼ਾਇਡ ਇਸ਼ਤਿਹਾਰਾਂ ਦਾ ਅਧਿਅਨ ਕਰਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ 60 ਫ਼ੀਸਦ ਤੋਂ ਵੱਧ ਪਰਿਵਾਰ ਆਪਣੇ ਲੜਕੇ/ਲੜਕੀਆਂ ਦੇ ਰਿਸ਼ਤੇ  ਕਨੇਡਾ,ਆਸਟਰੇਲੀਆ  ਤੇ ਅਮਰੀਕਾ ‘ਚ ਹੀ ਕਰਨਾ ਪਸੰਦ ਕਰਦੇ ਹਨ । ਇਨ੍ਹਾਂ ‘ਚੋਂ ਵੀ ਸੱਭ ਤੋਂ ਵੱਧ ਪਸੰਦ ਕਨੇਡਾ ਦੀ ਤੇ ਦੂਜੇ ਨੰਬਰ ‘ਤੇ ਆਸਟਰੇਲੀਆ   ਆਉਂਦਾ ਹੈ ।

ਅਖ਼ਬਾਰਾਂ ਦੇ ਇਨ੍ਹਾਂ ਕਾਲਮਾਂ ਨੂੰ ਪੜ੍ਹਦਿਆਂ ਬੜੇ ਦਿਲਚਸਪ ਤੱਥ ਸਾਹਮਣੇ ਆਏ ਹਨ । ਇਕ ਤੱਥ ਜੋ ਤੁਹਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ ਉਹ ਇਹ ਕਿ ਇਕ ਕਨੇਡਾ ਵੱਸਦੇ ਅੰਮ੍ਰਿਤਧਾਰੀ ਪਰਿਵਾਰ ਦੇ ਕਲੀਨਸ਼ੇਵਨ ਲੜਕੇ ਨੂੰ ਉਹ ਲੜਕੀ ਚਾਹੀਦੀ ਹੈ ਜਿਸ ਨੂੰ ਕੋਰੋਨਾ ਦਾ ਟੀਕਾ ਨਾ ਲੱਗਿਆ ਹੋਵੇ !  ਇਹ ਗੱਲ ਸਮਝ ਤੋਂ ਬਾਹਰ ਹੈ ਪਰ ਇਕ ਗੱਲ ਸਪੱਸ਼ਟ ਹੈ ਕਿ ਸਰਕਾਰ ਵੱਲੋਂ ਕੋਰੋਨਾ  ਦੇ ਬਚਾਅ ਲਈ ਲਾਏ ਜਾ ਰਹੇ ਟੀਕਿਆਂ ‘ਤੇ ਕਈ ਲੋਕਾਂ ਨੂੰ  ਹਾਲੇ ਵੀ ਵਿਸ਼ਵਾਸ਼ ਨਹੀਂ ਹੈ ।

ਉਦੋਂ ਹੋਰ ਹੈਰਾਨੀ ਹੁੰਦੀ ਹੈ ਜਦੋਂ ਇਸ਼ਤਿਹਾਰ  ਦੇ ਅਖ਼ੀਰ ‘ਚ ਲਿਖਿਆ ਹੁੰਦਾ ਹੈ ‘ ਸਾਰਾ ਖਰਚ  ਲੜਕੇ ਦਾ, ਵਿਆਹ ਪੱਕਾ’ ।  ਪਹਿਲਾਂ ਤਾਂ ਕਦੇ ਕਦੇ ਇਹ ਵੀ ਪੜ੍ਹਨ ਨੂੰ ਮਿਲ਼ ਜਾਂਦਾ ਸੀ ਕਿ ਵਿਆਹ ਕੱਚਾ ਪਰ ਹੁਣ ਸ਼ਾਇਦ ‘ਕੱਚੇ’ ਵਿਆਹ ਲਈ ‘ ਵਿਆਹ ਪੱਕਾ’ ਹੀ ਕੋਈ ਕੋਡ ਬਣ ਗਿਆ ਹੋਵੇ । ਬਹੁਤੇ ਇਸ਼ਤਿਹਾਰਾਂ ‘ਚ ਇਹ ਲਿਖਿਆ ਹੁੰਦਾ ਹੈ ‘ .. PR ਲੜਕੇ ਲਈ IELTS 7 ਬੈਂਡ ਲੜਕੀ / ਜਾਂ ਜੋ IELTS ‘ਚ ਸੱਤ ਬੈਂਡ ਲੈ ਸਕਦੀ ਹੋਵੇ , ਦੀ ਲੋੜ ਹੈ  , ਸਾਰਾ ਖਰਚ ਲੜਕੇ ਦਾ ‘ ਜਾਂ ‘ ..ਲੜਕੇ ਲਈ 7 ਬੈਂਡ ਲੜਕੀ ਦੀ ਲੋੜ ਹੈ , ਉਹੀ ਸੰਪਰਕ ਕਰਨ ਜੋ ਕਨੇਡਾ ‘ਚ ਰਹਿੰਦੇ ਲੜਕੇ ਦੇ ਭਰਾ/ 40 ਨੂੰ ਰਿਸ਼ਤਾ ਕਰਵਾ ਸਕਣ ‘ ਜਾਂ ਉਹ ਹੀ ਸੰਪਰਕ ਕਰਨ ਜੋ ਲੜਕੇ ਦੀ ਭੈਣ/ਭੂਆ/ਚਾਚੇ  ਦੇ ਮੁੰਡੇ ਨੂੰ ਵਿਦੇਸ਼ ਰਿਸ਼ਤਾ ਕਰਵਾ ਸਕਦੇ ਹੋਣ ‘ ।

ਕਈ ਪਰਿਵਾਰ ਤਾਂ ਲੜਕੀ ਜਾਂ ਲੜਕੇ ਦੇ ਇਲਾਕੇ ਬਾਰੇ ਵੀ ਲਿਖਦੇ ਹਨ  । ਜਿਵੇਂ ਮਾਝੇ/ਮਾਲਵੇ/ ਦੁਆਬੇ ਜਾਂ ਇਕ ਦੋ  ਖਾਸ ਸ਼ਹਿਰਾਂ ਨੂੰ ਪਹਿਲ ਦਿਤੀ ਜਾਵੇਗੀ । ਇਨ੍ਹਾ ਇਸ਼ਤਿਹਾਰਾਂ ‘ਚੋਂ ਇਕ ਹੋਰ ਤੱਥ ਸਾਹਮਣੇ ਆਇਆ ਹੈ ਕਿ ਸੱਭ ਤੋਂ ਵੱਧ ਬਾਹਰ ਦੇ ਰਿਸ਼ਤੇ ਲੱਭਣ ਵਾਲ਼ੇ ਜੱਟ ਪਰਿਵਾਰਾਂ ਨਾਲ਼ ਹੀ ਸਬੰਧਿਤ ਹਨ । ਦੂਸਰੀਆਂ  ਬਰਾਦਰੀਆਂ  ਵਾਲ਼ੇ ਜੱਟਾਂ ਦੇ ਮੁਕਾਬਲੇ ਅੱਧੇ ਵੀ ਨਹੀਂ  ਹਨ ।

ਕੁਝ ਕੁ ਰਿਸ਼ਤਿਆਂ ‘ਚ ਦਹੇਜ ਨਾ ਲੈਣ ਬਾਰੇ ਲਿਖਿਆ ਹੁੰਦਾ ਹੈ ਪਰ ਉਹ ਸਿਰਫ਼ ਵੱਡੀ  ਭਾਵ 38/40 ਤੋਂ ਉਪਰ  ਉਮਰ ਦੇ ਲੜਕਿਆਂ ਜਾਂ ਫਿਰ ਦੁਹਾਜੂ ਲੜਕਿਆਂ ਲਈ ਹੀ ਸ਼ਰਤ ਹੁੰਦੀ ਹੈ ਪਰ ਕਿਸੇ ਵੀ ਹੋਰ ਰਿਸ਼ਤੇ ‘ਚ ਦਹੇਜ ਨਾ ਲੈਣ ਦੀ ਗੱਲ ਨਹੀਂ ਲਿਖੀ ਮਿਲ਼ਦੀ । ਇਨ੍ਹਾਂ ਵਰ/ਕੰਨਿਆਂ ਦੀ ਲੋੜ ਵਾਲ਼ੇ  ਇਕ ਹਜ਼ਾਰ ਇਸ਼ਤਿਹਾਰਾਂ ਚੋਂ ਸਿਰਫ਼ ਇਕ ਇਸ਼ਿਤਿਹਾਰ  ਹੀ ਮਿਲ਼ਿਆ ਜਿਸ ‘ਚ ਲਿਖਿਆ ਸੀ ਕਿ ‘ ਚੰਗੇ ਸੰਸਕਾਰਾਂ ਵਾਲ਼ੀ ਲੜਕੀ ਦੀ ਲੋੜ ਹੈ ।

ਤਕਰੀਬਨ ਹਰੇਕ ਬਰਾਦਰੀ ਦੇ ਇਸ਼ਿਤਿਹਾਰਾਂ ‘ਚ ਇਹ ਪੜ੍ਹਨ ਨੂੰ ਮਿਲ਼ ਜਾਂਦਾ ਹੈ ਕਿ ਜ਼ਾਤ-ਪਾਤ ਕੋਈ ਬੰਧਨ ਨਹੀਂ ਹੈ ।  ਅੰਮ੍ਰਿਤਧਾਰੀ  ਪਰਿਵਾਰ ਬਰਾਬਰ ਦੇ  ਅੰਮ੍ਰਿਤਧਾਰੀ ਪਰਿਵਾਰਾਂ ‘ਚ ਰਿਸ਼ਤਾ ਕਰਨਾ  ਹੀ ਪਸੰਦ ਕਰਦੇ ਹਨ ਅਤੇ ਕਈ ਤਾਂ ਇਹ ਵੀ ਮੰਗ ਕਰਦੇ ਹਨ ਕਿ ਲੜਕਾ/ਲੜਕੀ  ਕੀਰਤਨ ਵੀ ਕਰਨ ਦੇ ਸਮਰੱਥ ਹੋਵੇ । ਉਸ ਵਕਤ ਬੜਾ ਅਜੀਬ ਲੱਗਿਆ ਜਦੋਂ ਇਕ ਇਸ਼ਤਿਹਾਰ ‘ਚ ਇਕ  ਓਬੀਸੀ  ਸਿਖ ਬਰਾਦਰੀ ਦੇ  ਲੜਕੇ  ਵਾਲ਼ਿਆਂ ਬਰੈਕਟ ‘ਚ ਲਿਖਿਆ ਸੀ ਕਿ ,ਐੱਸ.ਸੀ ਜਾਤੀ ਮਾਫ਼ ਕਰਨ , ।

ਇਸ ਅਧਿਅਨ ‘ਚ ਇਹ ਸਪੱਸ਼ਟ ਹੁੰਦਾ ਹੈ ਕਿ ਤਕਰੀਬਨ ਸਰਦੇ ਪੁੱਜਦੇ ਸਾਰੀਆਂ ਹੀ ਬਰਾਦਰੀਆਂ ਦੇ ਲੜਕੇ/ਲੜਕੀਆਂ ਵਿਦੇਸ਼ਾਂ ‘ਚ ਜਾਣ ਲਈ ‘ਵਿਆਹ ਦੇ ਜਹਾਜ਼’  ‘ਤੇ ਸਵਾਰ ਹੋਕੇ ਵਿਦੇਸ਼ਾਂ ‘ਚ  ਆਪਣੇ ਸੁਪਨਿਆਂ ਦੀ ਤਾਬੀਰ ਕਰਨੀ ਚਾਹੁੰਦੇ ਹਨ । ਵਿਦੇਸ਼ਾਂ ‘ਚ ਵੱਸਣ ਲਈ ਕਈ ਪੰਜਾਬੀ  ਤਾਂ ਹਰ ਤਰ੍ਹਾਂ ਦੇ ਝੰਜਟ ਪਾਲਣ ਨੂੰ ਤਿਆਰ ਰਹਿੰਦੇ ਹਨ.. ਚਾਹੇ ਨੂੰਹ ਦਾ ਸਹੁਰੇ ਨਾਲ਼ ਜਾਂ ਭੇਣ ਦਾ ਭਰਾ ਨਾਲ਼ ਹੀ ਵਿਆਹ ਨਾ ਕਰਾਉਣਾ ਪੈ ਜਾਵੇ । ਇਸ ਤਰ੍ਹਾਂ ਦੀਆਂ ਕਈ ਖ਼ਬਰਾਂ ਅਸੀਂ ਅਤੀਤ ‘ਚ ਪੜ੍ਹ ਵੀ ਚੁੱਕੇ ਹਾਂ ।

ਕਈ ਥਾਂਈ ਤਾਂ  ਲੜਕੇ ਨੂੰ ਬਾਹਰ ਭੇਜਣ ਲਈ ਲੜਕੀ ਵਾਲ਼ਿਆ  ਨਾਲ਼ ਲੜਕੇ ਵਾਲ਼ੇ  25 ਤੋਂ 30-40 ਲੱਖ ਰੁ: ‘ਚ ਸੌਦੇ ਵੀ ਕਰ ਲੈਂਦੇ ਹਨ  ਜਿਸ ‘ਚ ਲੜਕੀ , ਲੜਕੇ ਨੂੰ ਵਿਦੇਸ਼ ਵਿਆਹ ਕੇ ਲੈ ਜਾਂਦੀ ਹੈ ਤੇ ਪਹਿਲਾਂ  ਤਹਿ ਸ਼ਰਤਾਂ ਅਨੁਸਾਰ ਲੜਕੀ ਵਿਦੇਸ਼ ਪਹੁੰਚ ਕੇ ਕੁਝ ਸਮੇਂ ਬਾਅਦ ਤਲਾਕ ਦੇ ਦਿੰਦੀ ਹੈ । ਕਈ ਥਾਂਈ ਇਹ ਵੀ ਕੇਸ ਸਾਹਮਣੇ ਆਏ ਹਨ ਜਿਥੇ ਲੜਕੀ ਵਿਆਹ ਇਥੇ ਕਰਕੇ ਚਲੀ ਜਾਂਦੀ ਹੈ ਤੇ ਫਿਰ ਉਸ ਨੇ ਉਥੇ ਜਾਕੇ ਲੜਕੇ ਨੂੰ ਬੁਲਾਉਣਾ ਹੁੰਦਾ ਹੈ ਪਰ ਉਹ ਉਥੇ ਜਾਕੇ ਲੜਕੇ ਨੂੰ ਫੋਨ ਕਰਨਾ ਵੀ ਬੰਦ ਕਰ ਦਿੰਦੀ ਹੈ ਤੇ ਇੰਜ ਕਈ ਮਾਪਿਆਂ ਦੇ ਪੈਸੇ ਵੀ ਡੁੱਬ ਜਾਂਦੇ ਹਨ ਤੇ ਲੜਕੇ ਵੀ ਕਈ ਵਾਰ ਹਤਾਸ਼ ਹੋਕੇ ਖੁਦਕੁਸ਼ੀ ਤੱਕ ਕਰ ਜਾਂਦੇ ਹਨ । ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਹੋਈ  ਪਰ ਇਹ ਵੀ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੇ ਰਿਸ਼ਤੇ ਬਾਕਾਇਦਾ ਅਸ਼ਟਾਮਾਂ  ਉਪਰ ਲਿਖੇ ਜਾਂਦੇ ਹਨ ।  ਪਹਿਲਾਂ ਸੁਣਦੇ ਹੁੰਦੇ ਸੀ ਕਿ ਲੜਕਾ ਇਥੇ ਲੜਕੀ ਨੂੰ ਵਿਆਹ ਕਰਕੇ ਛੱਡ ਗਿਆ ਪਰ ਹੁਣ ‘ਉਲਟੇ ਬਾਂਸ ਬਰੇਲੀ ਨੂੰ ‘ ਜਾਣ ਲੱਗ ਪਏ ਹਨ ।

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ਼ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਨੂੰ ਅਜਿਹਾ ‘ਬਦਲਾਅ’ ਦੇਣਗੇ ਕਿ ਵਿਦੇਸ਼ੀ ਪੰਜਾਬੀ  ਵਾਪਸ ਪੰਜਾਬ ‘ਚ ਆਕੇ ਵੱਸਣਾ ਪਸੰਦ ਕਰਨਗੇ । ਰੱਬ ਖ਼ੈਰ ਕਰੇ ! ਮਾਨ ਸਾਹਿਬ  ਦੇ ਸੁਪਨੇ ਜਲਦੀ ਸਾਕਰ ਹੋ ਜਾਣ  ਪਰ ਜਿਨਾ ਚਿਰ ਮਾਨ ਦਾ ਪੰਜਾਬ ਨਹੀਂ ਉਸਰਦਾ ਓਨਾ ਚਿਰ ਤਾਂ  7 ਬੈਂਡ ਵਾਲ਼ੀਆਂ ਲੜਕੀਆਂ ਦੀ ਮੰਗ ਪੈਂਦੀ ਹੀ ਰਹੇਗੀ ਤੇ ‘ਪੱਕੇ ਜਾਂ ਕੱਚੇ’ ਵਿਆਹ ਹੁੰਦੇ ਹੀ ਰਹਿਣਗੇ …ਅਸ਼ਟਾਮਾਂ ਦੀਆਂ ਸ਼ਰਤਾਂ ਨਾਲ਼  ਲਾਵਾਂ ਨਾਲ਼ ਭਾਈ ਸਾਹਿਬ ਆਨੰਦ ਕਾਰਜ ਕਰਾਉਂਦੇ ਰਹਿਣਗੇ  ਤੇ ਕਈ ਮਾਪੇ ਠੱਗੇ ਜਾਂਦੇ ਰਹਿਣਗੇ  ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button