ਕਾਂਗਰਸ ਹਾਈ ਕਮਾਂਡ ਦੀ ‘ਆਪ’ ਨਾਲ ਸਾਂਝ ਪੰਜਾਬ ਕਾਂਗਰਸ ਭੰਬਲਭੂਸੇ ਵਿੱਚ
ਉਜਾਗਰ ਸਿੰਘ
ਪੰਜਾਬ ਦੇ ਸੁੱਤੇ ਪਏ ਕਾਂਗਰਸੀਆਂ ‘ਤੇ ਗੜੇ ਪੈ ਗਏ, ਜਿਸ ਕਰਕੇ ਉਨ੍ਹਾਂ ਦੇ ਸਾਹ ਸੂਤੇ ਗਏ। ਉਨ੍ਹਾਂ ਵਿਚਾਰਿਆਂ ਨਾਲ ਕਾਂਗਰਸ ਹਾਈ ਕਮਾਂਡ ਨੇ ਜੱਗੋਂ ਤੇਰ੍ਹਵੀਂ ਕਰ ਦਿੱਤੀ। 2024 ਦੀਆਂ ਲੋਕ ਸਭਾ ਦੀਆਂ ਚੋਣਾਂ ਜਿੱਤਣ ਦੇ ਖਾਬ ਲੈਣ ਵਾਲੇ ਨੇਤਾਵਾਂ ਦੇ ਪਿਸੂ ਪੈ ਗਏ। ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਦੇ ਫ਼ੈਸਲੇ ਵਿਰੁਧ ਲਿਆਂਦੇ ਗਏ ਆਰਡੀਨੈਂਸ ਦੇ ਖਿਲਾਫ਼ ਵਿਰੋਧੀ ਪਾਰਟੀਆਂ ਇਕਮੁੱਠ ਹੋ ਗਈਆਂ ਹਨ। ਕਾਂਗਰਸ ਹਾਈ ਕਮਾਂਡ ਨੇ ਵੀ ਇਸ ਆਰਡੀਨੈਂਸ ਦਾ ਵਿਰੋਧ ਕਰਨ ਦਾ ਫ਼ੈਸਲਾ ਬੈਂਗਲੂਰ ਵਿੱਚ ਹੋਣ ਵਾਲੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਕਰ ਦਿੱਤਾ ਸੀ। ਇਹ ਫ਼ੈਸਲਾ ਪੰਜਾਬ ਕਾਂਗਰਸ ਲਈ ਘਾਤਕ ਸਿੱਧ ਹੋਵੇਗਾ।
ਉਨ੍ਹਾਂ ਦੇ ਸਪਨੇ ਚਕਨਾਚੂਰ ਹੋ ਗਏ ਹਨ। ਸਰਬ ਭਾਰਤੀ ਕਾਂਗਰਸ ਦੇ ਇਸ ਫ਼ੈਸਲੇ ਨਾਲ ਪੰਜਾਬ ਕਾਂਗਰਸ ਵਿੱਚ ਤੜਥੱਲੀ ਮੱਚ ਗਈ ਹੈ ਕਿਉਂਕਿ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੇ ਕਾਫੀ ਦੇਰ ਪਹਿਲਾਂ ਜਦੋਂ ਕੇਜਰੀਵਾਲ ਨੇ ਕਾਂਗਰਸ ਨੂੰ ਆਰਡੀਨੈਂਸ ਦੇ ਵਿਰੁੱਧ ਭੁਗਤਣ ਲਈ ਕਿਹਾ ਸੀ, ਉਦੋਂ ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਉਣ ਵਿਰੁੱਧ ਆਪਣਾ ਪੱਖ ਦੱਸ ਦਿੱਤਾ ਸੀ। ਜਦੋਂ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਤੋਂ ਆਰਡੀਨੈਂਸ ਦੇ ਵਿਰੁੱਧ ਉਸ ਦਾ ਸਾਥ ਦੇਣ ਦੀ ਮੰਗ ਕੀਤੀ ਸੀ ਤਾਂ ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਅਤੇ ਹੋਰ ਕੇਂਦਰੀ ਲੀਡਰਸ਼ਿਪ ਨੂੰ ਮਿਲਕੇ ਇਸ ਆਰਡੀਨੈਂਸ ਦਾ ਵਿਰੋਧ ਕਰਨ ਤੋਂ ਰੋਕਿਆ ਸੀ। ਇਸ ਫ਼ੈਸਲੇ ਤੋਂ ਬਾਅਦ ਵੀ ਕਾਂਗਰਸ ਹਾਈ ਕਮਾਂਡ ਕੋਲ ਪਹੁੰਚ ਕੀਤੀ ਹੈ।
ਪੰਜਾਬ ਦੇ ਕਾਂਗਰਸੀਆਂ ਦਾ ਸਪਸ਼ਟ ਵਿਚਾਰ ਹੈ ਕਿ ਆਮ ਆਦਮੀ ਪਾਰਟੀ ਜਿਸ ਨੇ ਪੰਜਾਬ ਕਾਂਗਰਸ ਨੂੰ ਖ਼ੋਰਾ ਲਾਇਆ ਹੈ ਅਤੇ ਇਸ ਸਮੇਂ ਪੰਜਾਬ ਦੇ ਇੱਕ ਦਰਜਨ ਤੋਂ ਵੱਧ ਸੀਨੀਅਰ ਨੇਤਾਵਾਂ ਜਿਨ੍ਹਾਂ ਵਿੱਚ ਸਾਬਕਾ ਮੰਤਰੀ, ਵਿਧਾਨਕਾਰ ਅਤੇ ਹੋਰ ਨੇਤਾ ਸ਼ਾਮਲ ਹਨ, ਉਨ੍ਹਾਂ ਵਿਰੁੱਧ ਬਦਲਾਖ਼ੋਰੀ ਕਰਕੇ ਭਰਿਸ਼ਟਾਚਾਰ ਦੇ ਨਾਮ ‘ਤੇ ਕੇਸ ਰਜਿਸਟਰ ਕਰਕੇ ਜੇਲ੍ਹਾਂ ਵਿੱਚ ਸੁੱਟੇ ਸਨ। ਕੁਝ ਨੇਤਾ ਅਜੇ ਵੀ ਜੇਲ੍ਹਾਂ ਦੀ ਹਵਾ ਖਾ ਰਹੇ ਹਨ ਤੇ ਕੁਝ ਹੋਰ ‘ਤੇ ਗਿ੍ਰਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਪੰਜਾਬ ਦੀ ਲੀਡਰਸ਼ਿਪ ਨੂੰ ਡਰ ਹੈ ਕਿ ਆਮ ਆਦਮੀ ਪਾਰਟੀ ਦਾ ਸਾਥ ਦੇਣ ਕਰਕੇ ਪੰਜਾਬ ਦੇ ਕਾਂਗਰਸੀ ਦੇ ਕੁਝ ਨੇਤਾ ਪਾਰਟੀ ਤੋਂ ਅਸਤੀਫ਼ੇ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਲੰਬਾ ਸਮਾਂ ਕਾਂਗਰਸ ਪਾਰਟੀ ਵਿੱਚ ਰਿਹਾ ਹੈ ਅਤੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਹੈ।
ਉਹ ਆਪਣਾ ਅਸਰ ਰਸੂਖ ਵਰਤਕੇ ਕਾਂਗਰਸੀ ਨੇਤਾਵਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜ ਸਕਦਾ ਹੈ। ਕੁਝ ਨੇਤਾ ਇਹ ਵੀ ਸੋਚਦੇ ਹਨ ਕਿ ਜੇ ਆਮ ਆਦਮੀ ਪਾਰਟੀ ਦੀ ਸਪੋਰਟ ਹੀ ਕਰਨੀ ਹੈ ਤਾਂ ਉਹ ਉਸ ਪਾਰਟੀ ਵਿੱਚ ਹੀ ਸ਼ਾਮਲ ਹੋ ਜਾਂਦੇ ਹਨ। ਦਸੰਬਰ 2013 ਵਿੱਚ ਕਾਂਗਰਸ ਪਾਰਟੀ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਆਪਣੀ ਸਪੋਰਟ ਦਿੱਤੀ ਸੀ। ਇਸ ਸਪੋਰਟ ਤੋਂ ਬਾਅਦ ਦਿੱਲੀ ਵਿੱਚ ਕਾਂਗਰਸ ਪਾਰਟੀ ਦਾ ਸਫਾਇਆ ਹੋਣਾ ਸ਼ੁਰੂ ਹੋ ਗਿਆ ਸੀ। ਉਸ ਸਮੇਂ ਕਾਂਗਰਸ ਦੇ ਬਹੁਤੇ ਨੇਤਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਦੂਜੀ ਵਾਰ ਕਾਂਗਰਸ ਵਿੱਚੋਂ ਆਏ ਨੇਤਾਵਾਂ ਨੂੰ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਹੀ ਨਹੀਂ ਦਿੱਤੀਆਂ ਸਨ। ਆਮ ਆਦਮੀ ਪਾਰਟੀ ਨੂੰ ਦਿੱਤੀ ਸਪੋਰਟ ਦਾ ਨਤੀਜਾ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਹੈ, ਇਸ ਵਾਰ ਦਿੱਲੀ ਵਿਧਾਨ ਸਭਾ ਵਿੱਚ ਕਾਂਗਰਸ ਦਾ ਇਕ ਵੀ ਵਿਧਾਨਕਾਰ ਨਹੀਂ ਹੈ। ਕਾਂਗਰਸ ਪਾਰਟੀ ਫਿਰ ਵੀ ਨਹੀਂ ਸਮਝਦੀ, ਫਿਰ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਪੰਜਾਬ ਵਿੱਚ ਵੀ ਕਾਂਗਰਸ ਦਾ ਦਿੱਲੀ ਵਾਲਾ ਹਾਲ ਹੋਵੇਗਾ। ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿੱਤਾ ਹੈ।
ਏਥੇ ਹੀ ਬਸ ਨਹੀਂ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਹਨ। ਉਨ੍ਹਾਂ ਚੋਣਾ ਮੌਕੇ ਸੀਟਾਂ ਦੀ ਵੰਡ ਸਮੇਂ ਕੀ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਦਾ ਸਮਝੌਤਾ ਵੀ ਹੋਵੇਗਾ? ਜੇਕਰ ਅਜਿਹਾ ਸਮਝੌਤਾ ਹੁੰਦਾ ਹੈ, ਜਿਸ ਦੀ ਪੂਰੀ ਉਮੀਦ ਹੈ ਕਿਉਂਕਿ ਕਾਂਗਰਸ ਹਾਈ ਕਮਾਂਡ ਨੇ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਵਿੱਚ ਹਰਾਉਣ ਲਈ ਇਹ ਅੱਕ ਚੱਬਿਆ ਹੈ। ਲੰਬੇ ਲਾਭ ਲਈ ਕਈ ਵਾਰ ਛੋਟੇ ਲਾਭਾਂ ਨੂੰ ਅਣਡਿਠ ਕੀਤਾ ਜਾਂਦਾ ਹੈ। ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਫਰੰਟ ਨੇ ਐਨ.ਡੀ.ਏ. ਦੇ ਉਮੀਦਵਾਰਾਂ ਵਿਰੁੱਧ ਸਾਂਝੇ ਉਮੀਦਵਾਰ ਖੜ੍ਹੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਭੰਬਲਭੂਸੇ ਵਿੱਚ ਹੈ। ਪੰਜਾਬ ਦੇ ਕਾਂਗਰਸੀਆਂ ਵਿੱਚ ਘਬਰਾਹਟ ਪੈਦਾ ਹੋ ਗਈ ਹੈ। ਉਨ੍ਹਾਂ ਲਈ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਗੱਲ ਬਣੀ ਪਈ ਹੈ। ਲੋਕ ਸਭਾ ਦੀਆਂ ਚੋਣਾਂ ਵਿੱਚ ਜੇਕਰ ਵਿਧਾਨ ਸਭਾ ਦੀ ਚੋਣ ਵਿੱਚ ਪਈਆਂ ਵੋਟਾਂ ਦੇ ਹਿਸਾਬ ਨਾਲ ਟਿਕਟਾਂ ਦਿੱਤੀਆਂ ਗਈਆਂ ਤਾਂ ਮਾਲਵੇ ਅਤੇ ਦੁਆਬੇ ਵਿੱਚ ਤਾਂ ਇਕ ਵੀ ਸੀਟ ਕਾਂਗਰਸ ਪਾਰਟੀ ਨੂੰ ਨਹੀਂ ਮਿਲੇਗੀ। ਜਲੰਧਰ ਦੀ ਉਪ ਚੋਣ ਤਾਂ ਥੋੜ੍ਹਾਂ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਜਿੱਤੀ ਹੈ, ਉਹ ਕਿਵੇਂ ਇਹ ਸੀਟ ਛੱਡਣਗੇ।
ਇਸੇ ਤਰ੍ਹਾਂ ਮਾਝੇ ਵਿੱਚ ਵੱਧ ਤੋਂ ਵੱਧ ਦੋ ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ ਮਾੜੇ ਹਾਲਾਤ ਵਿੱਚ ਵੀ ਕਾਂਗਰਸ ਪਾਰਟੀ 7-8 ਸੀਟਾਂ ਜਿੱਤਦੀ ਰਹੀ ਹੈ। ਜੇਕਰ ਇਹ ਸਮਝੌਤਾ ਵਿਧਾਨ ਸਭਾ ਚੋਣਾਂ ਤੱਕ ਚਲਦਾ ਰਿਹਾ ਤਾਂ ਕਾਂਗਰਸ ਨੂੰ ਜਿਹੜੀਆਂ ਜਿੱਤੀਆਂ ਹੋਈਆਂ ਸੀਟਾਂ ਹਨ, ਉਹ ਹੀ ਲਗਪਗ 19-20 ਸੀਟਾਂ ਮਿਲਣਗੀਆਂ। ਫਿਰ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਬਾਰੇ ਤਾਂ ਸੋਚ ਵੀ ਨਹੀਂ ਸਕਦੀ। ਇਸ ਕਰਕੇ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਦੀ ਹਾਲਤ ਬਹੁਤ ਤਰਸਯੋਗ ਹੋਈ ਪਈ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਨੇਤਾ ਪਰਤਾਪ ਸਿੰਘ ਬਾਜਵਾ ਕਹਿ ਰਹੇ ਹਨ ਕਿ ਭਾਵੇਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗ ਹੋ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਪੰਜਾਬ ਵਿੱਚ ਕਾਂਗਰਸ ਪਾਰਟੀ ਇਕੱਲਿਆਂ ਆਪਣੇ ਬਲਬੂਤੇ ‘ਤੇ ਲੋਕ ਸਭਾ ਦੀਆਂ ਚੋਣਾਂ ਲੜੇਗੀ। ਆਮ ਆਦਮੀ ਪਾਰਟੀ ਨਾਲ ਚੋਣ ਸਮਝੌਤਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਏਥੇ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੰਜਾਬ ਦੇ ਕਾਂਗਰਸੀਆਂ ਦੀ ਲਗਾਮ ਦਿੱਲੀ ਦੇ ਹੱਥ ਹੈ ਤਾਂ ਉਹ ਵਿਰੋਧ ਕਿਵੇਂ ਕਰਨਗੇ? ਕਾਂਗਰਸ ਹਾਈ ਕਮਾਂਡ ਨੇ ਆਰਡੀਨੈਂਸ ਦਾ ਵਿਰੋਧ ਕਰਨ ਦਾ ਫ਼ੈਸਲਾ ਕਰਨ ਲੱਗਿਆਂ ਤਾਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਬੇਰਾਂ ਵੱਟੇ ਵੀ ਨਹੀਂ ਪੁਛਿਆ। ਇਸ ਕਰਕੇ ਪੰਜਾਬ ਕਾਂਗਰਸ ਆਪਣੇ ਆਪ ਨੂੰ ਠੱਗੀ ਹੋਈ ਮਹਿਸੂਸ ਕਰ ਰਹੀ ਹੈ।
ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਕਾਂਗਰਸ ਦੀ ਪੈਟਰਨ ਸੋਨੀਆਂ ਗਾਂਧੀ ਤਿ੍ਰਮਣੂਲ ਕਾਂਗਰਸ ਦੀ ਤੇਜ ਤਰਾਰ ਨੇਤਾ ਮਮਤਾ ਬੈਨਰਜੀ ਨਾਲ ਸਮਝੌਤਾ ਕਰ ਸਕਦੀ ਹੈ, ਜਿਹੜੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੀ ਪਾਰਟੀ ਬਣਾਕੇ ਸਰਕਾਰ ਬਣਾਈ ਬੈਠੀ ਹੈ ਤਾਂ ਆਪ ਨਾਲ ਸਮਝੌਤਾ ਸਰਬ ਭਾਰਤੀ ਕਾਂਗਰਸ ਪਾਰਟੀ ਲਈ ਕੋਈ ਵੱਡੀ ਗੱਲ ਨਹੀਂ। ਨਿਤਿਸ਼ ਕੁਮਾਰ ਵਰਗੇ ਚੁਫੇਰ ਗੜ੍ਹੀਏ ਨਾਲ ਵੀ ਸਮਝੌਤਾ ਕਰ ਰਹੀ ਹੈ, ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਕਾਂਗਰਸ ਦੀ ਬੇੜੀ ਵਿੱਚ ਵੱਟੇ ਪਾਉਂਦਾ ਰਿਹਾ ਹੈ। ਊਧਵ ਠਾਕਰੇ ਵੀ ਭਾਰਤੀ ਜਨਤਾ ਪਾਰਟੀ ਦੀ ਕੁਛੜ ਵਿੱਚ ਬੈਠਕੇ ਕਾਂਗਰਸ ਨੂੰ ਭਰਿਸ਼ਟਾਂ ਦੀ ਜਮਾਤ ਕਹਿੰਦਾ ਰਿਹਾ ਹੈ। ਪੰਜਾਬ ਦੇ ਕਾਂਗਰਸੀਆਂ ਨੂੰ ਸਮਝਣਾ ਚਾਹੀਦਾ ਹੈ ਜਦੋਂ ਸੋਨੀਆਂ ਗਾਂਧੀ ਅਜਿਹੇ ਨੇਤਾਵਾਂ ਨਾਲ ਸਮਝੌਤੇ ਕਰ ਰਹੀ ਹੈ, ਜਿਹੜੇ ਉਸ ਦੀ ਜਾਨ ਦੇ ਦੁਸ਼ਮਣ ਸਨ ਤਾਂ ਅਰਵਿੰਦ ਕੇਜਰੀਵਾਲ ਨਾਲ ਸਮਝੌਤਾ ਤਾਂ ਉਸ ਲਈ ਕੋਈ ਵੱਡੀ ਗੱਲ ਨਹੀਂ। ਕਾਂਗਰਸ ਹਾਈ ਕਮਾਂਡ ਨੇ ਜੇਕਰ ਹੁਣ ਪੰਜਾਬ ਦੇ ਨੇਤਾਵਾਂ ਨੂੰ ਨਹੀਂ ਪੁੱਛਿਆ ਤਾਂ ਟਿਕਟਾਂ ਲਈ ਮੀਟਿੰਗਾਂ ਸਮੇਂ ਕਿਉਂ ਪੁਛਣਗੇ? ਇੰਡੀਆ ਫਰੰਟ ਨੇ ਤਾਂ ਟਿਕਟਾਂ ਦੀ ਵੰਡ ਸੰਬੰਧੀ 10 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਪੰਜਾਬ ਦੇ ਕਾਂਗਰਸੀਆਂ ਨੇ ਤਾਂ ਹਾਈ ਕਮਾਂਡ ਮੂਹਰੇ ਕੁਸਕਣਾ ਵੀ ਨਹੀਂ।
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਬੇਇਜ਼ਤ, ਜ਼ਲੀਲ ਅਤੇ ਬਦਨਾਮ ਕਰਨ ‘ਤੇ ਤੁਲੀ ਹੋਈ ਹੈ ਪ੍ਰੰਤੂ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਦੇ ਥੱਲੇ ਲੱਗ ਕੇ ਪੰਜਾਬ ਦੇ ਕਾਂਗਰਸੀਆਂ ਦੀ ਅਣਖ ਨੂੰ ਠੇਸ ਪਹੁੰਚਾ ਰਹੀ ਹੈ। ਪੰਜਾਬ ਦੇ ਕਾਂਗਰਸੀ ਨੇਤਾ ਬੇਬਸ ਹੋਏ ਪਏ ਹਨ, ਉਹ ਕਾਂਗਰਸ ਹਾਈ ਕਮਾਂਡ ਅੱਗੇ ਬੋਲਣ ਦੀ ਹਿੰਮਤ ਵੀ ਨਹੀਂ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਦਬਦਬੇ ਤੋਂ ਘਬਰਾਏ ਹੋਏ ਹਨ। ਜੇਕਰ ਇਹ ਸਮਝੌਤਾ ਪੰਜਾਬ ਵਿੱਚ ਲਾਗੂ ਹੁੰਦਾ ਹੈ ਤਾਂ ਪੰਜਾਬ ਕਾਂਗਰਸ ਦੋਫਾੜ ਹੋ ਜਾਵੇਗੀ। ਕਾਂਗਰਸ ਹਾਈ ਕਮਾਂਡ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਜ਼ਮੀਨ ਖਿਸਕ ਚੁੱਕੀ ਹੈ, ਉਹ ਲੋਕ ਸਭਾ ਦੀਆਂ ਚੋਣਾਂ ਵਿੱਚ ਹਰ ਹਾਲਤ ਵਿੱਚ ਬੀ.ਜੇ.ਪੀ. ਨੂੰ ਹਰਾ ਕੇ ਬਦਲਾ ਲੈਣਾ ਚਾਹੁੰਦੀ ਹੈ। ਤੇਲ ਵੇਖੋ ਤੇਲ ਦੀ ਧਾਰ ਵੇਖੋ ਊਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.