ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਲੱਖਾਂ ਸੰਗਤਾਂ ਦੀ ਸਹੂਲਤ ਲਈ ਪ੍ਰਬੰਧਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਬਦਲਦੇ ਮੌਸਮ ਅਤੇ ਗਰਮੀ ਦੀ ਆਮਦ ਨੂੰ ਦੇਖਦਿਆਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਜਾਣਕਾਰੀ ਦਿੱਤੀ ਕਿ ਸੰਗਤਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ।
ਇਸੇ ਲੜੀ ਤਹਿਤ ਮੁੰਬਈ (ਬੰਬੇ) ਦੀ ਸੰਗਤ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪੰਜ ਆਧੁਨਿਕ ਕਿਸਮ ਦੇ ਪੱਖੇ ਭੇਟ ਕੀਤੇ ਗਏ ਹਨ। ਮੈਨੇਜਰ ਧੰਗੇੜਾ ਨੇ ਦੱਸਿਆ ਕਿ ਇਹ ਪੱਖੇ ਪਰਿਕਰਮਾ ਵਿੱਚ ਲਗਾ ਦਿੱਤੇ ਗਏ ਹਨ, ਜੋ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਸੰਗਤਾਂ ਨੂੰ ਠੰਡੀ ਹਵਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਸੰਗਤਾਂ ਲੰਗਰ ਲਈ ਰਸਦ, ਮੈਟ ਅਤੇ ਹੋਰ ਲੋੜੀਂਦੀਆਂ ਵਸਤੂਆਂ ਦੀ ਸੇਵਾ ਕਰਦੀਆਂ ਹਨ, ਉਸੇ ਸ਼ਰਧਾ ਤਹਿਤ ਮੁੰਬਈ ਦੀ ਸੰਗਤ ਨੇ ਆਪਣੇ ਦਸਵੰਧ ਵਿੱਚੋਂ ਇਹ ਅਹਿਮ ਸੇਵਾ ਕੀਤੀ ਹੈ। ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗਰਮੀ ਦੇ ਪ੍ਰਬੰਧਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ. ਧੰਗੇੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪਰਿਕਰਮਾ ਦੇ ਚਾਰੇ ਕੋਨਿਆਂ ਵਿੱਚ ਠੰਡੇ ਜਲ ਦੀਆਂ ਛਬੀਲਾਂ ਚਾਲੂ ਕੀਤੀਆਂ ਗਈਆਂ ਹਨ। ਜਿਉਂ-ਜਿਉਂ ਗਰਮੀ ਦਾ ਪ੍ਰਕੋਪ ਵਧੇਗਾ, ਸੰਗਤਾਂ ਦੇ ਪੈਰਾਂ ਨੂੰ ਤਪਸ਼ ਤੋਂ ਬਚਾਉਣ ਲਈ ਜੂਟ ਦੇ ਮੈਟ ਵਿਛਾਏ ਜਾਣਗੇ ਅਤੇ ਉਨ੍ਹਾਂ ਨੂੰ ਪਾਣੀ ਨਾਲ ਲਗਾਤਾਰ ਗਿੱਲਾ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਲੋੜ ਮੁਤਾਬਕ ਚਾਨਣੀਆਂ (ਸ਼ੈੱਡ), ਵਾਧੂ ਕੂਲਰ ਅਤੇ ਹਵਾਦਾਰ ਪੱਖਿਆਂ ਦਾ ਵੀ ਇੰਤਜ਼ਾਮ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




