2021 ਚ ਰਾਸ਼ਟਰਪਤੀ ਤੋਂ ਮਿਲਿਆ ਸੀ ਰਾਸ਼ਟਰੀ ਯੁਵਾ ਪੁਰਸਕਾਰ
ਬਰਨਾਲਾ, 24 ਮਾਰਚ
ਪਿੰਡ ਭੈਣੀ ਜੱਸਾ ਵਾਸੀ ਨਵਜੋਤ ਕੌਰ ਨੂੰ ਮੁਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਇਹ ਐਵਾਰਡ 23 ਮਾਰਚ ਨੂੰ ਹੁਸੈਨੀਵਾਲਾ, ਜ਼ਿਲ੍ਹਾ ਫਿਰੋਜ਼ਪੁਰ, ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਪੰਜਾਬ ਸਰਕਾਰ ਵਲੋਂ ਨਵਜੋਤ ਕੌਰ ਨੂੰ ਰੁ 51000 ਦੀ ਨਗਦ ਰਾਸ਼ੀ, ਸਰਟੀਫਿਕੇਟ, ਮੈਡਲ ਅਤੇ ਬਲੇਜ਼ਰ ਦਿੱਤਾ ਗਿਆ ਹੈ ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਨਵਜੋਤ ਕੌਰ ਬਚਪਨ ਤੋਂ ਹੀ ਸਮਾਜ ਭਲਾਈ ਦੇ ਮਿਸ਼ਨ ਤਹਿਤ ਆਪਣੇ ਪਿੰਡ ਵਿੱਚ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਗੱਤਕੇ ਦੀ ਸਿਖਲਾਈ ਦੇ ਰਹੀ ਹੈ। ਇਸ ਤੋਂ ਇਲਾਵਾ ਇਸ ਯੁਵਤੀ ਵੱਲੋਂ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਅਤੇ ਔਰਤਾਂ ਨੂੰ ਮਿਲਾਈ ਸੈਂਟਰਾਂ ਰਾਹੀਂ ਸਵੈ-ਰੁਜ਼ਗਾਰ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਬਤੌਰ ਐਨ.ਐਸ.ਐਸ. ਵਲੰਟੀਅਰ ਨਵਜੋਤ ਕਾਲਜ ਦੀ ਸਰਵਉੱਤਮ ਵਲੰਟੀਅਰ ਅਤੇ ਕਾਲਜ ਕਲਰ ਵਰਗੇ ਸਨਮਾਨ ਵੀ ਹਾਸਿਲ ਕਰ ਚੁੱਕੀ ਹੈ ।
ਇਸ ਵੱਲੋਂ ਕੌਮੀ ਏਕਤਾ ਕੈਂਪ, ਅੰਤਰ ਰਾਜੀ ਦੌਰੇ, ਯੁਵਕ ਮੇਲੇ, ਐਡਵੇਂਚਰ ਕੈਂਪ, ਹਾਈਕਿੰਗ ਟ੍ਰੇਕਿੰਗ ਕੈਂਪ, ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਆਦਿ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ 2021 ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਤੋਂ ਰਾਸ਼ਟਰੀ ਯੁਵਾ ਪੁਰਸਕਾਰ ਵੀ ਹਾਸਿਲ ਕਰ ਚੁੱਕੀ ਹੈ । ਇਸ ਦੇ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇੰਟਰਵਰਸਿਟੀ ਗੱਤਕਾ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਿਲ ਕਰ ਚੁੱਕੀ ਹੈ ਅਤੇ ਬੜੀ ਆਪਣੀ ਮਿਹਨਤ ਅਤੇ ਲਗਨ ਨਾਲ ਪੰਜਾਬ ਦੀਆਂ ਹੋਰਨਾਂ ਯੁਵਤੀਆਂ ਲਈ ਚਾਨਣ ਮੁਨਾਰਾ ਹੈ ।
ਨਵਜੋਤ ਕੌਰ ਵਰਗੇ ਨੌਜਵਾਨ ਸਾਡਾ ਮਾਣ ਨੇ, ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਨਵਜੋਤ ਕੌਰ ਨੂੰ ਇਨਾਮ ਮਿਲਣ ‘ਤੇ ਮੁਬਾਰਕ ਦਿੱਤੀ ਅਤੇ ਕਿਹਾ ਕਿ ਨਵਜੋਤ ਵਰਗੇ ਨੌਜਵਾਨ ਬੱਚੇ ਜ਼ਿਲ੍ਹਾ ਬਰਨਾਲਾ ਦਾ ਮਾਣ ਹਨ। ਉਹਨਾਂ ਕਿਹਾ ਹੋਰ ਨੌਜਵਾਨ ਵੀ ਨਵਜੋਤ ਤੋਂ ਸੇਧ ਲੈਣ ਅਤੇ ਆਪਣੀਆਂ ਸੇਵਾਵਾਂ ਸਮਾਜ ਪ੍ਰਤੀ ਸਮਰਪਿਤ ਕਰਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.