EDITORIALPunjabTop News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਸੋਰਠਿ ਮਹਲਾ ੫ ॥ ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥ ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥ ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥ ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥ ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥ ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥ ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥ ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥

ਪਦਅਰਥ: ਮਗਨੁ = ਮਸਤ। ਅੰਧਿਆਰੈ = ਹਨੇਰੇ ਵਿਚ। ਨ ਜਾਨੈ = ਡੂੰਘੀ ਸਾਂਝ ਨਹੀਂ ਪਾਂਦਾ। ਜੀਉ = ਜਿੰਦ। ਪਿੰਡੁ = ਸਰੀਰ। ਸਾਜਿ = ਬਣਾ ਕੇ। ਰਚਿਆ = ਪੈਦਾ ਕੀਤਾ। ਮਾਨੈ = ਮੰਨਦਾ ਹੈ।੧।ਮਨ = ਹੇ ਮਨ! ਮੂੜੇ = ਹੇ ਮੂਰਖ! ਕਰਹਿ = ਤੂੰ ਕਰਦਾ ਹੈਂ। ਕਛੂਐ = ਕੋਈ ਕਰਤੂਤ। ਛਾਨੀ = ਲੁਕੀ।ਰਹਾਉ।ਮਦਿ = ਨਸ਼ੇ ਵਿਚ। ਮਾਤੋ = ਮਸਤ। ਉਪਜੇ = ਪੈਦਾ ਹੋ ਗਏ। ਭਰਮਤ = ਭਟਕਦਿਆਂ। ਬੰਧਨ = ਜ਼ੰਜੀਰ।੨।ਦੇਇ = ਦੇ ਕੇ। ਦੇਇ ਕਿਵਾੜ = ਦਰਵਾਜ਼ੇ ਬੰਦ ਕਰ ਕੇ। ਦਾਰਾ = ਇਸਤ੍ਰੀ। ਸੰਗਿ = ਨਾਲ। ਫਾਕੈ = ਕੁਕਰਮ ਕਰਦਾ ਹੈ। ਚਿਤ੍ਰ ਗੁਪਤੁ = (ਧਰਮਰਾਜ ਦੇ ਮੁਨਸ਼ੀ) । ਮਾਗਹਿ = ਮੰਗਦੇ ਹਨ, ਮੰਗਣਗੇ।੩।ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਓਟ = ਆਸਰਾ। ਸਾਗਰ = ਸਮੁੰਦਰ।੪।

ਅਰਥ: ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ। ਤੂੰ ਜੋ ਕੁਝ ਕਰਦਾ ਹੈਂ, (ਮਾਲਕ-ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ ਤੇਰੀ) ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ।ਰਹਾਉ।ਹੇ ਭਾਈ! ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, ਉਸ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ। ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿਚ ਮਸਤ ਰਹਿ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ।੧।ਹੇ ਭਾਈ! ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ (ਜਿਸ ਕਰਕੇ ਇਸ ਦੇ ਅੰਦਰ) ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ, ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ।੨।(ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ। (ਪਰ, ਹੇ ਭਾਈ!) ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ।੩।ਹੇ ਨਾਨਕ! ਆਖ-) ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ। ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਸੰਸਾਰ-ਸਮੁੰਦਰ ਵਿਚ (ਡੁੱਬਦੇ ਨੂੰ ਮੈਨੂੰ ਬਾਂਹ ਫੜ ਕੇ) ਕੱਢ ਲੈ।੪।੧੫।੨੬।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button