ਗੁਜਰਾਤੀ ਨੋਜਵਾਨ ਨੂੰ ਟੈਕਸਾਸ ਵਿਚ ਹੋਈ ਪੰਜ ਸਾਲ ਤੋਂ ਜਿਆਦਾ ਸਜ਼ਾ, ਕਰਦਾ ਸੀ ਧੋਖਾਧੜੀ

ਬਜ਼ੁਰਗਾਂ ਨਾਲ ਲੱਖਾਂ ਡਾਲਰਾਂ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਆਸਟਿਨ, ਟੈਕਸਾਸ ਵਿਚ ਇਕ ਭਾਰਤੀ ਵਿਦਿਆਰਥੀ ਨੂੰ 5 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕਿਸ਼ਨ ਰਜੇਸ਼ ਕੁਮਾਰ ਪਟੇਲ ਨੇ ਭੇਸ ਬਦਲ ਕੇ ਆਨ ਲਾਈਨ ਤਕਰੀਬਨ 27 ਲੱਖ ਡਾਲਰ ਦਾ ਘੁਟਾਲਾ ਕੀਤਾ। 20 ਸਾਲਾ ਪਟੇਲ ਨਵਸਾਰੀ, ਗੁਜਰਾਤ ਦਾ ਰਹਿਣਾ ਵਾਲਾ ਹੈ ਤੇ ਉਹ ਵਿਦਿਆਰਥੀ ਵੀਜੇ ਉਪਰ ਅਮਰੀਕਾ ਆਇਆ ਸੀ। ਉਸ ਨੇ ਸਹਿ ਸਾਜਿਸ਼ਕਾਰ ਧਰੁੱਵ ਰਾਜੇਸ਼ਭਾਈ ਮੰਗੂਕਿਆ ਤੇ ਹੋਰਨਾਂ ਨਾਲ ਮਿਲ ਕੇ ਇਕ ਕੌਮਾਂਤਰੀ ਸਕੀਮ ਬਣਾਈ, ਜਿਸ ਤਹਿਤ ਉਨ੍ਹਾਂ ਨੇ ਸਰਕਾਰੀ ਅਫ਼ਸਰਾਂ ਦਾ ਭੇਸ ਧਾਰ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ। ਅਦਾਲਤੀ ਰਿਕਾਰਡ ਅਨੁਸਾਰ ਪਟੇਲ ਨੇ ਖੁਦ ਬਜ਼ੁਰਗਾਂ ਕੋਲੋਂ ਵੱਡੀਆਂ ਰਕਮਾਂ ਲਈਆਂ ਤੇ ਆਪਣਾ ਹਿੱਸਾ ਰੱਖ ਕੇ ਬਾਕੀ ਪੈਸਾ ਸਹਿ ਸਾਜਿਸ਼ਕਾਰਾਂ ਨੂੰ ਦਿੱਤਾ। ਉਸ ਨੇ ਕਰੀਬ 25 ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ। ਪਟੇਲ ਨੂੰ 24 ਅਗਸਤ, 2024 ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਸ ਨੇ ਇਕ ਪੀੜਤ ਕੋਲੋਂ ਇਕ ਲੱਖ ਤੀਹ ਹਜ਼ਾਰ ਡਾਲਰ ਲਏ ਸਨ। ਉਸ ਨੂੰ ਸੰਘੀ ਹਿਰਾਸਤ ਵਿਚ ਲਿਆ ਗਿਆ। ਬਾਅਦ ਵਿਚ ਅਦਾਲਤ ਵਿਚ ਉਸ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਮੰਨ ਲਿਆ ਸੀ। ਯੂ. ਐਸ. ਡਿਸਟ੍ਰਿਕਟ ਜੱਜ ਰਾਬਰਟ ਪਿਟਮੈਨ ਨੇ ਉਸ ਨੂੰ 63 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਕੱਟਣ ਉਪਰੰਤ ਉਸ ਨੂੰ ਵਾਪਿਸ ਭਾਰਤ ਭੇਜੇ ਜਾਣ ਦੀ ਵੀ ਸੰਭਾਵਨਾ ਹੈ। ਉਸ ਦਾ ਸਾਥੀ ਮੰਗੂਕਿਆ ਵੀ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਮੰਨ ਚੁੱਕਾ ਹੈ। ਉਸ ਨੂੰ ਅਜੇ ਸਜ਼ਾ ਸੁਣਾਈ ਜਾਣੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.