PunjabTop News

ਹਾਈਕੋਰਟ ਵੱਲੋਂ ਐੱਸਐੱਚਓ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਿਸ਼

ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਕਾਦੀਆਂ ਦੇ ਤਤਕਾਲੀ ਐੱਸਐੱਚਓ ਵੱਲੋਂ ਇੱਕ ਔਰਤ ਤੋਂ ਕੋਰੇ ਕਾਗਜ਼ ’ਤੇ ਦਸਤਖਤ ਕਰਾ ਕੇ ਫਿਰ ਆਪ ਹੀ ਉਸਦਾ ਝੂਠਾ ਬਿਆਨ ਬਣਾ ਕੇ ਹਾਈਕੋਰਟ ’ਚ ਪੇਸ਼ ਕਰਨ ਦੇ ਮਾਮਲੇ ਨੂੰ ਲੈ ਕੇ ਬਟਾਲਾ ਪੁਲਿਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਤਤਕਾਲੀ ਐੱਸਐੱਚਓ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ। ਉਕਤ ਮਾਮਲੇ ਦੇ ਸਬੰਧ ’ਚ ਪੀੜਿਤ ਔਰਤ ਵੱਲੋਂ ਹਾਈ ਕੋਰਟ ਵਿਖੇ ਗੁਹਾਰ ਲਗਾਉਣ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ’ਤੇ ਬਟਾਲਾ ਪੁਲਿਸ ਵੱਲੋਂ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ ਅਤੇ ਕਮੇਟੀ ਦੀ ਜਾਂਚ ਤੋਂ ਬਾਅਦ ਐੱਸਐੱਸਪੀ ਬਟਾਲਾ ਨੂੰ ਉਕਤ ਮਾਮਲੇ ’ਚ ਐੱਸਐੱਚਓ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ। ਮਾਣਯੋਗ ਹਾਈਕੋਰਟ ਅਤੇ ਸਮੁੱਚੇ ਪੁਲਿਸ ਵਿਭਾਗ ਨੂੰ ਗੁੰਮਰਾਹ ਕਰਨ ਦਾ ਮਾਮਲਾ ਸਾਹਮਣੇ ਆਉਣ ਨਾਲ ਪੁਲਿਸ ਪ੍ਰਸ਼ਾਸਨ ਤੇ ਉਂਗਲ ਉੱਠੀ ਹੈ।ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਬਾਵਾ ਸਿੰਘ ਵਾਸੀ ਰਾਮਪੁਰ ਕਾਦੀਆਂ ਨੇ ਹਾਈ ਕੋਰਟ ਵਿਚ ਰਿਟ ਦਾਖਲ ਕਰਕੇ ਦੱਸਿਆ ਕਿ 3 ਅਗਸਤ 2024 ਨੂੰ ਕੁਝ ਵਿਅਕਤੀਆਂ ਨੇ ਉਸ ਦੇ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਿਆਂ ਉਸ ਦੀ ਅਤੇ ਉਸ ਦੇ ਬੇਟੇ ’ਤੇ ਜਾਨਲੇਵਾ ਹਮਲਾ ਕੀਤਾ ਸੀ। ਉਸ ਨੇ ਇਸ ਘਟਨਾ ਦੀ ਸੂਚਨਾ ਥਾਣਾ ਕਾਦੀਆਂ ਨੂੰ ਦਿੱਤੀ ਪਰ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸ ਦੇ ਉਲਟ ਪੁਲਿਸ ਨੇ ਉਸ ਨੂੰ ਥਾਣੇ ਬੁਲਾ ਕੇ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾ ਲਏ ਅਤੇ ਬਾਅਦ ‘ਚ ਉਨ੍ਹਾਂ ਦਸਤਖਤਾਂ ਦੀ ਦੁਰਵਰਤੋਂ ਕਰਦਿਆਂ ਹਾਈ ਕੋਰਟ ‘ਚ ਝੂਠਾ ਬਿਆਨ ਪੇਸ਼ ਕੀਤਾ ਕਿ ਉਹ ਆਪਣੀ ਰਿੱਟ ਵਾਪਸ ਲੈਣਾ ਚਾਹੁੰਦੀ ਹੈ। ਹਾਈ ਕੋਰਟ ’ਚ ਦਾਇਰ ਪਟੀਸ਼ਨ ’ਤੇ ਅਦਾਲਤ ਨੇ ਸੀਨੀਅਰ ਪੁਲਿਸ ਕਪਤਾਨ ਬਟਾਲਾ ਨੂੰ ਹੁਕਮ ਜਾਰੀ ਕਰਕੇ ਜਾਂਚ ਕਰਨ ਲਈ ਕਿਹਾ ਸੀ। ਉਪਰੰਤ ਐੱਸਐੱਸਪੀ ਬਟਾਲਾ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ, ਜਿਸ ‘ਚ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਬਟਾਲਾ (ਚੇਅਰਮੈਨ), ਉਪ ਕਪਤਾਨ ਪੀਬੀਆਈ ਬਟਾਲਾ ਮੈਂਬਰ, ਪਾਰਥ ਜੋਸ਼ੀ ਸਹਾਇਕ ਕਾਨੂੰਨੀ ਅਫਸਰ (ਸਲਾਹਕਾਰ) ਸ਼ਾਮਲ ਸਨ।

ਬਾਅਦ ਵਿੱਚ ਐੱਸਐੱਸਪੀ ਬਟਾਲਾ ਨੇ ਆਪਣੇ ਹੁਕਮ ਨੰਬਰ 61-ਡਬਲਯੂਪੀਸੀ ਮਿਤੀ 18-02-2025 ਨੂੰ ਪੁਲਿਸ ਇਨਵੈਸਟੀਗੇਸ਼ਨ ਕਪਟਨ ਬਟਾਲਾ (ਚੇਅਰਮੈਨ) ਦੀ ਥਾਂ ‘ਤੇ ਉਪ ਕਪਤਾਨ ਪੁਲਿਸ ਹੋਮੋਸਾਈਡ ਬਟਾਲਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ’ਚ ਇਹ ਪਾਇਆ ਗਿਆ ਕਿ ਪਰਮਜੀਤ ਕੌਰ ਵੱਲੋਂ ਲਗਾਏ ਗਏ ਸਾਰੇ ਦੋਸ਼ ਸਹੀ ਹਨ। ਪਰਮਜੀਤ ਕੌਰ ਨੇ ਦੱਸਿਆ ਸੀ ਕਿ ਸਤਨਾਮ ਸਿੰਘ ਅਤੇ ਸੁਰਜਨ ਸਿੰਘ ਵੱਲੋਂ ਉਸ ਦੇ ਘਰ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸ ਦੇ ਅਤੇ ਉਸ ਦੇ ਪੁੱਤਰ ਉੱਪਰ ਡਾਂਗਾਂ ਸੋਟਿਆਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਪਟੀਸ਼ਨਕਰਤਾ ਵੱਲੋਂ ਆਪਣੀ ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਉਸ ਨੇ ਐੱਸਐੱਸਪੀ ਬਟਾਲਾ ਨੂੰ ਮਿਤੀ 05-08-2024 ਨੂੰ ਦਰਖਾਸਤ ਦਿੱਤੀ ਸੀ ਜਦਕਿ ਜਾਂਚ ਵਿੱਚ ਪਾਇਆ ਗਿਆ ਕਿ ਪਰਮਜੀਤ ਕੌਰ ਨੇ ਐੱਸਐੱਸਪੀ ਬਟਾਲਾ ਨੂੰ ਕੋਈ ਦਰਖਾਸਤ ਨਹੀਂ ਦਿੱਤੀ ਸੀ। ਪਟੀਸ਼ਨਰ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਨੇ ਉਸ ਨੂੰ ਕੋਰੇ ਕਾਗਜ਼ਾਂ ’ਤੇ ਦਸਤਖਤ ਕਰਵਾਏ ਸਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ’ਤੇ ਪੁਲਿਸ ਨੂੰ ਬੁਲਾਇਆ, ਪਰ ਬਟਾਲਾ ਪੁਲਿਸ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤਤਕਾਲੀ ਪੁਲਿਸ ਥਾਣਾ ਕਾਦੀਆਂ ਮੁਖੀ ਨੇ ਦਰਖਾਸਤਕਰਤਾ ਪਰਮਜੀਤ ਕੌਰ ਤੋਂ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾ ਕੇ ਆਪ ਬਿਆਨ ਬੋਲ ਕੇ ਆਪਣੇ ਡਰਾਈਵਰ ਐੱਲਆਰ ਏਐੱਸਆਈ ਤੋਂ ਲਿਖਵਾਇਆ ਅਤੇ ਫਿਰ ਏਐੱਸਆਈ ਤੋਂ ਪੁਸ਼ਟੀ ਕਰਵਾ ਕੇ ਧਾਰਾ 201ਬੀ ਤਹਿਤ ਗੁਨਾਹ ਕੀਤਾ ਹੈ। ਵਿਸ਼ੇਸ਼ ਟੀਮ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 329 (3), 62, 351 (2), 191 (3), 190 ਅਤੇ 194 (2) ਬੀਐੱਨਐੱਸ ਆਈਪੀਸੀ ਤਹਿਤ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਐੱਸਐੱਸਪੀ ਬਟਾਲਾ ਨੂੰ ਤਤਕਾਲੀ ਥਾਣਾ ਇੰਚਾਰਜ ਕਾਦੀਆਂ ਅਤੇ ਉਕਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਨ ਦੀ ਸਿਫ਼ਾਰਸ਼ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button