ਪੰਜਾਬ ਸਰਕਾਰ ਵੱਲੋਂ ਦਿੱਲੀ ਏਅਰਪੋਰਟ ਤੱਕ ਸ਼ੁਰੂ ਕੀਤੀ ਜਾ ਰਹੀ ਵੋਲਵੋ ਬੱਸ ਸਰਵਿਸ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ : ਵਿਧਾਇਕ ਰਾਏ
ਪ੍ਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਬੈਠੇ ਹੀ ਆਨ ਲਾਈਨ ਬੁੱਕ ਕਰ ਸਕਣਗੇ ਆਪਣੀਆਂ ਟਿਕਟਾਂ
– ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਲੋਕਾਂ ਦੀ ਕੀਤੀ ਜਾਂਦੀ ਲੁੱਟ ਹੋਵੇਗੀ ਬੰਦ
– ਭਲਕੇ 15 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਏਅਰਪੋਰਟ ਲਈ ਜਲੰਧਰ ਤੋਂ ਸ਼ੁਰੂ ਕਰਨਗੇ ਸੁਪਰ ਲਗਜ਼ਰੀ ਵੋਲਵੋ ਬੱਸ ਸਰਵਿਸ਼
ਫ਼ਤਹਿਗੜ੍ਹ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਲੀ ਏਅਰਪੋਰਟ ਲਈ ਸੁਪਰ ਲਗਜ਼ਰੀ ਵੋਲਵੋ ਬੱਸ ਸਰਵਿਸ ਸ਼ੁਰੂ ਕਰਨ ਦੇ ਫੈਸਲੇ ਕਾਰਨ ਪੰਜਾਬ ਦੇ ਲੋਕਾਂ ਦੀ ਲੰਮੇਂ ਸਮੇਂ ਦੀ ਮੰਗ ਪੂਰੀ ਹੋਈ ਹੈ ਅਤੇ ਇਹ ਬੱਸ ਸਰਵਿਸ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। ਇਹ ਪ੍ਰਗਟਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਇਹ ਲੰਮੇਂ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਿਆ ਜਾ ਸਕੇ।
ਵਿਧਾਇਕ ਲਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬੀਆਂ ਦੀ ਏਸ ਮੰਗ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਦੀ ਮੰਗ ਪੂਰੀ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਦਿੱਲੀ ਏਅਰ ਪੋਰਟ ਤੱਕ ਜਾਣ ਤੇ ਆਉਣ ’ਤੇ ਸਹਿਮਤੀ ਪ੍ਰਗਟਾਈ ਅਤੇ ਪੰਜਾਬ ਸਰਕਾਰ ਨੇ ਇਹ ਬੱਸ ਸਰਵਿਸ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਵਿੱਚ ਟਿਕਟ ਹਾਸਲ ਕਰਨੀ ਆਨ ਲਾਈਨ ਪ੍ਰਕਿ੍ਰਆ ਹੈ, ਇਸ ਸਹੂਲਤ ਕਾਰਨ ਪੰਜਾਬੀ ਵਿਦੇਸ਼ਾਂ ਵਿੱਚ ਬੈਠੇ ਹੀ ਆਨ ਲਾਈਨ ਟਿਕਟਾਂ ਹਾਸਲ ਕਰ ਸਕਣਗੇ।
ਵਿਧਾਇਕ ਨੇ ਕਿਹਾ ਕਿ ਪਹਿਲਾਂ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸ ਸਰਵਿਸ ਨਾ ਹੋਣ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਪੰਜਾਬੀਆਂ ਦੀ ਲੁੱਟ ਕੀਤੀ ਜਾਂਦੀ ਸੀ ਜੋ ਕਿ ਹੁਣ ਬੰਦ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਨੇ ਹਮੇਸ਼ਾਂ ਲੋਕ ਹਿੱਤਾਂ ਨੂੰ ਮੁੱਖ ਰੱਖਿਆ ਹੈ ਜਦੋਂ ਕਿ ਵਿਰੋਧੀਆਂ ਕੋਲ ਕੋਈ ਵੀ ਮੁੱਦਾ ਨਹੀਂ ਰਿਹਾ ਜਿਸ ਕਾਰਨ ਉਹ ਆਪਣੇ ਸਿਆਸੀ ਮਨੋਰਥ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕਰ ਰਹੀਆਂ ਹਨ ਅਤੇ ਇਨ੍ਹਾਂ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੂਬੇ ਦੇ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।
ਵਿਧਾਇਕ ਨੇ ਦੱਸਿਆ ਕਿ ਭਲਕੇ 15 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜਲੰਧਰ ਤੋਂ ਇਹ ਬੱਸ ਸੇਵਾ ਸ਼ੁਰੂ ਕਰਵਾਉਣਗੇ ਜਿਸ ਉਪਰੰਤ ਇਹ ਸੁਪਰ ਲਗਜ਼ਗਰੀ ਵੋਲਵੋ ਬੱਸਾਂ ਰੋਜ਼ਾਨਾਂ ਦਿੱਲੀ ਏਅਰਪੋਰਟ ਲਈ ਜਾਣ ਤੇ ਆਉਣ ਦਾ ਸਫਰ ਤੈਅ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਹ ਬੱਸ ਸਰਵਿਸ ਸ਼ੁਰੂ ਹੋਣ ਨਾਲ ਲੋਕ ਹੁਣ ਦਿੱਲੀ ਏਅਰ ਪੋਰਟ ਲਈ ਆਪਣੀ ਸਹੂਲਤ ਅਨੁਸਾਰ ਬੱਸਾਂ ਵਿੱਚ ਟਿਕਟਾਂ ਦੀ ਬੁਕਿੰਗ ਕਰਵਾ ਸਕਣਗੇ। ਟਿਕਟਾਂ ਬੁੱਕ ਕਰਵਾਉਣ ਲਈ ਵਿਭਾਗ ਦੀ ਵੈਬਸਾਈਟ ਪੈਪਸੂ ਆਨ ਲਾਈਨ ’ਤੇ ਟਿਕਟਾਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.