ਸੇਵਾ ਸਿੰਘ ਸੇਖਵਾਂ ਵੱਲੋਂ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ
ਸੁਖਬੀਰ ਦੀ ਸ਼ਹਿ ’ਤੇ ਹੋਈਆਂ ਬੇਅਦਬੀਆਂ : ਸੇਖਵਾਂ
ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਸ਼੍ਰੋਮਣੀ ਅਕਾਲੀ ’ਚੋਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀਆਂ ਦੀਆਂ ਇੱਕ ਇੱਕ ਕਰਕੇ ਡਿਗਦੀਆਂ ਇਨ੍ਹਾਂ ਵਿਕਟਾਂ ਵਿੱਚੋਂ ਅੱਜ ਇਹ ਤੀਜੀ ਵਿਕਟ ਡਿੱਗੀ ਹੈ। ਇਸ ਸਬੰਧ ਵਿੱਚ ਅੱਜ ਇੱਕ ਭਰਵੇਂ ਪੱਤਰਕਾਰ ਸੰਮੇਲਨ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਦੁਖੀ ਚਲੇ ਆ ਰਹੇ ਸੇਵਾ ਸਿੰਘ ਸੇਖਵਾਂ ਨੇ ਇਹ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਵਾਲੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਿ ਪਾਰਟੀ ਆਪਣੇ ਅਸਲ ਸਿਧਾਂਤਾਂ ਤੋਂ ਭਟਕ ਚੁੱਕੀ ਹੈ, ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇਣਾ ਪੈ ਰਿਹਾ ਹੈ। ਇਸ ਪੱਤਰਕਾਰ ਸੰਮੇਲਨ ਵਿੱਚ ਸੇਖਵਾਂ ਦੇ ਨਾਲ ਡਾ. ਰਤਨ ਸਿੰਘ ਅਜਨਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਮੌਜੂਦ ਸਨ।
ਆਪਣੇ ਇਸ ਅਸਤੀਫੇ ਵਿੱਚ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਦੇਖ ਰਹੇ ਹਨ ਕਿ ਉਨ੍ਹਾਂ (ਸੁਖਬੀਰ) ਅਤੇ ਬਿਕਰਮ ਸਿੰਘ ਮਜੀਠੀਆ ਦੇ ਹੁਕਮਾਂ ਤੇ ਜ਼ਿਲ੍ਹਾ ਗੁਰਦਾਸਪੁਰ ਅਤੇ ਹਲਕਾ ਕਾਦੀਆਂ ਦੇ ਕੁਝ ਵਰਕਰ ਮੇਰੇ ਕੋਲ ਅਸਤੀਫੇ ਦੀ ਮੰਗ ਕਰ ਰਹੇ ਹਨ ਅਤੇ ਤੁਹਾਨੂੰ (ਸੁਖਬੀਰ) ਮੈਨੂੰ ਪਾਰਟੀ ਵਿਚੋਂ ਕੱਢਣ ਲਈ ਕਿਹਾ ਜਾ ਰਿਹਾ ਹੈ। ਸੇਖਵਾਂ ਅਨੁਸਾਰ ਜਦੋਂ ਪਾਰਟੀ ਪ੍ਰਧਾਨ ਹੀ ਅਜਿਹਾ ਚਾਹੁੰਦਾ ਹੋਵੇ ਤਾਂ ਪਾਰਟੀ ਵਿੱਚ ਕੰਮ ਕਰਨਾ ਔਖਾ ਹੋ ਜਾਂਦਾ ਹੈ। ਸੇਖਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਸ੍ਰ. ਉਜਾਗਰ ਸਿੰਘ ਸੇਖਵਾਂ ਨੇ ਆਪਣੀ ਸਾਰੀ ਉਮਰ ਪਾਰਟੀ ਦੀ ਸੇਵਾ ਕੀਤੀ, ਲੰਮਾ ਸਮਾਂ ਜੇਲ੍ਹਾਂ ਕੱਟੀਆਂ ਤੇ ਪਾਰਟੀ ਦੇ ਔਖੇ ਸਮੇਂ ਵਿੱਚ ਵੀ ਪਾਰਟੀ ਦਾ ਸਾਥ ਦਿੱਤਾ ਤੇ ਅਜਿਹਾ ਹੀ ਸਾਥ ਹਰ ਔਖੇ ਸਮੇਂ ਉਹ ਖੁਦ ਵੀ ਦੇ ਰਹੇ ਹਨ।
ਇਸ ਅਸਤੀਫੇ ਵਿੱਚ ਸੇਵਾ ਸਿੰਘ ਸੇਖਵਾਂ ਅੱਗੇ ਲਿਖਦੇ ਹਨ ਕਿ ਪਿਛਲੇ ਕੁਝ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜੋ ਕਿ ਉਨ੍ਹਾਂ ਦੇ ਸਹਿਣਯੋਗ ਨਹੀਂ ਹਨ। ਸੇਖਵਾਂ ਅਨੁਸਾਰ ਉਹ ਅਤੇ ਕੁਝ ਹੋਰ ਸੀਨੀਅਰ ਸਾਥੀ ਪਾਰਟੀ ਵਿੱਚ ਰਹਿ ਕੇ ਪਾਰਟੀ ਦਾ ਜ਼ਾਬਤਾ ਕਾਇਮ ਰੱਖਦੇ ਹੋਏ ਪਾਰਟੀ ਮੀਟਿੰਗਾਂ ਵਿੱਚ ਆਪ (ਸੁਖਬੀਰ) ਜੀ ਨੂੰ ਬੜੇ ਜ਼ੋਰ ਨਾਲ ਖਬਰਦਾਰ ਕਰਦੇ ਰਹੇ ਹਨ ਪਰ ਤੁਸੀ ਪਿਛਲੇ ਪੰਜ-ਛੇ ਸਾਲ ਤੋਂ ਰਾਜ ਭਾਗ ਦੇ ਨਸ਼ੇ ਵਿੱਚ ਸਾਡੇ ਸੁਝਾਵਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ, ਜਿਸ ਨਾਲ ਖਾਲਸਾ ਪੰਥ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਵੀ ਭਾਰੀ ਸੱਟ ਵੱਜੀ ਹੈ। ਸੇਵਾ ਸਿੰਘ ਸੇਖਵਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਾਜਨੀਤੀ ਦੀ ਭੇਂਟ ਚੜ੍ਹ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਇਹ ਹਾਲਤ ਹੈ ਕਿ ਇਹ ਪਾਰਟੀ 14 ਸੀਟਾਂ ਤੱਕ ਸਿਮਟ ਕੇ ਰਹਿ ਗਈ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀ ਦੀ ਸਥਿਤੀ ਵਿਚ ਵੀ ਨਹੀਂ ਹੈ ਅਤੇ ਸਾਲ 2017 ਦੀ ਵਿਧਾਨ ਸਭਾ ਚੋਣਾਂ ਦੌਰਾਨ ਤੀਸਰੇ ਨੰਬਰ ਤੇ ਆ ਡਿੱਗੀ ਹੈ।
ਸੇਵਾ ਸਿੰਘ ਸੇਖਵਾਂ ਨੇ ਅਸਤੀਫੇ ਵਿੱਚ ਇਹ ਕਹਿ ਕੇ ਧਮਾਕਾ ਕਰ ਦਿੱਤਾ ਕਿ ਸਾਲ 2015 ਵਿੱਚ ਜਿਸ ਢੰਗ ਨਾਲ ਸੁਖਬੀਰ ਨੇ ਸੌਦਾ ਸਾਧ ਨਾਲ ਮੁੰਬਈ ਵਿੱਚ ਮੀਟਿੰਗ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਰਵਾਹ ਵੀ ਨਹੀਂ ਕੀਤੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੌਦਾ ਸਾਧ ਤੋਂ ਐਲਾਨੀਆ ਮਦਦ ਵੀ ਲਈ ਇਸ ਤੋਂ ਇਲਾਵਾ ਸੁਖਬੀਰ ਨੇ ਤਖਤਾਂ ਦੇ ਜੱਥੇਦਾਰ ਸਾਹਿਬਾਨ ਨੂੰ ਤਲਬ ਕਰਕੇ ਆਪਣੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਚ ਬੁਲਾਇਆ ਅਤੇ ਸੌਦੇ ਸਾਧ ਨੂੰ ਮਾਫ਼ੀ ਦੇਣ ਤੇ ਦਬਾਅ ਪਾਇਆ, ਜੱਥੇਦਾਰਾਂ ਨੂੰ ਮਾਫ਼ੀ ਦੇਣ ਲਈ ਮਜਬੂਰ ਕੀਤਾ ਤੇ ਉਨ੍ਹਾਂ ਨੇ ਸੁਖਬੀਰ ਦੇ ਦਬਾਅ ਕਾਰਨ ਗੈਰ ਮਰਿਆਦਾ ਢੰਗ ਨਾਲ ਮਾਫ਼ੀ ਦਿੱਤੀ, ਇਸ ਮਾਫ਼ੀ ਨੂੰ ਸਹੀ ਠਹਿਰਾਉਣ ਲਈ 93 ਲੱਖ ਰੁਪਏ ਦੇ ਸ਼੍ਰੋਮਣੀ ਕਮੇਟੀ ਦੇ ਫੰਡ ਵਿੱਚੋਂ ਇਸ਼ਤਿਹਾਰ ਲਵਾਏ, ਲੋਕਾਂ ਦੀ ਵਿਰੋਧਤਾ ਅਤੇ ਰੋਹ ਕਰਕੇ ਸੁਖਬੀਰ ਨੇ ਮਾਫ਼ੀ ਵਾਪਸ ਦੁਆਈ, ਸੌਦਾ ਸਾਧ ਦੇ ਕਹਿਣ ਤੇ ਉਸਦੇ ਚੇਲਿਆਂ ਨੇ ਇਸ਼ਤਿਹਾਰ ਲਗਵਾ ਕੇ ਅਤੇ ਸਿੱਖ ਕੌਮ ਨੂੰ ਵੰਗਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਫਿਰ ਦੁਬਾਰਾ ਇਸ਼ਤਿਹਾਰਾਂ ਰਾਹੀਂ ਵੰਗਾਰ ਕੇ ਗੁਰੂ ਮਹਾਰਾਜ ਦੇ ਅੰਗ ਪਾੜ ਕੇ ਗੰਦੀਆਂ ਥਾਵਾਂ ਤੇ ਸੁੱਟੇ, ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਕੋਈ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਜਿਸ ਤੋਂ ਬਾਅਦ ਸ਼ਾਂਤਮਈ ਢੰਗ ਨਾਲ ਕੋਟਕਪੁਰਾ ਤੇ ਬਹਿਬਲ ਕਲਾਂ ਵਿਖੇ ਰੋਸ ਧਰਨੇ ਮਾਰੇ ਗਏ, ਸੇਖਵਾਂ ਅਨੁਸਾਰ ਅਕਾਲੀ-ਬੀਜੇਪੀ ਅਤੇ ਖਾਸ ਕਰਕੇ ਪੰਥਕ ਸਰਕਾਰ ਨੇ ਨਾਮ ਜਪਦੀ ਸਿੱਖ ਸੰਗਤ ’ਤੇ ਲਾਠੀਆਂ ਚਲਾਈਆਂ ਤੇ ਗੋਲੀਆਂ ਵਰ੍ਹਾਈਆਂ ਜਿਸ ਨਾਲ ਕਈ ਸਿੱਖ ਜ਼ਖਮੀ ਹੋਏ ਤੇ ਦੋ ਸਿੰਘ ਸ਼ਹੀਦ ਹੋ ਗਏ। ਇਸਨੂੰ ਦੇਖਦਿਆਂ ਬੜੀ ਸ਼ਰਮ ਆਉਂਦੀ ਹੈ ਕਿ ਸੌਦਾ ਸਾਧ ਦੇ ਚੇਲੇ ਆਪਣੇ ਸਾਧ ਦੀ ਫਿਲਮ ਚਲਾਉਣ ਲਈ ਧਰਨੇ ਮਾਰਨ ਤਾਂ ਉਨ੍ਹਾਂ ਨੂੰ ਤੁਹਾਡੀ ਪੰਥਕ ਸਰਕਾਰ ਫਿਟੇ ਮੂੰਹ ਵੀ ਨਾ ਆਖੇ, ਪਰ ਸਿੱਖ ਸੰਗਤ ਗੁਰੂ ਦੀ ਬੇਅਦਬੀ ਨਾ ਸਹਿੰਦੇ ਹੋਏ ਸ਼ਾਂਤਮਈ ਢੰਗ ਨਾਲ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਰੋਸ ਵਜੋਂ ਧਰਨਾ ਮਾਰੇ ਤਾਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਵੇ, ਇਹ ਸਭ ਮੇਰੇ ਬਰਦਾਸ਼ਤ ਤੋਂ ਬਾਹਰ ਹੈ।
ਇਸ ਅਸਤੀਫੇ ਵਿੱਚ ਆਪਣੇ ਧੁਰ ਅੰਦਰ ਤੱਕ ਦਬੀ ਹੋਈ ਭੜਾਸ ਨੂੰ ਦੱਬ ਕੇ ਬਾਹਰ ਕੱਢਦਿਆਂ ਸੇਵਾ ਸਿੰਘ ਸੇਖਵਾਂ ਨੇ ਸੁਖਬੀਰ ਨੂੰ ਕਿਹਾ ਕਿ ਤੁਹਾਡੀ ਸਰਕਾਰ ਦੌਰਾਨ ਕਰੀਬ 2 ਸਾਲ ਉਪਰੋਕਤ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ। ਜੇ ਕੋਈ ਐਸ.ਆਈ.ਟੀ. ਬਣਾਈ ਵੀ ਤਾਂ ਉਸਨੂੰ ਆਪਣੀ ਤਫਤੀਸ਼ ਵਿੱਚ ਡੇਰੇ ਸਾਧ ਦੇ ਚੇਲਿਆਂ ਵੱਲ ਜਾਣ ਹੀ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਦੀਆਂ ਵੋਟਾਂ ਚਾਹੀਦੀਆਂ ਸਨ। ਸੇਵਾ ਸਿੰਘ ਸੇਖਵਾਂ ਨੇ ਸੁਖਬੀਰ ਨੂੰ ਦੱਬ ਕੇ ਫਟਕਾਰਦਿਆਂ ਕਿਹਾ ਕਿ ਤੁਹਾਨੂੰ ਗੁਰੂ ਨਹੀਂ ਰਾਜ ਪਿਆਰਾ ਹੈ। ਤੁਸੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਪਰ ਉਸ ’ਤੇ ਕੋਈ ਅਮਲ ਨਹੀਂ ਕੀਤਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕੀਤੀ ਪਰ ਤੁਸੀਂ ਉਸਦਾ ਸਾਹਮਣਾ ਨਹੀਂ ਕੀਤਾ ਤੇ ਭਗੌੜੇ ਹੋ ਗਏ। ਅੰਤ ਵਿੱਚ ਸੇਵਾ ਸਿੰਘ ਸੇਖਵਾਂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਹ ਅਸਤੀਫਾ ਦੇਣ ਵਿੱਚ ਇਸ ਲਈ ਲੇਟ ਹੋ ਗਏ ਹਨ ਕਿਉਂਕਿ ਉਹ ਪਾਰਟੀ ਜ਼ਾਬਤੇ ਵਿੱਚ ਰਹਿਣ ਵਾਲੇ ਇੱਕ ਵਫ਼ਾਦਾਰ ਪੰਥਕ ਸਿਪਾਹੀ ਹਨ ਪਰ ਇਸਦੇ ਬਾਵਜੂਦ ਉਹ ਪਾਰਟੀ ਵਿਚ ਆਏ ਨਿਘਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਰਹਿਣਗੇ।
ਸੇਵਾ ਸਿੰਘ ਸੇਖਵਾਂ ਅਨੁਸਾਰ ਇਹ ਅਸਤੀਫਾ ਲੇਟ ਦੇ ਰਹੇ ਹਨ, ਇਸ ਲਈ ਉਹ ਖਾਲਸਾ ਪੰਥ ਕੋਲੋਂ ਮੁਆਫ਼ੀ ਮੰਗਦੇ ਹਨ ਤੇ ਜੇਕਰ ਇਸ ਦੇਰੀ ਲਈ ਕੌਮ ਉਨ੍ਹਾਂ ਨੂੰ ਕੋਈ ਸਜ਼ਾ ਵੀ ਲਗਾਵੇਗੀ ਤਾਂ ਉਹ ਸਿਰ ਨਿਵਾ ਕੇ ਭੁਗਤਣ ਲਈ ਤਿਆਰ ਹਨ। ਉਨ੍ਹਾਂ ਸੁਖਬੀਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਪਾਰਟੀ ਦੀ ਬਿਹਤਰੀ ਲਈ ਉਨ੍ਹਾਂ ਨੇ ਅਸਤੀਫਾ ਦੇਣ ਦੀ ਗੱਲ ਆਖੀ ਸੀ ਪਰ ਉਹ ਸਭ ਡਰਾਮਾ ਸੀ। ਸੇਖਵਾਂ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਪਾਰਟੀ ਦੀ ਕੌਰ ਕਮੇਟੀ ਅਤੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਵੀ ਨਹੀਂ ਬੁਲਾਇਆ ਗਿਆ, ਇਸ ਲਈ ਅਜਿਹੇ ਅਹੁਦੇ ਰੱਖਣ ਦਾ ਕੋਈ ਮਤਲਬ ਨਹੀਂ। ਅੰਤ ਵਿਚ ਸੇਖਵਾਂ ਨੇ ਸੁਖਬੀਰ ਨੂੰ ਕਿਹਾ ਕਿ ਮੈਂ ਤੁਹਾਡੀ ਚਾਹਤ ਮੁਤਾਬਕ ਦੁਖੀ ਹਿਰਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਤੋਂ ਤਿਆਗ ਪੱਤਰ ਦਿੰਦਾ ਹਾਂ ਅਤੇ ਅਕਾਲੀ ਦਲ ਦਾ ਬਤੌਰ ਸਿਪਾਹੀ ਕੰਮ ਕਰਦਾ ਰਹਾਂਗਾ।
ਇਸ ਪੱਤਰਕਾਰ ਸੰਮੇਲਨ ਵਿੱਚ ਬੋਲਦਿਆਂ ਪਾਰਟੀ ਵਿਚੋਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਪਾਰਟੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਇਹ ਕਹਿਣਾ ਸੀ ਕਿ ਇਸ ਵੇਲੇ ਸਾਡੀ ਇਹ ਹਾਲਤ ਹੋ ਚੁੱਕੀ ਹੈ ਕਿ ਲੋਕ ਸਾਨੂੰ ਤੋਏ ਤੋਏ ਕੁੱਤਿਆਂ ਵਾਂਗ ਕਹਿਣਾ ਸ਼ੁਰੂ ਹੋ ਗਏ ਹਨ। ਰਣਜੀਤ ਸਿੰਘ ਬ੍ਰਹਮਪੁਰਾ ਅਨੁਸਾਰ ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ 1994 ਤੱਕ ਕੋਈ ਵੀ ਨਹੀਂ ਪੁੱਛਦਾ ਸੀ ਉਸਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਾਲੇ ਅਸੀਂ ਹਾਂ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਪਾਰਟੀ ਦੇ ਕਬਜ਼ਾ ਕਰੀ ਬੈਠੇ ਹਨ ਉਹ ਵੇਲੇ ਜੰਮੇ ਵੀ ਨਹੀਂ ਸਨ ਜਦੋਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖੜ੍ਹਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਿੱਛੇ ਹਟਦੇ ਹਨ ਤਾਂ ਉਹ ਆਪਣੇ ਅਸਤੀਫੇ ਤੇ ਮੁੜ ਵਿਚਾਰ ਕਰ ਸਕਦੇ ਹਨ। ਇਸ ਮੌਕੇ ਉੱਥੇ ਮੌਜੂਦ ਇੱਕ ਸਾਬਕਾ ਐਮਐਲਏ ਨੇ ਸੁਖਬੀਰ ਬਾਦਲ ਨੂੰ ਪਾਰਟੀ ਦਾ ਸਭ ਤੋਂ ਵੱਡਾ ਤਾਨਾਸ਼ਾਹ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੇ ਆਪਣੀ ਜੇਬ ਵਿੱਚ ਪਾ ਰੱਖਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.