NewsPress ReleasePunjabTop News

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਸੂਬੇ ਦੇ ਪਹਿਲੇ ਪੈਟਰੋਲ ਪੰਪ ਦੀ ਸ਼ੁਰੂਆਤ

ਪੰਜਾਬ ਦੇ ਜੇਲ੍ਹ ਪ੍ਰਬੰਧ ਵਿਚ ਲਿਆਂਦੀ ਜਾ ਰਹੀ ਹੈ ਕ੍ਰਾਂਤੀਕਾਰੀ ਤਬਦੀਲੀ: ਹਰਜੋਤ ਸਿੰਘ ਬੈਂਸ 

ਕੈਬਨਿਟ ਮੰਤਰੀ ਸ. ਬੈਂਸ ਨੇ ਗੱਡੀਆਂ ਵਿਚ ਤੇਲ ਪਾਇਆ
ਜੇਲ੍ਹ ਦੇ ਕੈਦੀ ਹੀ ਪਾਇਆ ਕਰਨਗੇ ਵਾਹਨਾਂ ਵਿੱਚ ਤੇਲ
ਕੈਦੀਆਂ ਦੇ ਮੁੜ ਵਸੇਬੇ ਲਈ ਖਰਚੇ ਜਾਣਗੇ ਪੈਟਰੋਲ ਪੰਪ ਦੀ ਆਮਦਨ ਦੇ ਪੈਸੇ
01 ਅਕਤੂਬਰ ਤੋਂ ਸੂਬੇ ਵਿੱਚ ਰੇਤੇ ਤੇ ਬਜਰੀ ਦੀ ਨਹੀਂ ਰਹੇਗੀ ਕਮੀ
09 ਰੁਪਏ ਦੇ ਹਿਸਾਬ ਨਾਲ ਮਿਲੇਗਾ ਰੇਤਾ ਤੇ 20 ਰੁਪਏ ਦੇ ਹਿਸਾਬ ਨਾਲ ਮਿਲੇਗੀ ਬਜਰੀ 
ਹੁਣ ਤੱਕ 3900 ਤੋਂ ਵੱਧ ਮੋਬਾਈਲ ਫੋਨ ਜੇਲ੍ਹਾਂ ਵਿੱਚੋਂ ਫੜ੍ਹੇ
ਰੂਪਨਗਰ: ਅੱਜ ਇਤਿਹਾਸਕ ਮੌਕਾ ਹੈ ਕਿਉਂਕਿ ਸੂਬੇ ਦੇ ਜੇਲ੍ਹ ਪ੍ਰਬੰਧ ਵਿਚ ਬਹੁਤ ਵੱਡਾ ਬਦਲਾਅ ਆਇਆ ਹੈ ਤੇ ਜੇਲ੍ਹਾਂ ਨੂੰ ਅਸਲ ਵਿਚ ਸੁਧਾਰ ਘਰ ਬਣਾਉਣ ਦੇ ਰਾਹ ਉੱਤੇ ਇੱਕ ਕਦਮ ਹੋਰ ਪੁੱਟਿਆ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੇਲ੍ਹ ਮੰਤਰੀ, ਪੰਜਾਬ, ਸ. ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਪੰਜਾਬ ਪ੍ਰਿਜ਼ਨਜ਼ ਡਿਵੈਲਪਮੈਂਟ ਬੋਰਡ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਲਾਏ ਪੈਟਰੋਲ ਪੰਪ, ਉਜਾਲਾ ਫਿਊਲਜ਼, ਦਾ ਉਦਘਾਟਨ ਕਰਨ ਮੌਕੇ ਕੀਤਾ।
ਸ. ਬੈਂਸ ਨੇ ਦੱਸਿਆ ਕਿ ਇਸ ਪੰਪ ਉੱਤੇ ਜੇਲ੍ਹ ਦੇ ਚੰਗੇ ਸਲੂਕ ਵਾਲੇ ਕੈਦੀ ਵਾਹਨਾਂ ਵਿਚ ਤੇਲ ਪਾਇਆ ਕਰਨਗੇ ਤੇ ਇਸ ਮੌਕੇ ਕੈਦੀਆਂ ਦੇ ਨਾਲ  ਸੁਰੱਖਿਆ ਦਸਤੇ ਮੌਜੂਦ ਰਹਿਣਗੇ। ਇਸ ਸਬੰਧੀ ਕੈਦੀਆਂ ਨੂੰ ਵਿਸ਼ੇਸ ਸਿਖਲਾਈ ਦਿੱਤੀ ਗਈ ਹੈ। ਨਵੇਂ ਸ਼ੁਰੂ ਕੀਤੇ ਪੈਟਰੋਲ ਪੰਪ ਉੱਤੇ ਕੈਬਨਿਟ ਮੰਤਰੀ ਸ. ਬੈਂਸ ਨੇ ਗੱਡੀਆਂ ਵਿਚ ਤੇਲ ਵੀ ਪਾਇਆ।
ਸ. ਬੈਂਸ ਨੇ ਕਿਹਾ ਕਿ ਜਿੰਨੀ ਪੁਲੀਸਿੰਗ ਜ਼ਰੂਰੀ ਹੈ,  ਓਨਾ ਹੀ ਜ਼ਰੂਰੀ ਜੇਲ੍ਹ ਪ੍ਰਬੰਧ ਹਨ। ਪਿਛਲੀਆਂ ਸਰਕਾਰਾਂ ਵੇਲੇ ਜੇਲ੍ਹਾਂ ਦਾ ਬਹੁਤ ਬੁਰਾ ਹਾਲ ਰਿਹਾ ਹੈ। ਪਰ ਮੌਜੂਦਾ ਸਰਕਾਰ ਜੇਲ੍ਹ ਪ੍ਰਬੰਧ ਵਿਚ ਸੁਧਾਰ ਲਈ ਵੱਡੇ ਯਤਨ ਕਰ ਰਹੀ ਹੈ ਤੇ ਹੁਣ ਤੱਕ
3900 ਤੋਂ ਵੱਧ ਮੋਬਾਈਲ ਫੋਨ ਜੇਲ੍ਹਾਂ ਵਿੱਚੋਂ ਫੜ੍ਹੇ ਗਏ ਹਨ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਇਹ ਸਭ ਕੁਝ ਹੋ ਰਿਹਾ ਹੈ।
ਸੂਬੇ ਦੀਆਂ ਜੇਲ੍ਹਾਂ ਵਿੱਚ ਰੋਜ਼ਾਨਾ ਕੈਦੀਆਂ ਨੂੰ ਪੀ.ਟੀ. ਤੇ ਯੋਗਾ ਕਰਵਾਇਆ ਜਾਂਦਾ ਹੈ। ਸੂਬੇ ਦੀਆਂ ਜੇਲ੍ਹਾਂ ਵਿੱਚ ਕਰੀਬ 30,000 ਕੈਦੀ ਹਨ, ਸਭ ਦੇ ਡਰੱਗ ਟੈਸਟ ਕਰਵਾਏ ਗਏ ਤੇ 14000 ਪੌਜ਼ੇਟਿਵ ਪਾਏ ਗਏ। ਉਹਨਾਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਇਸ ਦਲਦਲ ਵਿਚੋਂ ਬਾਹਰ ਕੱਢਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਜੇਲ੍ਹਾਂ ਵਿਚ ਕੈਦੀਆਂ ਦੀ ਪੜ੍ਹਾਈ ਕਰਵਾਉਣ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਰਿਹਾਅ ਹੋਣ ਉਪਰੰਤ ਉਹ ਚੰਗੇ ਨਾਗਰਿਕ ਬਣ ਕੇ ਚੰਗੀ ਜ਼ਿੰਦਗੀ ਜਿਉਣ। ਸ. ਬੈਂਸ ਨੇ ਕਿਹਾ ਕਿ ਉਹ ਇਕ ਮਿਸ਼ਨ ਨੂੰ ਲੈਕੇ ਚਲ ਰਹੇ ਹਨ ਤੇ ਜਲਦ ਉਹ ਦਿਨ ਆਵੇਗਾ ਜਦ ਸੂਬੇ ਦੀਆਂ ਜੇਲ੍ਹਾਂ ਦੇਸ਼ ਵਿਚੋਂ ਬੇਹਤਰੀਨ ਜੇਲ੍ਹਾਂ ਬਣ ਜਾਣਗੀਆਂ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 01 ਅਕਤੂਬਰ ਤੋਂ ਸੂਬੇ ਵਿਚ ਰੇਤੇ ਅਤੇ ਬਜਰੀ ਦੀ ਕੋਈ ਕਮੀ ਨਹੀਂ ਰਹੇਗੀ ਤੇ ਲੋਕਾਂ ਨੂੰ 09 ਰੁਪਏ ਦੇ ਹਿਸਾਬ ਨਾਲ ਰੇਤਾ ਤੇ 20 ਰੁਪਏ ਦੇ ਹਿਸਾਬ ਨਾਲ ਬਜਰੀ ਮਿਲੇਗੀ। ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਰੇਤੇ ਸਬੰਧੀ ਪਰਚੀ ਕੱਟੇ ਜਾਣ ਦੇ ਸਵਾਲ ਦੇ ਜਵਾਬ ਵਿੱਚ ਕੈਬਿਨੇਟ ਮੰਤਰੀ ਨੇ ਦੱਸਿਆ ਕਿ ਹੋਰਨਾਂ ਸੂਬਿਆਂ ਤੋਂ ਰੇਤਾ ਲੈਕੇ ਆਉਣ ਵਾਲੇ ਵਾਹਨਾਂ ਉੱਤੇ ਐਂਟਰੀ ਟੈਕਸ ਲਾਇਆ ਗਿਆ ਹੈ ਤੇ ਉਹ ਰਿਫੰਡ ਕਰਵਾਇਆ ਜਾ ਸਕਦਾ। ਇਸ ਤੋਂ ਇਲਾਵਾ ਗੈਂਗਸਟਰ ਅੰਸਾਰੀ ਬਾਰੇ ਪੜਤਾਲ ਜਾਰੀ ਹੈ ਤੇ ਬਹੁਤ ਜਲਦ ਵੱਡੇ ਖੁਲਾਸੇ ਇਸ ਮਾਮਲੇ ਬਾਰੇ ਕੀਤੇ ਜਾਣਗੇ।
ਜ਼ਿਕਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਜਿਹੇ 12 ਪੰਪ ਲਗਣੇ ਹਨ ਤੇ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਲੱਗਿਆ ਇਹ ਸੂਬੇ ਦਾ ਪਹਿਲਾ ਅਜਿਹਾ ਪੰਪ ਹੈ। ਇਸ ਪੰਪ ਤੋਂ ਕਰੀਬ 01 ਲੱਖ ਲਿਟਰ ਪ੍ਰਤੀ ਮਹੀਨਾ ਤੇਲ ਦੀ ਵਿਕਰੀ ਦੀ ਆਸ ਹੈ ਤੇ ਇਹ ਆਮਦਨ ਕੈਦੀਆਂ ਦੀ ਭਲਾਈ ਤੇ ਸਜ਼ਾ ਪੂਰੀ ਹੋਣ ਉਪਰੰਤ ਉਹਨਾਂ ਦੇ ਮੁੜ ਵਸੇਬੇ ਲਈ ਖਰਚੀ ਜਾਵੇਗੀ ਤਾਂ ਜੋ ਉਹ ਚੰਗੇ ਨਾਗਰਿਕ ਬਣ ਕੇ ਸੁਚੱਜੀ ਜ਼ਿੰਦਗੀ ਬਤੀਤ ਕਰ ਸਕਣ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button