EDITORIAL

ਬੇਅਦਬੀ ਦੇ ਸੱਤ ਸਾਲ : ਹਾਲੇ ਵੀ ਬਵਾਲ਼

ਤਿੰਨ ਸਰਕਾਰਾਂ,ਚਾਰ ਮੁੱਖ ਮੰਤਰੀ, ਦੋ ਕਮਿਸ਼ਨ

ਲੋਕ ਪ੍ਰੇਸ਼ਾਨ, ਨੇਤਾਵਾਂ ਦੇ ਜਸ਼ਨ

ਅਮਰਜੀਤ ਸਿੰਘ ਵੜੈਚ (9417801988)

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੱਦ ਦੁਖਦਾਇਕ ਬੇਅਦਬੀ ਦੀ ਘਟਨਾ  ਮਗਰੋਂ ਹੋਏ ਵਿਰੋਧ ਪ੍ਰਦਰਸ਼ਨਾ ਦੌਰਾਨ 14 ਅਕਤੂਬਰ 2015 ਨੂੰ  ਬਹਿਬਲ ਕਲਾਂ ਦੇ ਗੋਲ਼ੀਕਾਂਡ ‘ਚ ਮਰਨ ਵਾਲ਼ਿਆਂ ਨੂੰ ਸੱਤ ਸਾਲ ਹੋ ਗਏ ਹਨ ਪਰ ਇਸ ਸਮੁੱਚੇ ਦੁੱਖਦਾਈ ਵਰਤਾਰੇ ਲਈ ਲੋਕ ਹਾਲੇ ਵੀ ਇਨਸਾਫ਼ ਦੇ ਇੰਤਜ਼ਾਰ ‘ਚ ਹਨ। ਤਿੰਨ ਸਰਕਾਰਾਂ, ਚਾਰ ਮੁੱਖ ਮੰਤਰੀ, ਚਾਰ ਗ੍ਰਹਿ ਮੰਤਰੀ, ਦੋ ਕਮਿਸ਼ਨ, ਸੀਬੀਆਈ ਕਈ ਡੀਜੀਪੀ, ਕਈ ਜਾਂਚ ਕਮੇਟੀਆਂ, 80 ਹਜ਼ਾਰ ਪੁਲਿਸ ਕਰਮੀ, ਸੁਹੀਆ ਵਿਭਾਗ ….ਪਰ 2015 ‘ਚ ਹੋਈ ਬੇਅਦਬੀ ਦੀ ਘਟਨਾ ਤੇ ਇਸ ਮਗਰੋਂ ਹੋਈਆਂ ਘਟਨਾਵਾਂ ; ਕੋਟਕਪੂਰਾ ਪੁਲਿਸ ਗੋਲ਼ਕਾਂਡ ਤੇ ਬਹਿਬਲ ਕਲਾਂ ਪੁਲਿਸ ਗੋਲ਼ੀਕਾਂਡ ‘ਚ ਦੋ ਮੌਤਾਂ ਦਾ ਅੱਜੇ ਤੱਕ ਕੋਈ ਸਿਰਾ ਨਹੀਂ ਫੜਿਆ ਗਿਆ : ਨਾ ਬੇਅਦਬੀ  ਕਰਨ ਤੇ  ਨਾ ਹੀ ਗੋਲ਼ੀ ਚਲਾਉਣ ਵਾਲ਼ਿਆਂ ਦਾ ਪਤਾ ਲੱਗਿਆ ! ਇਹ ਹੈ ਸਾਡੀਆਂ ਸਰਕਾਰਾਂ ਤੇ ਸਰਕਾਰੀ ਮਸ਼ੀਨਰੀ ਦੀ ਕਾਰਗੁਜ਼ਾਰੀ !

ਹੁਣ ਸੱਤ ਸਾਲਾਂ ਮਗਰੋਂ ਉਸ ਘਟਨਾ ‘ਤੇ ਇਨਸਾਫ਼ ਮਿਲਣ ਦੀਆਂ ਸੰਭਾਵਨਾਵਾਂ ‘ਤੇ ਵੀ ਸਵਾਲ ਉੱਠਣ ਲੱਗ ਪਏ ਹਨ : ਇਨਸਾਫ਼ ‘ਚ ਦੇਰੀ ਮਤਲਬ ਇਨਸਾਫ਼ ਤੋਂ ਇਨਕਾਰ । ਯੂਪੀ ਦੇ ਅਲਾਹਾਬਾਦ ਜ਼ਿਲ੍ਹੇ ਦੀ ਅਦਾਲਤ ਨੇ 1968 ‘ਚ ਰਜਿਸਟਰਡ ਹੋਏ ਕੇਸ ਨੂੰ ਪਿਛਲੇ ਸਾਲ 53 ਸਾਲਾਂ ਮਗਰੋਂ ਬੰਦ ਕਰ ਦਿਤਾ ਸੀ ਕਿਉਂਕਿ ਉਸ ਕੇਸ ‘ਚ ਯੂਪੀ ਪੁਲਿਸ, ਦੋ ਭਗੌੜਿਆਂ ਨੂੰ 53 ਸਾਲਾਂ ਤੱਕ ਵੀ ਨਹੀਂ ਫੜ ਸਕੀ ਸੀ। ਸਮੇਂ  ਦੇ ਬੀਤਣ ਨਾਲ ਸਬੂਤ ਵੀ ਮੇਟੇ ਤੇ ਸਮੇਟੇ ਜਾਣ ਦੇ ਡਰ ਵਧ ਜਾਂਦੇ ਹਨ ; ਬੇਅਦਬੀ ਦੇ ਮਾਮਲੇ ਵਿੱਚ ਨਾਭਾ ਜੇਲ੍ਹ ‘ਚ ਕੈਦ ਕੱਟ ਰਹੇ ਮਹਿੰਦਰਪਾਲ ਬਿੱਟੂ ਦਾ ਜੂਨ 2019 ‘ਚ ਜੇਲ੍ਹ ‘ਚ ਹੀ ਕਤਲ ਕਰ ਦਿਤਾ ਗਿਆ ਸੀ ਤੇ ਬੇਅਦਬੀ ਦੇ ਕੇਸ ਵਿਚਲੇ ਤਿੰਨ ਦੋਸ਼ੀ ਹੁਣ ਤੱਕ ਭਗੌੜੇ ਵੀ ਹਨ।

ਅੱਜ  ਬਹਿਬਲ ਕਲਾਂ ‘ਚ ਹੋਣ ਵਾਲ਼ੇ ਸ਼ਹੀਦੀ ਮਾਗਮ ਦੇ ਦਬਾਅ ਨੂੰ ਵੇਖਦਿਆਂ ਅਚਾਨਕ ਪਰਸੋਂ ਜਾਂਚ ਟੀਮ  ਕੋਟਕਪੂਰੇ ਦੇ ਗੋਲ਼ੀਕਾਂਡ ਵਾਲ਼ੇ ਚੌਂਕ ‘ਚ ਪੈਮਾਇਸ਼ਾਂ ਕਰਨ ਪਹੁੰਚ ਗਈ, ਪਰਸੋਂ ਹੀ ਜਾਂਚ ਟੀਮ ਪਰਕਾਸ਼ ਸਿੰਘ ਬਾਦਲ  ਦੇ ਚੰਡੀਗੜ੍ਹ ਵਾਲ਼ੇ ਘਰ ‘ਚ ਜਾ ਪਹੁੰਚੀ ਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਂਚ ਟੀਮ ਨੇ ਜਾ ਘੇਰਿਆ …..ਪਰ  ਬੇਅਦਬੀ ਵਾਲ਼ੇ ਕਾਂਡ ‘ਤੇ ‘ਆਪ ‘ ਦੇ ਅੰਮ੍ਰਿਤਸਰ ਉਤਰੀ ਦੇ ਵਿਧਾਇਕ ਤੇ ਸਾਬਕਾ ਆਈਜੀਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ‘ਤੇ ਸਰਕਾਰ ਕੰਨ ਕਿਉਂ ਨਹੀਂ ਧਰਦੀ ? ਉਹ ਕਹਿੰਦੇ ਨੇ ਕਿ ਉਨ੍ਹਾਂ ਦੀ ਰਿਪੋਰਟ ਵਿੱਚ ਦੋਸ਼ੀਆਂ ਦੇ ਨਾਮ ਸ਼ਾਮਿਲ ਹਨ। ਇਸ ਰਿਪੋਰਟ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰਕੇ ਪਿਛਲੇ ਵਰ੍ਹੇ ਨਵੀਂ ਸਿਟ ਬਣਾਉਣ ਦੇ ਹੁਕਮ ਦਿਤੇ ਗਏ ਸਨ ਤੇ ਕਿਹਾ ਗਿਆ ਸੀ ਕਿ ਸਿਟ ਛੇ ਮਹੀਨਿਆਂ ਦੇ ਵਿੱਚ ਰਿਪੋਰਟ ਦੇਵੇ।

ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲ਼ਾ ‘ਚ 2015 ‘ਚ ਹੋਈ  ਬੇਅਦਬੀ ਦੀ ਘਟਨਾ ‘ਤੇ  ਪਿਛਲੇ ਵਰ੍ਹੇ ਕੁੰਵਰ ਵਿਜੇ ਪ੍ਰਤਾਪ ਦੀ  ਹਾਈਕੋਰਟ ਵੱਲੋਂ ਰਿਪੋਰਟ ਰੱਦ ਕਰਨ ਮਗਰੋਂ ਹਾਈਕੋਰਟ ਦੇ ਹੁਕਮਾਂ ‘ਤੇ ਬਣੀ ਸਿਟ ਨੇ ਆਈਜੀ ਐੱਸਪੀਐੱਸ ਪਰਮਾਰ ਦੀ ਅਗਵਾਈ ‘ਚ ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ ਨੂੰ ਸਾਢੇ ਚਾਰ ਸੌ ਤੋਂ ਵੱਧ  ਪੰਨਿਆਂ ਦੀ ਰਿਪੋਰਟ ਇਸੇ ਵਰ੍ਹੇ ਜੁਲਾਈ ‘ਚ ਸੌਂਪ ਦਿਤੀ ਸੀ। ਇਸ ਰਿਪੋਰਟ ਵਿੱਚ ਸਪੱਸ਼ਟ ਤੌਰ ‘ਤੇ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ‘ਤੇ ਦੋਸ਼ ਲਾਏ ਗਏ ਸਨ ਕਿ ਇਨ੍ਹਾ  ਸਾਰੀਆਂ ਘਟਨਾਵਾਂ  ਦੇ ਪਿਛੇ ਡੇਰੇ ਦੇ ਮੁੱਖੀ  ਦਾ ਹੱਥ ਸੀ। ਮੁੱਖੀ ਤੇ ਡੇਰਾ ਪ੍ਰੇਮੀਆਂ ਨੂੰ  ਰਾਮ ਰਹੀਮ ਦੀ ਫਿਲਮ  ਪੰਜਾਬ ‘ਚ ਨਾ ਚੱਲਣ ਦੇਣ ਦਾ ਬਹੁਤ ਗੁੱਸਾ ਸੀ। ਇਸ ਰਿਪੋਰਟ ਵਿੱਚ ਅਕਾਲੀ ਦਲ ਨੂੰ ਕਲੀਨ ਚਿੱਟ ਦਿਤੀ ਗਈ ਸੀ ਜੋ ਹੁਣ ਤੱਕ ਬੇਅਦਬੀ ਦਾ ਸਾਰਾ ਗੁੱਸਾ ਝੱਲਦਾ ਆ ਰਿਹਾ ਸੀ ਤੇ ਹਾਲੇ ਵੀ  ਪਹਿਲੇ ਨਿਸ਼ਾਨੇ ਤੇ ਹੈ ਕਿਉਂਕਿ ਉਸ ਵਕਤ ਪੰਜਾਬ ‘ਚ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲ਼ੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਸੁਖਬੀਰ ਬਾਦਲ  ਗ੍ਰਹਿ ਮੰਤਰੀ ਸਨ। ਉਸ ਵਕਤ ਸੁਮੇਧ ਸੈਣੀ, ਡੀਜੀਪੀ ਪੰਜਾਬ ਸਨ।  ਕਥਿਤ ਦੋਸ਼ੀਆਂ ਬਾਰੇ  ਅੰਤਿਮ ਫ਼ੈਸਲਾ ਤਾਂ ਅਦਾਲਤ ਹੀ ਕਰੇਗੀ ਜਿਸ ਦੀ ਪੇਸ਼ ਕਦਮੀ ਲਈ ਹਾਲੇ ਤੱਕ ਸਰਕਾਰ ਚੁੱਪ ਹੈ।

ਬੇਅਦਬੀ ਦੀਆਂ ਘਟਨਾਵਾਂ ਇੰਜ ਹੋਈਆਂ ਸਨ :

ਇਕ ਜੂਨ 2015 :  ਬੁਰਜ ਜਵਾਹਰ ਸਿੰਘ ਵਾਲ਼ਾ (ਨੇੜੇ ਬਰਗਾੜੀ) ‘ਚੋਂ  ਦੁਪਿਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ  ਜਿਸ ਕਾਰਨ ਲੋਕਾਂ ‘ਚ ਤਕੜਾ ਰੋਸ ਜਾਗਿਆ ।

25 ਸਿਤੰਬਰ 2015 : ਬੁਰਜ ਜਵਾਹਰ ਸਿੰਘ ਦੇ ਮੇਨ ਗੇਟ ਦੇ ਬਾਹਰ ਸਿਖਾਂ, ਸਿਖ ਪ੍ਰਚਾਰਕਾਂ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਇਤਰਾਜ਼ਯੋਗ ਭਾਸ਼ਾ ਵਾਲ਼ੇ ਪੋਸਟਰ ਲਾਏ ਗਏ। ਇਸੇ ਦੌਰਾਨ ਲੋਕਾਂ ਦਾ ਗੁੱਸਾ ਵੱਧਦਾ ਗਿਆ ਜੋ ਇਸ ਘਟਨਾ ਦੇ ਦੋਸ਼ੀ ਨਾ ਫੜੇ ਜਾਣ ਕਰਕੇ ਰੋਸ ਕਰ ਰਹੇ ਸਨ। ਇਸ ਤੋਂ ਬਾਅਦ ਪੂਰੇ ਪੰਜਾਬ ‘ਚ ਬੇਅਦਬੀ ਦੀਆਂ ਹੋਰ ਵੀ ਘਟਨਾਵਾਂ ਹੋਈਆਂ ਤੇ ਸਾਰੇ ਪੰਜਾਬ ‘ਚ  ਬਾਦਲ ਸਰਕਾਰ ਪ੍ਰਤੀ ਗੁੱਸਾ ਜ਼ੋਰ ਫੜ ਗਿਆ।

12 ਅਕਤੂਬਰ 2015 : ਇਸ ਦਿਨ ਬਰਗਾੜੀ ਗੁਰਦੁਆਰਾ ਸਾਹਿਬ ਦੀ ਗਲ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ 100  ਤੋਂ ਵੱਧ ਅੰਗ ਪਾੜਕੇ ਖਿਲਾਰੇ ਗਏ।

14 ਅਕਤੂਬਰ 2015  : ਇਸ ਦਿਨ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਉਪਰੋਕਤ ਘਟਨਾਵਾਂ ਦਾ ਵਿਰੋਧ ਕਰਨ ਲਈ ਭਾਰੀ ਇਕੱਠ ਹੋਇਆ । ਭੀੜ ਨਾਲ਼ ਪੁਲਿਸ ਦੀਆਂ ਝੜੱਪਾਂ ਹੋ ਗਈਆਂ ; ਪੁਲਿਸ ਅਨੁਸਾਰ ਲੋਕਾਂ ਕੋਲ਼ ਹਥਿਆਰ ਤੇ ਕਿਰਪਾਨਾਂ ਸਨ । ਇਨ੍ਹਾਂ ਝੜੱਪਾਂ ‘ਚ 161 ਲੋਕ ਤੇ ਆਈਜੀ ,ਬਠਿੰਡਾ ਜਤਿੰਦਰ ਜੈਨ ਸਮੇਤ 21 ਪੁਲਿਸ ਵਾਲ਼ੇ ਵੀ ਜ਼ਖ਼ਮੀ ਹੋ ਗਏ ਤੇ ਪੁਲਿਸ ਦੀਆਂ ਗੱਡੀਆਂ ਸਮੇਤ ਕਈ ਵਾਹਨਾਂ ਨੂੰ ਅੱਗ ਦੀ ਭੇਂਟ ਕਰ ਦਿਤਾ ਗਿਆ : ਇਸ ‘ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲ਼ੇ ਵਰ੍ਹਾਏ, ਡਾਂਗਾਂ ਚੱਲੀਆਂ , ਪਾਣੀ ਦੀਆਂ ਤੋਪਾਂ ਨਾਲ਼ ਪਾਣੀ ਛੱਡਿਆ ਗਿਆ ਤੇ ਫਿਰ ਕੋਟਕਪੂਰਾ ਤੇ ਬਹਿਬਲ ਕਲਾਂ ‘ਚ ਪੁਲਿਸ ਨੇ ਗੋਲ਼ੀ ਚਲਾ ਦਿਤੀ : ਬਹਿਬਲ ਕਲਾਂ ‘ਚ ਪੁਲਿਸ ਦੀ ਗੋਲ਼ੀ ਨਾਲ਼  ਸਰਾਵਾਂ ਬੋਦਲਾ ਦੇ ਹਰਜੀਤ ਸਿੰਘ ਪੁਤਰ ਸਾਧੂ ਸਿੰਘ ਅਤੇ ਨਿਆਮੀਆਂ  ਦੇ  ਸੁਖਰਾਜ ਸਿੰਘ ਦੇ ਪਿਤਾ ਕਿਸ਼ਨ ਭਗਵਾਨ ਸਿੰਘ ਮੌਤ ਹੋ ਗਈ।

ਇਸ ਮਗਰੋਂ  ਜੋ ਕੁਝ ਹੋਇਆ ਉਹ ਸੱਭ ਕੁਝ ਰਲ਼ਗੱਡ ਹੋ ਗਿਆ : ਰਾਜਨੀਤੀ ਭਾਰੂ ਹੋ ਗਈ ਤੇ ਵੱਖ ਵੱਖ ਸੰਸਥਾਵਾਂ ਤੇ ਆਗੂਆਂ ਨੇ ਇਨ੍ਹਾਂ ਘਟਨਾਵਾਂ ਨੂੰ ਆਪੋ ਆਪਣੇ ‘ਵੱਕਾਰ’ ਲਈ ਵਰਤਿਆ ।ਲੋਕਾਂ ਦਾ ਦੋਸ਼ ਹੈ ਕਿ ਪਾਰਟੀਆਂ ਵੱਲੋਂ  ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਚੋਣਾਂ ਦੌਰਾਨ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ : ਇਨ੍ਹਾਂ ਚਾਲਾਂ ਤੋਂ ਲੋਕ ਸੁਚੇਤ ਹੋ ਗਏ ,ਪਹਿਲਾਂ 2017 ‘ਚ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਦਿਤਾ ਜਿਸ ‘ਤੇ ਇਨ੍ਹਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਸੀ , ਫਿਰ ਇਸੇ ਵਰ੍ਹੇ ਕਾਂਗਰਸ ਨੂੰ ਵੀ ਲੋਕਾਂ ਨੇ ਘਰੇ ਤੋਰ ਦਿਤਾ ਜੋ ਇਨ੍ਹਾਂ ਘਟਨਾਵਾਂ ‘ਤੇ 2017 ਤੋਂ 2022 ਤੱਕ ਸਿਰਫ਼ ਬਿਆਨਬਾਜ਼ੀ ਕਰਕੇ ਹੀ ਡੰਗ ਟਪਾਉਂਦੀ ਰਹੀ ਤੇ ਹੁਣ  ‘ਆਪ’ ਦੀ ਪੰਜਾਬ ਸਰਕਾਰ ਨੂੰ ਵੀ ਲੋਕਾਂ ਨੇ ਸੰਗਰੂਰ ਲੋਕਸਭਾ ਦੀ  ਜ਼ਿਮਨੀ  ਚੋਣ ਵਿੱਚ ਇਹ ਸੰਦੇਸ਼ ਦੇ ਦਿਤਾ ਹੈ ਕਿ ਲੋਕ ਸਰਕਾਰ ਤੋਂ ਇਸ ਮਸਲੇ ਦਾ ਨਬੇੜਾ ਚਾਹੁੰਦੇ ਹਨ  ਨਾਕੇ ਸਿਰਫ਼ ਡੰਗ ਟਪਾਈ। ਪਿਛਲੇ ਸਾਲ 16 ਦਿਸੰਬਰ  ਤੋਂ ‘ਇਨਸਾਫ਼ ਮੋਰਚਾ’ ਬਹਿਬਲ ਕਲਾਂ ਵਿਖੇ  ਡਟਿਆ ਹੋਇਆ ਹੈ  ਤੇ ਜਿਸ ਬਾਰੇ ਖ਼ਬਰਾਂ ਹਨ ਕਿ ਉਸ ਮੋਰਚੇ ਵਿੱਚ ਵੀ ਦਰਾੜ ਪੈ ਗਈ ਹੈ । ਇਸੇ ਤਰ੍ਹਾਂ ਦਾ ਇਕ ਮੋਰਚਾ 2019 ‘ਚ ਵੀ ਲੱਗਿਆ ਸੀ।

ਪਿਛਲੇ ਤਜਰਬੇ ਤੋਂ ਦਾਅਵੇ ਨਾਲ਼ ਕਿਹਾ ਜਾ ਸਕਦਾ ਹੈ ਕਿ ਇਸ ਮਸਲੇ ‘ਤੇ ਕੋਈ ਵੀ ਸਰਕਾਰ ਕਿਸੇ ਨਿਰਣੇ ‘ਤੇ ਪਹੁੰਚਣ ਦਾ ਹੀਆ ਨਹੀਂ ਕਰੇਗੀ ਤੇ ਇਸ ਮਸਲੇ ਨੂੰ ਲਮਕਾਉਣ ਲਈ ਹਰ ਹਰਬਾ ਵਰਤਿਆਂ ਜਾਵੇਗਾ ਤਾਂ ਕੇ ਇਸ ਮਸਲੇ ‘ਤੇ ਸਿਰਫ਼ ਵੋਟਾਂ ਹੀ ਬਟੋਰੀਆਂ ਜਾਣ । ਕੀ ਮਾਨ ਸਰਕਾਰ ਆਪਣੇ ਵਾਅਦੇ ਅਨੁਸਾਰ ਬੇਅਦਬੀ ਦੇ ਦੋਸ਼ੀਆਂ ਨੂੰ ਬੇਨਕਾਬ ਕਰਨ ਵਿੱਚ ਸਫ਼ਲ ਹੋਵੇਗੀ ?  ਇਸ ਸਵਾਲ ਦਾ ਜਵਾਬ ਮਿਲਣ ‘ਚ ਹਾਲੇ ਪਤਾ ਨਹੀਂ ਪੰਜਾਬ ਨੂੰ ਹੋਰ ਕਿਨਾ ਇੰਤਜ਼ਾਰ ਕਰਨਾ ਪਵੇਗਾ…. ਕੋਈ ਕੁਝ ਨਹੀਂ ਕਹਿ ਸਕਦਾ !  ਸਰਕਾਰ ਤਾਂ ਬਿਲਕੁਲ ਹੀ ਕੋਈ ਸਮਾਂ ਨਿਸ਼ਚਿਤ ਨਹੀਂ ਕਰੇਗੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button