
ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ਤਿੰਨ ਰੋਮਾਂਚਕ ਅਤੇ ਜ਼ਬਰਦਸਤ ਮੁਕਾਬਲੇ ਹੋਏ, ਜਿਸ ਵਿਚ ਮੇਜ਼ਬਾਨ ਭਾਰਤ, ਜਾਪਾਨ ਅਤੇ ਮਲੇਸ਼ੀਆ ਨੇ ਜਿੱਤ ਦਰਜ ਕੀਤੀ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਭਾਰਤ-ਚੀਨ ਮੁਕਾਬਲਾ ਦੇਖਿਆ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਗਾਤਾਰ ਯਤਨਾਂ ਸਦਕਾ ਹੀ ਪੰਜਾਬ ਨੂੰ ਵੱਕਾਰੀ ‘ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਨੂੰ ਦੇਸ਼ ਵਿਚ ਹਾਕੀ ਦਾ ਗੜ੍ਹ ਦੱਸਦਿਆਂ, ਸ. ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਇਸ ਟੂਰਨਾਮੈਂਟ ਦੀ ਸਫਲਤਾ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਭਾਰਤ ਅਤੇ ਚੀਨ ਵਿਚਾਲੇ ਹੋਏ ਬੇਹੱਦ ਰੋਮਾਂਚਕ ਅਤੇ ਜ਼ਬਰਦਸਤ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਚੀਨ ਨੂੰ 5-2 ਨਾਲ ਹਰਾਇਆ। ਭਾਰਤ ਲਈ, ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ‘ਡਰੈਗ ਫਲਿਕ’ ਦਾ ਪ੍ਰਦਰਸ਼ਨ ਕਰਦਿਆਂ 27ਵੇਂ ਅਤੇ 31ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਸੁਖਜੀਤ ਸਿੰਘ ਨੇ 12ਵੇਂ ਅਤੇ 34ਵੇਂ ਮਿੰਟ ਵਿਚ ਦੋ ‘ਫੀਲਡ ਗੋਲ’ ਕੀਤੇ। ਜੁਗਰਾਜ ਸਿੰਘ ਨੇ 47ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ।
ਚੀਨ ਲਈ, ਪੇਂਗ ਯਾਂਗ ਨੇ 26ਵੇਂ ਮਿੰਟ ਵਿਚ ਅਤੇ ਚੋਂਗਕੋਂਗ ਚੇਨ ਨੇ 36ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤੇ। ਇਕ ਹੋਰ ਮੈਚ ਵਿਚ ਜਾਪਾਨ ਦੀ ਟੀਮ ਨੇ ਕਰੜੀ ਟੱਕਰ ਦੇ ਰਹੀ ਬੰਗਲਾਦੇਸ਼ ਦੀ ਟੀਮ ਨੂੰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ 1-0 ਮਾਤ ਦੇ ਦਿੱਤੀ। ਜਾਪਾਨ ਵੱਲੋਂ ਰਾਇਕੀ ਫੁਜੀਸ਼ੀਮਾ ਨੇ 40ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਇਹ ਗੋਲ ਦਾਗ਼ਿਆ।
ਇਸ ਤੋਂ ਪਹਿਲਾਂ ਦਿਨ ਦੇ ਪਹਿਲੇ ਮੁਕਾਬਲੇ ਵਿਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਮਾਤ ਦਿੱਤੀ। ਮਲੇਸ਼ੀਆ ਲਈ ਅਜ਼ੀਮੂਦੀਨ ਕਮਰੂਦੀਨ ਨੇ 10ਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਦੱਖਣੀ ਕੋਰੀਆ ਨੇ ਖੇਡ ਵਿਚ ਵਾਪਸੀ ਕਰਦਿਆਂ 31ਵੇਂ ਮਿੰਟ ਵਿਚ ਸੋਂਗ ਹਾਏ-ਸੋਂਗ ਦੇ ਮੈਦਾਨੀ ਗੋਲ ਦੀ ਬਦੌਲਤ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਇਸ ਮਗਰੋਂ ਮਲੇਸ਼ੀਆ ਦੀ ਟੀਮ ਨੇ ਸ਼ਾਨਦਾਰ ਹਾਕੀ ਦਾ ਮੁਜ਼ਾਹਰਾ ਕਰਦਿਆਂ 2 ਹੋਰ ਗੋਲ ਦਾਗ਼ ਦਿੱਤੇ। ਮੁਹੰਮਦ ਅਖੀਮੁੱਲਾ ਅਨਵਰ ਏਸੂਕ ਨੇ 36ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰਕੇ ਆਪਣੀ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ 50ਵੇਂ ਮਿੰਟ ਵਿਚ ਫ਼ੈਜ਼ਲ ਬਿਨ ਸਾਰੀ ਨੇ ਮਲੇਸ਼ੀਆ ਲਈ ਇਕ ਹੋਰ ਗੋਲ ਕਰਕੇ ਸਕੋਰ 3-1 ਕਰ ਦਿੱਤਾ, ਜੋ ਕਿ ਅੰਤ ਤੱਕ ਕਾਇਮ ਰਿਹਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




