EDITORIAL

‘ਆਪ’ ‘ਤੇ ਸ਼ਨੀ  ਗ੍ਰਹਿ ਦੀ ਟੇਡੀ ਨਜ਼ਰ

ਪਿਆਰ ਨਾਲ ਬੋਲੋ, ਇਜ਼ਤ ਮੁਫ਼ਤ ਮਿਲ਼ੇਗੀ

ਅਮਰਜੀਤ ਸਿੰਘ ਵੜੈਚ (94178-01988)

ਲਗਦਾ ਹੈ ਕਿ ‘ਆਪ’ ਦੇ ਸਿਹਤ ਮੰਤਰੀਆਂ ‘ਤੇ ਸ਼ਨੀ ਗ੍ਰਹਿ ਦਾ ਪ੍ਰਕੋਪ ਚੱਲ ਰਿਹਾ ਹੈ ; ਪਹਿਲਾਂ ਕੇਜਰੀਵਾਲ਼ ਦੇ ਸਿਹਤ ਮੰਤਰੀ ਸਤਿੰਦਰ ਜੈਨ ਤੇ ਫਿਰ ਭਗਵੰਤ ਮਾਨ ਦੇ ਵਿਜੇ ਸਿੰਗਲਾ ਜੇਲ੍ਹ ਗਏ ਤੇ ਹੁਣ ਪੰਜਾਬ ਦੇ ਫਿਰ ਸਿਹਤ ਮੰਤਰੀ ਸੰਕਟ ‘ਚ ਫਸ ਗਏ ਹਨ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ, ਫ਼ਰੀਦਕੋਟ ਦੇ  ਵੀਸੀ  ਡਾ: ਰਾਜ ਬਹਾਦੁਰ ਨੂੰ ਉਨ੍ਹਾਂ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਦੀ ਚੈਕਿੰਗ ਸਮੇਂ ਇਕ ਪਾਟੇ ਤੇ ਉੱਲੀ ਵਾਲ਼ੇ ਗੱਦੇ  ‘ਤੇ ਲੇਟ ਕੇ ਵਖਾਉਣ ਲਈ ਕਿਹਾ ਗਿਆ ; ਮੰਤਰੀ ਦੇ ਇਸ  ‘ਵਿਹਾਰ’ ਦੀ ਵੀਡੀਓ ਅੱਗ ਵਾਂਙ ਚਾਰੇ ਪਾਸੇ ਫੈਲ ਗਈ ਜੋ ਹੁਣ ਪੰਜਾਬ ਸਰਕਾਰ ਦੇ ਗਲ਼ੇ ਦੀ ਹੱਡੀ ਬਣ ਗਈ ਹੈ। ਮੰਤਰੀ ਦੇ ਇਸ ‘ਵਿਹਾਰ’ ਨੇ ਵੀਸੀ ਨੂੰ ਅਸਤੀਫ਼ਾ ਦੇਣ ਲਈ ਹੀ ਨਹੀਂ ਮਜਬੂਰ ਕੀਤਾ ਬਲਕਿ ਪੂਰੇ  ਦੇਸ਼ ਦੇ ਡਾਕਟਰੀ-ਲਾਣੇ ਨੂੰ ਵੀ ਸਖ਼ਤ ਨਾਰਾਜ਼ ਕਰ ਲਿਆ ਹੈ ; ਇਸ ਘਟਨਾ ਮਗਰੋਂ ਡਾ: ਕੇ ਡੀ ਸਿੰਘ, ਮੈਡੀਕਲ ਸੁਪਰਡੈਂਟ, ਗੁਰੂ ਨਾਨਕ ਮੈਡੀਕਲ ਕਾਲਿਜ ਅੰਮ੍ਰਿਤਸਰ ਤੇ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਿਜ ਤੇ ਹਸਪਤਾਲ ,ਅੰਮ੍ਰਿਤਸਰ ਦੇ ਮੈਡੀਕਲ ਸੁਪਰਡੈਂਟ ਡਾ: ਰਾਜੀਵ ਦੇਵਗਨ  ਸਮੇਤ  ਹੋਰ ਕਈਆਂ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ।

ਡਾ: ਰਾਜ ਬਹਾਦੁਰ ਦੁਨੀਆਂ ‘ਚ  ਰੀੜ੍ਹ ਦੀ ਹੱਡੀ ਦੇ ਪ੍ਰਸਿਧ ਮਾਹਿਰ ਡਾਕਟਰ ਹਨ । ਮੰਤਰੀ ਜੀ ਬਾਰ੍ਹਵੀ ਪਾਸ ਹਨ। ਵੀਸੀ 71 ਸਾਲਾਂ ਦੇ ਹਨ ਤੇ 45 ਸਾਲ ਤਾਂ ਉਨ੍ਹਾਂ ਦਾ ਡਾਕਟਰੀ ਖਿਤੇ ‘ਚ ਦੇਸ਼ ਵਿਦੇਸ਼ ‘ਚ ਤਜਰਬਾ ਹੈ , ਮੰਤਰੀ ਜੀ 55 ਸਾਲਾਂ ਦੇ ਹਨ । ਵੀਸੀ ਦਾ ਰੁਤਬਾ ਸੰਵਿਧਾਨਿਕ ਪਰ  ਮੰਤਰੀ ਦਾ ਰਾਜਨੀਤਕ  ਤੇ ਲੋਕ-ਪ੍ਰਤ‌ਿਨਿਧ ਦਾ ਹੁੰਦਾ ਹੈ । ਮੁੱਖ-ਮੰਤਰੀ ਜਾਂ ਮੰਤਰੀ ਵੀ  ਵੀਸੀ ਨੂੰ ਬਰਖਾਸਤ ਨਹੀਂ ਕਰ ਸਕਦੇ , ਕੁਝ ਖਾਸ ਸਥਿਤੀਆਂ ‘ਚ ਸਰਕਾਰ  ਵੀਸੀ  ਨੂੰ ਬਰਖਾਸਤ ਕਰਨ ਲਈ ਚਾਂਸਲਰ ਨੂੰ ਸਿਫ਼ਾਰਿਸ਼ ਹੀ ਕਰ ਸਕਦੀ ਹੈ।

ਡਾ: ਰਾਜ ਬਹਾਦੁਰ ਚਾਹੁੰਦੇ ਤਾਂ ਉਸੇ ਵਕਤ ਵੀ ਅਸਤੀਫ਼ਾ ਦੇ ਸਕਦੇ ਸਨ ਪਰ ਇਹ ਵੀਸੀ ਦਾ ਵੱਡਾਪਨ ਸੀ ਕਿ ਉਸ ਨੇ ‘ਲੋਕ-ਪ੍ਰਤੀਨਿਧ’ ਨੂੰ ਲੋਕਾਂ ਸਾਹਮਣੇ ਛਿਥਾ ਨਹੀਂ ਪੈਣ ਦਿਤਾ ‘ਤੇ ਮੰਤਰੀ ਦਾ  ਕਿਹਾ ਮੰਨ ਲਿਆ ਜਦੋਂ ‘ਮੰਤਰੀ ਜੀ’ ਆਪਣੀ ਉਂਗਲ਼ ਦੇ ਇਸ਼ਾਰੇ ਨਾਲ਼ ਵੀਸੀ ਨੂੰ ਧ-ਸਮਝਾ ਰਹੇ ਸਨ। ਇਹ ਗੱਲ ਪੱਕੀ ਹੈ ਕਿ ਅਸਤੀਫ਼ਾ ਦੇਣ ਦਾ ਫ਼ੈਸਲਾ ਵੀਸੀ ਨੇ ਬਿਸਤਰੇ ਤੇ ਪੈਕੇ  ਵਖਾਉਣ ਦੇ ‘ਮੰਤਰੀ ਜੀ’ ਦੇ ਹੁਕਮ ‘ਤੇ ਹੀ ਕਰ ਲਿਆ ਹੋਣਾ ਹੈ। ਭਾਵੇਂ ਮੰਤਰੀ ਦੇ ਕਹਿਣ ਤੇ ਵੀਸੀ ਨੇ ਕਹਿ ਦਿਤਾ ਸੀ ਕਿ ਜਿਸ ਗੱਦੇ ‘ਤੇ ਉਸਦਾ  ਮਰੀਜ਼ ਪੈ ਸਕਦਾ ਹੈ ਉਸ ‘ਤੇ ਉਹ  ਵੀ ਪੈ ਸਕਦਾ ਹੈ ਤਾਂ ਵੀ ਮੰਤਰੀ ਨੂੰ ਲੋਕਾਂ ਤੇ ਕਰਮਚਾਰੀਆਂ ਦੇ ਸਾਹਮਣੇ ਵੀਸੀ ਨੂੰ ਗੱਦੇ ‘ਤੇ ਪੈ ਕੇ ਦਿਖਾਉਣ ਲਈ ਨਹੀਂ ਸੀ ਕਹਿਣਾ ਚਾਹੀਦਾ ; ਹਸਪਤਾਲ ‘ਚ ਮਾੜੇ ਪ੍ਰਬੰਧਾਂ ਬਾਰੇ ਮੰਤਰੀ ਨੂੰ ਅਧਿਕਾਰੀਆਂ ਨਾਲ਼ ਵੱਖਰੀ ਮੀਟਿੰਗ ਕਰਕੇ ਜਾਇਜ਼ਾ ਲੈਣਾ ਚਾਹੀਦਾ ਸੀ ਤੇ ਪਤਾ ਕਰਨਾ ਚਾਹੀਦਾ ਸੀ ਕਿ ਯੂਨੀਵਰਸਿਟੀ ‘ਚ ਕੀ ਕੀ ਮੁਸ਼ਕਿਲਾਂ ਆ ਰਹੀਆਂ ਹਨ।

ਮੰਤਰੀ ਦੇ ਇਸ ‘ਵਤੀਰੇ’ ਦੀ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਅਸੋਸੀਏਸ਼ਨਜ਼ , ਇੰਡੀਅਨ ਮੈਡੀਕਲ ਐਸੋਸੀਏਸ਼ਨ ,ਕਾਂਗਰਸ,ਭਾਜਪਾ,ਸ਼੍ਰੋਮਣੀ ਅਕਾਲੀ ਦਲ ਤੇ ਬਾਕੀ ਸਾਰੀਆਂ ਪਾਰਟੀਆਂ ਨੇ ਸਖ਼ਤ ਨਿੰਦਿਆਂ ਕੀਤੀ ਹੈ ਤੇ ਮੰਤਰੀ ਦੇ ਅਸਤੀਫ਼ੇ ਦੀ ਮੰਗ ਵੀ ਜ਼ੋਰ ਫੜ੍ਹ ਗਈ ਹੈ। ਪੰਜਾਬ ਵਿਧਾਨ ਸਭਾ  ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਦੁੱਖ ਪਰਗਟ ਕੀਤਾ ਹੈ। ਵੈਸੇ ਵੀ ਮੰਤਰੀ ਦੀ ਇਹ ਕਾਰਵਾਈ ਯੂਨੀਵਰਸਿਟੀ ਦੀ ਖ਼ੁਦ-ਮੁਖਤਿਆਰੀ ‘ਚ ਦਖ਼ਲ ਹੀ ਸਮਝਿਆ ਜਾ ਰਿਹਾ ਹੈ।

ਇਹ ਤਾਂ ਸਾਨੂੰ ਪਤਾ ਹੈ ਕਿ ਸਾਡੇ ਸਕੂਲਾਂ ‘ਤੇ ਹੱਸਪਤਾਲ਼ਾਂ ਦੀ ਕੀ ਹਾਲਤ ਹੈ ; ਇਸ ਸੱਭ ਕਾਸੇ ਨੂੰ ਸੁਧਾਰਨਾ ਸਰਕਾਰਾਂ ਦਾ ਹੀ ਕੰਮ ਹੈ । ਸਰਕਾਰਾਂ ਇਕ ਸਿਸਟਮ ਤੇ ਖ਼ਾਸ ਮਾਹੌਲ ‘ਚ ਕੰਮ ਕਰਦੀਆਂ ਹਨ । ਮੰਤਰੀ ਦੇ ਵਤੀਰੇ ਦਾ ਜ਼ਿਕਰ ਕਰਦਿਆਂ ਡਾ: ਰਾਜ ਬਹਾਦੁਰ ਨੇ ਮੁੱਖ-ਮੰਤਰੀ ਨੂੰ ਦੱਸ ਦਿਤਾ ਹੈ ਕਿ ‘ਇਸ ਮਾਹੌਲ ‘ਚ ਕੰਮ ਕਰਨਾ ਮੁਸ਼ਕਿਲ ਹੈ ” । ਇਸ ਘਟਨਾਂ ਦਾ ਵੀਸੀ ‘ਤੇ ਜੋ ਅਸਰ ਹੋਇਆ ਹੈ ਉਸ ਦੀ ਇਬਾਰਤ ਮੀਡੀਆ ਨਾਲ਼ ਗੱਲਬਾਤ ਕਰਦਿਆਂ ਵੀਸੀ ਦੀਆਂ ਅੱਖਾਂ ‘ਚੋ ਪਰਲ-ਪਰਲ ਹੰਝੂ ਕਹਿ ਰਹੇ ਸਨ।

ਇਸ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਸਿਸਟਮ ਵਿੱਚ ਬਹੁਤ ਘਾਟਾਂ ਹਨ ਤੇ ਇਸ ‘ਚ ਵੱਡੀ ਪੱਧਰ ‘ਤੇ ਸੁਧਾਰ ਕਰਨ ਦੀ ਲੋੜ ਹੈ ਪਰ ਇਕ ਗੱਲ ਇਹ ਵੀ ਧਿਆਨ ‘ਚ ਰੱਖਣੀ ਪਵੇਗੀ ਕਿ ਪਹਿਲਾਂ ਤੋਂ ਕਿਨ੍ਹਾਂ ਚੀਜ਼ਾਂ ਦੀ ਘਾਟ ਹੈ । ਇਸ ਤੋਂ ਇਲਾਵਾਂ ਇਹ ਵੀ ਅਤਿ ਜ਼ਰੂਰੀ ਹੈ ਕਿ ਜਿਨ੍ਹਾਂ ਲੋਕਾਂ ਤੋਂ ਕੰਮ ਲੈਣਾ ਹੈ ਉਨ੍ਹਾਂ ਦੀ ਇਜ਼ਤ ‘ਤੇ ਮਾਨਸਿਕਤਾ ਦਾ ਵੀ ਧਿਆਨ ਰੱਖਿਆ ਜਾਵੇ। ਮੰਤਰੀ ਜੀ  ਬਾਰ੍ਹਵੀ  ਤੱਕ ਜ਼ਰੂਰ  ਕਿਸੇ ਸਕੂਲ ‘ਚ ਹੀ ਪੜ੍ਹੇ ਹੋਣਗੇ : ਸਾਡੇ ਸਾਰੇ ਸਕੂਲਾਂ ‘ਚ ਲਿਖਿਆ ਹੁੰਦਾ ਹੈ ” ਵੱਡਿਆਂ ਦਾ ਸਤਿਕਾਰ ਕਰੋ,ਨਿੱਕਿਆਂ ਦੇ ਨਾਲ਼ ਪਿਆਰ ਕਰੋ”।

ਬੱਸਾਂ ‘ਚ ਲਿਖਿਆ ਹੁੰਦਾ ਹੈ ” ਪਿਆਰ ਨਾਲ ਬੋਲੋ, ਇਜ਼ਤ ਮੁਫ਼ਤ ਮਿਲ਼ੇਗੀ”।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button