Breaking NewsD5 specialNewsPress NotePunjab

ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਨਾ ਬੀਬੀਆਂ ਦਾ ਅਹਿਮ ਫ਼ਰਜ਼-ਬੀਬੀ ਜਗੀਰ ਕੌਰ ਬਾਬਾ ਬਕਾਲਾ ਸਾਹਿਬ ਵਿਖੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਤਾ ਗੁਜਰੀ ਜੀ ਇਸਤਰੀ ਗੁਰਮਤਿ ਸੰਮੇਲਨ

ਬਾਬਾ ਬਕਾਲਾ ਸਾਹਿਬ/ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੇ ਗਏ ਤਿੰਨ ਦਿਨਾਂ ਸਮਾਗਮਾਂ ਦੇ ਦੂਸਰੇ ਦਿਨ ਅੱਜ ਮਾਤਾ ਗੁਜਰੀ ਜੀ ਇਸਤਰੀ ਗੁਰਮਤਿ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਬੀਬੀਆਂ ਨੇ ਸ਼ਮੂਲੀਅਤ ਕਰਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ। ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ। ਬੀਬੀ ਜਗੀਰ ਕੌਰ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਰੱਖਿਅਕ ਸਨ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਸੀ। ਜੇਕਰ ਅੱਜ ਦੇਸ਼ ਦਾ ਸੱਭਿਆਚਾਰ ਜਿੰਦਾ ਹੈ ਤਾਂ ਉਹ ਗੁਰੂ ਸਾਹਿਬ ਦੀ ਬਦੌਲਤ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਨਾਲ-ਨਾਲ ਦੇਸ਼ ਦੇ ਹਰ ਵਰਗ ਦੀ ਪ੍ਰਤੀਨਿਧਤਾ ਕੀਤੀ, ਜਿਸ ਦੀ ਮਿਸਾਲ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਉਣਾ ਸੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੇ ਨਾਲ-ਨਾਲ ਮਾਤਾ ਗੁਜਰੀ ਜੀ ਦਾ ਵੀ ਸਿੱਖ ਇਤਿਹਾਸ ਵਿਚ ਵੱਡਾ ਯੋਗਦਾਨ ਹੈ। ਉਨ੍ਹਾਂ ਬੀਬੀਆਂ ਨੂੰ ਪ੍ਰੇਰਣਾ ਕਰਦਿਆਂ ਆਖਿਆ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਸਿੱਖ ਵਿਰਸੇ ਨਾਲ ਜੋੜਨਾ ਮਾਵਾਂ ਦਾ ਅਹਿਮ ਫ਼ਰਜ਼ ਹੈ, ਜਿਸ ਪ੍ਰਤੀ ਚੇਤੰਨ ਭੂਮਿਕਾ ਲਈ ਬੀਬੀਆਂ ਅੱਗੇ ਆਉਣ।
ਸਿੱਖੀ ਦੇ ਪ੍ਰਚਾਰ ਲਈ ਸਿੱਖ ਇਤਿਹਾਸ ਦੀਆਂ ਅਹਿਮ ਬੀਬੀਆਂ ਨੂੰ ਆਦਰਸ਼ ਮੰਨ ਕੇ ਪਰਿਵਾਰ ਪੱਧਰ ’ਤੇ ਸਿੱਖੀ ਲਹਿਰ ਆਰੰਭੀ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਬੀਬੀਆਂ ਨੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਵੱਡੀ ਭੂਮਿਕਾ ਨਿਭਾਈ ਹੈ। ਬੇਬੇ ਨਾਨਕੀ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਭਾਗੋ ਜੀ ਸਮੇਤ ਅਨੇਕਾਂ ਸਤਿਕਾਰਤ ਬੀਬੀਆਂ ਸਿੱਖ ਇਤਿਹਾਸ ਦਾ ਅਹਿਮ ਪਾਤਰ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਇਕ ਖਾਸ ਮੌਕਾ ਹੈ, ਜਿਸ ਸਮੇਂ ਬੱਚਿਆਂ ਨੂੰ ਆਪਣੇ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਲਈ ਸੰਗਤ ਅੱਗੇ ਆਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਨੂੰ ਸਾਰਾ ਸਾਲ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ, ਭਾਈ ਸੁਖਜਿੰਦਰ ਸਿੰਘ, ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰੇਸ਼ਮ ਸਿੰਘ, ਭਾਈ ਹਰਜੀਤ ਸਿੰਘ, ਬੀਬੀ ਰਵਿੰਦਰ ਕੌਰ ਪਟਿਆਲਾ, ਬੀਬੀ ਅਮਰਜੀਤ ਕੌਰ ਦੇ ਜਥਿਆਂ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕੀਤਾ। ਇਸ ਤੋਂ ਇਲਾਵਾ ਬੀਬੀ ਰਾਜਵੰਤ ਕੌਰ ਦੇ ਢਾਡੀ ਜਥੇ ਨੇ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਅਤੇ ਪ੍ਰਚਾਰਕ ਬੀਬੀ ਹਰਪ੍ਰੀਤ ਕੌਰ ਨੇ ਸਟੇਜ ਸੰਚਾਲਨ ਦੀ ਸੇਵਾ ਨਿਭਾਈ।
ਇਸ ਮੌਕੇ ਹੋਰਨਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ, ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਭਾਈ ਰਾਮ ਸਿੰਘ, ਬੀਬੀ ਜੋਗਿੰਦਰ ਕੌਰ ਬਠਿੰਡਾ, ਬੀਬੀ ਦਵਿੰਦਰ ਕੌਰ, ਬੀਬੀ ਗੁਰਵਿੰਦਰ ਕੌਰ ਜਲਾਲਉਸਮਾਂ, ਬੀਬੀ ਦਲਜੀਤ ਕੌਰ, ਬੀਬੀ ਕਿਰਨ ਸ਼ਰਮਾ, ਬੀਬੀ ਰਵਿੰਦਰ ਕੌਰ ਬ੍ਰਹਮਪੁਰਾ, ਬੀਬੀ ਜਤਿੰਦਰ ਕੌਰ ਠੁਕਰਾਲ, ਬੀਬੀ ਰਣਜੀਤ ਕੌਰ ਰਈਆ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਸਿਮਰਜੀਤ ਸਿੰਘ, ਸ. ਮੁਖਤਾਰ ਸਿੰਘ, ਓਐਸਡੀ ਡਾ. ਸੁਖਬੀਰ ਸਿੰਘ, ਡਾ. ਅਮਰੀਕ ਸਿੰਘ ਲਤੀਫਪੁਰ, ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ, ਮੈਨੇਜਰ ਸ. ਸਤਿੰਦਰ ਸਿੰਘ ਬਾਜਵਾ, ਸ. ਮੋਹਨ ਸਿੰਘ ਕੰਗ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਜੱਜ ਸਿੰਘ, ਭਾਈ ਜਸਪਾਲ ਸਿੰਘ ਪ੍ਰਚਾਰਕ, ਇੰਚਾਰਜ ਸ. ਮਨਜੀਤ ਸਿੰਘ, ਸ. ਸਤਨਾਮ ਸਿੰਘ ਰਿਆੜ, ਸ. ਰਜਵੰਤ ਸਿੰਘ ਰੰਧਾਵਾ, ਸ. ਸਰਬਜੀਤ ਸਿੰਘ ਧੂੰਦਾਂ, ਸ. ਕਰਤਾਰ ਸਿੰਘ, ਸ. ਜਗਦੀਸ਼ ਸਿੰਘ ਬੁੱਟਰ, ਸ. ਜਤਿੰਦਰ ਸਿੰਘ ਲਾਲੀ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
ਭਲਕੇ 18 ਮਾਰਚ ਨੂੰ ਹੋਵੇਗਾ ਮੁੱਖ ਸਮਾਗਮ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗਈ ਲੜੀ ਤਹਿਤ ਨੌਵੇਂ ਪਾਤਸ਼ਾਹ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਭਲਕੇ 18 ਮਾਰਚ ਨੂੰ ਵਿਸ਼ਾਲ ਸਮਾਗਮ ਸਜਾਇਆ ਜਾਵੇਗਾ। ਤਿੰਨ ਦਿਨਾਂ ਦੇ ਸਮਾਗਮਾਂ ਤਹਿਤ ਇਸ ਮੁੱਖ ਸਮਾਗਮ ਸਮੇਂ ਸਿੰਘ ਸਾਹਿਬਾਨ ਅਤੇ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਇਸ ਸਬੰਧ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਬਿਲਕੁਲ ਨਜ਼ਦੀਕ ਸਟੇਡੀਅਮ ਵਿਖੇ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪੂਰੇ ਭਾਰਤ ਵਿਚ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਆਰੰਭੇ ਗਏ ਹਨ। ਇਹ ਸਮਾਗਮ ਨੌਵੇਂ ਪਾਤਸ਼ਾਹ ਜੀ ਨਾਲ ਸਬੰਧਤ ਗੁਰ-ਅਸਥਾਨਾਂ ’ਤੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਪਾਵਨ ਅਸਥਾਨ ’ਤੇ ਤਿੰਨ ਦਿਨਾਂ ਸਮਾਗਮ ਰੱਖੇ ਗਏ ਹਨ, ਜਿਸ ਦਾ ਮੁੱਖ ਸਮਾਗਮ ਯਾਦਗਾਰੀ ਹੋਵੇਗਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button