IndiaPunjabTop News

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ 350ਵਾਂ ਸ਼ਹੀਦੀ ਦਿਵਸ ਸ਼ਤਾਬਦੀ ਸਮਾਗਮ ਨਵੀ ਮੁੰਬਈ ਵਿਖੇ ਹੋਇਆ ਸੰਪੂਰਨ

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਣੇ ਵੱਖੋ ਵੱਖ ਸਿਆਸੀ ਆਗੂਆਂ ਨੇ ਗੁਰੂ ਚਰਨਾਂ 'ਚ ਲਗਵਾਈ ਹਾਜ਼ਰੀ

1 ਮਾਰਚ 2026, ਓਵੇ ਗਰਾਉਂਡ, ਨਵੀ ਮੁੰਬਈ… , , ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸ਼ਤਾਬਦੀ ਸਮਾਗਮਾਂ ਦੀ ਲੜੀ ਦਾ ਤੀਜਾ ਵਿਸ਼ਾਲ ਸਮਾਗਮ ਅੱਜ ਨਵੀ ਮੁੰਬਈ ਵਿਖੇ ਸੰਪੂਰਨ ਹੋ ਨਿੱਬੜਿਆ। ਸਮਾਗਮ ਦੇ ਦੂਜੇ ਅਤੇ ਅੰਤਿਮ ਦਿਨ ਜਿੱਥੇ ਪੰਥ ਦੇ ਹੁਜ਼ੂਰੀ ਰਾਗੀ ਅਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਹੀ ਸਨਾਤਨ ਮਤ ਨਾਲ ਜੁੜੇ ਅਤੇ ਸੰਤ ਸਮਾਜ ਦੇ ਵੱਡੇ ਆਗੂਆਂ ਨੇ ਵੀ ਇਸ ਮੌਕੇ ਗੁਰੂ ਸਾਹਿਬਾਨ ਦਾ ਗੁਣਗਾਨ ਕੀਤਾ… ਸਮਾਗਮ ਦੇ ਆਖ਼ਿਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸੂਬੇ ਦੇ ਦੋਵੇਂ ਡਿਪਟੀ CM ਏਕਨਾਥ ਸ਼ਿੰਦੇ ਤੇ ਸੁਨੇਤਰਾ ਪਵਾਰ ਗੁਰੂ ਚਰਨਾਂ ‘ਚ ਹਾਜ਼ਰੀ ਲਵਾਉਣ ਲਈ ਪਹੁੰਚੇ ਅਤੇ ਹੁੰਮ ਹੁਮਾ ਕੇ ਪਹੁੰਚੀ ਲੱਖਾਂ ਦੀ ਸੰਗਤ ਨੂੰ ਸੰਬੋਧਨ ਕੀਤਾ… ਇਸ ਮੌਕੇ ਮੰਚ ਤੋਂ ਜਾਣਕਾਰੀ ਦਿੱਤੀ ਗਈ ਕਿ ਇਨ੍ਹਾਂ ਸਮਾਗਮਾਂ ਦੀ ਲੜੀ ਦੇ ਪਹਿਲੇ ਪੜਾਅ ਯਾਨਿ ਨਾਗਪੁਰ ਵਿਚ 4 ਲੱਖ ਤੋਂ ਵੱਧ ਸੰਗਤ ਪਹੁੰਚੀ ਸੀ ਤੇ ਨਾਂਦੇੜ ਵਿਖੇ ਹੋਏ ਸਮਾਗਮ ਵਿਚ 12 ਲੱਖ ਤੋਂ ਵੀ ਜ਼ਿਆਦਾ ਸੰਗਤ ਨੇ ਗੁਰੂ ਚਰਨਾਂ ‘ਚ ਹਾਜ਼ਰੀ ਲਵਾਈ ਸੀ ਅਤੇ ਨਵੀ ਮੁੰਬਈ ਵਿਖੇ ਹੋਏ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦੀ ਗਿਣਤੀ 12 ਲੱਖ ਤੋਂ ਵੀ ਵਧੇਰੇ ਹੋਣ ਦੀ ਉਮੀਦ ਹੈ।

ਇਸ ਮੌਕੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਦੱਸਿਆ ਕਿ ਮਹਾਂਰਾਸ਼ਟਰ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਸ਼ਤਾਬਦੀ ਸਮਾਗਮਾਂ ਲਈ ਵੱਡੀ ਤਿਆਰੀ ਕੀਤੀ ਗਈ ਹੈ ਤੇ ਸੂਬੇ ਦੇ ਵੱਖੋ ਵੱਖ ਹਿੱਸਿਆਂ ਵਿੱਚ ਡਿਜੀਟਲ ਰੱਥ ਭੇਜਕੇ ਗੁਰੂ ਸਾਹਿਬਾਨ ਦੇ ਸੰਦੇਸ਼ ਦਾ ਪ੍ਰਚਾਰ ਵੀ ਕੀਤਾ ਜਾ ਰਿਹੈ। ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬਾਨ ਦੀਆਂ ਸਿਖਿਆਂਵਾਂ ਅਤੇ ਸ਼ਹਾਦਤ ਦਾ ਗੁਣਗਾਨ ਕੀਤਾ ਅਤੇ ਨਾਲ ਹੀ ਜਾਣਕਾਰੀ ਦਿੱਤੀ ਕਿ ਇਨ੍ਹਾਂ ਸਮਾਗਮਾਂ ਲਈ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਜੀ ਵਲੋਂ ਬੇਹੱਦ ਤਨਦੇਹੀ ਨਾਲ ਮਿਹਨਤ ਕੀਤੀ ਗਈ ਅਤੇ ਸ਼ਤਾਬਦੀ ਸਮਾਗਮ ਸਮਿਤੀ ਦੇ ਚੇਅਰਮੈਨ ਵਜੋਂ ਲਾਈ ਗਈ ਜਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਇਆ ਗਿਆ।jff

ਇਸ ਮੌਕੇ ਮੁੱਖ ਮੰਤਰੀ ਫੜਨਵੀਸ ਵਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਅਤੇ ਉਨ੍ਹਾਂਦੇ ਸਾਥੀਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਗਿਆ ਕਿ ਦੂਜੇ ਧਰਮ ਦੀ ਰੱਖਿਆ ਲਈ ਦਿੱਤੀ ਗਈ ਇਸ ਅਦੁੱਤੀ ਸ਼ਹਾਦਤ ਦੀ ਦੁਨੀਆਂ ਦੇ ਇਤਿਹਾਸ ਵਿੱਚ ਦੂਜੀ ਕੋਈ ਹੋਰ ਮਿਸਾਲ ਨਹੀਂ ਮਿਲਦੀ । ਉਨ੍ਹਾਂ ਇਹ ਵੀ ਦੱਸਿਆ ਕਿ ਮਹਾਂਰਾਸ਼ਟਰ ਸਰਕਾਰ ਆਪਣੇ ਆਪ ਨੂੰ ਸਿਰਫ ਇਨ੍ਹਾਂ ਸਮਾਗਮਾਂ ਤੱਕ ਹੀ ਸੀਮਿਤ ਨਹੀਂ ਰੱਖੇਗੀ ਬਲਕਿ ਮਹਾਂਰਾਸ਼ਟਰ ਦੇ ਸਕੂਲੀ ਸਿਲੇਬਸ ਵਿੱਚ ਵੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਇਕ ਚੈਪਟਰ ਸ਼ਾਮਿਲ ਕੀਤਾ ਗਿਆ ਹੈ, ਇਸਦੇ ਨਾਲ ਹੀ ਉਨ੍ਹਾਂਨੇ ਘੋਸ਼ਣਾ ਕੀਤੀ ਕਿ ਨਵੀਂ ਮੁੰਬਈ ਦੇ ਇਸ ‘ਓਵੇ ਗਰਾਉਂਡ’ ਵਿਚ ਗੁਰੂ ਸਾਹਿਬਾਨ ਦੀ ਯਾਦ ਵਿੱਚ ਇਕ ਹਸਪਤਾਲ ਖੋਲ੍ਹਿਆ ਜਾਵੇਗਾ ਤੇ ਉਸਦਾ ਨਾਂਅ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਨਾਂਅ ‘ਤੇ ਹੀ ਰੱਖਿਆ ਜਾਵੇਗਾ ।

ਮਹਾਂਰਾਸ਼ਟਰ ਦੇ ਮੁੱਖ ਮੰਤਰੀ ਤੋਂ ਬਾਅਦ ਸ਼ਤਾਬਦੀ ਸਮਾਗਮ ਸਮਿਤੀ ਦੇ ਚੇਅਰਮੈਨ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬਾਨ ਦੀਆਂ ਸਿਖਿਆਂਵਾਂ ਅਤੇ ਸ਼ਹਾਦਤ ਦਾ ਗੁਣਗਾਨ ਕੀਤਾ ਗਿਆ ਅਤੇ ਇਨ੍ਹਾਂ ਸਮਾਗਮਾਂ ਦੇ ਆਯੋਜਨ ਲਈ ਮਹਾਂਰਾਸ਼ਟਰ ਸਰਕਾਰ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਭਾਰਤ ਵਿੱਚ ਸਿਰਫ ਪੰਜਾਬ ਅਤੇ ਮਹਾਂਰਾਸ਼ਟਰ ਹੀ ਅਜਿਹੇ ਸੂਬੇ ਨੇ ਜਿੰਨ੍ਹਾਂਨੇ ਧਾੜਵੀਆਂ ਦਾ ਡੱਟ ਕੇ ਮੁਕਾਬਲਾ ਕੀਤਾ, ਇਸ ਮੌਕੇ ਉਨ੍ਹਾਂਨੇ ਲੋਕਾਂ ਨੂੰ ਕਿਸੇ ਵੀ ਲਾਲਚ ਵਿੱਚ ਨਾ ਆਉਣ ਅਤੇ ਧਰਮ ਪਰਿਵਰਤਨ ਤੋਂ ਬਚਣ ਦੀ ਅਪੀਲ ਕੀਤੀ ਨਾਲ ਹੀ ਉਨ੍ਹਾਂਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕਰਦਿਆਂ ਸਮੂਹ ਸਨਾਤਨੀ ਸੰਗਤ ਨੂੰ ਵੀ ਇਹ ਤਾਕੀਦ ਕੀਤੀ ਕਿ ਉਹ ਆਪਣੇ ਘਰ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਤਸਵੀਰ ਜ਼ਰੂਰ ਰੱਖਣ। ਸਮਾਗਮ ਦੇ ਆਖ਼ਰ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਲੈਣ ਲਈ ਨਵੀ ਮੁੰਬਈ ਸਥਿਤ ਸਮਾਗਮ ਸਥਲ ‘ਓਵੇ ਗਰਾਉਂਡ’ ਪਹੁੰਚੇ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਨੂੰ ਨਮਨ ਕੀਤਾ । ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਫੈਸਲਾ ਸੀ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਦੇ ਸ਼ਤਾਬਦੀ ਸਮਾਗਮ ਪੂਰੇ ਦੇਸ਼ ਵਿੱਚ ਮਨਾਏ ਜਾਣਗੇ ਅਤੇ ਮਹਾਂਰਾਸ਼ਟਰ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਨੂੰ ਵੱਧ ਚੜ੍ਹਕੇ ਮਨਾਇਆ ਗਿਆ।

ਇਸ ਮੌਕੇ ਅਮਿਤ ਸ਼ਾਹ ਨੇ ਖੁੱਲ੍ਹਕੇ ਕਿਹਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਦੁਨੀਆਂ ਭਰ ਵਿੱਚ ਕੋਈ ਹਿੰਦੂ ਨਹੀਂ ਬਚਣਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਕੰਮ ਨੂੰ ਅੱਗੇ ਵਧਾਉਣ ਦਾ ਕੰਮ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂਦੇ ਸਾਹਿਬਜ਼ਾਦਿਆਂ ਨੇ ਬਾਖੂਬੀ ਕੀਤਾ ਅਤੇ ਦੇਸ਼ ਨੂੰ ਜ਼ੁਲਮ ਨਾਲ ਲੜਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਸਭਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਸਿਧਾਂਤਾਂ ‘ਨਾਮ ਜਪੋ, ਕੀਰਤ ਕਰੋ ਅਤੇ ਵੰਡ ਛਕੋ’ ਉਤੇ ਚੱਲਕੇ ਆਪਣਾ ਜੀਵਨ ਸਫਲ ਬਨਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਸਿੱਖ ਗੁਰੂ ਸਾਹਿਬਾਨ ਦੀਆਂ ਸਿਖਿਆਂਵਾਂ ‘ਤੇ ਚੱਲ ਰਹੇ ਵੱਖੋ ਵੱਖ ਭਾਈਚਾਰਿਆਂ ਵੰਜਾਰਾ, ਲੁਬਾਣਾ, ਸਿਕਲੀਕਰ, ਸਿੰਧੀ, ਵਾਲਮੀਕੀ, ਮੋਹਯਾਲ, ਉਦਾਸੀਨ ਅਤੇ ਵਰਕਰੀ ਭਾਈਚਾਰੇ ਦਾ ਉਚੇਚਾ ਤੌਰ ‘ਤੇ ਜ਼ਿਕਰ ਕੀਤਾ ਅਤੇ ਨਾਲ ਹੀ ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਲੱਖੀ ਸ਼ਾਹ ਵੰਜਾਰਾ ਅਤੇ ਭਾਈ ਜੈਤਾ ਜੀ ਦੇ ਯੋਗਦਾਨ ਨੂੰ ਵੀ ਯਾਦ ਕੀਤਾ।

ਆਪਣੇ ਸੰਬੋਧਨ ਵਿੱਚ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਰਬੰਸ ਦਾਨ ਕੀਤੇ ਜਾਣ ਨੂੰ ਦੇਸ਼ ਅਤੇ ਮਨੁੱਖਤਾ ਲਈ ਮਹਾਨ ਯੋਗਦਾਨ ਕਰਾਰ ਦਿੰਦਿਆਂ ਦਸ਼ਮ ਪਿਤਾ ਨੂੰ ਕੋਟਨ ਕੋਟਿ ਨਮਨ ਕੀਤਾ ਅਤੇ ਕਿਹਾ ਦੇਸ਼ ਅਤੇ ਖ਼ਾਸਕਰ ਪੰਜਾਬ ਵਿੱਚ ਜੋ ਧਰਮ ਪਰਿਵਰਤਨ ਦਾ ਦੌਰ ਚੱਲ ਰਿਹਾ ਹੈ ਉਸ ਉੱਤੇ ਠੱਲ ਪੈਣੀ ਚਾਹੀਦੀ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵੀ ਸੰਗਤ ਨੂੰ ਇੱਕ ਖ਼ਾਸ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ ਅਤੇ ਗੁਰੂ ਸਾਹਿਬਾਨ ਦੀਆਂ ਸਿਖਿਆਂਵਾਂ ਅਤੇ ਸ਼ਹਾਦਤ ਦਾ ਗੁਣਗਾਨ ਕੀਤਾ। ਉਨ੍ਹਾਂ ਮਹਾਂਰਾਸ਼ਟਰ ਸਰਕਾਰ ਵੱਲੋ ਕਰਵਾਏ ਗਏ ਇਨ੍ਹਾਂ ਸਮਾਗਮਾਂ ਲਈ ਸੂਬਾ ਸਰਕਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗੁਰੂ ਸਾਹਿਬਾਨ ਨੂੰ ਸਮਰਪਿਤ ਇਸ ਤਰ੍ਹਾਂ ਦੇ ਸਮਾਗਮ ਪੂਰੇ ਦੇਸ਼ ਵਿੱਚ ਮਨਾਏ ਜਾਣਗੇ ਅਤੇ ਗੁਰੂ ਸਾਹਿਬਾਨ ਨਾਲ ਜੁੜੇ ਹਰ ਇਕ ਸਮਾਗਮ ਨੂੰ ਰਾਸ਼ਟਰੀ ਪੱਧਰ ‘ਤੇ ਮਨਾਏ ਜਾਣ ਦੀ ਘੋਸ਼ਣਾ ਵੀ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਸਮਾਗਮ ਅਤੇ ਉਨ੍ਹਾਂਨੂੰ ਸਮਰਪਿਤ ਵਿਸ਼ੇਸ਼ ਡਾਕ ਟਿਕਟ ਤੇ ਵਿਸ਼ੇਸ਼ ਸਿੱਕਾ ਜਾਰੀ ਕਰਨਾ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਤੇ ਉਨ੍ਹਾਂ ਉਤੇ ਸਿੱਕਾ ਜਾਰੀ ਕਰਨਾ ਤੇ ਨਾਲ ਹੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਬਣਵਾਉਣ ਅਤੇ ਖੁਲਵਾਉਣ ਦੇ ਕੰਮ ਪੂਰੀ ਸ਼ਰਧਾ ਨਾਲ ਕੀਤੇ ਗਏ ਇਸਦੇ ਨਾਲ ਹੀ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਵੀਰ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਵੀ ਉਨ੍ਹਾਂਦੀ ਸਰਕਾਰ ਵਲੋਂ ਕੀਤੀ ਗਈ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਉਨ੍ਹਾਂਦੀ ਸਰਕਾਰ ਨੇ ਯਕੀਨੀ ਬਣਾਇਆ ਅਤੇ ਉਥੋਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੁਰੱਖਿਅਤ ਢੰਗ ਨਾਲ ਭਾਰਤ ਵਾਪਿਸ ਲੈਕੇ ਆਇਆ ਗਿਆ। ਉਨ੍ਹਾਂ ਖ਼ਾਸ ਤੌਰ ‘ਤੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਬਲੈਕ ਲਿਸਟ ਕੀਤੇ ਗਏ ਸੈਂਕੜੇ ਸਿੱਖਾਂ ਨੂੰ ਉਨ੍ਹਾਂਦੀ ਸਰਕਾਰ ਨੇ ਬਲੈਕ ਲਿਸਟ ‘ਚੋਂ ਬਾਹਰ ਕਰਕੇ ਉਨ੍ਹਾਂਦੇ ਦੇਸ਼ ਵਾਪਿਸ ਆਉਣ ਦਾ ਰਾਹ ਖੋਲ੍ਹਿਆ ਅਤੇ ਅੱਗੇ ਵੀ ਸਿੱਖ ਗੁਰੂ ਸਾਹਿਬਾਨ ਦੀ ਸੇਵਾ ਵਿੱਚ ਅਤੇ ਸਿੱਖ ਪੰਥ ਨੂੰ ਸਮਰਪਿਤ ਹੋਕੇ ਉਹ ਆਪਣੀਆਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਪ੍ਰਧਾਨਮੰਤਰੀ ਮੋਦੀ ਵਲੋਂ ਸੰਗਤਾਂ ਨੂੰ ਖ਼ਾਸ ਤੌਰ ‘ਤੇ ਅਪੀਲ ਕੀਤੀ ਗਈ ਕਿ ਉਹ ਨਾ ਸਿਰਫ਼ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਯਾਦ ਰੱਖਣ ਬਲਕਿ ਉਨ੍ਹਾਂਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button