OpinionD5 special

ਇੱਕ ਕੌੜਾ ਸੱਚ; ਜਿੰਦਗੀ ਚ ਖੋਅ ਜਾਣ ਵਾਲੀ,ਕੋਈ ਚੀਜ ਹੀ ਨਹੀਂ ਹੁੰਦੀ!

ਮਨੁੱਖ ਨੂੰ ਆਪਣੀ ਜਿੰਦਗੀ ਜਿਊਣ ਲਈ,ਕੋਈ ਨਾ ਕੋਈ ਹੀਲਾ ਵਸੀਲਾ ਕਰਨਾ ਹੀ ਪੈਂਦਾ ਹੈ।ਕਿਉਂਕਿ ਕੋਈ ਨਾ ਕੋਈ ਹੱਥ ਪੱਲਾ ਮਾਰੇ ਤੋਂ ਬਗੈਰ,ਜੀਵਨ ਰੂਪੀ ਗੱਡੀ ਦਾ ਚੱਲਣਾ ਮੁਸ਼ਕਲ ਹੋ ਜਾਂਦਾ ਹੈ।ਵੈਸੇ ਵੀ,ਜਿੰਦਗੀ ਜਿਉਣ ਲਈ,ਮਨੁੱਖ ਨੂੰ ਕੁੱਲੀ,ਗੁੱਲੀ ਤੇ ਜੁੱਲੀ ਦੀ ਜਰੂਰਤ ਤਾਂ ਪੈਂਦੀ ਹੀ ਪੈਂਦੀ ਹੈ।ਇਹਦੇ ਤੋਂ ਵਗੈਰ ਤਾਂ ਮਨੁੱਖ ਦਾ ਗੁਜਾਰਾ ਹੋਣਾ ਮੁਸ਼ਕਲ ਹੋ ਜਾਂਦਾ ਹੈ। ਭਾਵੇਂ, ਮਨੁੱਖ ਨੂੰ ਜਿਉਂਦੇ ਰਹਿਣ ਲਈ,ਕੁੱਝ ਲੋੜਾਂ ਨੂੰ ਪੂਰਾ ਕਰਨ ਦੀ ਜਰੂਰਤ ਪੈਂਦੀ ਹੈ।

ਪਰ ਮੁਸ਼ਕਲ ਤਾਂ ਉਸ ਵਕਤ ਆਉਂਦੀ ਹੈ,ਜਦੋਂ ਕੋਈ ਮਨੁੱਖ,ਆਪਣੀਆਂ ਜਰੂਰੀ ਲੋੜਾਂ ਤੋਂ ਬਾਅਦ ਆਰਾਮਦਾਇਕ ਲੋੜਾਂ ਤੇ ਫਿਰ ਵਿਲਾਸਤਾਪੂਰਵਕ ਲੋੜਾਂ ਨੂੰ ਪੂਰਾ ਕਰਨ ਚ ਦਿਨ ਰਾਤ ਲੱਗਿਆ ਰਹਿੰਦਾ ਹੈ ਅਤੇ ਆਪਣੀ ਸੁੱਧ ਬੁੱਧ ਖੋਹ ਬੈਠਦਾ ਹੈ।ਮਨੁੱਖ,ਆਪਣੇ ਤੇ ਆਪਣੇ ਪਰਿਵਾਰ ਦੀ ਸੁੱਖ ਸਹੂਲਤ ਲਈ,ਹਰ ਉਹ ਕੰਮ ਕਰ ਬੈਠਦਾ ਹੈ,ਜਿਸਦੀ ਕੋਈ ਕਾਨੂੰਨ ਜਾਂ ਸਮਾਜ ਤਾਂ ਕੀ,ਸਗੋਂ ਉਹਦੀ ਆਪਣੀ ਜਮੀਰ ਵੀ ਆਗਿਆ ਨਹੀਂ ਦਿੰਦੀ।

ਪਰ ਫੇਰ ਵੀ,ਮਨੁੱਖ ਅਜਿਹਾ ਹਰ ਕੰਮ ਕਰਨ ਚ ਆਪਣਾ ਪੂਰਾ ਜੀਵਨ ਹੀ ਗੁਜਾਰ ਦਿੰਦਾ ਹੈ। ਅਗਰ ਮਨੁੱਖ ਆਪਣੀ ਜਿੰਦਗੀ ਦੇ ਵਾਰੇ,ਥੋੜ੍ਹੀ ਜਿਹੀ ਗੰਭੀਰਤਾ ਨਾਲ ਸੋਚੇ,ਤਾਂ ਇਹ ਜਿੰਦਗੀ ਬੜੀ ਛੋਟੀ ਜਿਹੀ ਲੱਗਦੀ ਹੈ,ਜਿਸਦੇ ਮੁੱਕ ਜਾਣ ਦਾ ਕਿਸੇ ਨੂੰ ਕੋਈ ਭਰੋਸਾ ਹੀ ਨਹੀਂ ਹੁੰਦਾ।ਪਰ ਮਨੁੱਖ,ਫੇਰ ਵੀ ਦੁਨੀਆਂ ਚ ਇਸ ਤਰ੍ਹਾਂ ਵਿਚਰਦਾ ਹੈ,ਜਿਵੇਂ,ਉਸਨੇ ਇਸ ਸੰਸਾਰ ਚੋਂ ਕਦੇ ਵਿਦਾ ਹੀ ਨਾ ਹੋਣਾ ਹੋਵੇ।

ਇਹੋ ਕਾਰਨ ਹੈ,ਕਿ ਮਨੁੱਖ ਇਸੇ ਭੁਲੇਖੇ ਚ ਹੀ,ਹਰ ਗਲਤ ਕੰਮ ਕਰੀ ਜਾਂਦਾ ਹੈ ਅਤੇ ਦੁਨੀਆਂ ਭਰ ਦਾ ਸਮਾਨ ਇਉਂ ਇਕੱਠਾ ਕਰੀ ਜਾਂਦਾ ਹੈ,ਜਿਵੇਂ ਇਸ ਧਰਤੀ ਤੇ ਹਜਾਰਾਂ ਸਾਲਾਂ ਲਈ ਰਹਿਣ ਲਈ ਆਇਆ ਹੋਵੇ। ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਮਨੁੱਖ ਜਦੋਂ ਇਸ ਧਰਤੀ ਤੇ ਜਨਮ ਲੈਂਦਾ ਹੈ,ਤਾਂ ਉਹ ਖਾਲੀ ਹੱਥ ਆਉਂਦਾ ਹੈ ਅਤੇ ਜਦੋਂ ਇਸ ਸੰਸਾਰ ਤੋਂ ਜਾਂਦਾ ਹੈ,ਤਾਂ ਵੀ ਖਾਲੀ ਹੱਥ ਹੀ ਚਲਿਆ ਜਾਂਦਾ ਹੈ।

ਬਸ,ਇਹ ਸਾਰਾ ਖੇਲ ਹੀ ਇਸ ਸੰਸਾਰ ਅਤੇ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਫਰ ਦਾ ਹੁੰਦਾ ਹੈ। ਪਰ ਮਨੁੱਖ ਪਤਾ ਨਹੀਂ ਕਿਉਂ ਇਸ ਭੁਲੇਖੇ ਚੋਂ ਬਾਹਰ ਨਹੀਂ ਨਿਕਲਦਾ,ਕਿ ਉਸਨੇ ਇਸ ਸੰਸਾਰ ਨੂੰ ਕਦੇ ਅਲਵਿਦਾ ਹੀ ਨਹੀਂ ਕਹਿਣਾ।ਇਹ ਭੁਲੇਖਾ ਹੀ ਆਖਰ ਮਨੁੱਖ ਨੂੰ ਲੈ ਡੁੱਬਦਾ ਹੈ। ਇਤਿਹਾਸ, ਇਸ ਗੱਲ ਦਾ ਗਵਾਹ ਹੈ,ਕਿ ਦੁਨੀਆਂ ਦਾ ਕੋਈ ਵੀ ਪੀਰ ਪੈਗੰਬਰ ਅਤੇ ਮਹਾਂਬਲੀ, ਇਸ ਸੰਸਾਰ ਚ ਆਉਣ ਵੇਲੇ ਆਪਣੇ ਨਾਲ ਕੁਝ ਵੀ ਲੈ ਕੇ ਨਹੀਂ ਆਇਆ ਅਤੇ ਨਾ ਹੀ ਦੁਨੀਆਂ ਦਾ ਕੋਈ ਵੀ ਧਨਾਢ ਵਿਅਕਤੀ ਅਤੇ ਦੁਨੀਆਂ ਨੂੰ ਜਿੱਤਣ ਵਾਲਾ ਰਾਜਾ ਮਹਾਰਾਜਾ ਹੀ ਜਾਣ ਵੇਲੇ, ਆਪਣੇ ਨਾਲ ਇੱਕ ਤਿਲ ਮਾਤਰ ਵੀ ਕੋਈ ਚੀਜ ਨਾਲ ਲੈ ਕੇ ਗਿਆ ਹੈ।

ਇਹ ਤਾਂ ਇਸ ਦੁਨੀਆਂ ਦਾ ਹੀ ਇੱਕ ਖੇਲ ਤਮਾਸ਼ਾ ਹੈ,ਜਿਸਨੂੰ ਖੇਡ ਕੇ ਅਤੇ ਖਾ ਹੰਢਾ ਕੇ,ਮਨੁੱਖ ਆਪਣੀ ਜਿੰਦਗੀ ਭਰ ਦੀ ਇਕੱਠੀ ਕੀਤੀ ਹੋਈ ਧਨ ਦੌਲਤ,ਚੁੱਪ ਚਾਪ ਇੱਥੇ ਹੀ ਛੱਡ ਕੇ ਚਲਿਆ ਜਾਂਦਾ ਹੈ।ਵੈਸੇ ਵੀ,ਮਨੁੱਖ ਲਈ ਹੋਰ ਕੋਈ ਚਾਰਾ ਵੀ ਤਾਂ ਨਹੀਂ ਹੈ। ਮੁੱਕਦੀ ਗੱਲ ਤਾਂ ਇਹ ਹੈ,ਕਿ ਅਗਰ ਇਸ ਦੁਨੀਆਂ ਚ ਖੋਅ ਜਾਣ ਵਾਲੀ ਕੋਈ ਚੀਜ਼ ਹੈ ਹੀ ਨਹੀਂ,ਤਾਂ ਆਪਣੀ ਜਿੰਦਗੀ ਨੂੰ ਐਨੇ ਸ਼ੰਕਟ ਅਤੇ ਝਮੇਲਿਆਂ ਚ ਪਾ ਕੇ,ਸਾਰੀ ਜਿੰਦਗੀ ਹੇਰਾ ਫੇਰੀਆਂ ਅਤੇ ਠੱਗੀਆਂ ਮਾਰਨ ਦੀ ਲੋੜ ਹੀ ਕੀ ਹੈ।

ਮਨੁੱਖ ਐਵੇਂ,ਸਾਰੀ ਉਮਰ ਫੋਕੀ ਸ਼ਾਨੋ ਸ਼ੌਕਤ ਅਤੇ ਵੈਰ ਵਿਰੋਧ ਚ ਉਲਝਿਆ ਰਹਿੰਦਾ ਹੈ ਅਤੇ ਆਪਣੀ ਹੀਰੇ ਵਰਗੀ ਜਿੰਦਗੀ ਨੂੰ,ਕੌਡੀਆਂ ਦੇ ਵਾਂਗ ਰੋਲ ਦਿੰਦਾ ਹੈ।ਪਰ ਜਦੋਂ ਮਨੁੱਖ ਨੂੰ ਇਸ ਸਬੰਧ ਚ,ਥੋੜ੍ਹੀ ਬਹੁਤ ਸੋਝੀ ਆਉਂਦੀ ਹੈ,ਤਾਂ ਉਦੋਂ, ਅਬ ਪਛਤਾਏ ਹੋਤ ਕਿਆ,ਜਬ ਚਿੜੀਆਂ ਚੁਗ ਗਈ ਖੇਤ! ਵਾਲੀ ਗੱਲ ਹੋ ਚੁੱਕੀ ਹੁੰਦੀ ਹੈ।ਜਿਸਦਾ ਬਾਅਦ ਚ,ਕੋਈ ਫਾਇਦਾ ਹੋਣ ਵਾਲਾ ਨਹੀਂ ਹੁੰਦਾ।

ਸੁਬੇਗ ਸਿੰਘ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button