OpinionD5 special

ਕੋਧਰੇ ਦੀ ਰੋਟੀ

ਗੁਰੂ ਨਾਨਕ ਸਾਹਿਬ ਦੇ ਜ਼ਿਕਰ ਦੇ ਨਾਲ ਕੋਧਰੇ ਦਾ ਜ਼ਿਕਰ ਡੂੰਘਾ ਜੁੜਿਆ ਹੋਇਆ ਹੈ। ਕੋਧਰਾ ਹਜ਼ਾਰਾਂ ਸਾਲ ਪੁਰਾਣਾ ਅੰਨ ਹੈ ਜਿਹੜਾ ਅਫਰੀਕਾ ਤੇ ਭਾਰਤੀ ਉਪ ਮਹਾਂਦੀਪ ਵਿਚ ਕਾਫੀ ਮਾਤਰਾ ਵਿਚ ਵਰਤਿਆ ਜਾਂਦਾ ਸੀ। ਇਹ ਸੋਕੇ ਜਾਂ ਘੱਟ ਪਾਣੀ ਵਾਲੀ ਥਾਂ ਉੱਤੇ ਬਹੁਤ ਵਧੀਆ ਉੱਗਦਾ ਹੈ। ਪਾਣੀ ਦੀ ਲੋੜ ਬਹੁਤ ਘੱਟ ਹੋਣ ਸਦਕਾ ਇਸ ਦੀ ਵਰਤੋਂ ਕਾਫੀ ਸਦੀਆਂ ਤੱਕ ਹੁੰਦੀ ਰਹੀ। ਉਦੋਂ ਇਸ ਦੇ ਗੁਣਾਂ ਬਾਰੇ ਬਹੁਤਾ ਗਿਆਨ ਨਹੀਂ ਸੀ ਕਿ ਕਿਵੇਂ ਸਿਰਫ਼ ਇਸ ਨੂੰ ਖਾਣ ਨਾਲ ਹੀ ਅੰਤੜੀਆਂ, ਦਿਲ ਤੇ ਦਿਮਾਗ਼ ਤੰਦਰੁਸਤ ਰੱਖਿਆ ਜਾ ਸਕਦਾ ਹੈ। ਫਾਈਬਰ ਭਰਪੂਰ, ਲੋਹ ਕਣਾਂ ਤੇ ਐਂਟੀਆਕਸੀਡੈਂਟ ਨਾਲ ਲੱਦਿਆ ਕੋਧਰਾ ਨਾ ਸਿਰਫ਼ ਇਨਸਾਨਾਂ ਬਲਕਿ ਜਾਨਵਰਾਂ ਨੂੰ ਵੀ ਤੰਦਰੁਸਤ ਰੱਖਦਾ ਹੈ।

ਕੋਧਰੇ ਵਿਚ ਫਾਸਫੋਰਸ ਬਾਕੀ ਸਾਰੇ ਅੰਨਾਂ ਨਾਲੋਂ ਘੱਟ ਹੁੰਦਾ ਹੈ ਪਰ ਐਂਟੀਆਕਸੀਡੈਂਟ ਵਜੋਂ ਨੰਬਰ ਵੰਨ ਪਹੁੰਚ ਚੁੱਕਿਆ ਹੈ।
ਇਸ ਅੰਨ ਬਾਰੇ ਜਦੋਂ ਖੋਜ ਆਰੰਭੀ ਤਾਂ ਇਸ ਦੇ ਫਾਇਦੇ ਵੇਖਦਿਆਂ ਖੋਜੀਆਂ ਨੇ ਕੋਧਰੇ ਨੂੰ ਇਨਸਾਨੀ ਨਸਲ ਅਗਾਂਹ ਤੋਰੀ ਰੱਖਣ ਵਿਚ ਸਹਾਈ ਮੰਨ ਲਿਆ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਬੀਮਾਰੀਆਂ ਤੋਂ ਬਚਾ ਕੇ ਕੋਧਰਾ ਹੀ ਲੰਮੀ ਜ਼ਿੰਦਗੀ ਪ੍ਰਦਾਨ ਕਰਦਾ ਰਿਹਾ ਹੈ।
ਖੋਜਾਂ ਰਾਹੀਂ ਸਾਬਤ ਹੋਏ ਤੱਥ ਕਿ ਕੋਧਰਾ ਖਾਣ ਨਾਲ ਜਿਹੜੇ ਰੋਗਾਂ ਤੋਂ ਬਚਾਓ ਹੁੰਦਾ ਹੈ, ਉਹ ਹਨ :-
– ਦਮਾ
– ਮਿਗਰੇਨ
– ਬਲੱਡ ਪ੍ਰੈੱਸ਼ਰ
– ਸ਼ੱਕਰ ਰੋਗ
– ਸ਼ੱਕਰ ਰੋਗ ਨਾਲ ਪੈਂਦੇ ਦਿਲ ਉੱਤੇ ਅਸਰ
– ਨਾੜੀਆਂ ਅੰਦਰ ਝੱਪੇ ਜੰਮਣੇ
– ਹਾਰਟ ਅਟੈਕ
– ਪਿੱਤੇ ਦੀ ਪਥਰੀ
– ਇਨਸੂਲਿਨ ਦੇ ਅਸਰ ਨੂੰ ਵਧਾਉਣਾ
– ਸਟਰੋਕ/ਪਾਸਾ ਮਾਰੇ ਜਾਣ ਤੋਂ ਬਚਾਓ
– ਮੋਟਾਪਾ
– ਛਾਤੀ ਦਾ ਕੈਂਸਰ
– ਜਵਾਨੀ ਵਿਚ ਮੌਤ
ਇਹ ਸਾਰੇ ਗੁਣ ਵੇਖਦੇ ਕੋਧਰੇ ਨੂੰ ਸਿਰਫ਼ ਅੰਨ ਕਹਿਣ ਦੀ ਥਾਂ ‘‘ਨਿਊਟਰਾਸਿਊਟਿਕਲ’’ ਜਾਂ ‘‘ਸੰਤੁਲਿਤ ਅੰਨ’’ ਕਿਹਾ ਜਾਣ ਲੱਗ ਪਿਆ ਹੈ। ਕਦੇ ਗਰੀਬਾਂ ਦੀ ਰੋਟੀ ਮੰਨੇ ਜਾਣ ਵਾਲੇ ਕੋਧਰੇ ਬਾਰੇ ਏਨੀ ਜਾਣਕਾਰੀ ਮਿਲਣ ਬਾਅਦ ‘‘ਫੂਡ ਪ੍ਰੋਸੈੱਸਿੰਗ’’ ਕੰਪਨੀਆਂ ਨੂੰ ਝੱਲ ਪੈ ਗਿਆ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਇਸ ਦੇ ਬਿਸਕੁਟ, ਰਸ, ਦਲੀਆ, ਉਪਮਾ, ਡੋਸਾ, ਕੇਸਰੀ, ਹਲਵਾ, ਪਾਪੜ, ਪਕੌੜੇ, ਕੇਕ, ਕਾਂਜੀ, ਪੋਂਗਲ, ਚੌਲ, ਪੁਲਾਓ, ਪੁੱਟੂ, ਇਡਲੀ, ਮੁਕੁੱਕੂ, ਪੁਡਿੰਗ, ਵੜਾ, ਅਡਾਈ, ਮਠਿਆਈ, ਗੱਲ ਕੀ ਹਰ ਕਿਸਮ ਦਾ ਸਮਾਨ ਬਣਾ ਕੇ ਧੜਾਧੜ ਬਜ਼ਾਰ ਵਿਚ ਅੱਠ ਗੁਣਾ ਭਾਅ ਵਧਾ ਕੇ ਵੇਚਿਆ ਜਾਣ ਲੱਗ ਪਿਆ ਹੈ।

ਇਹ ਸਮਾਨ ਬਹੁਤ ਮਹਿੰਗਾ ਹੋਣ ਕਾਰਨ ਗਰੀਬਾਂ ਦੇ ਵਸ ਤੋਂ ਬਾਹਰ ਹੋ ਗਿਆ ਹੈ। ਹੈ ਨਾ ਕਮਾਲ, ਜਾਨਵਰਾਂ ਅੱਗੇ ਚਾਰੇ ਵਾਂਗ ਆਪੇ ਉੱਗੀ ਕੁਦਰਤੀ ਮੁਫ਼ਤ ਚੀਜ਼ ਤੇ ਅਤਿ ਦੇ ਗਰੀਬਾਂ ਲਈ ਢਿੱਡ ਭਰਨ ਦਾ ਜ਼ਰੀਆ ਹੁਣ ਉਨਾਂ ਤੋਂ ਖੋਹ ਕੇ ਕੰਪਨੀਆਂ ਨੇ ‘‘ਮਾਡਰਨ ਫੂਡ’’ ਦੇ ਨਾਂ ਹੇਠ ਕੋਧਰੇ ਨੂੰ ਚਮਤਕਾਰੀ ਬਣਾ ਕੇ ਖ਼ੂਬਸੂਰਤ ਡੱਬਿਆਂ ਵਿਚ ਬੰਦ ਕਰ ਦਿੱਤਾ ਹੈ। ਗ਼ਰੀਬ ਵਿਚਾਰੇ ਸਦੀਆਂ ਤੋਂ ਮੁਫ਼ਤ ਕੋਧਰਾ ਖਾਣ ਦੀ ਥਾਂ ਹੁਣ ਕਣਕ ਚੌਲ ਦੇ ਚੱਕਰਵਿਊ ਵਿਚ ਫਸਾ ਦਿੱਤੇ ਗਏ ਹਨ। ਕਣਕ ਚੌਲ ਦੇ ਚੱਕਰ ਵਿਚ ਫਸਣ ਤੋਂ ਪਹਿਲਾਂ ਜਿਹੜੀ ਬੀਮਾਰੀ ਦਿਸਦੀ ਹੀ ਨਹੀਂ ਸੀ, ਉਸੇ ਕਣਕ ਦੀ ਐਲਰਜੀ ਵਾਲੇ ਮਰੀਜ਼ਾਂ ਲਈ ਕੋਧਰਾ ਬੇਸ਼ਕੀਮਤੀ ਸੁਗ਼ਾਤ ਹੈ।

ਕੋਧਰੇ ਦੇ ਕਈ ਨਾਂ ਹਨ-ਗਾਂ ਦਾ ਘਾਹ, ਚੌਲਾਂ ਵਿਚਲਾ ਘਾਹ, ਪਾਸਪਾਲਮ, ਭਾਰਤੀ ਕਰਾਊਨ ਗਰਾਸ, ਡਿੱਚ ਅੰਨ, ਕੋਡੋ, ਕੋਡੋਨ, ਹਰਕਾ, ਕੋਡੇਨ, ਵਾਰਾਗੂ, ਅਰਿਕੇਲੂ, ਅਰਿਕਾ ਆਦਿ। ਗੁਜਰਾਤ, ਕਰਨਾਟਕ, ਮੱਧ ਪ੍ਰਦੇਸ ਤੇ ਤਾਮਿਲਨਾਡੂ ਵਿਚ ਇਸ ਵੇਲੇ ਇਹ ਬਹੁਤ ਬੀਜਿਆ ਜਾ ਰਿਹਾ ਹੈ ਤੇ ਕਿਸਾਨਾਂ ਵੱਲੋਂ ਰੱਜ ਕੇ ਕਮਾਈ ਕੀਤੀ ਜਾ ਰਹੀ ਹੈ। ਭਾਰਤ ਤੋਂ ਇਲਾਵਾ ਪਾਕਿਸਤਾਨ, ਫਿਲੀਪੀਨਜ਼, ਇੰਡੋਨੇਸ਼ੀਆ, ਵੀਅਤਨਾਮ, ਥਾਈਲੈਂਡ ਤੇ ਅਫਰੀਕਾ ਵਿਚ ਵੀ ਕੋਧਰਾ ਬੀਜਿਆ ਤੇ ਵਰਤਿਆ ਜਾਂਦਾ ਹੈ।
ਕੋਧਰੇ (ਪਾਲਪਾਲਮ) ਦੀਆਂ 400 ਕਿਸਮਾਂ ਮੌਜੂਦ ਹਨ ਜਿਨਾਂ ਵਿੱਚੋਂ ਕੁੱਝ ਸਾਰਾ ਸਾਲ ਬੀਜੀਆਂ ਜਾਂਦੀਆਂ ਹਨ ਤੇ ਸੋਕੇ ਦੌਰਾਨ ਜਾਂ ਘੱਟ ਪਾਣੀ ਵਿਚ ਵੀ ਵਧੀਆ ਫਸਲ ਉੱਗ ਪੈਂਦੀ ਹੈ।
ਕੋਧਰੇ ਵਿਚ ਚੌਲਾਂ ਤੇ ਕਣਕ ਨਾਲੋਂ ਪ੍ਰੋਟੀਨ, ਫਾਈਬਰ ਤੇ ਮਿਨਰਲ ਕਿਤੇ ਵੱਧ ਹਨ।

ਕੋਧਰਾ ਚੌਲ ਕਣਕ
ਫਾਈਬਰ 9 ਫੀਸਦੀ 0.2 ਫੀਸਦੀ 1.2 ਫੀਸਦੀ
ਇਸ ਤੋਂ ਇਲਾਵਾ ਕੋਧਰੇ ਵਿਚ-ਕਾਰਬੋਹਾਈਡਰੇਟ 66.6 ਫੀਸਦੀ, 8 ਫੀਸਦੀ ਪ੍ਰੋਟੀਨ, 353 ਕਿਲੋ ਕੈਲਰੀਆਂ ਪ੍ਰਤੀ 100 ਗ੍ਰਾਮ, 1.4 ਫੀਸਦੀ ਥਿੰਦਾ, 2.6 ਫੀਸਦੀ ਮਿਨਰਲ ਤੱਤ ਹੁੰਦੇ ਹਨ।
ਕੋਧਰੇ ਵਿਚ ਬਾਕੀ ਹਰ ਕਿਸਮ ਦੇ ਅੰਨ ਨਾਲੋਂ ਘੱਟ ਫਾਸਫੋਰਸ ਹੁੰਦਾ ਹੈ ਪਰ ਵਿਟਾਮਿਨ ਸੀ ਤੇ ਈ ਲੋੜ ਮੁਤਾਬਕ ਕਾਫ਼ੀ ਹਨ। ਇਸ ਤੋਂ ਇਲਾਵਾ ਪੌਲੀਫਿਨੋਲ, ਐਂਟੀਆਕਸੀਡੈਂਟ, ਟੈਨਿਨ, ਫਾਈਟਿਕ ਏਸਿਡ, ਲੋਹ ਕਣ, ਕੈਲਸ਼ੀਅਮ ਤੇ ਜ਼ਿੰਕ ਵੀ ਹਨ।

ਪ੍ਰੋਸੈੱਸਿੰਗ ਨਾਲ ਕੋਧਰੇ ਵਿਚ ਕੀ ਵਾਪਰਦਾ ਹੈ ?
ਭਾਵੇਂ ਕੋਧਰੇ ਨੂੰ ਵਪਾਰੀਆਂ ਨੇ ਵੱਟਕ ਦਾ ਜ਼ਰੀਆ ਬਣਾ ਕੇ ਖ਼ਰਬਾਂ ਕਮਾ ਲਏ ਹਨ, ਪਰ ਇਸ ਨਾਲ ਨੁਕਸਾਨ ਨਾ ਸਿਰਫ਼ ਕੋਧਰੇ ਦਾ, ਬਲਕਿ ਲੋਕਾਂ ਦੀ ਸਿਹਤ ਦਾ ਵੀ ਹੋਇਆ ਹੈ। ਜਦੋਂ ਆਮ ਘਰਾਂ ਵਿਚ ਰੋਟੀ ਬਣਾਉਣ ਲੱਗਿਆਂ ਕੋਧਰੇ ਦਾ ਆਟਾ ਪਾਣੀ ਵਿਚ ਭਿਉਂ ਕੇ ਗੁੰਨਿਆ ਜਾਂਦਾ ਹੈ ਤਾਂ ਇਸ ਵਿਚਲੇ ਟੈਨਿਨ ਤੇ ਫਾਈਟੇਟ ਘਟ ਜਾਂਦੇ ਹਨ ਜਿਨਾਂ ਨਾਲ ਅਮਾਈਨੋ ਏਸਿਡ ਤੇ ਮਿਨਰਲ ਤੱਕ ਕਦਰਤੀ ਤਰੀਕੇ ਸੌਖਿਆਂ ਹਜ਼ਮ ਹੋ ਜਾਂਦੇ ਹਨ। ਇਸੇ ਹੀ ਤਰਾਂ ਪ੍ਰੋਟੀਨ ਤੇ ਸਟਾਰਚ ਵੀ ਨਰਮ ਪੈ ਕੇ ਸੌਖਿਆਂ ਹਜ਼ਮ ਹੋ ਜਾਂਦੇ ਹਨ।

ਪ੍ਰੋਸੈੱਸਿੰਗ ਕਰਨ ਲੱਗਿਆਂ ਭਾਵੇਂ ਕੋਧਰੇ ਦੇ ਦਾਣਿਆਂ ਦੀ ਬਾਹਰੀ ਪਰਤ ਲਾਹ ਦਿੱਤੀ ਜਾਵੇ, ਛਾਣਬੂਰਾ ਅਲੱਗ ਕਰ ਦਿੱਤਾ ਜਾਵੇ, ਮਸ਼ੀਨਾਂ ਅੰਦਰ ਬਹੁਤ ਤੇਜ਼ ਤਾਪਮਾਨ ’ਤੇ ਉਬਾਲ ਜਾਂ ਭੁੰਨ ਦਿੱਤਾ ਜਾਵੇ, ਪਾਲਿਸ਼ ਕੀਤਾ ਜਾਵੇ, ਜਾਂ ਕੋਈ ਵੀ ਹੋਰ ਤਰੀਕਾ ਅਪਣਾਇਆ ਜਾਵੇ ਤਾਂ ਇਸ ਅੰਦਰਲੇ ਲਾਭਕਾਰੀ ਤੱਤ ਖ਼ਤਮ ਹੀ ਹੋ ਜਾਂਦੇ ਹਨ। ਐਂਟੀਆਕਸੀਡੈਂਟ, ਫਾਈਫੇਟ, ਫਾਈਟਿਨ ਆਦਿ ਤਾਂ ਲਗਭਗ 53 ਫੀਸਦੀ ਤਕ ਜ਼ਾਇਆ ਹੋ ਜਾਂਦੇ ਹਨ। ਇਸੇ ਹੀ ਤਰਾਂ ਸ਼ੱਕਰ ਰੋਗੀਆਂ ਨੇ ਜੋ ਫ਼ਾਇਦਾ ਕੋਧਰੇ ਨੂੰ ਖਾ ਕੇ ਲੈਣਾ ਹੁੰਦਾ ਹੈ, ਉਹ ਲਗਭਗ ਇਕ ਚੌਥਾਈ ਹੀ ਰਹਿ ਜਾਂਦਾ ਹੈ।ਅੰਤੜੀਆਂ ਲਈ ਸੁਖਾਵੇਂ ਸਟਾਰਚ ਦਾ ਵੀ ਨਾਸ ਵੱਜ ਜਾਂਦਾ ਹੈ। ਜ਼ਰੂਰੀ ਅਮਾਈਨੋ ਏਸਿਡ ਵੀ ਖ਼ਤਮ ਹੋ ਜਾਂਦੇ ਹਨ। ਇਸੇ ਲਈ ਕੋਧਰੇ ਦੇ ਦਾਣੇ ਨੂੰ ਪੀਹ ਕੇ ਛਾਣਬੂਰੇ ਸਮੇਤ ਆਟਾ ਗੁੰਨ ਕੇ ਰੋਟੀ ਬਣਾਉਣੀ ਜਾਂ ਦਲੀਆ ਬਣਾ ਕੇ ਖਾਣਾ ਹੀ ਠੀਕ ਰਹਿੰਦਾ ਹੈ। ਮਹਿੰਗੇ ਡੱਬਾ ਬੰਦ ਕਧਰੇ ਦੀਆਂ ਬਣੀਆਂ ਚੀਜ਼ਾਂ ਵਿੱਚੋਂ ਕੁੱਝ ਵੀ ਹਾਸਲ ਨਹੀਂ ਹੁੰਦਾ।

ਜਾਨਵਰਾਂ ਲਈ :-
ਕਮਾਲ ਤਾਂ ਇਹ ਵੇਖੋ ਕਿ ਅਫਰੀਕਾ ਵਿਚ ਮੱਝਾਂ, ਗਾਵਾਂ, ਘੋੜਿਆਂ, ਭੇਡਾਂ, ਬਕਰੀਆਂ, ਸੂਰ, ਕੁਕੜੀਆਂ ਆਦਿ ਨੂੰ ਵੀ ਕੋਧਰੇ ਦਾ ਬੂਟਾ ਤੇ ਦਾਣੇ ਖਵਾਏ ਗਏ ਤਾਂ ਉਹ ਵੀ ਘੱਟ ਬੀਮਾਰ ਹੋਏ।

ਕੋਧਰੇ ਵਿਚ ਰਲਿਆ ਜ਼ਹਿਰ :-
ਕੋਧਰੇ ਦੀ ਰੋਟੀ ਨਾਲ ਦਾਲ ਖਾ ਲਈ ਜਾਵੇ ਤਾਂ ਇਹ ਮੀਟ ਜਿੰਨੀ ਤਗੜੀ ਤਾਕਤ ਦੇ ਦਿੰਦੀ ਹੈ। ਪਰ, ਕੰਪਨੀਆਂ ਨਿਜੀ ਫ਼ਾਇਦੇ ਲਈ ਵੱਡੀ ਪੱਧਰ ਉੱਤੇ ਕੋਧਰਾ ਬੀਜ ਕੇ, ਝਾੜ ਇਕੱਠਾ ਕਰ ਕੇ ਜਦੋਂ ਬੰਦ ਗੋਦਾਮਾਂ ਵਿਚ ਧਰ ਦਿੰਦੀਆਂ ਹਨ ਤਾਂ ਇੱਕ ਕਿਸਮ ਦੀ ਉੱਲੀ ਇਸ ਨੂੰ ਲੱਗ ਜਾਂਦੀ ਹੈ। ਇਸ ਉੱਲੀ ਦੀਆਂ ਕਿਸਮਾਂ ਹਨ-ਐਸਪਰਜਿਲਸ ਫਲੇਵਸ, ਐਸਪਰਜਿਲਸ ਟੈਮਾਰਾਈ ਅਤੇ ਫੋਮੋਪਸਿਸ ਪੈਸਪੈਲੀ। ਇਹ ਉੱਲੀ ਵਾਲਾ ਕੋਧਰਾ ਜੇ ਖਾ ਲਿਆ ਜਾਵੇ ਤਾਂ ਬੰਦੇ ਜਾਂ ਜਾਨਵਰ ਦੀ ਮੌਤ ਤੱਕ ਵੀ ਹੋ ਸਕਦੀ ਹੈ।
ਘੱਟ ਮਾਤਰਾ ਵਿਚ ਖਾਧਾ ਜ਼ਹਿਰੀਲਾ ਕੋਧਰਾ ਵੀ ਇਨਸਾਨੀ ਸਰੀਰ ਦਾ ਨਾਸ ਮਾਰ ਸਕਦਾ ਹੈ। ਸਿੱਧਾ ਤੁਰਿਆ ਨਾ ਜਾਣਾ, ਪੱਠੇ ਸਹੀ ਤਰੀਕੇ ਨਾ ਹਿਲਾ ਸਕਣੇ, ਗੱਲ ਸਮਝ ਨਾ ਆਉਣੀ, ਘਬਰਾਹਟ, ਢਹਿੰਦੀ ਕਲਾ, ਨਸਾਂ ਖਿੱਚੀਆਂ ਜਾਣੀਆਂ, ਪੱਠੇ ਸੰੁਗੜ ਜਾਣੇ, ਜੀਅ ਕੱਚਾ ਹੋਣਾ, ਉਲਟੀਆਂ, ਬੇਹੋਸ਼ੀ, ਆਦਿ ਹੋ ਸਕਦੇ ਹਨ। ਇਹ ਸਾਰਾ ਕੁੱਝ ਜ਼ਹਿਰ (ਸਾਈਕਲੋ ਪਾਇਓਜ਼ੋਨਿਕ ਏਸਿਡ) ਬਣਨ ਸਦਕਾ ਹੁੰਦਾ ਹੈ।

ਘਰ ਵਿਚ ਕੋਧਰਾ ਕਿਵੇਂ ਵਰਤੀਏ :-
ਜੇ ਰੋਟੀ ਬਣਾ ਕੇ ਨਹੀਂ ਖਾਣੀ ਤਾਂ ਘਰ ਵਿਚ ਹੀ ਪਾਪੜ, ਇਡਲੀ, ਕਟਲੇਟ, ਡੋਸਾ, ਕੇਕ, ਬਿਸਕੁਟ, ਰਸਮ ਦਲੀਆ, ਸੂਪ, ਲੱਡੂ, ਆਦਿ ਬਣਾ ਕੇ ਖਾਧੇ ਜਾ ਸਕਦੇ ਹਨ। ਕੋਧਰੇ ਦਾ ਆਟਾ, ਕਾਲੇ ਛੋਲਿਆਂ ਦਾ ਆਟਾ, ਸੋਡੀਅਮ ਬਾਈਕਾਰਬੋਨੇਟ, ਧਨੀਆ ਪਾਊਡਰ, ਲੂਣ ਪਾ ਕੇ ਆਟੇ ਵਾਂਗ ਗੁੰਨ ਕੇ, ਵੇਲ ਕੇ, ਪਾਪੜ ਬਣਾ ਕੇ ਸੁਕਾ ਕੇ ਤਲੇ ਜਾ ਸਕਦੇ ਹਨ। ਇਡਲੀ, ਡੋਸਾ ਵੀ ਕੋਧਰੇ ਤੇ ਕਾਲੇ ਛੋਲਿਆਂ ਦੇ ਆਟੇ ਨੂੰ 3:1 ਦੀ ਮਿਕਦਾਰ ਨਾਲ ਰਲਾ ਕੇ ਮੇਥਰੇ ਤੇ ਲੂਣ ਮਿਲਾ ਕੇ ਰਾਤ ਭਰ ਭਿਉਂ ਕੇ ਬਣਾਏ ਜਾ ਸਕਦੇ ਹਨ।

ਚਕਲੀ ਬਣਾਉਣ ਲਈ ਵੀ ਆਟਾ ਗੁੰਨ ਕੇ ਆਪਣੇ ਸੁਆਦ ਅਨੁਸਾਰ ਲੂਣ ਮਿਰਚ ਪਾ ਕੇ ਤਲਿਆ ਜਾ ਸਕਦਾ ਹੈ। ਕੇਸਰੀ ਬਣਾਉਣ ਲਈ ਦੁੱਧ, ਖੰਡ ਤੇ ਬਦਾਮ ਕੋਧਰੇ ਵਿਚ ਮਿਲਾਏ ਜਾ ਸਕਦੇ ਹਨ। ਹਲਵੇ ਵਾਸਤੇ ਕੋਧਰੇ ਤੇ ਕਣਕ ਦੇ ਆਟੇ (2:1 ਮਿਕਦਾਰ) ਨੂੰ ਮਿਲਾ ਕੇ ਘਿਓ ਵਿਚ ਰਿੰਨ ਲੈਣਾ ਚਾਹੀਦਾ ਹੈ।
ਜਿਨਾਂ ਨੂੰ ਕੋਧਰੇ ਦੀ ਰੋਟੀ ਸਖ਼ਤ ਲੱਗਦੀ ਹੋਵੇ, ਉਹ ਸ਼ੁਰੂ ਵਿਚ ਅੱਧੋ-ਅੱਧ ਕਣਕ ਤੇ ਕੋਧਰੇ ਦੇ ਆਟੇ ਨੂੰ ਮਿਲਾ ਕੇ ਆਟਾ ਗੁੰਨ ਸਕਦੇ ਹਨ। ਖਾਖੜਾ ਬਣਾਉਣ ਲਈ ਕੋਧਰੇ ਦੇ ਆਟੇ ਨੂੰ ਭੁੰਨਿਆ ਜਾ ਸਕਦਾ ਹੈ।

ਸੋਇਆਬੀਨ ਦਾ ਆਟਾ ਤੇ ਕੋਧਰੇ ਨੂੰ (30 : 70) ਮਿਲਾ ਕੇ ਵਧੀਆ ਬਿਸਕੁਟ ਤਿਆਰ ਕੀਤੇ ਜਾ ਸਕਦੇ ਹਨ। ਇੰਜ ਹੀ ਪਾਸਤਾ ਜਾਂ ਕੇਕ ਵੀ ਘਰ ਹੀ ਬਣਾਇਆ ਜਾ ਸਕਦਾ ਹੈ। ਸੇਵੀਆਂ ਬਣਾਉਣ ਲਈ ਕੋਧਰਾ, ਕਣਕ ਤੇ ਸੋਇਆਬੀਨ ਦਾ ਆਟਾ (50 : 40 : 10 ਦੇ ਮੇਲ ਨਾਲ) ਗੁੰਨ ਕੇ ਸੇਵੀਆਂ ਵੱਟੀਆਂ ਜਾ ਸਕਦੀਆਂ ਹਨ।

ਏਨਾ ਕੁੱਝ ਪਤਾ ਲੱਗ ਜਾਣ ਬਾਅਦ ਹੁਣ ਲਵੋ ਰਬ ਦਾ ਨਾਂ ਤੇ ਕੋਧਰਾ ਖਾਣਾ ਸ਼ੁਰੂ ਕਰ ਦਿਓ।
ਇਹ ਨਾ ਭੁੱਲਿਓ ਕਿ ਬੱਚੇ ਹੋਣ ਤੇ ਭਾਵੇਂ ਬਜ਼ੁਰਗ, ਕਿਸੇ ਨੂੰ ਵੀ ਕੋਧਰਾ ਹਜ਼ਮ ਕਰਨ ਵਿਚ ਕੋਈ ਦਿੱਕਤ ਨਹੀਂ ਆਉਂਦੀ। ਜੇ ਭੁੱਲ ਜਾਣ ਦੀ ਬੀਮਾਰੀ ਹੋਵੇ ਜਾਂ ਡੀਜੇਨੇਰੇਟਿਵ ਰੋਗ ਹੋਵੇ, ਤਾਂ ਕੋਧਰਾ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਪੰਜਾਬੀਆਂ ਲਈ ਤਾਂ ਇਸ ਤੋਂ ਵੱਡੀ ਹੋਰ ਕੀ ਪ੍ਰਾਪਤੀ ਹੋ ਸਕਦੀ ਹੈ-ਜਿੱਥੇ ਕੋਧਰਾ ਖਾਣ ਨਾਲ ਗੁਰੂ ਨਾਨਕ ਸਾਹਿਬ ਨੂੰ ਇਕ ਪਾਸੇ ਯਾਦ ਕੀਤਾ ਜਾਵੇਗਾ, ਉੱਥੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚੇਗਾ ਤੇ ਨਾਲੋ ਨਾਲ ਪੰਜਾਬੀਆਂ ਦੀ ਸਿਹਤ ਵੀ ਠੀਕ ਠਾਕ ਹੋ ਜਾਵੇਗੀ।

ਡਾ. ਹਰਸ਼ਿੰਦਰ ਕੌਰ, ਐਮ.ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

14 3

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button