ਮਾਪੇ ਕਿਸਮਤ ਲਾ ਜੇ ਸਕਦੇ, ਦੁਨੀਆਂ ‘ਚ ਕੋਈ ਬਦਨਸੀਬ ਨਾ ਹੁੰਦਾ!
ਸੁਬੇਗ ਸਿੰਘ, ਸੰਗਰੂਰ
ਇਸ ਸੰਸਾਰ ‘ਚ ਹਰ ਮਨੁੱਖ ਦਾ ਸਭ ਤੋਂ ਪਹਿਲਾ ਅਤੇ ਨੇੜੇ ਦਾ ਰਿਸ਼ਤਾ ਉਹਦੇ ਆਪਣੇ ਮਾਪਿਆਂ ਨਾਲ ਹੁੰਦਾ ਹੈ। ਕਿਉਂਕਿ ਉਹਦੇ ਮਾਪਿਆਂ ਦੀ ਬਦੌਲਤ ਹੀ, ਉਹ ਇਸ ਸੰਸਾਰ ਚ ਆਇਆ ਹੈ।ਭਾਵੇਂ ਦੁਨੀਆਂ ਦਾਰੀ ਦੇ ਹਿਸਾਬ ਨਾਲ,ਮਨੁੱਖ ਦੇ ਜਿੰਨੇ ਮਰਜੀ ਰਿਸ਼ਤੇ ਬਣ ਜਾਣ।ਪਰ ਸਭ ਤੋਂ ਨਜਦੀਕੀ ਅਤੇ ਮਿੱਠਾ ਰਿਸ਼ਤਾ ਮਾਪਿਆਂ ਦਾ ਹੀ ਹੁੰਦਾ ਹੈ,ਜਿਹੜਾ ਅਖੀਰ ਤੱਕ ਮਨੁੱਖ ਦੇ ਨਾਲ ਨਿੱਭਦਾ ਹੈ।ਇਸੇ ਲਈ ਤਾਂ ਕਹਿੰਦੇ ਹਨ,ਕਿ ਪੁੱਤਰ ਕੁਪੱਤਰ ਹੋ ਸਕਦੇ ਹਨ,ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ! ਜੋ ਕਿ ਸੌ ਫੀ ਸਦੀ ਸੱਚ ਵੀ ਹੈ।
ਦੁਨੀਆ ਦੇ ਇਤਿਹਾਸ ਚ ਇਹ ਗੱਲ ਜੱਗ ਜਾਹਰ ਹੈ,ਕਿ ਮਾਪੇ ਆਪਣੇ ਬੱਚਿਆਂ ਨੂੰ ਕਦੇ ਗਲਤ ਸਲਾਹ ਨਹੀਂ ਦਿੰਦੇ।ਸਗੋਂ ਹਰ ਵਕਤ,ਆਪਣੇ ਬੱਚਿਆਂ ਦੀ ਸਲਾਮਤੀ ਲਈ ਹਰ ਸੰਭਵ ਯਤਨ ਵੀ ਕਰਦੇ ਹਨ।ਆਪਣੇ ਪਿੰਡੇ ਤੇ ਹਰ ਤਰ੍ਹਾਂ ਦਾ ਦਰਦ ਹੰਢਾ ਕੇ,ਆਪਣੇ ਬੱਚਿਆਂ ਨੂੰ ਆਪਣੀ ਸਮਰੱਥਾ ਤੋਂ ਵੱਧ ਉਨ੍ਹਾਂ ਦੀ ਹਰ ਲੋੜ ਪੂਰੀ ਕਰਦੇ ਹਨ।ਇਸੇ ਲਈ ਤਾਂ ਆਖਦੇ ਹਨ,ਕਿ ਔਲਾਦ ਆਪਣੇ ਮਾਪਿਆਂ ਦਾ ਕਰਜ,ਕਈ ਜਨਮਾਂ ਤੱਕ ਵੀ ਉਤਾਰ ਨਹੀਂ ਸਕਦਾ। ਦੁਨੀਆ ਦਾ ਹਰ ਮਨੁੱਖ, ਹਰ ਤਰ੍ਹਾਂ ਦਾ ਕਰਜ ਉਤਾਰ ਸਕਦਾ ਹੈ।ਪਰ ਆਪਣੇ ਮਾਪਿਆਂ ਦਾ ਕਰਜ ਜਿਉਂਦੇ ਜੀਅ ਤਾਂ ਕੀ,ਸਗੋਂ ਕਈ ਜਨਮਾਂ ਤੱਕ ਵੀ ਉਤਾਰ ਨਹੀਂ ਸਕਦਾ।ਕਹਿੰਦੇ ਹਨ,ਕਿ ਇੱਕ ਵਾਰ,ਦੁਨੀਆਂ ਦਾ ਕੋਈ ਅਮੀਰ ਆਦਮੀ ਆਪਣੀ ਧਨ ਦੌਲਤ ਦੇ ਹੰਕਾਰ ਚ ਆ ਕੇ ਆਪਣੀ ਮਾਂ ਨਾਲ ਬਹਿਸ ਕਰਨ ਲੱਗ ਪਿਆ,ਕਿ ਮਾਂ ਲੋਕ ਆਖਦੇ ਹਨ,ਕਿ ਔਲਾਦ ਆਪਣੇ ਮਾਪਿਆਂ ਦਾ ਕਰਜ ਨਹੀਂ ਉਤਾਰ ਸਕਦੀ।ਅੱਜ ਮੈਂ ਤੇਰਾ ਕਰਜ ਉਤਾਰ ਕੇ ਹੀ ਦਮ ਲਵਾਂਗਾ।ਮਾਂ ਦੇ ਲੱਖ ਸਮਝਾਉਣ ਤੇ ਵੀ ਜਦੋਂ ਉਹ ਨਾ ਮੰਨਿਆ,ਤਾਂ ਉਹਦੀ ਮਾਂ ਨੇ ਆਪਣੇ ਪੁੱਤਰ ਦੇ ਅੱਗੇ ਇੱਕ ਸ਼ਰਤ ਰੱਖ ਦਿੱਤੀ,ਜੋ ਕਿ ਬੜੀ ਅਜੀਬ ਸੀ।
ਸ਼ਰਤ ਦੇ ਅਨੁਸਾਰ,ਮਾਂ ਨੇ ਕਿਹਾ,ਕਿ ਅਗਰ ਤੂੰ ਇੱਕ ਰਾਤ ਮੇਰੇ ਨਾਲ ਮੇਰੇ ਬਿਸਤਰੇ ਤੇ ਸੌਂ ਜਾਵੇਂ,ਤਾਂ ਫਿਰ ਤੇਰਾ ਸਾਰਾ ਕਰਜ ਉਤਰ ਜਾਵੇਗਾ।ਪੁੱਤਰ ਨੇ ਇਸ ਸ਼ਰਤ ਨੂੰ ਸੌਖੀ ਜਿਹੀ ਸਭਝ ਕੇ,ਉਹਦੀ ਗੱਲ ਮੰਨ ਲਈ।ਜਦੋਂ ਥੱਕੇ ਹਾਰੇ ਪੁੱਤਰ ਨੂੰ ਨੀਂਦ ਆਉਣ ਲੱਗੀ,ਤਾਂ ਮਾਂ ਨੇ ਪਾਣੀ ਦਾ ਗਿਲਾਸ ਮੰਗਿਆ ਅਤੇ ਥੋੜ੍ਹਾ ਜਿਹਾ ਪਾਣੀ ਪੀ ਕੇ ਬਿਸਤਰੇ ਤੇ ਹੀ ਡੋਲ੍ਹ ਦਿੱਤਾ।ਇਸ ਤਰ੍ਹਾਂ ਤਿੰਨ ਚਾਰ ਵਾਰ ਅਜਿਹਾ ਹੀ ਕੀਤਾ ਗਿਆ ਅਤੇ ਸਾਰਾ ਬਿਸਤਰਾ ਗਿੱਲਾ ਹੋ ਗਿਆ।ਪੁੱਤਰ ਦੇ ਗੁੱਸੇ ਹੋਣ ਤੇ ਮਾਂ ਨੇ ਉਹਨੂੰ ਕਿਹਾ,ਕਿ ਪੁੱਤਰ,ਮੈਂ ਤਾਂ ਕਿੰਨੇ ਹੀ ਵਰ੍ਹੇ ਤੇਰੇ ਮਲ ਮੂਤਰ ਚ ਵੀ ਸੌਂ ਜਾਂਦੀ ਰਹੀ ਸੀ।ਪਰ ਤੂੰ ਤਾਂ ਇੱਕ ਰਾਤ ਹੀ ਗਿੱਲੇ ਬਿਸਤਰੇ ਤੇ ਸੌਂ ਨਹੀਂ ਸਕਿਆ ਅਤੇ ਮੈਨੂੰ ਬੁਰਾ ਭਲਾ ਵੀ ਕਹਿਣ ਲੱਗ ਪਿਆ ਹੈਂ। ਮਾਂ ਦੀ ਗੱਲ ਸੁਣਕੇ,ਪੁੱਤਰ ਨੂੰ ਮਾਂ ਦੇ ਕਰਜ ਦਾ ਗਿਆਨ ਹੋ ਗਿਆ।
ਭਾਵੇਂ ਮਾਂ,ਮੋਹ ਮਮਤਾ ਅਤੇ ਤਿਆਗ ਦੀ ਮੂਰਤ ਹੁੰਦੀ ਹੈ।ਪਰ ਪਿਉ ਦੀ ਕੁਰਬਾਨੀ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦੀ।ਅਗਰ ਮਾਂ,ਆਪਣੀ ਔਲਾਦ ਨੂੰ ਗਿੱਲੇ ਤੋਂ ਸੁੱਕੇ ਪਾਉਂਦੀ ਹੈ ਅਤੇ ਆਪ ਗਿੱਲੇ ਚ ਸੌਂਦੀ ਹੈ,ਤਾਂ ਪਿਉ ਵੀ ਆਪਣੀ ਔਲਾਦ ਦੀ ਖਾਤਰ,ਆਪਣੀਆਂ ਖਾਹਿਸ਼ਾਂ ਨੂੰ ਮਾਰਕੇ ਅਤੇ ਹੱਡ ਭੰਨਵੀਂ ਮਿਹਨਤ ਕਰਕੇ ਆਪਣੀ ਔਲਾਦ ਦਾ ਪੇਟ ਭਰਦਾ ਹੈ।ਪਰ ਆਪਣੀ ਔਲਾਦ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੋਣ ਦਿੰਦਾ, ਕਿ ਉਹਨੇ ਆਪਣੀ ਔਲਾਦ ਦੀ ਖੁਸ਼ੀ ਲਈ ਕੀ 2 ਪਾਪੜ ਵੇਲ੍ਹੇ ਹਨ।ਇਸੇ ਨੂੰ ਤਾਂ,ਮਾਪਿਆਂ ਦੀ ਕੁਰਬਾਨੀ ਆਖਦੇ ਹਨ।
ਅਸਲ ਵਿੱਚ,ਮਾਪਿਆਂ ਦੀ ਕੁਰਬਾਨੀ ਕਿਸੇ ਪੱਖੋਂ ਵੀ ਘੱਟ ਨਹੀਂ ਹੁੰਦੀ।ਭਾਵੇਂ ਦੁਨੀਆਂ ਦੀਆਂ ਅਦਾਲਤਾਂ ਵਿੱਚ,ਗੁਨਾਹਗਾਰ ਨੂੰ ਉਹਦੇ ਗੁਨਾਹ ਬਦਲੇ ਸ਼ਜਾ ਮਿਲਦੀ ਹੈ।ਇੱਥੋਂ ਤੱਕ ਕਿ ਦੁਨੀਆਂ ਦੇ ਹਿਸਾਬ ਨਾਲ ਤਾਂ, ਪ੍ਰਮਾਤਮਾ ਵੀ ਮਾੜੇ ਬੰਦੇ ਨੂੰ ਉਹਦੇ ਗੁਨਾਹਾਂ ਦੀ ਸ਼ਜਾ ਦਿੰਦਾ ਹੈ।ਪਰ ਮਾਪੇ ਆਪਣੀ ਔਲਾਦ ਨੂੰ ਕਦੇ ਨਾ ਹੀ ਬਦ ਦੁਆ ਅਤੇ ਨਾ ਹੀ ਕਦੇ ਸ਼ਜਾ ਹੀ ਦਿੰਦੇ ਹਨ।ਇਸੇ ਲਈ ਤਾਂ ਮਾਪਿਆਂ ਦਾ ਨੰਬਰ,ਪ੍ਰਮਾਤਮਾ ਤੋਂ ਵੀ ਪਹਿਲਾਂ ਆਉਂਦਾ ਹੈ।ਦੁਨੀਆਂ ਦਾ ਹਰ ਧਾਰਮਿਕ ਗ੍ਰੰਥ ਵੀ ਇਹੋ ਕਹਿੰਦਾ ਹੈ,ਕਿ ਤੀਰਥਾਂ ਤੇ ਜਾਣ ਦੀ ਵਜਾਏ,ਜਿਉਂਦੇ ਮਾਪਿਆਂ ਦੀ ਸੇਵਾ ਕਰ ਲਈ ਜਾਵੇ,ਤਾਂ ਪ੍ਰਮਾਤਮਾ ਆਪ ਚੱਲਕੇ ਤੁਹਾਡੇ ਦਰ ਤੇ ਆਵੇਗਾ।ਕਿਉਂਕਿ ਮਾਪਿਆਂ ਦੀ ਸੇਵਾ,ਤੀਰਥ ਯਾਤਰਾ ਨਾਲੋਂ ਕਿਤੇ ਜਿਆਦਾ ਮਹਾਨ ਹੁੰਦੀ ਹੈ।
ਦੁਨੀਆ ਦੀ ਐਨੀ ਵੱਡੀ ਭੀੜ ਚ,ਹਰ ਕੋਈ ਦੂਸਰੇ ਨੂੰ ਲਤਾੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ।ਭਾਵੇਂ ਉਹ ਕੋਈ ਤੁਹਾਡਾ ਸਕਾ ਭੈਣ ਭਰਾ ਜਾਂ ਫਿਰ ਨੇੜੇ ਦਾ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ।ਕਿਉਂਕਿ ਹਰ ਮਨੁੱਖ ਦੇ ਅੰਦਰ ਦੂਸਰੇ ਤੋਂ ਅੱਗੇ ਲੰਘਣ ਦੀ ਹੋੜ ਜੋ ਲੱਗੀ ਹੁੰਦੀ ਹੈ।ਕੋਈ ਵੀ ਮਨੁੱਖ,ਦੂਸਰੇ ਨੂੰ ਆਪਣੇ ਤੋਂ ਜਿਆਦਾ ਤਰੱਕੀ ਕਰਦਾ ਜਰ ਨਹੀਂ ਸਕਦਾ।ਪਰ ਇੱਕ ਮਾਪੇ ਹੀ ਹੁੰਦੇ ਹਨ,ਜਿਹੜੇ ਆਪਣੀ ਔਲਾਦ ਨੂੰ ਆਪਣੇ ਤੋਂ ਜਿਆਦਾ ਤਰੱਕੀ ਕਰਦਿਆਂ ਅਤੇ ਆਪਣੇ ਤੋਂ ਜਿਆਦਾ ਖੁਸ਼ ਹੁੰਦਿਆਂ ਵੇਖਕੇ ਹੋਰ ਵੀ ਖੁਸ਼ ਹੁੰਦੇ ਹਨ ਅਤੇ ਪ੍ਰਮਾਤਮਾ ਦਾ ਸ਼ੁਕਰ ਵੀ ਕਰਦੇ ਹਨ। ਮਾਪਿਆ ਦੇ ਜਿੰਨਾ ਹੱਥ ਵੱਸ ਹੁੰਦਾ ਹੈ,ਉਹ ਆਪਣੀ ਔਲਾਦ ਦੀ ਖੁਸ਼ੀ ਲਈ ਹਰ ਸੰਭਵ ਯਤਨ ਕਰਦੇ ਹਨ,ਕਿ ਉਨ੍ਹਾਂ ਦੀ ਔਲਾਦ ਹਰ ਤਰ੍ਹਾਂ ਦੀ ਖੁਸ਼ੀ ਮਾਣੇ।ਦੁਨੀਆਂ ਦਾਰੀ ਦੇ ਸਫਰ ਦੇ ਦੌਰਾਨ,ਲੱਖ ਗਲਤੀਆਂ ਹੋਣ ਦੇ ਬਾਵਜੂਦ ਵੀ ਮਾਪੇ ਆਪਣੀ ਔਲਾਦ ਨੂੰ ਬੁਰਾ ਨਹੀਂ ਆਖਦੇ।ਭਾਵੇਂ ਪਿਉ ਦਾ ਰਵੱਈਆ,ਮਾਂ ਨਾਲੋਂ ਥੋੜ੍ਹਾ ਸਖਤ ਜਰੂਰ ਹੁੰਦਾ ਹੈ।ਪਰ ਕੋਈ ਵੀ ਪਿਉ,ਆਪਣੀ ਔਲਾਦ ਦਾ ਕਦੇ ਬੁਰਾ ਸੋਚ ਵੀ ਨਹੀਂ ਸਕਦਾ।ਅਗਰ ਪਿਉ ਕਦੇ ਆਪਣੀ ਔਲਾਦ ਨਾਲ,ਕਿਸੇ ਗੱਲੋਂ ਗੁੱਸੇ ਹੁੰਦਾ ਹੈ,ਤਾਂ ਇਹ ਸਭ ਕੁੱਝ ਉਹਦੀ ਭਲਾਈ ਲਈ ਹੀ ਤਾਂ ਹੁੰਦਾ ਹੈ।
ਇੱਕ ਗੱਲ ਤਾਂ ਪੱਕੀ ਹੈ,ਕਿ ਅਗਰ ਔਲਾਦ ਦੀ ਹਰ ਖੁਸ਼ੀ ਨੂੰ ਪੂਰਾ ਕਰਨ ਦੀ ਗੱਲ ਛੱਡ ਵੀ ਦੇਈਏ,ਤਾਂ ਵੀ ਕੋਈ ਵੀ ਮਾਂ ਪਿਉ ਆਪਣੀ ਔਲਾਦ ਨੂੰ ਕਦੇ ਵੀ ਬਦ ਦੁਆ ਨਹੀਂ ਦਿੰਦਾ।ਸਗੋਂ ਹਰ ਵਕਤ ਅਸ਼ੀਸ਼ਾਂ ਹੀ ਦਿੰਦਾ ਹੈ,ਤਾਂ ਕਿ ਉਨ੍ਹਾਂ ਦੀ ਔਲਾਦ ਨੂੰ ਦੁਨੀਆਂ ਦੀ ਹਰ ਖੁਸ਼ੀ ਮਿਲ ਸਕੇ।ਕਿਉਂਕਿ ਆਪਣੀ ਔਲਾਦ ਤੋਂ ਵੱਧਕੇ ਮਾਪਿਆਂ ਲਈ ਦੁਨੀਆਂ ਚ ਹੋਰ ਕੋਈ ਚੀਜ਼ ਜਿਆਦਾ ਕੀਮਤੀ ਨਹੀਂ ਹੋ ਸਕਦੀ।
ਮੁੱਕਦੀ ਗੱਲ ਤਾਂ ਇਹ ਹੈ,ਕਿ ਅਗਰ ਮਨੁੱਖ ਦੀ ਤਕਦੀਰ,ਪ੍ਰਮਾਤਮਾ ਦੀ ਵਜਾਏ ਉਹਦੇ ਮਾਪੇ ਲਿਖ ਸਕਦੇ,ਤਾਂ ਦੁਨੀਆਂ ਦਾ ਕੋਈ ਵੀ ਮਨੁੱਖ ਦੁਖੀ ਨਾ ਹੁੰਦਾ।ਕਿਉਂਕਿ ਦੁਨੀਆਂ ਦਾ ਕੋਈ ਵੀ ਮਾਂ ਪਿਉ ਇਹ ਨਹੀਂ ਚਾਹੁੰਦਾ,ਕਿ ਉਸਦੀ ਔਲਾਦ ਕਿਸੇ ਗੱਲੋਂ ਦੁਖੀ ਹੋਵੇ।
ਪਰ ਕੁਦਰਤ ਦੇ ਵਿਧੀ ਵਿਧਾਨ ਦੇ ਅਨੁਸਾਰ,ਹਰ ਮਨੁੱਖ ਦੀ ਕਿਸਮਤ ਪ੍ਰਮਾਤਮਾ ਹੀ ਲਿਖਦਾ ਹੈ।ਪਰ ਇੱਕ ਗੱਲ ਜਰੂਰ ਹੈ,ਕਿ ਦੁਨੀਆਂ ਦੇ ਹਰ ਮਾਂ ਪਿਉ ਨੂੰ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ,ਉੱਚ ਵਿੱਦਿਆ ਅਤੇ ਵਧੀਆ ਪਾਲਣ ਪੋਸ਼ਣ ਕਰਕੇ ਉਹਦੀ ਕਿਸਮਤ ਬਦਲਣ ਚ,ਆਪਣਾ ਪੂਰਾ 2 ਯੋਗਦਾਨ ਪਾਉਣਾ ਚਾਹੀਦਾ ਹੈ।ਕਿਉਂਕਿ ਮਨੁੱਖ ਦੀ ਕਿਸਮਤ,ਇਕੱਲਾ ਪ੍ਰਮਾਤਮਾ ਹੀ ਨਹੀਂ ਬਦਲਦਾ।ਸਗੋਂ ਇਹਦੇ ਵਿੱਚ ਉਹਦੇ ਮਾਪਿਆਂ ਅਤੇ ਉਸ ਮਨੁੱਖ ਦਾ ਆਪਣਾ ਵੀ ਬੜਾ ਵੱਡਾ ਯੋਗਦਾਨ ਹੁੰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.