ਕੈਪਟਨ ਅਮਰਿੰਦਰ ਸਿੰਘ ਦਾ ਰਾਜ, ਕੇਵਲ ਸ਼ਰਾਬ, ਸ਼ਬਾਬ ਤੇ ਭ੍ਰਿਸ਼ਟਾਚਾਰ ਦਾ ਰਾਜ ਸੀ : ਬੀਰ ਦਵਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਕੁਸ਼ਾਸਨੀ ਦੌਰ ਸਮੇਂ, ਹਰ ਮਹਿਕਮੇ ਵਿੱਚ ਪਸਰੇ ਵਿਆਪਕ ਭ੍ਰਿਸ਼ਟਾਚਾਰ ਦੇ ਸਕੈਂਡਲ ਇੱਕ ਇੱਕ ਕਰਕੇ ਬੇਨਕਾਬ ਹੋ ਰਹੇ ਹਨ ਅਤੇ ਉਸਦੇ ਭ੍ਰਿਸ਼ਟ ਵਜੀਰਾਂ ਦੇ ‘ਕੁਕਰਮੀ-ਕਾਰਨਾਮਿਆਂ’ ਨੂੰ ਪੰਜਾਬ ਦਾ ਵਿਜੀਲੈਂਸ ਵਿਭਾਗ ਪਰਤ-ਦਰ-ਪਰਤ ਨੰਗਾ ਕਰ ਰਿਹਾ ਹੈ, ਉਸ ਨਾਲ ਇਹ ਪ੍ਰਤੱਖ ਰੂਪ ਵਿੱਚ ਸਾਬਿਤ ਹੋ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜ, ਕੇਵਲ ਸ਼ਰਾਬ, ਸ਼ਬਾਬ ਤੇ ਹਰ ਮਹਿਕਮੇ ਵਿੱਚ ਹਰ ਪੱਧਰ ਤੇ ਪਸਰੇ ਵਿਆਪਕ ਭ੍ਰਿਸ਼ਟਾਚਾਰ ਦਾ ਹੀ ਰਾਜ ਸੀ।ਪੰਜਾਬ ਦੇ ਅਜੋਕੇ ਦੌਰ ਦੇ ਰਾਜਨੀਤਕ ਇਤਿਹਾਸ ਵਿੱਚ, ਕੈਪਟਨ ਅਮਰਿੰਦਰ ਸਿੰਘ ਦਾ ਇਹ ਰਾਜ, ਪੰਜਾਬ ਦੇ ਸਰਕਾਰੀ ਖਜ਼ਾਨੇ ਅਤੇ ਪੰਜਾਬ ਦੇ ਬਹੁਮੁੱਲੇ ਸਰੋਤਾ ਤੇ ਸਾਧਨਾ ਦੀ, ਅੰਨ੍ਹੀ ਲੁੱਟ ਦੇ ਕਾਲੇ ਦੌਰ ਵੱਜੋਂ ਪਹਿਚਾਣਿਆ ਤੇ ਲਿਖਿਆ ਜਾਵੇਗਾ।ਇਸ ਰਾਜ ਵਿਚ ਕੈਪਟਨ ਅਮਰਿੰਦਰ ਸਿੰਘ, ‘ਕਲਜੁਗ ਦੇ ਧ੍ਰਿਤਰਾਸ਼ਟਰ’ ਦੇ ਰੂਪ ਵਿੱਚ ਪ੍ਰਗਟ ਹੋਇਆ, ਜਿਸ ਨੇ ਆਪਣੇ ਵਜ਼ੀਰਾਂ, ਦਰਬਾਰੀਆਂ ਤੇ ਨੌਕਰਸ਼ਾਹਾ ਨੂੰ, ਪੰਜਾਬ ਦੀ ਹਰ ਪਾਸਿਓਂ ਲੁੱਟ ਕਰਨ ਦੀ ਖੁਲ੍ਹੀ ਛੂਟ ਦੇ ਰੱਖੀ ਸੀ। ਏਥੇ ਤੱਕ ਕਿ ਅਮਰਿੰਦਰ ਸਿੰਘ ਦੇ ਰਾਜ ਵਿੱਚ ਤਾਂ ਉਸ ਦੇ ਅਧੀਨ ਕੰਮ ਕਰ ਰਿਹਾ, ਪੰਜਾਬ ਦਾ ਚੌਕਸੀ ਵਿਭਾਗ ਵੀ, ਲੁੱਟ-ਘਸੁੱਟ ਵਿੱਚ ਵੱਡਾ ਭਾਗੀਦਾਰ ਬਣਿਆ ਹੋਇਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੇ ‘ਚਹੇਤੇ ਦਰਬਾਰੀਆਂ ਤੇ ਸਲਾਹਕਾਰਾਂ’ ਲਈ ਵੱਡੀਆਂ ਦਲਾਲੀਆਂ ਤੇ ਦੌਲਤਾਂ, ਇਕੱਠੀਆਂ ਕਰਨ ਵਿੱਚ ਰੁੱਝਿਆਂ ਹੋਇਆ ਸੀ।ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਰਗੇ, ਦੇਸ਼ ਦੇ ਇੱਕ ਨੰਬਰ ਦੇ ਖੁਸ਼ਹਾਲ ਸੂਬੇ ਨੂੰ , ਬਾਦਲਾਂ ਦੇ ਰਾਜ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਨੇ ਕਰਜ਼ਈ ਤੇ ਕੰਗਾਲ ਕਰ ਕੇ ਰੱਖ ਦਿੱਤਾ। ਪੂਰੇ ਦੇਸ਼ ਦੇ ਅੰਨ ਭੰਡਾਰਾਂ ਨੂੰ ਮਾਲਾਮਾਲ ਕਰਨ ਵਾਲੇ ਪੰਜਾਬ ਦੇ ਹੱਥ ਵਿੱਚ, ਇਨ੍ਹਾਂ ਭੁੱਖੇ ਤੇ ਲਾਲਚੀ ਸਿਆਸਤਦਾਨਾ ਦੇ ਠੂਠਾ ਫੜਾ ਦਿੱਤਾ ਹੈ। ਅੱਜ ਦਸ਼ਾ ਇਹ ਹੈ ਕਿ ਭ੍ਰਿਸ਼ਟ ਸਿਅਸਤਦਾਨਾ ਦੀ ਵਜ੍ਹਾ ਕਾਰਨ, ਦੇਸ਼ ਦਾ ਇੱਕ ਨੰਬਰ ਦਾ ਖੁਸ਼ਹਾਲ ਸੂਬਾ, ਅੱਜ ਭਾਰਤ ਦਾ ਸਭ ਤੋਂ ਵੱਡਾ ਕਰਜ਼ਦਾਰ ਪ੍ਰਾਂਤ ਬਣ ਗਿਆ ਹੈ।ਅਤੇ ਵਕਤ ਦੀ ਤ੍ਰਾਸਦੀ ਇਹ ਹੈ ਕਿ ਇਸ ਨੂੰ ਲੁੱਟਣ ਵਾਲੇ ਸਿਆਸਤਦਾਨ ਤੇ ਨੌਕਰਸ਼ਾਹ, ਲੁੱਟ ਦੇ ਮਾਲ ਤੇ ਮੌਜਾਂ ਮਾਂਣ ਰਹੇ ਹਨ ਅਤੇ ਇਹ ਵੱਡੇ ਸਿਆਸੀ ਡਾਕੂ, ਦੇਸ਼ ਦੇ ਕਾਨੂੰਨ ਦੇ ਸਿਕੰਜੇ ਦੀ ਗ੍ਰਿਫ਼ਤ ‘ਚੋਂ ਹਾਲੇ ਤੀਕਰ ਵੀ ਬਾਹਰ ਹਨ।ਦੇਸ਼ ਦੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਵਿੱਚ ਲੁੜੀਂਦੀ ਸੋਧ ਕਰਕੇ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਦਿੱਤੀ ਜਾਣ ਵਾਲੀ ਸਜ਼ਾ ਵਿੱਚ ਵਾਧਾ ਕਰਕੇ, ਵੱਧ ਤੋਂ ਵੱਧ ਸਜ਼ਾ ਉਮਰ ਕੈਦ ਕਰ ਦੇਣੀ ਚਾਹੀਦੀ ਹੈ, ਅਤੇ ਇਸ ਸਜ਼ਾ ਦੀ ਜ਼ੱਦ ਅਧੀਨ, ਜਿੱਥੇ ਭ੍ਰਿਸ਼ਟਾਚਾਰ ਕਰਨ ਵਾਲੇ ਵਿਅਕਤੀ ਨੂੰ ਲਿਆਂਦਾ ਜਾਂਦਾ ਹੈ ਉਸ ਦੇ ਨਾਲ ਹੀ, ਭ੍ਰਿਸ਼ਟਾਚਾਰ ਕਰਵਾਊਂਣ ਵਾਲੇ ਮੰਤਰੀ ਅਤੇ ਮੁੱਖ ਮੰਤਰੀ ਨੂੰ ਵੀ ਬਰਾਬਰ ਦੀ ਸਜ਼ਾ ਦੀ ਵਿਵਸਥਾ ਕਰਨੀ ਬਣਦੀ ਹੈ, ਤਦ ਹੀ ਦੇਸ਼ ਨੂੰ ਅਤੇ ਪੰਜਾਬ ਨੂੰ, ਭ੍ਰਿਸ਼ਟਾਚਾਰ ਦੇ ਦੈਂਤ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ।ਮੈਂ ਭਾਰਤੀ ਜਨਤਾ ਪਾਰਟੀ ਨੂੰ ਵੀ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਬੀ.ਜੇ.ਪੀ ਨੂੰ ਵੀ ਇਸ ਗੱਲੋਂ ਖਬਰਦਾਰ ਰਹਿਣਾ ਚਾਹੀਦਾ ਹੈ ਕਿ ਆਮ ਲੋਕਾਂ ਵਿੱਚ ਇਹ ਪ੍ਰਭਾਵ ਬਣ ਰਿਹਾ ਹੈ ਕਿ ਬੀ.ਜੇ.ਪੀ, ਪੰਜਾਬ ਦੇ ਵਿਆਪਕ ਭ੍ਰਿਸ਼ਟਾਚਾਰ ਵਿੱਚ ਲਿਪਤ ਸਿਆਸਤਦਾਨਾਂ ਦੀ ਇੱਕ ਵੱਡੀ ਪਨਾਹਗਾਹ ਦੇ ਤੌਰ ਤੇ ਉੱਭਰ ਰਹੀ ਹੈ, ਜਿਸਦਾ ਆਉਂਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਮੁੱਲ ਤਾਰਨਾ ਪੈ ਸਕਦਾ ਹੈ।
ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ
ਸੰਪਰਕ : 9814033362
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.