ਸਿੱਖ ਵਿਰਾਸਤ ਭਾਰਤ ਦੀ ਪਹਿਚਾਣ-Modi, Sikh ਭਾਰਤੀ ਧਰਮ ਦੇ ਰਾਖੇ – Yogi
Internet 'ਤੇ 'Veer Baal Divas' ਦੀ ਭਰਮਾਰ
ਅਮਰਜੀਤ ਸਿੰਘ ਵੜੈਚ (94178-01988)
ਭਾਰਤ ਸਰਕਾਰ ਨੇ ਕੱਲ੍ਹ 26 ਦਿਸੰਬਰ ਨੂੰ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੇ 319ਵੇਂ ਸ਼ਹੀਦੀ ਦਿਵਸ ਨੂੰ ‘ਵੀਰ ਬਾਲ ਦਿਵਸ’ ਦੇ ਰੂਪ ‘ਚ ਰਾਸ਼ਟਰੀ ਪੱਧਰ ‘ਤੇ ਮਨਾਇਆ ਜੋ ਸਿੱਖ ਪੰਥ ਲਈ ਇਕ ਬਹੁਤ ਵੱਡੇ ਮਾਣ ਦੀ ਗੱਲ ਹੈ । ਇਸ ਦਿਵਸ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਵਰ੍ਹੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਅਵਸਰ ‘ਤੇ ਨੌ ਜਨਵਰੀ ਨੂੰ ਕੀਤਾ ਸੀ ।
ਕੱਲ੍ਹ ਦੇ ਇਸ ਅਵਸਰ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਮੌਕੇ ‘ਤੇ ਪੀਐੱਮ ਨੇ ਖ਼ੁਦ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਜਿਸ ਦਾ ਦੂਰਦਰਸ਼ਨ ਨੇ ਰਾਸ਼ਟਰੀ ਪੱਧਰ ‘ਤੇ ਪ੍ਰਸਾਰਣ ਵੀ ਕੀਤਾ । ਮੇਜਰ ਧਿਆਨ ਚੰਦ ਸਟੇਡੀਅਮ, ਦਿੱਲੀ ‘ਚ ਹੋਇਆ ਇਹ ਸ਼ਹੀਦੀ ਸਮਾਗਮ ਹੁਣ ਭਵਿਖ ਵਾਸਤੇ ਇਕ ਰੀਤ ਬਣ ਗਈ ਹੈ ਕਿ ਅੱਗੇ ਤੋਂ ਇਸ ਦਿਨ ਦੇਸ਼ ਦੇ ਪੀਐੱਮ ਇਸ ਅਵਸਰ ‘ਤੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਹਾਜ਼ਿਰ ਹੋਇਆ ਕਰਨਗੇ ।
ਪੀ.ਐੱਮ. ਨੇ ਇਸ ਅਵਸਰ ‘ਤੇ ਸੰਬੋਧਨ ਕਰਦਿਆਂ ਇਸ ਗੱਲ ਦਾ ਜ਼ਿਕਰ ਬੜੇ ਵਿਸਤਾਰ ‘ਚ ਕੀਤਾ ਕਿ ਸਾਹਿਬਜ਼ਾਦਿਆਂ ਨੇ ਛੋਟੀ ਉਮਰ ‘ਚ ਆਪਣੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿਤੀਆਂ ਜੋ ਇਸ ਤੱਥ ਦੀ ਗਵਾਹੀ ਹਨ ਕਿ ਬਲੀਦਾਨ ਦੇਣ ਸਮੇਂ ਉਮਰ ਮਾਇਨੇ ਨਹੀਂ ਰੱਖਦੀ । ਉਨ੍ਹਾ ਕਿਹਾ ਕਿ ਇਹ ਦਿਵਸ ਸਾਨੂੰ ਇਹ ਯਾਦ ਕਰਾਏਗਾ ਕਿ ਦੇਸ਼ ਦੇ ਸਵੈਮਾਨ ਵਾਸਤੇ ਸਿਖ ਗੁਰੂਆਂ ਦਾ ਕੀ ਯੋਗਦਾਨ ਹੈ ਅਤੇ ਇਸ ਨਾਲ਼ ਭਾਰਤ ਦੀ ਪਹਿਚਾਣ ਵੀ ਬਣੇਗੀ । ਪੀਐੱਮ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੌਜਵਾਨ ਪੀੜ੍ਹੀਆਂ ਨੂੰ ਵੀ ਰੌਸ਼ਨੀ ਦਿਖਾਵੇਗੀ । ਉਨ੍ਹਾਂ ਆਪਣੇ ਭਾਸ਼ਨ ‘ਚ ਵਾਰ-ਵਾਰ ਸਿਖਾਂ ਦਾ ਨਾਮ ਲੈ ਲੈ ਕੇ ਸਿਖਾਂ ਦਾ ਮਾਣ ਵੀ ਵਧਾਇਆ ਅਤੇ ਬੜੇ ਵਧੀਆ ਢੰਗ ਨਾਲ਼ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿਤੀ । ਇਹ ਇਕ ਇਤਿਹਾਸਿਕ ਦਿਨ ਬਣ ਗਿਆ ਹੈ ।
ਭਾਵੇਂ ਮੋਦੀ ਜੀ ਨੇ ਕਿਹਾ ਕਿ ਜੋ ਗ਼ਲਤੀ ਦਹਾਕਿਆਂ ਪਹਿਲਾਂ ਕੀਤੀ ਗਈ ਸੀ ਹੁਣ ਉਸ ਨੂੰ ਸੁਧਾਰ ਦਿਤਾ ਗਿਆ ਹੈ । ਮੋਦੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਮਾਂ ਸਿਰਫ 300 ਸਾਲ ਪੁਰਾਣੀ ਘਟਨਾ ਹੈ । ਸਾਹਿਬਜ਼ਾਦਿਆਂ ਦਾ ਜ਼ਿਕਰ ਕਰਦਿਆਂ ਪੀਐੱਮ ਨੇ ਕਿਹਾ ” ਇਕ ਪਾਸੇ ਧਾਰਮਿਕ ਕੱਟੜਤਾ ਸੀ ਪਰ ਦੂਜੇ ਪਾਸੇ ਹਰ ਇਕ ‘ਚ ਰੱਬ ਵੇਖਣ ਵਾਲ਼ੀ ਉਦਾਰਤਾ ਸੀ ।” ਮੋਦੀ ਨੇ ਜਿਥੇ ਛੋਟੇ ਸਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਦੀ ਬਹਾਦਰੀ ਦਾ ਗੁਣਗਾਨ ਕੀਤਾ ਉਥੇ ਨਾਲ਼ ਦੀ ਨਾਲ਼ ਚਮਕੌਰ ਸਾਹਿਬ ‘ਚ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀਆਂ ਸ਼ਹੀਦੀਆਂ ਦਾ ਵੀ ਜ਼ਿਕਰ ਕੀਤਾ ਤੇ ਮਾਤਾ ਗੁਜਰੀ ਜੀ ਨੂੰ ਵੀ ਸ਼ਰਧਾਂਜਲੀ ਦਿਤੀ ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਦੇ ਜ਼ੁਲਮਾਂ ਅੱਗੇ ਪਹਾੜ ਵਾਂਗ ਖੜ੍ਹੇ ਸਨ । ਔਰੰਗਜ਼ੇਬ ਗੁਰੂ ਦੇ ਸਾਹਿਬਜ਼ਾਦਿਆਂ ਦਾ ਤਲਵਾਰ ਦੇ ਜ਼ੋਰ ‘ਤੇ ਧਰਮ ਬਦਲਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਵੀਰ ਬਹਾਦਰਾਂ ਨੇ ਆਪਣੇ ਆਪ ਨੂੰ ਦੀਵਾਰਾਂ ‘ਚ ਚਿਣਵਾਕੇ ਔਰੰਗਜ਼ੇਬ ਦੇ ਸਾਰੇ ਮਨਸੂਬੇ ਫੇਲ ਕਰ ਦਿਤੇ । ਗੁਰੂ ਜੀ ਨੂੰ ਰਾਸ਼ਟਰਵਾਦੀ ਦੱਸਦਿਆਂ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ ਜਨਮ ਪਟਨਾ ਪੂਰਬ ‘ਚ , ਕਰਮਭੂਮੀ ਉਤਰੀ ਪੱਛਮੀ ਭਾਰਤ ਤੇ ਜੀਵਨ ਯਾਤਰਾ ਮਹਾਂਰਾਸ਼ਟਰ ‘ਚ ਪੂਰੀ ਹੋਈ । ਗੁਰੂ ਗ੍ਰੰਥ ਸਾਹਿਬ ‘ ਏਕ ਭਾਰਤ ਸਰੇਸ਼ਠ ਭਾਰਤ’ ਦਾ ਸੱਭ ਤੋਂ ਵੱਡਾ ਪ੍ਰਤੀਕ ਹੈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਦੇ ਭਗਤਾਂ ਦੀ ਬਾਣੀ ਸ਼ਾਮਿਲ ਹੈ । ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੰਜ ਪਿਆਰਿਆਂ ‘ਚੋਂ ਸਾਰੇ ਦੇਸ਼ ਦੇ ਵੱਖ-ਵੱਖ ਹਿਸਿਆਂ ‘ਚੋਂ ਸਨ ਤੇ ਇਕ ( ਭਾਈ ਮੋਹਕਮ ਸਿੰਘ ) ਗੁਜਰਾਤ ਦੇ ਦਵਾਰਕਾ ਦੇ ਵੀ ਸਨ ਜਿਸ ਰਾਜ ਵਿੱਚ ਉਨ੍ਹਾਂ ( ਮੋਦੀ) ਦਾ ਜਨਮ ਹੋਇਆ ਸੀ ।
ਪੀਐੱਮ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਬਾਲ ਉਮਰੇ ਹੀ ਆਪਣੇ ਪਿਤਾ ਨੂੰ ਧਰਮ ਦੀ ਖਾਤਿਰ ਕੁਰਬਾਨੀ ਦੇਣ ਲਈ ਕਹਿ ਦੇਣਾ ਇਸ ਗੱਲ ਦੀ ਗਵਾਹੀ ਹੈ ਕਿ ਗੁਰੂ ਜੀ ਲਈ ਰਾਸ਼ਟਰ ਪ੍ਰਥਮ ਸੀ । ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ਼ ਰਾਸ਼ਟਰੀ ਕੁਇਜ਼ ‘ਚ ਨੌਜਵਾਨਾਂ ਨੇ ਹਿਸਾ ਲਿਆ ਉਸ ਮਗਰੋਂ ਭਾਰਤ ਦੇ ਸਾਰੇ ਹਿਸਿਆਂ ‘ਚ ਗੁਰੂਆਂ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪਤਾ ਲੱਗ ਜਾਵੇਗਾ । ਵਰਣਨਯੋਗ ਹੈ ਕਿ ਕੱਲ੍ਹ ਤੋਂ ਹੀ ਇੰਟਰਨੈੱਟ ‘ਤੇ ਵੀ ਵੱਡੀ ਗਿਣਤੀ ‘ਚ ਸਾਹਿਜ਼ਾਦਿਆਂ ਦੇ ਨਾਮ ਦੀਆਂ ਫ਼ਾਇਲਾਂ ਬਣ ਚੁੱਕੀਆਂ ਹਨ ।
ਐੱਸਜੀਪੀਸੀ ਤੇ ਸ਼੍ਰੌਮਣੀ ਅਕਾਲੀ ਦਲ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਦੇ ਨਾਮ ਨਾਲ਼ ਮਨਾਉਣ ‘ਤੇ ਉਜਰ ਕੀਤਾ ਸੀ ਅਤੇ ਇਹ ਮੰਗ ਕੀਤੀ ਸੀ ਕਿ ਇਸ ਦਿਨ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਦਾ ਨਾਮ ਦੇਣਾ ਚਾਹੀਦਾ ਹੈ । ਇਸ ਬਾਰੇ ਸਰਕਾਰ ਤੇ ਬੀਜੇਪੀ ਆਪਣੇ ਢੰਗ ਨਾਲ਼ ਤਰਕ ਦਿੰਦੀ ਨਜ਼ਰ ਆ ਰਹੀ ਹੈ । ਵੈਸੇ ਸਰਕਾਰ ਦੇ ਇਸ ਕਦਮ ਦੀ ਉਂਜ ਸ਼ਲਾਘਾ ਕੀਤੀ ਜਾ ਰਹੀ ਹੈ। ਜਦੋਂ ਸਰਕਾਰ ਇਹ ਦਿਨ ਸਾਹਿਬਜ਼ਾਦਿਆਂ ਨੂੰ ਹੀ ਸਮੱਰਪਿਤ ਕਰ ਚੁੱਕੀ ਹੈ ਤਾਂ ਸਰਕਾਰ ਨੂੰ ਇਸ ਦੇ ਨਾਮ ਨੂੰ ਬਦਲਣ ‘ਤੇ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਬੋਲਦਿਆਂ ਸਾਹਿਬਜ਼ਾਦਿਆਂ ਨੂੰ ਸਰਧਾਂਜਲੀ ਦਿਤੀ ਤੇ ਪੀਐੱਮ ਦਾ ਧੰਨਵਾਦ ਵੀ ਕੀਤਾ । ਇਸ ਸਮਾਗਮ ‘ਚ ਕੇਂਦਰੀ ਕੈਬਨਿਟ ਮੰਤਰੀਆਂ ਸਮੇਤ ‘ਕੌਮੀ ਘੱਟ ਗਿਣਤੀਆਂ ਕਮਿਸ਼ਨ’ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਸਾਮਿਲ ਸਨ ।
ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਕਿਸਾਨ ਅੰਦੋਲਨ ਨੂੰ ਸਮਾਪਤ ਕਰਾਉਣ ਲਈ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ 19 ਨਵੰਬਰ 2021 ਨੂੰ ਕੀਤਾ ਸੀ । ਇਸ ਮਗਰੋਂ ਕਈ ਸਿਖ ਲੀਡਰ ਵੀ ਭਾਜਪਾ ‘ਚ ਸ਼ਾਮਿਲ ਹੋ ਚੁੱਕੇ ਹਨ ਤੇ ਪੀਐੱਮ ਕਈ ਨਾਮਵਰ ਸਿਖਾਂ ਅਤੇ ਸਿਖਾਂ ਦੇ ਸੰਤਾ ਨੂੰ ਵੀ ਮਿਲ਼ ਚੁੱਕੇ ਹਨ । ਇਸ ਤੋਂ ਪਹਿਲਾਂ ਭਾਜਾਪ ਦੀ ਕੇਂਦਰ ਸਰਕਾਰ ਕਰਤਾਰਪੁਰ ਲਾਂਘੇ ‘ਤੇ ਮਹੱਤਵਪੈਰਨ ਰੋਲ ਅਦਾ ਕਰ ਚੁੱਕੀ ਹੈ । ਇਸ ਮਗਰੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਅਤੇ ਇਸੇ ਵਰ੍ਹੇ ਹੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਸ਼ਹੀਦੀ ਪੁਰਬ ‘ਤੇ ਵੀ ਕੇਂਦਰ ਸਰਕਾਰ ਨੇ ਪੂਰੀ ਦਿਲਚਸਪੀ ਦਿਖਾਈ ਸੀ । ਯੂਪੀ ਦੇ ਮੁੱਖ ਮੰਤਰੀ , ਅਦਿਤਿਆ ਨਾਥ ਯੋਗੀ ਨੇ ਤਾਂ ਕਹਿ ਦਿਤਾ ਕਿ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੇ ਭਾਰਤੀ ਸਭਿਆਚਾਰ ਤੇ ਧਰਮ ਨੂੰ ਬਚਾਇਆ ਸੀ ।
ਇਸ ਸਮੁੱਚੇ ਵਰਤਾਰੇ ਦਾ ਅਰਥ ਇਹ ਵੀ ਕੱਢਿਆ ਜਾ ਰਿਹਾ ਹੈ ਕਿ ਬੀਜੇਪੀ ਹੁਣ ਸਿਖਾਂ ਨੂੰ ਵੀ ਰਾਸ਼ਟਰੀ ਪੱਧਰ ‘ਤੇ ਮਹੱਤਵ ਦੇਕੇ ਆਪਣੇ ਆਪ ਨੂੰ ਧਰਮ ਨਿਰਪੱਖ ਹੋਣ ਦਾ ਫ਼ਤਵਾ ਦੇਣਾ ਚਾਹੁੰਦੀ ਹੈ । ਪਿਛਲੇ ਲੰਮੇ ਸਮੇਂ ਤੋਂ ਬੀਜੇਪੀ ਦੀ ਹਿੰਦੂਤਵ ਦੇ ਏਜੰਡੇ ਨੂੰ ਲੈਕੇ ਵਿਰੋਧਤਾ ਹੋ ਰਹੀ ਹੈ । ਭਵਿਖ ‘ਚ ਵੀ ਬੀਜੇਪੀ ਨੂੰ ਆਪਣੀ ਇਸ ਨਵੀਂ ਰਣਨੀਤੀ ਨੂੰ ਸਾਰਥਿਕ ਰੂਪ ‘ਚ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਦੂਜੇ ਧਰਮਾਂ ਵਾਲ਼ੇ ਵੀ ਇਸ ਪ੍ਰਤੀ ਰੁਚਿਤ ਹੋਣ ਤਾਂ ਹੀ ਭਾਰਤ, ਅਸਲੀ ਭਾਰਤ ਬਣੇਗਾ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.