Breaking NewsD5 specialNewsPoliticsPress ReleasePunjabTop News

ਸੁਖਬੀਰ ਬਾਦਲ ਵੱਲੋਂ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਪੰਥਕ ਹੋਣ ਦੇ ਕੀਤੇ ਜਾ ਰਹੇ ਨਾਟਕ ਕਿਸੇ ਕੰਮ ਨਹੀ ਆਉਣਗੇ: ਪਰਮਿੰਦਰ ਸਿੰਘ ਢੀਂਡਸਾ

ਬੀਬੀ ਕਮਲਦੀਪ ਕੌਰ ਨੂੰ ਉਮੀਦਵਾਰ ਖੜ੍ਹਾ ਕਰਕੇ ਬਾਦਲ ਪਰਿਵਾਰ ਪੰਥ ਹਿਤੈਸ਼ੀ ਹੋਣ ਦਾ ਦਿਖਾਵਾ ਕਰਕੇ ਮੁੜ ਸਿਆਸੀ ਧਰਾਤਲ ਸਥਾਪਿਤ ਕਰਨਾ ਚਾਹੁੰਦਾ ਹੈ: ਢੀਂਡਸਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਆਪਣੀ ਗੁਆਚੀ ਸਾਖ ਮੁੜ ਬਹਾਲ ਕਰਨ ਦੀ ਕੋਸਿ਼ਸ਼ ਕਰ ਰਹੇ ਸੁਖਬੀਰ ਸਿੰਘ ਬਾਦਲ `ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਹੁਣ ਜੋ ਪੰਥਕ ਹੋਣ ਦੇ ਸਿਆਸੀ ਨਾਟਕ ਕੀਤੇ ਜਾ ਰਹੇ ਹਨ ਉਹ ਕਿਸੇ ਕੰਮ ਨਹੀਂ ਆਉਣਗੇ।

ਢੀਂਡਸਾ ਨੇ ਕਿਹਾ ਕਿ ਪੰਥ ਵਿਰੋਧੀ ਨੀਤੀਆਂ ਕਾਰਨ ਬਾਦਲ ਪਰਿਵਾਰ ਆਪਣਾ ਅਕਸ ਪੂਰੀ ਤਰ੍ਹਾਂ ਖਰਾਬ ਕਰ ਚੁੱਕਾ ਹੈ ਅਜਿਹੇੇ ਵਿੱਚ ਬਾਦਲ ਪਰਿਵਾਰ ਜਿੰਦਾ ਸ਼ਹੀਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਤੋਂ ਉਮੀਦਵਾਰ ਖੜ੍ਹਾ ਕਰਕੇ ਆਪਣੀ ਸਿਆਸਤ ਚਮਕਾਉਣ ਲਈ ਬੰਦੀ ਸਿੰਘਾਂ ਦਾ ਹਮਾਇਤੀ ਹੋਣ ਦਾ ਦਿਖਾਵਾ ਕਰ ਰਹੇ ਹਨ ਜਦੋਂ ਕਿ ਬਾਦਲ ਪਰਿਵਾਰ ਦੇ ਪੰਥ ਵਿਰੋਧੀ ਕੰਮ ਕਿਸੇ ਕੋਲੋਂ ਲੁੱਕੇ- ਛਿਪੇ ਨਹੀਂ ਹਨ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਿੱਖ ਕੌਮ ਦੀਆਂ ਪੰਥਕ ਸੰਸਥਾਵਾਂ ਵਿੱਚ ਆਏ ਨਿਘਾਰ ਲਈ ਬਾਦਲ ਪਰਿਵਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦਲ ਦੀ ਹੋਈ ਨਾਮੋਸ਼ੀਜਨਕ ਹਾਰ ਤੋਂ ਬਾਅਦ ਬਾਦਲ ਪਰਿਵਾਰ ਪੂਰੀ ਤਰ੍ਹਾਂ ਬੁਖਲਾ ਗਿਆ ਹੈ ਅਤੇ ਅਜਿਹੀ ਸਥਿਤੀ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਹਿੱਤ ਚੇਤੇ ਆਉਣ ਲੱਗ ਪਏ ਹਨ ਤਾਂ ਜੋ ਪੰਥ ਅਤੇ ਪੰਜਾਬ ਵਿੱਚ ਖੁਸ ਚੁੱਕੀ ਆਪਣੀ ਸ਼ਾਖ ਨੂੰ ਮੁੜ ਬਹਾਲ ਕੀਤਾ ਜਾ ਸਕੇ।

ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਬੀਬੀ ਕਮਲਦੀਪ ਕੌਰ ਨੂੰ ਬੜੀ ਹੀ ਚਲਾਕੀ ਨਾਲ ਪੰਥਕ ਵੋਟ ਇੱਕਠੀ ਕਰਨ ਲਈ ਆਪਣਾ ਸਿਆਸੀ ਮੋਹਰਾ ਬਣਾ ਕੇ ਖੜ੍ਹਾ ਕੀਤਾ ਹੈ ਪਰ ਹੁਣ ਸਿੱਖ ਕੌਮ ਬਾਦਲ ਪਰਿਵਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਬਾਦਲ ਦਲ ਵੱਲੋਂ ਸਿਆਸੀ ਹੱਥਕੰਡੇ ਇਸੇਤਮਾਲ ਕਰਕੇ ਮੁੜ ਆਪਣੀ ਸਿਆਸੀ ਧਰਾਤਲ ਸਥਾਪਤ ਕਰਨ ਲਈ ਕੀਤੇ ਜਾ ਰਹੇ ਕੋਝੇ ਯਤਨ ਕਦੇ ਵੀ ਕਾਮਯਾਬ ਨਹੀਂ ਹੋਣ ਗਏ।

ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਮੌਜੂਦਾ ਬਦਹਾਲੀ ਵਿੱਚ ਸੁਖਬੀਰ ਬਾਦਲ ਦਾ ਹਾਲ ਉਸੇ ਲੱਕੜਹਾਰੇ ਵਰਗਾ ਹੈ ਜੋ ਜਿਸ ਟਾਹਣੀ ਉੱਤੇ ਬੈਠਾ ਹੈ ਉਸੇ ਨੂੰ ਹੀ ਵੱਢ ਰਿਹਾ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ 100 ਸਾਲ ਤੋਂ ਵੱਧ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾਂਮੱਤਾ ਇਤਿਹਾਸ ਹੈ।ਕੋਈ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਰਬਾਨੀਆਂ ਕਰਨ ਵਾਲੇ ਅਤੇ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲੇ ਆਗੂਆਂ ਦੀ ਵੀ ਬਹੁਤਤ ਹੁੰਦੀ ਸੀ ਪਰ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ ਇਨ੍ਹਾਂ ਨੇ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀਆਂ ਆਪਹੁਦਰੀਆਂ ਅਤੇ ਤਾਨਾਸ਼ਾਹੀ ਰਵੱਈਏ ਨੇ ਪਾਰਟੀ ਨੂੰ ਇਸ ਕਦਰ ਨੀਵਾਂ ਲਿਆਂਦਾ ਹੈ ਕਿ ਕਿਸੇ ਸਮੇਂ ਪੰਜਾਬ ਦੀ ਪ੍ਰਮੁੱਖ ਪਾਰਟੀ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਵੀ ਨਸੀਬ ਨਹੀਂ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button