ਰਿਪਬਲਿਕਨ ਅਮਰੀਕੀ ਸਾਂਸਦ ਮੈਰੀ ਮਿਲਰ ਨੇ ਸਿੱਖ ਪਾਠੀ ਨੂੰ ਕਿਹਾ “ਮੁਸਲਮਾਨ”

ਰਿਪਬਲਿਕਨ ਅਮਰੀਕੀ ਸਾਂਸਦ ਮੈਰੀ ਮਿਲਰ ਕਾਂਗਰਸ ਵਿੱਚ ਪ੍ਰਾਰਥਨਾ ਸਭਾ ਦੀ ਅਗਵਾਈ ਕਰ ਰਹੇ ਸਿੱਖ ਪਾਠੀ ਨੂੰ “ਮੁਸਲਮਾਨ” ਕਹਿ ਕੇ ਵਿਵਾਦਾਂ ਵਿਚ ਘਿਰ ਗਈ। ਉਸਨੇ ਸੋਸ਼ਲ ਮੀਡੀਆ ‘ਤੇ ਧਾਰਮਿਕ ਵਿਤਕਰੇ ਵਾਲੀ ਟਿੱਪਣੀ ਕੀਤੀ। ਬਾਅਦ ਵਿੱਚ ਉਸ ਨੂੰ ਸੋਸ਼ਲ ਮੀਡੀਆ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੇ ਪੋਸਟ ਡਿਲੀਟ ਕਰ ਦਿੱਤੀ।
ਸ਼ੁੱਕਰਵਾਰ ਨੂੰ ਮੈਰੀ ਮਿਲਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ: “ਇਹ ਬਹੁਤ ਚਿੰਤਾਜਨਕ ਹੈ ਕਿ ਇੱਕ ਮੁਸਲਮਾਨ ਨੂੰ ਅੱਜ ਸਵੇਰੇ ਪ੍ਰਤੀਨਿਧੀ ਸਭਾ ਵਿੱਚ ਪ੍ਰਾਰਥਨਾ ਦੀ ਅਗਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਅਮਰੀਕਾ ਦੀ ਸਥਾਪਨਾ ਇੱਕ ਈਸਾਈ ਰਾਸ਼ਟਰ ਵਜੋਂ ਹੋਈ ਸੀ ਅਤੇ ਮੈਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਨੂੰ ਇਸ ਹਕੀਕਤ ਨੂੰ ਦਰਸਾਉਣਾ ਚਾਹੀਦਾ ਹੈ। ਰੱਬ ਰਹਿਮ ਕਰੇ!”
ਪਰ ਜਿਸ ਵਿਅਕਤੀ ਦੀ ਉਹ ਆਲੋਚਨਾ ਕਰ ਰਹੀ ਸੀ ਉਹ ਇੱਕ ਮੁਸਲਮਾਨ ਨਹੀਂ ਸੀ ਸਗੋਂ ਇੱਕ ਸਿੱਖ ਪਾਠੀ ਗਿਆਨੀ ਸੁਰਿੰਦਰ ਸਿੰਘ ਸੀ, ਜਿਸਨੂੰ ਉਸ ਦਿਨ ਗੈਸਟ ਚੈਪਲਿਨ ਵਜੋਂ ਸੱਦਾ ਦਿੱਤਾ ਗਿਆ ਸੀ। ਉਸ ਨੂੰ ਨਿਊ ਜਰਸੀ ਤੋਂ ਰਿਪਬਲਿਕਨ ਸੰਸਦ ਮੈਂਬਰ ਜੈਫ ਵੈਨ ਡਰੂ ਨੇ ਸੱਦਾ ਦਿੱਤਾ ਸੀ।
ਉਸ ਨੇ ਕਿਹਾ ਕਿ “ਗਿਆਨੀ ਸਿੰਘ ਸ਼ਬਦਾਂ ਨਾਲ ਨਹੀਂ, ਸਗੋਂ ਆਪਣੇ ਵਿਵਹਾਰ ਨਾਲ, ਸ਼ਾਂਤੀ, ਨਿਮਰਤਾ ਅਤੇ ਸਾਰਿਆਂ ਦੀ ਸੇਵਾ ਦੀ ਭਾਵਨਾ ਨਾਲ ਅਗਵਾਈ ਕਰਦੇ ਹਨ। ਇਹ ਸਿਰਫ਼ ਸਿੱਖ ਕਦਰਾਂ-ਕੀਮਤਾਂ ਬਾਰੇ ਨਹੀਂ, ਸਗੋਂ ਅਮਰੀਕੀ ਕਦਰਾਂ-ਕੀਮਤਾਂ ਬਾਰੇ ਵੀ ਹੈ।” ਉਸਨੇ ਇਹ ਵੀ ਦੱਸਿਆ ਕਿ ਸਿੰਘ ਦੀ ਮੌਜੂਦਗੀ ਡੀ-ਡੇ ਦੀ 81ਵੀਂ ਵਰ੍ਹੇਗੰਢ ‘ਤੇ ਆਈ ਸੀ, ਜਦੋਂ ਸਿੱਖ ਸਿਪਾਹੀ ਨੌਰਮੈਂਡੀ ਦੇ ਸਮੁੰਦਰੀ ਕੰਢਿਆਂ ‘ਤੇ ਸਹਿਯੋਗੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇ ਸਨ।
ਜਦੋਂ ਮਿਲਰ ਨੇ ਦੇਖਿਆ ਕਿ ਉਸਦਾ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਉਸਨੇ ਪਹਿਲਾਂ ਆਪਣੀ ਪੋਸਟ ਨੂੰ ਐਡਿਟ ਕੀਤਾ ਅਤੇ ਬਾਅਦ ਵਿੱਚ ਇਸ ਨੂੰ ਡਿਲੀਟ ਕੀਤਾ। ਪਹਿਲੀ ਪੋਸਟ ਵਿੱਚ, ਉਸਨੇ “ਮੁਸਲਿਮ” ਸ਼ਬਦ ਦੀ ਵਰਤੋਂ ਕੀਤੀ। ਬਾਅਦ ਵਿੱਚ, ਉਸਨੇ ਉਹੀ ਪੋਸਟ ਐਡਿਟ ਕੀਤਾ ਅਤੇ ਮੁਸਲਿਮ ਦੀ ਥਾਂ “ਸਿੱਖ” ਕਰ ਦਿੱਤਾ। ਪਰ ਬਾਕੀ ਵਿਵਾਦਪੂਰਨ ਪੋਸਟ ਜਿਵੇਂ ਦੀ ਤਿਵੇਂ ਰਹੀ। ਅਖੀਰ ਵਿਚ ਉਸ ਨੇ ਪੂਰੀ ਪੋਸਟ ਨੂੰ ਮਿਟਾ ਦਿੱਤਾ।
ਡੈਮੋਕ੍ਰੇਟ ਸੰਸਦ ਮੈਂਬਰ ਬੋਨੀ ਵਾਟਸਨ ਕੋਲਮੈਨ ਨੇ ਮਿਲਰ ਦੀ ਭਾਸ਼ਾ ‘ਤੇ ਪਲਟਵਾਰ ਕਰਦੇ ਹੋਏ ਲਿਖਿਆ, “ਇਹ ਚਿੰਤਾਜਨਕ ਹੈ ਕਿ ਧਾਰਮਿਕ ਆਜ਼ਾਦੀ ਪ੍ਰਤੀ ਇੰਨੀ ਨਫ਼ਰਤ ਵਾਲਾ ਕੋਈ ਵਿਅਕਤੀ ਇਸ ਸੰਸਥਾ ਵਿੱਚ ਸੇਵਾ ਕਰ ਰਿਹਾ ਹੈ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ।”
“ਸੱਚਮੁੱਚ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੇਰੇ ਸਾਥੀ ਦੀ ਸਿੱਖਾਂ ਅਤੇ ਮੁਸਲਮਾਨਾਂ ਪ੍ਰਤੀ ਅਗਿਆਨਤਾ ਅਤੇ ਜ਼ੈਨੋਫੋਬਿਕ ਵਿਚਾਰ ਹਨ। ਇਸ ਤਰ੍ਹਾਂ ਦੀ ਨਫ਼ਰਤ ਅਤੇ ਅਸਹਿਣਸ਼ੀਲਤਾ ਦੀ ਕਾਂਗਰਸ ਵਿੱਚ ਕੋਈ ਜਗ੍ਹਾ ਨਹੀਂ ਹੈ,” ਨਿਊਯਾਰਕ ਦੀ ਕਾਂਗਰਸਵੂਮੈਨ ਗ੍ਰੇਸ ਮੈਂਗ ਨੇ ਲਿਖਿਆ।
ਕਾਂਗਰਸਨਲ ਏਸ਼ੀਅਨ ਪੈਸੀਫਿਕ ਅਮਰੀਕਨ ਕਾਕਸ (CAPAC), ਜਿਸਦੀ ਗ੍ਰੇਸ ਮੈਂਗ ਚੇਅਰਪਰਸਨ ਹੈ, ਨੇ ਵੀ ਟਿੱਪਣੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ: “ਸਿੱਖ ਅਤੇ ਮੁਸਲਮਾਨ ਦੋ ਵੱਖ-ਵੱਖ ਧਰਮ ਹਨ। ਕਿਸੇ ਨੂੰ ਉਸ ਦੀ ਦਿੱਖ ਦੇ ਆਧਾਰ ‘ਤੇ ਇੱਕ ਧਰਮ ਨਾਲ ਜੋੜਨਾ ਸਿਰਫ਼ ਅਗਿਆਨਤਾ ਨਹੀਂ ਹੈ, ਇਹ ਨਸਲਵਾਦ ਹੈ। ਅਮਰੀਕਾ ਧਾਰਮਿਕ ਆਜ਼ਾਦੀ ਦੇ ਸਿਧਾਂਤ ‘ਤੇ ਬਣਿਆ ਸੀ। ਇਹ ਸ਼ਰਮਨਾਕ ਹੈ ਕਿ ਅਜਿਹੇ ਵਿਚਾਰਾਂ ਵਾਲਾ ਕੋਈ ਵਿਅਕਤੀ ਕਾਂਗਰਸ ਦਾ ਹਿੱਸਾ ਹੈ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.