
SC ਨੇ ਸੋਮਵਾਰ ਨੂੰ ਕਿਹਾ ਕਿ ਵਿਆਹ ਤੋਂ ਪਹਿਲਾਂ ਲੜਕਾ ਅਤੇ ਲੜਕੀ ਪੂਰੀ ਤਰ੍ਹਾਂ ਅਜਨਬੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਵੇਲੇ ਸਾਵਧਾਨ ਰਹਿਣਾ ਚਾਹੀਦਾ ਹੈ। ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਉੱਜਲ ਭੂਈਆਂ ਦੀ ਬੈਂਚ ਨੇ ਵਿਆਹ ਦੇ ਝੂਠੇ ਵਾਅਦੇ ਉਤੇ ਜਬਰ ਜਨਾਹ ਦੇ ਦੋਸ਼ੀ ਵਿਅਕਤੀ ਦੀ ਜ਼ਮਾਨਤ ਪਟੀਸ਼ਨ ਉਤੇ ਸੁਣਵਾਈ ਕਰਦਿਆਂ ਔਰਤ ਨੂੰ ਸਵਾਲ ਕੀਤਾ ਕਿ ਉਹ ਦੁਬਈ ਕਿਉਂ ਗਈ, ਜਿੱਥੇ ਉਨ੍ਹਾਂ ਨੇ ਸਰੀਰਕ ਸੰਬੰਧ ਬਣਾਏ। ਬੈਂਚ ਨੇ ਕਿਹਾ, ‘‘ਇਹ ਸਹਿਮਤੀ ਨਾਲ ਹੈ। ਅਸੀਂ ਪੁਰਾਣੇ ਜ਼ਮਾਨੇ ਦੇ ਹੋ ਸਕਦੇ ਹਾਂ ਪਰ ਵਿਆਹ ਤੋਂ ਪਹਿਲਾਂ ਇਕ ਮੁੰਡਾ ਅਤੇ ਕੁੜੀ ਪੂਰੀ ਤਰ੍ਹਾਂ ਅਜਨਬੀ ਹਨ। ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਲਈ ਸਾਵਧਾਨ ਰਹਿਣਾ ਚਾਹੀਦਾ ਹੈ।’’ ਜਸਟਿਸ ਨਾਗਰਤਨਾ ਨੇ ਕਿਹਾ, ‘‘ਅਸੀਂ ਇਹ ਸਮਝਣ ਵਿਚ ਅਸਫਲ ਹਾਂ ਕਿ ਕੋਈ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧਾਂ ਵਿਚ ਕਿਵੇਂ ਸ਼ਾਮਲ ਹੋ ਸਕਦੇ ਹਨ। ਹੋ ਸਕਦਾ ਹੈ ਕਿ ਸਾਡੀ ਸੋਚ ਪੁਰਾਣੇ ਜ਼ਮਾਨੇ ਦੀ ਹੋਵੇ ਪਰ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ, ਕਿਸੇ ਉਤੇ ਵੀ ਵਿਆਹ ਤੋਂ ਪਹਿਲਾਂ ਕਿਸੇ ਉਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।’’ ਔਰਤ ਦੇ ਵਕੀਲ ਨੇ ਕਿਹਾ ਕਿ ਉਹ 2022 ਵਿਚ ਇਕ ਵਿਆਹ ਦੀ ਵੈਬਸਾਈਟ ਉਤੇ ਮਿਲੇ ਸਨ ਅਤੇ ਉਸ ਨੇ ਕਥਿਤ ਤੌਰ ਉਤੇ ਦਿੱਲੀ ਅਤੇ ਬਾਅਦ ਵਿਚ ਦੁਬਈ ਵਿਚ ਕਈ ਮੌਕਿਆਂ ਉਤੇ ਵਿਆਹ ਦੇ ਝੂਠੇ ਵਾਅਦੇ ਉਤੇ ਉਸ ਨਾਲ ਸਰੀਰਕ ਸੰਬੰਧ ਸਥਾਪਤ ਕੀਤੇ। ਜਸਟਿਸ ਨਾਗਰਤਨਾ ਨੇ ਔਰਤ ਤੋਂ ਪੁੱਛ-ਪੜਤਾਲ ਕੀਤੀ ਕਿ ਉਸ ਨੂੰ ਦੁਬਈ ਜਾਣ ਦੀ ਕੀ ਲੋੜ ਸੀ ਅਤੇ ਕਿਹਾ ਕਿ ਇਹ ਸਹਿਮਤੀ ਨਾਲ ਜੁੜੇ ਰਿਸ਼ਤੇ ਦਾ ਮਾਮਲਾ ਜਾਪਦਾ ਹੈ।
ਜਸਟਿਸ ਨਾਗਰਤਨਾ ਨੇ ਆਦਮੀ ਦੇ ਵਕੀਲ ਨੂੰ ਕਿਹਾ ਕਿ ਉਹ ਉਸ ਨੂੰ ਕੁੱਝ ਮੁਆਵਜ਼ਾ ਦੇਣ ਅਤੇ ਕੇਸ ਖ਼ਤਮ ਕਰਨ। ਔਰਤ ਨੇ ਅਪਣੀ ਸ਼ਿਕਾਇਤ ’ਚ ਦਾਅਵਾ ਕੀਤਾ ਹੈ ਕਿ ਉਸ ਦੇ ਜ਼ੋਰ ਦੇਣ ਉਤੇ ਉਹ ਦੁਬਈ ਗਈ ਸੀ, ਜਿੱਥੇ ਉਸ ਨੇ ਕਥਿਤ ਤੌਰ ਉਤੇ ਵਿਆਹ ਦੇ ਝੂਠੇ ਬਹਾਨੇ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਅਸ਼ਲੀਲ ਵੀਡੀਉ ਰੀਕਾਰਡ ਕੀਤੀਆਂ ਅਤੇ ਧਮਕੀ ਦਿਤੀ ਕਿ ਜੇਕਰ ਉਸ ਨੇ ਵਿਰੋਧ ਕੀਤਾ ਤਾਂ ਉਹ ਉਨ੍ਹਾਂ ਨੂੰ ਫੈਲਾ ਦੇਵੇਗਾ। ਔਰਤ ਨੇ ਦਸਿਆ ਕਿ ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਉਸ ਨੇ ਜਨਵਰੀ 2024 ’ਚ ਪੰਜਾਬ ’ਚ ਦੂਜੀ ਔਰਤ ਨਾਲ ਵਿਆਹ ਕਰਵਾ ਲਿਆ ਸੀ। ਦਿੱਲੀ ਹਾਈ ਕੋਰਟ ਅਤੇ ਹੇਠਲੀ ਅਦਾਲਤ ਨੇ ਵਿਅਕਤੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਸੀ। ਹਾਈ ਕੋਰਟ ਨੇ ਜ਼ਮਾਨਤ ਰੱਦ ਕਰਦਿਆਂ ਕਿਹਾ ਕਿ ਦੋਸ਼ ਪਹਿਲੀ ਨਜ਼ਰ ਤੋਂ ਸੰਕੇਤ ਦਿੰਦੇ ਹਨ ਕਿ ਵਿਆਹ ਦਾ ਵਾਅਦਾ ਸ਼ੁਰੂ ਤੋਂ ਹੀ ਝੂਠਾ ਸੀ, ਖ਼ਾਸਕਰ ਕਿਉਂਕਿ ਪਟੀਸ਼ਨਕਰਤਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਨੇ 19 ਜਨਵਰੀ, 2024 ਨੂੰ ਦੁਬਾਰਾ ਵਿਆਹ ਕਰਵਾ ਲਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




