OpinionD5 special

ਕੀ ਮੇਰੀ ਯਾਦ-ਸ਼ਕਤੀ ਕਮਜ਼ੋਰ ਹੋ ਸਕਦੀ ਹੈ?

85 ਸਾਲਾਂ ਦੀ ਉਮਰ ਤੋਂ ਵੱਧ ਦੇ ਇੱਕ ਤਿਹਾਈ ਲੋਕਾਂ ਨੂੰ ਭੁੱਲ ਜਾਣ ਦੀ ਬੀਮਾਰੀ ਹੋ ਹੀ ਜਾਂਦੀ ਹੈ।ਬਹੁਤਿਆਂ ਦੀ ਇਹ ਬੀਮਾਰੀ ਜੀਨ ਆਧਾਰਿਤ ਹੁੰਦੀ ਹੈ।ਇਸ ਤੋਂ ਇਲਾਵਾ ਵੀ ਅਨੇਕ ਕਾਰਨ ਲੱਭ ਚੁੱਕੇ ਹੋਏ ਹਨ ਜਿਨ੍ਹਾਂ ਦਾ ਪਰਹੇਜ਼ ਕਰਨ ਨਾਲ ਵਡੇਰੀ ਉਮਰ ਵਿਚ ਭੁੱਲ ਜਾਣ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।ਉਸ ਵਾਸਤੇ ਜਵਾਨੀ ਵਿਚ ਹੀ ਕੁੱਝ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।ਯਾਦ-ਸ਼ਕਤੀ ਉੱਤੇ ਜੀਊਣ ਦਾ ਢੰਗ, ਕਸਰਤ, ਖਾਣ-ਪੀਣ ਆਦਿ ਅਨੇਕ ਗੱਲਾਂ ਦਾ ਅਸਰ ਪੈਂਦਾ ਹੈ। ਦਿਲ ਦੇ ਰੋਗ, ਜਿਨ੍ਹਾਂ ਵਿਚ ਲਹੂ ਦੀਆਂ ਨਾੜੀਆਂ ਵਿੱਚ ਝੱਪੇ ਜੰਮ ਜਾਣ, ਜਿੱਥੇ ਹਾਰਟ ਅਟੈਕ ਕਰ ਸਕਦੀਆਂ ਹਨ, ਉੱਥੇ ਦਿਮਾਗ਼ ਦੀਆਂ ਨਸਾਂ ਵਿਚ ਵੀ ਰੋਕਾ ਪਾ ਸਕਦੀਆਂ ਹਨ।ਇਸ ਨਾਲ ਦਿਮਾਗ਼ ਦੇ ਵੱਖੋ ਵੱਖ ਹਿੱਸਿਆਂ ਵੱਲ ਜਾਂਦਾ ਲਹੂ ਤੇ ਆਕਸੀਜਨ ਘੱਟ ਜਾਂਦੇ ਹਨ ਜੋ ਭੁੱਲ ਜਾਣ ਦੀ ਬੀਮਾਰੀ ਲਈ ਰਾਹ ਪਧਰਾ ਕਰ ਦਿੰਦੇ ਹਨ।

ਇਸੇ ਲਈ ਸਹੀ ਤੇ ਸੰਤੁਲਿਤ ਖ਼ੁਰਾਕ ਦੀ ਬਹੁਤ ਮਹੱਤਾ ਹੈ ਅਤੇ ਕਸਰਤ ਦੀ ਵੀ *
ਇਹ ਵੇਖਣ ਵਿਚ ਆਇਆ ਹੈ ਕਿ ਸ਼ੱਕਰ ਰੋਗੀਆਂ ਨੂੰ ਵੀ ਇਹ ਬੀਮਾਰੀ ਵੱਧ ਹੁੰਦੀ ਹੈ ਕਿਉਂਕਿ ਉਨ੍ਹਾਂ ਦੀਆਂ ਨਸਾਂ ਵਿਚ ਰੋਕਾ ਪੈਣ ਤੇ ਲਹੂ ਦੇ ਵਹਾਓ ਵਿਚ ਸੁਸਤੀ ਹੋਣ ਦੇ ਆਸਾਰ ਵੱਧ ਹੁੰਦੇ ਹਨ।ਜੇ ਸ਼ੂਗਰ ਦੀ ਬੀਮਾਰੀ ਦਾ ਸਹੀ ਇਲਾਜ ਕੀਤਾ ਜਾਵੇ ਤਾਂ ਭੁੱਲ ਜਾਣ ਵਾਲੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਕੋਲੈਸਟਰੋਲ ਦਾ ਵਾਧਾ, ਮੋਟਾਪੇ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗਾਂ ਨਾਲ ਵੀ ਡੂੰਘਾ ਸੰਬੰਧ ਰੱਖਦਾ ਹੈ ਜਿਸ ਸਦਕਾ ਵਡੇਰੀ ਉਮਰ ਵਿਚ ਯਾਦਾਸ਼ਤ ਕਮਜ਼ੋਰ ਹੋ ਸਕਦੀ ਹੈ।ਬਲੱਡ ਪ੍ਰੈਸ਼ਰ ਦਾ ਵਾਧਾ ਨਸਾਂ ਦੀ ਅੰਦਰਲੀ ਪਰਤ ਖ਼ਰਾਬ ਕਰ ਦਿੰਦਾ ਹੈ।
ਢਹਿੰਦੀ ਕਲਾ ਨਾਲ ਅਨੇਕ ਦਿਮਾਗ਼ੀ ਬੀਮਾਰੀਆਂ ਦੀ ਸ਼ੁਰੂਆਤ ਹੋ ਸਕਦੀ ਹੈ।ਇਸੇ ਲਈ ਜੇ ਦੋ ਹਫ਼ਤੇ ਤੋਂ ਵੱਧ ਢਹਿੰਦੀ ਕਲਾ ਮਹਿਸੂਸ ਹੁੰਦੀ ਰਹੇ ਤਾਂ ਤੁਰੰਤ ਡਾਕਟਰੀ ਇਲਾਜ ਕਰਵਾ ਲੈਣਾ ਚਾਹੀਦਾ ਹੈ।ਸਿਰ ਦੀ ਹਲਕੀ ਸੱਟ ਵੀ ਕਈ ਭੁੱਲ ਜਾਣ ਦੀ ਬੀਮਾਰੀ ਦਾ ਖ਼ਤਰਾ ਚਾਰ ਗੁਣਾ ਵਧਾ ਦਿੰਦੀ ਹੈ।ਇਸੇ ਲਈ ਸਿਰ ਦੀ ਸੱਟ ਦਾ ਹਮੇਸ਼ਾ ਹੀ ਪੂਰਾ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ।
ਜਵਾਨੀ ਵਿਚ ਮੋਟਾਪਾ ਬਹੁਤ ਮਾੜਾ ਗਿਣਿਆ ਜਾਂਦਾ ਹੈ।ਇਸ ਨਾਲ ਜਿੱਥੇ ਅਨੇਕ ਬੀਮਾਰੀਆਂ ਦਾ ਬੀਜ ਬੋਇਆ ਜਾਂਦਾ ਹੈ, ਉੱਥੇ ਯਾਦਾਸ਼ਤ ਦੀ ਕਮਜ਼ੋਰੀ ਹੋਣ ਦਾ ਖ਼ਤਰਾ ਵੀ ਕਈ ਗੁਣਾਂ ਵੱਧ ਜਾਂਦਾ ਹੈ।

ਸਿਗਰਟਨੋਸ਼ੀ ਅਤੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਵਿਚ ਭੁੱਲ ਜਾਣ ਦੀ ਬੀਮਾਰੀ ਕਾਫ਼ੀ ਵੱਧ ਵੇਖਣ ਵਿਚ ਆਉਂਦੀ ਹੈ।ਇਸੇ ਹੀ ਤਰ੍ਹਾਂ ਰੈਗੂਲਰ ਸ਼ਰਾਬ ਪੀਣ ਵਾਲਿਆਂ ਵਿਚ ਵੀ ਯਾਦਾਸ਼ਤ ਦੀ ਕਾਫ਼ੀ ਕਮੀ ਵੇਖੀ ਗਈ ਹੈ। ਜੇ ਨੀਂਦਰ ਪੂਰੀ ਨਾ ਆ ਰਹੀ ਹੋਵੇ ਤੇ ਦਵਾਈਆਂ ਲੈ ਕੇ ਸੌਣਾ ਪਵੇ ਤਾਂ ਤੁਰੰਤ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਨੀਂਦਰ ਪੂਰੀ ਨਾ ਆਉਣ ਨਾਲ ਦਿਮਾਗ਼ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲਦਾ ਤੇ ਉਹ ਅਨੇਕ ਗੱਲਾਂ ਨੂੰ ਹੇਠਾਂ ਦੱਬ ਦਿੰਦਾ ਹੈ ਜਿਸ ਸਦਕਾ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਹਨ।ਸੌਣ ਦਾ ਸਮਾਂ ਹਮੇਸ਼ਾ ਇੱਕੋ ਹੀ ਰੱਖਣਾ ਚਾਹੀਦਾ ਹੈ ਤੇ ਸੌਣ ਤੋਂ ਕੁੱਝ ਸਮਾਂ ਪਹਿਲਾਂ ਕੌਫ਼ੀ, ਚਾਹ ਜਾਂ ਸ਼ਰਾਬ ਨਹੀਂ ਪੀਣੀ ਚਾਹੀਦੀ।ਕੁੱਝ ਨੂੰ ਅਜੀਬ ਅਜੀਬ ਆਵਾਜ਼ਾਂ ਜਾਂ ਚੀਜ਼ਾਂ ਦਿੱਸਣ ਲੱਗ ਪੈਂਦੀਆਂ ਹਨ ਜੋ ਅਸਲ ਵਿਚ ਨਹੀਂ ਹੁੰਦੀਆਂ।ਇਸ ਦਿਮਾਗ਼ੀ ਨੁਕਸ ਦਾ ਵੀ ਤੁਰੰਤ ਇਲਾਜ ਕਰਵਾ ਲੈਣਾ ਚਾਹੀਦਾ ਹੈ।

ਲੰਮੇ ਸਮੇਂ ਤੱਕ ਯਾਦਾਸ਼ਤ ਕਿਵੇਂ ਠੀਕ ਰੱਖੀ ਜਾਵੇ :-
1) ਛਾਣਬੂਰੇ ਵਾਲੀ ਕਣਕ, ਰਾਗੀ ਦਾ ਆਟਾ, ਫਲ, ਸਬਜ਼ੀਆਂ, ਮੱਛੀ, ਦਾਲਾਂ, ਓਲਿਵ ਤੇਲ, ਸੁੱਕੇ ਮੇਵੇ, ਐਵੋਕੈਡੋ, ਹਰੀਆਂ ਫਲੀਆਂ ਆਦਿ ਦਿਮਾਗ਼ ਨੂੰ ਲੰਮੇ ਸਮੇਂ ਤੱਕ ਤਰੋਤਾ਼ਜ਼ਾ ਅਤੇ ਚੁਸਤ ਦਰੁਸਤ ਰੱਖਣ ਵਿਚ ਮਦਦ ਕਰਦੇ ਹਨ।
2) ਰੈਗੂਲਰ ਕਸਰਤ, ਨੱਚਣਾ, ਟੱਪਣਾ, ਦੌੜਨਾ, ਤੇਜ਼ ਤੁਰਨਾ, ਤੈਰਨਾ, ਸਾਈਕਲ ਚਲਾਉਣਾ ਆਦਿ ਹਫ਼ਤੇ ਵਿਚ ਘੱਟੋ ਘੱਟ ਪੰਜ ਦਿਨ, 40 ਮਿੰਟ ਰੋਜ਼ ਕਰਨ ਨਾਲ ਦਿਮਾਗ਼ ਅਤੇ ਸਰੀਰ ਲੰਮੇ ਸਮੇਂ ਤੱਕ ਚੁਸਤ ਅਤੇ ਸਿਹਤਮੰਦ ਰੱਖੇ ਜਾ ਸਕਦੇ ਹਨ।
3) ਬਹੁਤਾ ਸਮਾਂ ਇਕੱਲੇ ਨਹੀਂ ਬਿਤਾਉਣਾ ਚਾਹੀਦਾ।ਇਕੱਲੇ ਰਹਿਣ ਵਾਲਿਆਂ ਦੇ ਦਿਮਾਗ਼ ਛੇਤੀ ਸੁੰਗੜਨ ਲੱਗ ਪੈਂਦੇ ਹਨ।ਦੋਸਤਾਂ ਨਾਲ ਜਾਂ ਰਿਸ਼ਤੇਦਾਰੀ ਵਿਚ ਮਿਲਣਾ ਗਿਲਣਾ ਜ਼ਰੂਰ ਜਾਰੀ ਰੱਖਣਾ ਚਾਹੀਦਾ ਹੈ।
4) ਡੱਬਾ ਬੰਦ ਚੀਜ਼ਾਂ, ਹੈਮਬਰਗਰ, ਪੀਜ਼ਾ, ਚਿੱਪਸ, ਆਦਿ ਹੌਲੀ ਹੌਲੀ ਦਿਮਾਗ਼ ਤੇ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ।ਇਸੇ ਲਈ ਦਿਮਾਗ਼ ਚੁਸਤ ਰੱਖਣ ਲਈ ਤਾਜ਼ੀਆਂ ਸਬਜ਼ੀਆਂ, ਫਲ ਤੇ ਸੁੱਕੇ ਮੇਵੇ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ।
5) ਹੈੱਡਫੋਨ ਕੰਨਾਂ ਨਾਲ ਲਾ ਕੇ ਉੱਚੀ ਆਵਾਜ਼ ਵਿਚ ਸੁਣਨ ਨਾਲ ਜਿੱਥੇ ਹੌਲੀ ਹੌਲੀ ਸੁਣਨ ਦੀ ਸਮਰਥਾ ਘੱਟ ਜਾਂਦੀ ਹੈ, ਉੱਥੇ ਦਿਮਾਗ਼ ਦੇ ਸੁੰਗੜਨ ਦੇ ਆਸਾਰ ਵੱਧ ਜਾਂਦੇ ਹਨ।ਯਾਦਾਸ਼ਤ ਦੇ ਸੈਂਟਰ ਦੇ ਸੈੱਲਾਂ ਦੀ ਵੀ ਟੁੱਟ ਫੁੱਟ ਵੱਧ ਹੋ ਜਾਂਦੀ ਹੈ ਤੇ ਜੋੜ ਟੁੱਟ ਜਾਂਦੇ ਹਨ।ਇਸੇ ਲਈ ਫ਼ੋਨ ਜਾਂ ਸੰਗੀਤ ਹਮੇਸ਼ਾ ਮੱਧਮ ਆਵਾਜ਼ ਵਿਚ ਹੀ ਸੁਣਨਾ ਚਾਹੀਦਾ ਹੈ।
6) ਸਿਗਰਟ, ਬੀੜੀ, ਸ਼ਰਾਬ ਜ਼ਰੂਰ ਛੱਡਣੇ ਚਾਹੀਦੇ ਹਨ।ਭਾਰ ਕਾਬੂ ਵਿਚ ਰੱਖਣਾ ਚਾਹੀਦਾ ਹੈ।ਇੰਜ ਅਨੇਕ ਬੀਮਾਰੀਆਂ ਤੋਂ ਬਚਾਓ ਹੋ ਸਕਦਾ ਹੈ।
7) ਜਿ਼ਆਦਾ ਹਨ੍ਹੇਰੇ ਵਿਚ ਨਹੀਂ ਰਹਿਣਾ ਚਾਹੀਦਾ।ਹਨ੍ਹੇਰਾ ਜਿੱਥੇ ਸਾਨੂੰ ਢਹਿੰਦੀ ਕਲਾ ਵੱਲ ਲੈ ਜਾਂਦਾ ਹੈ, ਉੱਥੇ ਦਿਮਾਗ਼ ਨੂੰ ਵੀ ਸੁਸਤ ਕਰ ਦਿੰਦਾ ਹੈ।ਇਸੇ ਲਈ ਰੋਜ਼ ਬਾਹਰ ਸੂਰਜ ਦੀ ਰੋਸ਼ਨੀ ਵਿਚ ਜ਼ਰੂਰ ਤੁਰਨਾ ਫਿਰਨਾ ਜਾਂ ਬੈਠਣਾ ਚਾਹੀਦਾ ਹੈ।
8) ਰੋਜ਼ ਦਾ ਰੂਟੀਨ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਏਨੇ ਵਜੇ ਪੜ੍ਹਨਾ, ਏਨੇ ਵਜੇ ਖਾਣਾ ਖਾਣਾ, ਏਨੇ ਵਜੇ ਸੈਰ ਕਰਨੀ ਆਦਿ, ਜਿਸ ਨਾਲ ਦਿਮਾਗ਼ ਅੰਦਰਲੀ ਘੜੀ ਚੁਸਤ ਰਹਿੰਦੀ ਹੈ।
9) ਘਰ ਵਿਚ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਹੱਥ ਪੈਰ ਤਾਂ ਚੱਲਦੇ ਹੀ ਰਹਿੰਦੇ ਹਨ ਪਰ ਦਿਮਾਗ਼ ਤੇ ਸਰੀਰ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ।
10) ਪਾਣੀ ਜ਼ਰੂਰ ਪੀਂਦੇ ਰਹਿਣਾ ਚਾਹੀਦਾ ਹੈ।ਇੰਜ ਸਰੀਰ ਵੀ ਚੁਸਤ ਰਹਿੰਦਾ ਹੈ, ਘਬਰਾਹਟ ਵੀ ਘੱਟ ਹੁੰਦੀ ਹੈ ਤੇ ਦਿਮਾਗ ਵੀ ਚਿੜਚਿੜੇਪਨ ਤੋਂ ਪਰ੍ਹਾਂ ਰਹਿੰਦਾ ਹੈ।
11) ਪੁਰਾਣੀਆਂ ਤਸਵੀਰਾਂ ਤੇ ਐਲਬਮਾਂ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ।ਇੰਜ ਦਿਮਾਗ਼ ਵਿਚ ਦੱਬੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਅਤੇ ਸੈੱਲ ਰਵਾਂ ਹੋ ਜਾਂਦੇ ਹਨ।
12) ਵਡੇਰੀ ਉਮਰ ਵਾਲਿਆਂ ਨੂੰ “ਕੀ ਕਰੀਏ”, “ਕੀ ਪਾਉਣਾ ਹੈ”, “ਕੀ ਖਾਣਾ ਹੈ” ਪੁੱਛਣ ਨਾਲੋਂ “ਕੀ ਇਹ ਕਰ ਲਈਏ”, ਕੀ ਅੱਜ ਪੀਲਾ ਸਵੈਟਰ ਪਾਓਗੇ”, “ਅੱਜ ਖੀਰ ਖਾਈਏ”, ਵਰਗੇ ਸਵਾਲ ਜਿ਼ਆਦਾ ਸਹਿਜ ਕਰਦੇ ਹਨ।
13) ਦਿਨ ਵੇਲੇ ਘੱਟ ਸੌਣਾ ਚਾਹੀਦਾ ਹੈ ਤਾਂ ਜੋ ਰਾਤ ਦੀ ਨੀਂਦਰ ਪੂਰੀ ਲਈ ਜਾ ਸਕੇ ਜੋ ਦਿਮਾਗ਼ ਦੀ ਟੁੱਟ ਫੁੱਟ ਦੀ ਰਿਪੇਅਰ ਲਈ ਲੋੜੀਂਦੀ ਹੈ।
14) ਹਰ ਰੋਜ਼ ਕੁੱਝ ਸਮੇਂ ਲਈ ਮਧੁਰ ਸੰਗੀਤ ਜ਼ਰੂਰ ਸੁਣਨਾ ਚਾਹੀਦਾ ਹੈ।
15) ਵਿਟਾਮਿਨ ਬੀ-12, ਲੋਹ ਕਣ, ਵਿਟਾਮਿਨ ਡੀ ਆਦਿ ਲੋੜ ਅਨੁਸਾਰ ਡਾਕਟਰੀ ਸਲਾਹ ਨਾਲ ਖਾ ਲੈਣੇ ਚਾਹੀਦੇ ਹਨ।
16) ਠੇਡਾ ਖਾ ਕੇ ਡਿੱਗਣ ਤੋਂ ਬਚਣ ਲਈ ਫਰਸ਼ ਉੱਤੇ ਕਾਲੀਨ ਜ਼ਰੂਰ ਵਿਛਾ ਲੈਣੇ ਚਾਹੀਦੇ ਹਨ।ਇੰਜ ਹੀ ਗੁਸਲਖ਼ਾਨਿਆਂ ਵਿਚ ਨਾ ਫਿਸਲਣ ਵਾਲੀਆਂ ਟਾਈਲਾਂ ਤੇ ਪਾਸੇ ਉੱਤੇ ਫੜ ਕੇ ਖਲੋਣ ਲਈ ਹੈਂਡਲ ਜ਼ਰੂਰ ਲਾਉਣੇ ਚਾਹੀਦੇ ਹਨ।ਸਵਿੱਚਾਂ ਉੱਤੇ ‘ਬਿਜਲੀ’, ‘ਪੱਖਾ’ ਆਦਿ ਲੇਬਲ ਲਾਉਣੇ ਚੰਗੇ ਰਹਿੰਦੇ ਹਨ।
17) ਰੋਜ਼ ਕੋਈ ਨਾ ਕੋਈ ਬੁਝਾਰਤ ਜ਼ਰੂਰ ਬੁੱਝਣੀ ਚਾਹੀਦੀ ਹੈ ਜਿਸ ਨਾਲ ਦਿਮਾਗ਼ ਦੇ ਜੋੜ ਹਿੱਲਦੇ ਰਹਿੰਦੇ ਹਨ।
18) ਰੋਜ਼ ਬੁਰ਼ਸ਼ ਕਰਨਾ, ਨਹਾਉਣਾ ਤੇ ਨਹੁੰ ਵੀ ਰੈਗੂਲਰ ਕੱਟਣੇ ਚਾਹੀਦੇ ਹਨ।
19) ਜੇ ਕੋਈ ਪਾਸਾ ਕਮਜ਼ੋਰ ਹੁੰਦਾ ਜਾਪੇ, ਚੱਕਰ ਆਉਣ ਜਾਂ ਜ਼ਬਾਨ ਲੜਖੜਾਏ ਤਾਂ ਤੁਰੰਤ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ।
20) ਜੇ ਭੁੱਲ ਜਾਣ ਦੀ ਬੀਮਾਰੀ ਸ਼ੁਰੂ ਹੋ ਚੁੱਕੀ ਹੈ ਤਾਂ ਰੈਗੂਲਰ ਚੈਕਅੱਪ ਤੇ ਦਵਾਈ ਖਾਣੀ ਜ਼ਰੂਰੀ ਹੋ ਜਾਂਦੀ ਹੈ।ਆਪਣੀ ਜੇਬ ਵਿਚ ਪਛਾਣ ਪੱਤਰ ਰੱਖਣਾ ਚਾਹੀਦਾ ਹੈ ਤੇ ਘਰ ਦਾ ਪਤਾ ਵੀ।ਬੀਮਾਰੀ ਵਧਣ ਉੱਤੇ ਕਿਸੇ ਸਾਥੀ ਜਾਂ ਨੌਕਰ ਜਾਂ ਨਰਸ ਨੂੰ ਲਗਾਤਾਰ ਨਾਲ ਰੱਖਣ ਦੀ ਲੋੜ ਵੀ ਪੈ ਸਕਦੀ ਹੈ।
ਅੰਤ ਵਿਚ ਸਿਰਫ਼ ਏਨਾ ਹੀ ਯਾਦ ਦਵਾਉਣਾ ਹੈ ਕਿ ਅਸੀਂ ਸਿਰਫ਼ ਇਕ ਪਾਣੀ ਦਾ ਬੁਲਬੁਲਾ ਹਾਂ।ਪਤਾ ਨਹੀਂ ਕਿਹੜੇ ਪਲ ਅਸੀਂ ਚੰਗੇ ਭਲੇ ਤੁਰਦੇ ਫਿਰਦੇ ਹਮੇਸ਼ਾ ਲਈ ਮੰਜੇ ਉੱਤੇ ਪੈ ਜਾਣਾ ਹੈ ਜਾਂ ਸਦਾ ਲਈ ਕੂਚ ਕਰ ਜਾਣਾ ਹੈ।ਹਲਕੀ ਸੱਟ ਵੀ ਕਦੇ ਕਦੇ ਪੂਰੀ ਯਾਦਾਸ਼ਤ ਖ਼ਤਮ ਕਰ ਦਿੰਦੀ ਹੈ।ਸੋ ਹੈਂਕੜ ਤੇ ਹਉਮੈ ਤਿਆਗ ਕੇ, ਜੇ ਕਿਸੇ ਦੂਜੇ ਦੀ ਮਦਦ ਕਰਦੇ ਰਹੀਏ ਤਾਂ ਪਤਾ ਨਹੀਂ ਹੁੰਦਾ ਕਿਸ ਵੇਲੇ ਸਾਡੀ ਲੋੜ ਨੂੰ ਕੋਈ ਬਹੁੜ ਜਾਵੇ।ਪਰ ਕਿਸੇ ‘ਭੁੱਲ ਚੁੱਕੇ’ ਨੂੰ ਰਾਹੇ ਪਾਉਣ ਤੋਂ ਵਧੀਆ ਹੋਰ ਕੋਈ ਕੰਮ ਨਹੀਂ ਹੋ ਸਕਦਾ*
ਆਮੀਨ**
-ਡਾ: ਹਰਸਿ਼ੰਦਰ ਕੌਰ
ਬੱਚਿਆਂ ਦੇ ਰੋਗਾਂ ਦੇ ਮਾਹਰ
ਪਟਿਆਲਾ
ਫ਼ੋਨ : 0175-2216783

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button