EDITORIAL

ਸਤੀਸ਼ ਦੀ ਖੁਦਕੁਸ਼ੀ : ਪੁਲਿਸ ਜੀ, ਹੁਣ ਤਾਂ ਜਾਗੋ !

ਲੀਡਰ ਤੇ ਅਫ਼ਸਰ , 'ਝਾੜਦੇ' ਨੇ ਅਕਸਰ

ਪਰਸੋਂ ਹਸ਼ਿਆਰਪੁ ਦੇ ਹਰਿਆਣਾ ਠਾਣੇ ‘ਚ ਸਤੀਸ਼ ਕੁਮਾਰ, ਏਐੱਸਆਈ ਵੱਲੋਂ  ਸੀਨੀਅਰ ਅਫ਼ਸਰ ਦੇ ਗ਼ਲਤ ਬੋਲਣ ਤੋਂ ਪ੍ਰੇਸ਼ਾਨ ਹੋਕੇ ਖੁਦਕੁਸ਼ੀ  ਨੇ ਸਾਰੇ ਪੰਜਾਬ ‘ਚ ਸੋਗ ਦੀ ਲਹਿਰ ਖਿੰਡਾ ਦਿੱਤੀ ਹੈ । ਸਤੀਸ਼ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਇਕ ਪੱਤਰ ਲਿਖਿਆ ਤੇ ਫਿਰ ਖੁਦ ਨੂੰ ਗੋਲ਼ੀ ਮਾਰਨ ਤੋਂ ਪਹਿਲਾਂ ਉਹਨੇ  ਵੀਡੀਓ ਬਣਾਈ , ਸਤੀਸ਼ ਨੇ ਪੁਲਿਸ ਚੌਂਕੀ, ਟਾਂਡਾ ਦੇ ਐੱਸਐੱਚਓ ਉਂਕਾਰ ਸਿੰਘ ਬਰਾੜ ‘ਤੇ ਦੋਸ਼ ਲਾਏ ਹਨ ਕਿ  ਐੱਸਐੱਚਓ ਨੇ ਰਾਤ ਦੋ ਵਜੇ ਠਾਣੇ ‘ਚ ਆਕੇ ਕਈ ਗ਼ੈਰ-ਜ਼ਰੂਰੀ ਸਵਾਲ ਕੀਤੇ , ਤਸੱਲੀਬਖਸ਼ ਜਵਾਬ ਨਾ ਮਿਲਣ ‘ਤੇ ਐੱਸਐੱਚਓ ਨੇ ਸਤੀਸ਼ ਨੂੰ ਗਾਲ਼ਾਂ ਕੱਢਕੇ ਜ਼ਲੀਲ ਕੀਤਾ ਜਿਸ ਕਾਰਨ ਸਤੀਸ਼ ਨੇ ਇਹ ਕਦਮ ਚੁੱਕਿਆ ।

ਪੰਜਾਬ ਵਾਸੀ ਭਲੀਭਾਂਤ ਵਾਕਿਫ਼ ਹਨ ਕਿ ਆਮ ਵਿਅਕਤੀ ਨਾਲ਼ ਬਹੁਤੇ ਪੁਲਿਸ ਵਾਲ਼ੇ ਕੀ ਵਿਹਾਰ ਕਰਦੇ ਹਨ । ਲੋਕ ਅਕਸਰ ਆਪਣੇ ਵਾਕਿਫ਼ ਜਾਂ ਯਾਰ ਦੋਸਤ ਪੁਲਿਸ ਵਾਲ਼ਿਆਂ ਤੋਂ ਪੁੱਛ ਲੈਂਦੇ ਹਨ । ਕੀ ਪੁਲਿਸ ‘ਚ ਭਰਤੀ ਹੋਣ ਸਮੇਂ  ਗਾਲ਼ਾਂ ਕੱਢਣ ਦੀ ਟ੍ਰੈਨਿੰਗ ਵੀ ਦਿੱਤੀ ਜਾਂਦੀ ਹੈ ? ਪੁਰਾਣੇ ਪੁਲਿਸ ਵਾਲ਼ੇ ਤਾਂ ਗਾਲ਼ਾਂ ਕੱਢਣ ਲਈ ਬਹੁਤ ਬਦਨਾਮ ਹਨ ਪਰ ਨਵਾਂ ਪੋਚ ਕਾਫ਼ੀ ਸੰਵੇਦਨਸ਼ੀਲ ਹੈ ।

ਪੰਜਾਬ ਪੁਲਿਸ ਅਕਸਰ ਚਰਚਾਵਾਂ ‘ਚ ਹੀ ਰਹਿੰਦੀ ਹੈ । 1970 ਦੀ ਨਕਸਲਬਾੜੀ ਲਹਿਰ ਸਮੇਂ ਤੇ ਫਿਰ 1980 ਦਹਾਕੇ ਦੇ ਅੱਤਵਾਦ ਸਮੇਂ ਪੰਜਾਬ ਪੁਲਿਸ ਹਮੇਸ਼ਾ ਮਾੜੇ ਕਾਰਨਾਂ ਕਰਕੇ ਸੁਰਖੀਆਂ ‘ਚ ਰਹੀ । ਇਨ੍ਹਾਂ ਦੋਨਾਂ ਹੀ ਸਮਿਆਂ ‘ਚ ਪੁਲਿਸ ਦਾ ਵੀ ਵੱਡੇ ਪੱਧਰ ‘ਤੇ ਨੁਕਸਾਨ ਵੀ ਹੋਇਆ ਜਿਸ ਵਿੱਚ ਪੁਲਿਸ ਵਾਲਿਆਂ ਦੇ ਕਈ ਘਰ ਬਰਬਾਦ ਹੋ ਗਏ ਤੇ ਬਹੁਤ ਬੱਚੇ ਯਤੀਮ ਹੋ ਗਏ ਪਰ ਪੁਲਿਸ ਨੇ ਵੀਇਸ ਸਮੇਂ ‘ਚ ਮੰਨ ਆਈਆਂ ਕਰਦੀ ਰਹੀ , ਇਸ ਸਬੰਧੀ ਜਸਵੰਤ ਸਿੰਘ ਖਾਲੜਾ ਦੇ ਇਕੋ ਕੇਸ ਦਾ ਜ਼ਿਕਰ ਹੀ ਬਹੁਤ ਹੈ । ਨਕਸਲਬਾੜੀ ਲਹਿਰ ਬਾਰੇ ਜਸਵੰਤ ਸਿੰਘ ਕੰਵਲ ਦਾ ਨਾਵਲ ‘ ਲਹੂ ਦੀ ਲੋਅ’ ਤੇ ਅੱਤਵਾਦ ਬਾਰੇ ਵਰਿੰਦਰ ਸਿੰਘ ਵਾਲ਼ੀਆ ਦਾ ਨਾਵਲ ‘ ਤਨਖਾਈਏ’ ਪੜ੍ਹੇ ਜਾ ਸਕਦੇ ਹਨ ।

ਸਾਲ 1993, 30 ਅਕਤੂਬਰ ਨੂੰ ਵਲਟੋਹਾ ਥਾਣੇ ਦੇ ਐੱਸਐੱਚਓ ਸੀਤਾ ਰਾਮ ਵੱਲੋ ਪਹਿਲੀ ਰਾਤ ਪੁਲਿਸ ਮੁਕਾਬਲ‌ੇ ‘ਚ ਮਾਰੇ ਗਏ ਕਥਿਤ ਅੱਤਵਾਦੀ ਸਰਬਜੀਤ  ਦੇ  ਪੱਟੀ ਹੱਸਪਤਾਲ ਦੇ ਮੁਰਦਾ ਘਰ ‘ਚ ਸਹਿਕਦੇ ਹੋਣ ਦੀ , ਕਾਮਰੇਡ ਮਹਾਂਬੀਰ ਸਿੰਘ ਦੀ ਹਿੰਮਤ ਸਦਕਾ ,ਅੱਗ ਵਾਂਗ ਫੈਲੀ ਖ਼ਬਰ ਨੇ ਸੀਤਾ ਰਾਮ ਦੇ ਹੋਸ਼ ਉਡਾ ਦਿਤੇ । ਸੀਤਾ ਰਾਮ ਸਰਬਜੀਤ ਨੂੰ ਹੱਸਪਤਾਲ਼ ‘ਚੋਂ ਫਿਰ ਚੁੱਕਕੇ ਅੰਮ੍ਰਿਤਸਰ ਲੈ ਜਾਣ ਦਾ ਬਹਾਨਾ ਬਣਾਇਆ ਤੇ ਫਿਰ ਮਾਰਕੇ ਓਸੇ ਹੀ  ਮੁਰਦਾ ਘਰ ‘ਚ ਲਿਆ ‘ਸੁਟਿਆ’ । ‘ਦਾ ਟ੍ਰਿਬਿਊਨ’ਦੇ ਸਾਹਸੀ, ਸੀਨੀਅਰ ਪੱਤਰਕਾਰ ਹਰਬੀਰ ਸਿੰਘ ਭੰਵਰ ਦੀ ਫਰੰਟ ਪੇਜ ਸਟੋਰੀ ਨੇ ਸੁਪਰੀਮ ਕੋਰਟ ਨੂੰ ਓਸੇ ਦਿਨ ਹੀ ਸੀਬੀਆਈ ਜਾਂਚ ਟੀਮ ਭੇਜਣ ਦੇ ਆਦੇਸ਼ ਕਰਨ ਲਈ ਮਜਬੂਰ ਕਰ ਦਿਤਾ । ਸੀਤਾ ਰਾਮ ਨੂੰ ਉਮਰ ਕੈਦ ਹੋਈ ਸੀ ।

ਪੰਜਾਬ ਪੁਲਿਸ ਦੇ ਸ਼ਰਾਬੀ ਸਿਪਾਹੀਆਂ ਦੀ ਵੀਡੀਓਜ਼ ਕਈ ਵਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਕੋਵਿਡ ਦੌਰਾਨ ਲੱਗੇ ‘ਲੌਕਡਾਉਨ’ ‘ਚ ਪੁਲਿਸ ਨੇ ਉਪਰੋਂ ਆਈਆਂ ਹਦਾਇਤਾਂ ਲਾਗੂ ਕਰਾਉਣ ਲਈ ਕਈ ਲੋਕਾਂ ਨੂੰ ਬਹੁਤ ਡੰਡਾ ਪਰੇਡ ਕੀਤੀ , ਫ਼ਗਵਾੜੇ ‘ਚ ਇਕ ਇੰਸਪੈਕਟਰ  ਕੋਵਿਡ  ਦੌਰਾਨ ਇਕ ਰੇੜ੍ਹੀ ਵਾਲ਼ੇ ਦੀ ਰੇੜ੍ਹੀ ਨੂੰ ਲੱਤ ਮਾਰਕੇ ਉਲਟਾਉਂਦਾ ਦਿਸਿਆ, ਇਕ ਸਿਪਾਹੀ ਇਕ ਰੇੜ੍ਹੀ ਤੋਂ  ਆਂਡੇ ਚੋਰੀ ਕਰਦਾ ਵੇਖਿਆ ਗਿਆ  ,ਹਾਲ ਹੀ ਵਿੱਚ ਨਾਭਾ ‘ਚ ਇਕ ਹਵਾਲਾਤੀ ਨੇ ਖੁਦਕੁਸ਼ੀ ਕਰ ਲਈ । ਇਕ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਦੀ ਕਥਿਤ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਕਥਿਤ ਰੂਪ ‘ਚ  ਸੇਖੋਂ ਨੂੰ ਧਮਕੀ ਦਿੰਦਾ ਸੁਣਿਆਂ ਜਾ ਸਕਦਾ ਹੈ ।

ਇਸੇ ਤਰ੍ਹਾਂ ਫ਼ਾਜ਼ਿਲਕਾ ਤੋਂ ਕਾਂਗਰਸ ਦਾ ਵਿਧਾਇਕ ਦਵਿੰਦਰ ਸਿੰਘ ਗੁਭਾਇਆ  ਐੱਸਐੱਚਓ , ਲਵਮੀਤ ਕੌਰ , ਫ਼ਾਜ਼ਿਲਕਾ  ਨੂੰ ਕਥਿਤ ਤੌਰ ‘ਤੇ ਬਦਲੀ ਕਰਵਾਉਣ ਦੀ ਧਮਕੀ ਦਿੰਦਾ ਸੁਣਿਆ ਗਿਆ । ਪੱਟੀ ਦੇ  ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਵੀ ਇਕ ਆਡੀਓ ਕਲਿਪ ਵਾਇਰਲ ਹੋਈ ਜਿਸ ‘ਚ ਵਿਧਾਇਕ, ਹਰੀਕੇ ਦੇ ਨਵੇਂ ਲੱਗੇ ਐੱਸਐੱਚਓ ਨੂੰ ਇਸ ਕਰਕੇ ਕਥਿਤ ਤੌਰ ‘ਤੇ ਝਾੜ ਝੰਬ ਕਰਦਾ ਸੁਣਿਆ ਗਿਆ ਹੈ ਕਿ ਐੱਸਐੱਚਓ ਨਵਨੀਤ ਸਿੰਘ ਨੇ ਡਿਊਟੀ ਸਾਂਭਣ ਮਗਰੋਂ ਵਿਧਾਇਕ ਨੂੰ ‘ਕਰਟਸੀ ਕਾਲ’ ਕਿਉਂ ਨਹੀਂ ਕੀਤੀ ।

ਜੇਕਰ ਪੁਲਿਸ ਦੇ ਨਜ਼ਰੀਏ ਤੋਂ ਵੇਖੀਏ ਤਾਂ ਮਤਾਹਿਤ ਕਰਮਚਾਰੀ ਅਕਸਰ ਸੜਕਾਂ ਕਿਨਾਰੇ ਕੜਕਦੀਆਂ ਧੁੱਪਾਂ  ਤੇ ਵਰ੍ਹਦੇ ਮੀਹਾਂ ‘ਚ ਵੀਆਈਪੀਜ਼ ਦੇ ਦੌਰਿਆਂ  ਸਮੇਂ ਲਗਾਤਾਰ ਡਿਊਟੀਆਂ ਕਰਦੇ ਵੇਖੇ ਜਾਂਦੇ ਹਨ । ਡਿਊਟੀ ਦੌਰਾਨ ਇਨ੍ਹਾਂ ਕਰਮਚਾਰੀਆਂ ਨੂੰ ਪਾਣੀ/ਰੋਟੀ ਦਾ ਵੀ ਆਪ ਹੀ ਪ੍ਰਬੰਧ ਕਰਨਾ ਪੈਂਦਾ ਹੈ । ਕਈ ਵਾਰ ਤਾਂ ਦੇਰ ਰਾਤ ਡਿਊਟੀ ਮਗਰੋਂ ਇਹ ਟਰੱਕਾਂ  ਤੇ ਬੱਸਾਂ ਦੀਆਂ ਛੱਤਾਂ ‘ਤੇ ਵੀ ਚੜ੍ਹਕੇ ਜਾਂਦੇ ਵੇਖੇ ਗਏ ਹਨ । ਇਨ੍ਹਾਂ ਨੂੰ ਨਿੱਜੀ ਮੁਸ਼ਕਿਲਾਂ ਵੱਖਰੀਆਂ ਜੋ ਔਬੜ ਸਮ‌ਿਆਂ ‘ਤੇ ਡਿਊਟੀਆਂ ਕਰਨ ਕਾਰਨ ਬਣਦੀਆਂ ਹਨ। ਹੁਣ ਤਾਂ ਤਕਰੀਬ ਹਰ ਕਰਮਚਾਰੀ ਡਿਊਟੀ ਮਗਰੋਂ ਆਪਣੇ ਘਰ ਚਲਾ ਜਾਂਦਾ ਹੈ ਪਰ ਕੁਝ ਸਮਾਂ ਪਹਿਲਾਂ ਇੰਜ ਨਹੀਂ ਸੀ ਹੁੰਦਾ ।

ਕਈ ਕਹਿ ਰਹੇ ਹਨ ਕਿ ਸਤੀਸ਼ ਕੁਮਾਰ ਨੇ ਚੰਗਾ ਨਹੀਂ ਕੀਤਾ ਪਰ ਸਵਾਲ ਇਹ ਹੈ ਕਿ ਉਸ ਨੂੰ ਇਹ ਕਰਨ ਲਈ ਕਿਹੜੀਆਂ ਸਥਿਤੀਆਂ ਜ਼ਿਮੇਵਾਰ ਹਨ ? ਪੰਜਾਬ ਪੁਲਿਸ ਲਈ ਇਹ ਹੁਣ ਵੱਡੀ ਚੁਣੌਤੀ ਵਾਲ਼ੀ ਘੜੀ ਹੈ ਕਿ ਭਵਿਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਉਸ ਲਈ ਉਹ  ਕੀ ਰਣਨੀਤੀ ਬਣਾਉਂਦੀ ਹੈ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button