PunjabTop News

ਨਿਹੰਗ ਸਿੰਘਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਆਈ ਦੂਜੀ ਧਿਰ ਉਤੇ ਹਥਿਆਰਾਂ ਨਾਲ ਹਮਲਾ

ਮਾਛੀਵਾੜਾ ਪੁਲਿਸ ਥਾਣਾ ਵਿੱਚ ਹੀ ਅੱਜ ਸਵੇਰੇ ਚਾਰਦੀਵਾਰੀ ਦੇ ਅੰਦਰ ਹੀ ਨਿਹੰਗ ਸਿੰਘਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਆਈ ਦੂਜੀ ਧਿਰ ਉਤੇ ਕਿਰਪਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਤਿੰਨ ਵਿਅਕਤੀ ਲਹੂ-ਲੁਹਾਨ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਦੀ ਇਮਾਰਤ ਅੰਦਰ ਹੀ ਪੁਲਿਸ ਨੂੰ ਭਾਜੜਾਂ ਪੈ ਗਈਆਂ ਤੇ ਮੁਲਾਜ਼ਮ ਸਥਿਤੀ ਕੰਟਰੋਲ ਕਰਨ ਵਿਚ ਜੁਟ ਗਏ।

ਇਸ ਸਬੰਧੀ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਆਂ ਦੇ ਵਾਸੀ ਰਵਿੰਦਰ ਸਿੰਘ ਉਰਫ਼ ਬਿੰਦਾ ਤੇ ਅਮਨਜੋਤ ਸਿੰਘ ਨੇ ਕੱਲ੍ਹ ਪਿੰਡ ਇਰਾਕ ਵਿੱਚ ਇੱਕ ਵਿਅਕਤੀ ਦੇ ਘਰ ਜਾ ਕੇ ਇੱਟਾਂ, ਰੋੜੇ ਮਾਰ ਕੇ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਨਿਹੰਗ ਸਿੰਘ ਰਵਿੰਦਰ ਸਿੰਘ ਬਿੰਦਾ ਨੇ ਪਿੰਡ ਦੇ ਇੱਕ ਵਿਅਕਤੀ ਨਿਰਭੈ ਸਿੰਘ ਨੂੰ ਵੀ ਜ਼ਖ਼ਮੀ ਕੀਤਾ ਜੋ ਕਿ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਦੂਜੀ ਧਿਰ ਜਿਨ੍ਹਾਂ ਉੱਪਰ ਹਮਲਾ ਹੋਇਆ ਉਹ ਮਾਛੀਵਾੜਾ ਥਾਣਾ ਵਿੱਚ ਸ਼ਿਕਾਇਤ ਦਰਜ ਕਰਵਾਉਣ ਆਏ ਹੋਏ ਸਨ ਕਿ ਨਿਹੰਗ ਸਿੰਘਾਂ ਨੇ ਕ੍ਰਿਪਾਨਾਂ ਕੱਢ ਕੇ ਇਨ੍ਹਾਂ ਉੱਪਰ ਹਮਲਾ ਕਰ ਦਿੱਤਾ।ਇਸ ਖੂਨੀ ਲੜਾਈ ਵਿਚ ਪਰਮਿੰਦਰ ਸਿੰਘ,ਕਮਲਜੀਤ ਸਿੰਘ ਤੇ ਤੇਜਿੰਦਰ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇੱਕ ਦੀ ਗਰਦਨ ਉਤੇ ਕਿਰਪਾਨ ਦਾ ਨਿਸ਼ਾਨ ਸੀ ਅਤੇ ਜੇਕਰ ਉਹ ਜ਼ਿਆਦਾ ਤੇਜ਼ ਵੱਜ ਜਾਂਦੀ ਤਾਂ ਉਸਦੀ ਜਾਨ ਜਾ ਸਕਦੀ ਸੀ।

ਇਸ ਤੋਂ ਇਲਾਵਾ ਬਾਕੀ ਦੋਵਾਂ ਵਿਅਕਤੀਆਂ ਦੇ ਹੱਥਾਂ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੋਇਆ ਸੀ। ਪੁਲਿਸ ਵੱਲੋਂ ਮੌਕੇ ਉਤੇ ਦੋਵੇਂ ਨਿਹੰਗ ਸਿੰਘ ਰਵਿੰਦਰ ਸਿੰਘ ਤੇ ਅਮਨਜੋਤ ਸਿੰਘ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਗੱਡੀ ਵਿਚੋਂ ਇੱਕ ਏਅਰਗੰਨ ਪਿਸਤੌਲ ਵੀ ਬਰਾਮਦ ਕੀਤਾ।ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਗ੍ਰਿਫ਼ਤਾਰ ਕੀਤੇ ਨਿਹੰਗ ਸਿੰਘਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਥਾਣਾ ਵਿੱਚ ਸ਼ਿਕਾਇਤ ਦਰਜ ਕਰਵਾਉਣ ਆਏ ਵਿਅਕਤੀ ਜਗਰੂਪ ਸਿੰਘ ਤੇ ਮਨਵੀਰ ਸਿੰਘ ਨੇ ਡੀਐੱਸਪੀ ਤਰਲੋਚਨ ਸਿੰਘ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਹੰਗ ਰਵਿੰਦਰ ਸਿੰਘ ਬਿੰਦਾ ਬਾਣੇ ਦੀ ਆੜ੍ਹ ਹੇਠ ਨਸ਼ੀਲੇ ਪਦਾਰਥ ਵੇਚਦਾ ਹੈ।ਉਨ੍ਹਾਂ ਦੱਸਿਆ ਕਿ ਸੜਕ ’ਤੇ ਨਾਜਾਇਜ਼ ਕਬਜ਼ਾ ਕਰਕੇ ਉਸਨੇ ਝੌਂਪੜੀ ਪਾਈ ਹੈ ਜਿੱਥੇ ਉਹ ਨਸ਼ੀਲੇ ਪਦਾਰਥ ਵੇਚਦਾ ਹੈ। ਇਸ ਤੋਂ ਇਲਾਵਾ ਉਹ ਪਿੰਡ ਵਿਚ ਕ੍ਰਿਪਾਨਾਂ ਕੱਢ ਕੇ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਰਹਿੰਦਾ ਹੈ ਤੇ ਅਜਿਹੇ ਮਾੜੇ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਇਹ ਜਾਂਚ ਵੀ ਕੀਤੀ ਜਾਵੇਗੀ ਕਿ ਉਕਤ ਨਿਹੰਗ ਸਿੰਘ ਨਸ਼ਾ ਵੇਚਦੇ ਹਨ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button