ਕੈਪਟਨ ਵੱਲੋਂ ਤਿੰਨ ਜ਼ਿਲ੍ਹਿਆਂ ‘ਚ ਨਕਲੀ ਸ਼ਰਾਬ ਨਾਲ 21 ਸ਼ੱਕੀ ਮੌਤਾਂ ਦੇ ਮਾਮਲੇ ‘ਚ ਨਿਆਇਕ ਜਾਂਚ ਦੇ ਆਦੇਸ਼

ਮੰਤਰੀ ਨੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦਾ ਵਾਅਦਾ ਕੀਤਾ, ਪੁਲਿਸ ਨੂੰ ਨਕਲੀ ਸ਼ਰਾਬ ਬਣਾਉਣ ਵਾਲਿਆਂ ਖਿਲਾਫ ਸ਼ਿਕੰਜਾ ਕਸਣ ਲਈ ਕਿਹਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ, ਬਟਾਲਾ ਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਕਥਿਤ ਤੌਰ ‘ਤੇ ਨਕਲੀ ਸ਼ਰਾਬ ਪੀਣ ਨਾਲ ਹੋਈਆਂ 21 ਵਿਅਕਤੀਆਂ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੁਖਦਾਈ ਘਟਨਾ ਵਿੱਚ ਇਕ ਵਿਅਕਤੀ ਦੇ ਗੰਭੀਰ ਹੋਣ ਦੀ ਰਿਪੋਰਟ ਹੈ। ਸਰਕਾਰੀ ਬੁਲਾਰੇ ਅਨੁਸਾਰ ਜਾਂਚ ਵਿੱਚ ਇਸ ਘਟਨਾ ਨਾਲ ਜੁੜੇ ਤੱਥਾਂ ਅਤੇ ਹਾਲਤਾਂ ਦੀ ਘੋਖ ਕੀਤੀ ਜਾਵੇਗੀ ਅਤੇ ਨਾਲ ਹੀ ਇਸ ਘਟਨਾ ਨਾਲ ਸਬੰਧਤ ਹੋਰ ਮੁੱਦਿਆਂ ਅਤੇ ਸਥਿਤੀਆਂ ਨੂੰ ਵੀ ਵੇਖਿਆ ਜਾਵੇਗਾ। ਇਹ ਜਾਂਚ ਡਿਵੀਜ਼ਨਲ ਕਮਿਸ਼ਨਰ ਜਲੰਧਰ ਵੱਲੋਂ ਸੰਯੁਕਤ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਅਤੇ ਸਬੰਧਤ ਜ਼ਿਲ੍ਹਿਆਂ ਦੇ ਐਸ.ਪੀਜ਼ (ਇਨਵੈਸਟੀਗੇਸ਼ਨ) ਨਾਲ ਮਿਲ ਕੇ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਜਾਂਚ ਨੂੰ ਤੇਜੀ ਨਾਲ ਨੇਪਰੇ ਚਾੜ੍ਹਨ ਲਈ ਡਿਵੀਜ਼ਨਲ ਕਮਿਸ਼ਨਰ ਜਲੰਧਰ ਨੂੰ ਕੋਈ ਵੀ ਸਿਵਲ/ਪੁਲਿਸ ਅਫਸਰ ਜਾਂ ਕਿਸੇ ਵੀ ਮਾਹਿਰ ਦੀਆਂ ਸੇਵਾਵਾਂ ਲੈਣ ਦੇ ਅਧਿਕਾਰ ਦਿੱਤੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਹੁਣ ਤੱਕ ਇਕ ਔਰਤ ਦੀ ਗ੍ਰਿਫਤਾਰੀ ਹੋਈ ਹੈ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਨਕਲੀ ਸ਼ਰਾਬ ਬਣਾਉਣ ਦੇ ਕੰਮ ਉਤੇ ਸਿਕੰਜਾ ਕਸਦਿਆਂ ਤਲਾਸ਼ੀ ਮੁਹਿੰਮ ਵਿੱਢੀ ਜਾਵੇ।
ਪੁਲਿਸ ਨੇ ਬਲਵਿੰਦਰ ਕੌਰ ਵਾਸੀ ਮੂਛਲ ਨੂੰ ਤਰਸਿੱਕਾ ਥਾਣੇ ਵਿਖੇ ਦਰਜ ਆਈ.ਪੀ.ਸੀ. ਦੀ ਧਾਰਾ 304 ਅਤੇ ਐਕਸਾਈਜ਼ ਐਕਟ ਦੀ ਧਾਰਾ 61/1/14 ਤਹਿਤ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਦਿਹਾਤੀ ਜਿੱਥੇ ਸਭ ਤੋਂ ਪਹਿਲਾਂ ਮਾਮਲੇ ਸਾਹਮਣੇ ਆਏ, ਦੇ ਪੁਲਿਸ ਮੁਖੀ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਪੜਤਾਲ ਜਾਰੀ ਹੈ। ਮੌਤਾਂ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਚਾਰ ਵਿਅਕਤੀਆਂ ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਕਿਰਪਾਲ ਸਿੰਘ ਅਤੇ ਜਸਵੰਤ ਸਿੰਘ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।
ਕੇਸ ਬਾਰੇ ਵਿਸਥਾਰ ਵਿੱਚ ਦੱਸਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ 29 ਜੂਨ ਦੀ ਰਾਤ ਨੂੰ ਅੰਮ੍ਰਿਤਸਰ ਦਿਹਾਤੀ ਵਿੱਚ ਪੁਲਿਸ ਥਾਣੇ ਤਰਸਿੱਕਾ ਵਿੱਚ ਪੈਂਦੇ ਪਿੰਡ ਮੂਛਲ ਤੇ ਟਾਂਗਰਾ ਤੋਂ ਪੰਜ ਮੌਤਾਂ ਸਾਹਮਣੇ ਆਈਆਂ।
30 ਜੁਲਾਈ ਦੀ ਸ਼ਾਮ ਨੂੰ ਮੂਛਲ ਵਿੱਚ ਦੋ ਹੋਰ ਵਿਅਕਤੀਆਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਜਦੋਂਕਿ ਇਕ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਜੋ ਬਾਅਦ ਵਿੱਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਜਿੱਥੇ ਉਸ ਨੂੰ ਡਾ. ਸਰਬਜੀਤ ਕੌਰ ਹਸਪਤਾਲ ਟਾਂਗਰਾ ਵੱਲੋਂ ਰੈਫਰ ਕੀਤਾ ਗਿਆ ਸੀ, ਦਮ ਤੋੜ ਗਿਆ। ਇਸ ਤੋਂ ਮਗਰੋਂ ਨਕਲੀ ਸ਼ਰਾਬ ਪੀਣ ਨਾਲ ਪਿੰਡ ਮੂਛਲ ਤੋਂ ਦੋ ਹੋਰ ਮੌਤਾਂ ਹੋਈਆਂ ਜਦੋਂਕਿ ਦੋ ਹੋਰ ਵਿਅਕਤੀ ਦੀ ਬਟਾਲਾ ਸ਼ਹਿਰ ਵਿੱਚ ਮੌਤ ਹੋ ਗਈ। ਅੱਜ ਬਟਾਲਾ ਵਿੱਚ ਹੋਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਿਸ ਨਾਲ ਸ਼ਹਿਰ ਵਿੱਚ ਮਰਨ ਵਾਲਿਆਂ ਦੀ ਗਿਣਤੀ 7 ਤੱਕ ਪਹੁੰਚ ਗਈ ਜਦੋਂ ਕਿ ਇਕ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਤਰਨ ਤਾਰਨ ਤੋਂ ਚਾਰ ਹੋਰ ਸ਼ੱਕੀ ਮੌਤਾਂ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ ਮੰਗਲ ਸਿੰਘ, ਬਲਵਿੰਦਰ ਸਿੰਘ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ, ਕਸ਼ਮੀਰ ਸਿੰਘ, ਕਾਕਾ ਸਿੰਘ, ਕਿਰਪਾਲ ਸਿੰਘ, ਜਸਵੰਤ ਸਿੰਘ ਅਤੇ ਜੋਗਾ ਸਿੰਘ ਸਾਰੇ ਵਾਸੀ ਪਿੰਡ ਮੂਛਲ ਥਾਣਾ ਤਰਸਿੱਕਾ ਅੰਮ੍ਰਿਤਸਰ ਦਿਹਾਤੀ ਤੋਂ ਇਲਾਵਾ ਹਲਦੇਵ ਸਿੰਘ ਵਾਸੀ ਟਾਂਗਰਾ ਥਾਣਾ ਤਰਸਿੱਕਾ ਅੰਮ੍ਰਿਤਸਰ ਦਿਹਾਤੀ, ਕਾਲਾ, ਕਾਲੂ, ਬਿੱਲਾ ਅਤੇ ਜਤਿੰਦਰ ਸਾਰੇ ਵਾਸੀ ਬਟਾਲਾ ਵਜੋਂ ਹੋਈ ਹੈ। ਤਰਨ ਤਾਰਨ ਵਿੱਚ ਮਰਨ ਵਾਲਿਆਂ ਦੀ ਪਛਾਣ ਸਾਹਿਬ ਸਿੰਘ, ਹਰਬਣ ਸਿੰਘ, ਸੁਖਦੇਵ ਸਿੰਘ ਅਤੇ ਧਰਮ ਸਿੰਘ ਵਜੋਂ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.