ਯੂਨੀਵਰਸਿਟੀ ‘ਚ ਘਿਰੇ ਸੁਖਪਾਲ ਖਹਿਰਾ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਆਏ ਸੁਖਪਾਲ ਖਹਿਰਾ ਨੂੰ ਵਿਦਿਆਰਥੀ ਜੱਥੇਬੰਦੀ ਸਟੂਡੈਂਟਸ ਐਸੋਸੀਏਸ਼ਨ ਆਫ ਪੰਜਾਬ ਨੇ ਇਸ ਬੁਰੀ ਤਰ੍ਹਾਂ ਘੇਰ ਲਿਆ ਕਿ ਖਹਿਰਾ ਨੂੰ ਗੱਡੀ ਛੱਡ ਕੇ ਕਿੰਨਾ ਚਿਰ ਸੜਕ ਤੇ ਪੈਦਲ ਤੁਰਨਾ ਪਿਆ। ਉਸ ਵੇਲੇ ਹਾਲਾਤ ਇਹ ਹਨ ਸਨ ਕਿ ਪੈਦਲ ਤੁਰੇ ਜਾਂਦੇ ਖਹਿਰਾ ਦੇ ਆਲੇ ਦੁਆਲੇ ਦਰਜਨਾਂ ਦੀ ਤਦਾਦ ਵਿਚ ਲੋਕ ਸੁਖਪਾਲ ਖਹਿਰਾ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਉਨ੍ਹਾਂ ਦੇ ਨਾਲ ਨਾਲ ਤੁਰੇ ਜਾ ਰਹੇ ਸਨ। ਇਹ ਵਿਦਿਆਰਥੀ ਖਹਿਰਾ ਤੋਂ ਇਸ ਗੱਲੋਂ ਨਾਰਾਜ਼ ਸਨ ਕਿ ਯੂਨੀਵਰਸਿਟੀ ਵਿਚ ਆਉਣ ਦੇ ਬਾਵਜੂਦ ਸੁਖਪਾਲ ਖਹਿਰਾ ਨੇ ਵਿਦਿਆਰਥੀਆਂ ਦੇ ਇੱਕ ਗੁੱਟ ਦੀ ਗੱਲ ਸੁਣੀ ਤੇ ਦੂਜੇ ਗੁੱਟ ਨੂੰ ਅਣਗੌਲਿਆਂ ਕਰਕੇ ਜਾ ਰਹੇ ਹਨ।
ਦੱਸ ਦੇਈਏ ਕਿ ਅੱਜ ਸੁਖਪਾਲ ਖਹਿਰਾ ਦਾ ਪੰਜਾਬੀ ਯੂਨੀਵਰਸਿਟੀ ਅੰਦਰਲੀ ਵਿਦਿਆਰਥੀ ਜੱਥੇਬੰਦੀ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਦਾ ਪ੍ਰੋਗਰਾਮ ਸੀ ਜਿਨ੍ਹਾਂ ਵਲੋਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਲੜਕੀਆਂ ਦੇ ਹੋਸਟਲ 24 ਘੰਟੇ ਖੁੱਲੇ ਰੱਖਣ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਧਰਨਿਆਂ ਮੁਜ਼ਾਹਰਿਆਂ ਕਾਰਨ ਇਸ ਵਿਦਿਆਰਥੀ ਜੱਥੇਬੰਦੀ ਨਾਲ ਯੂਨੀਵਰਸਿਟੀ ਦੀਆਂ ਹੀ ਕੁਝ ਹੋਰ ਵਿਦਿਆਰਥੀ ਜੱਥੇਬੰਦੀਆਂ ਨਾਲ ਖੂਨੀ ਟਕਰਾਅ ਵੀ ਹੋ ਚੁੱਕਿਆ ਹੈ ਜਿਸ ਕਾਰਨ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦੋ ਵਾਰ ਯੂਨੀਵਰਸਿਟੀ ਬੰਦ ਕਰਨ ਦੀ ਨੌਬਤ ਆ ਚੁੱਕੀ ਹੈ।
Read Also ਸੁਮੇਧ ਸੈਣੀ ਬਾਰੇ ਸੁਖਪਾਲ ਖਹਿਰਾ ਦੇ ਵੱਡੇ ਖ਼ੁਲਾਸੇ
ਅੱਜ ਜਿਉਂ ਹੀ ਸੁਖਪਾਲ ਖਹਿਰਾ ਹੋਸਟਲ 24 ਘੰਟੇ ਖੁੱਲੇ ਰੱਖਣ ਦੀ ਮੰਗ ਕਰਨ ਵਾਲੀ ਵਿਦਿਆਰਥੀ ਜੱਥੇਬੰਦੀ ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਨਾਲ ਗੱਲਬਾਤ ਕਰਨ ਤੋਂ ਬਾਅਦ ਯੂਨੀਵਰਸਿਟੀ ਤੋਂ ਬਾਹਰ ਆਉਣ ਲੱਗੇ ਤਾਂ ਸਟੂਡੈਂਟਸ ਐਸੋਸੀਏਸ਼ਨ ਆਫ ਪੰਜਾਬ ਨਾਮਕ ਜੱਥੇਬੰਦੀ ਦੇ ਵਿਦਿਆਰਥੀਆਂ ਨੇ ਖਹਿਰਾ ਦੀ ਗੱਡੀ ਇਹ ਕਹਿੰਦਿਆਂ ਰੋਕ ਲਈ ਕਿ ਤੁਸੀਂ ਸਾਡੀ ਗੱਲ ਵੀ ਸੁਣ ਕੇ ਜਾਉ। ਇਸ ਨੂੰ ਲੈ ਕੇ ਪਹਿਲਾਂ ਕੁਝ ਚਿਰ ਸੁਖਪਾਲ ਖਹਿਰਾ ਨੇ ਗੱਡੀ ਵਿਚ ਬੈਠੇ ਬੈਠੇ ਹੀ ਉਨ੍ਹਾਂ ਦੀ ਗੱਲਬਾਤ ਸੁਣੀ ਪਰ ਜਿਉਂ ਹੀ ਖਹਿਰਾ ਜਾਣ ਲੱਗੇ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ।
ਵਿਦਿਆਰਥੀਆਂ ਦਾ ਇਹ ਦੋਸ਼ ਸੀ ਕਿ ਖਹਿਰਾ ਨੇ ਉਨ੍ਹਾਂ ਨਾਲ ਬਦਕਲਾਮੀ ਕਰਦਿਆਂ ਇਹ ਕਹਿ ਦਿੱਤਾ ਕਿ ਉਹ ਉਨ੍ਹਾਂ ਦੀ ਗੱਲ ਸੁਣਨ ਲਈ ਪਾਬੰਦ ਨਹੀਂ ਹਨ। ਇਸ ਕਸ਼ਮਕਸ਼ ਦੌਰਾਨ ਖਹਿਰਾ ਦੇ ਡਰਾਇਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਦੀ ਗੱੜੀ ਅੱਗੇ ਬੈਰੀਕੇਡਰ ਲਗਾ ਦਿੱਤੇ। ਇਸ ਤੋਂ ਬਾਅਦ ਰਸਤਾ ਬਲਾਕ ਹੁੰਦਿਆਂ ਦੇਖ ਖਹਿਰਾ ਗੱਡੀ ਤੋਂ ਹੇਠਾਂ ਉਤਰ ਕੇ ਪੈਦਲ ਹੀ ਯੂਨੀਵਰਸਿਟੀ ਤੋਂ ਬਾਹਰ ਆਉਣ ਲੱਗੇ ਤਾਂ ਮਾਮਲਾ ਇੱਥੋਂ ਤੱਕ ਗਰਮਾ ਗਿਆ ਕਿ ਫੇਰ ਖਹਿਰਾ ਅੱਗੇ ਅੱਗੇ ਤੇ ਮੁਰਦਾਬਾਦ ਪਿੱਛੇ ਪਿੱਛੇ ਹੋ ਗਿਆ। ਇਸ ਦੌਰਾਨ ਖਹਿਰਾ ਦੇ ਡਰਾਇਵਰ ਨੇ ਤੇਜ਼ੀ ਨਾਲ ਗੱਡੀ ਭਜਾ ਕੇ ਬੈਰੀਕੇਡਰ ਵਿਚੋਂ ਕੱਢ ਲਈ ਤੇ ਖਹਿਰਾ ਨੂੰ ਬਿਠਾ ਕੇ ਅੱਖੋਂ ਓਹਲੇ ਹੋ ਗਿਆ।
ਇਸ ਸਾਰੇ ਘਟਨਾਕ੍ਰਮ ਦਾ ਵੇਰਵਾ ਦਿੰਦਿਆਂ ਵਿਦਿਆਰਥੀ ਜੱਥੇਬੰਦੀਆਂ ਦੇ ਆਗੂਆਂ ਨੇ ਦੋਸ਼ ਸੀ ਕਿ ਸਾਡੀ ਗੱਲ ਸੁਣਨ ਦੀ ਬਜਾਇ ਸਾਡੇ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਜੱਥੇਬੰਦੀਆਂ ਅਨੁਸਾਰ ਸਾਡੇ ਵਿਰੋਧੀਆਂ ਦੀ ਗੱਲ ਖਹਿਰਾ ਨੇ ਇੱਕ ਘੰਟਾ ਸੁਣੀ ਪਰ ਸਾਡੇ ਕਈ ਵਾਰ ਫੋਨ ਕਰਨ ਤੇ ਇਨ੍ਹਾਂ ਨੇ ਸਾਨੂੰ ਭਰੋਸਾ ਤਾਂ ਦਿੱਤਾ ਕਿ ਉਹ ਸਾਡੀ ਗੱਲ ਸੁਣ ਕੇ ਜਾਣਗੇ ਪਰ ਸਾਡੇ ਵਿਰੋਧੀਆਂ ਦੀ ਗੱਲ ਸੁਣ ਕੇ ਖਹਿਰਾ ਨੇ ਸਾਨੂੰ ਅਣਗੌਲਿਆਂ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.