ਅਧਿਆਪਕਾ ਉਤੇ ਯਮੂਨਾਨਗਰ ਵਿਚ ਲਾਠੀਚਾਰਜ ਕਰਨਾ ਗੈਰ-ਇਖਲਾਕੀ ਕਾਰਵਾਈ, ਸਰਕਾਰ ਦੀਆਂ ਦਿਸ਼ਾਹੀਣ ਨੀਤੀਆ ਜਿ਼ੰਮੇਵਾਰ : ਸਿਮਰਨਜੀਤ ਸਿੰਘ ਮਾਨ
ਸੰਗਰੂਰ, 03 ਜਨਵਰੀ ਮੋਦੀ ਨੇ 2014 ਵਿਚ ਮੁਲਕ ਨਿਵਾਸੀਆਂ ਨਾਲ ਇਹ ਬਚਨ ਕੀਤਾ ਸੀ ਕਿ ਹਰ ਸਾਲ ਸਰਕਾਰ ਬੇਰੁਜਗਾਰਾਂ ਲਈ 2 ਕਰੋੜ ਨੌਕਰੀਆਂ ਦੇਣ ਦਾ ਪ੍ਰਬੰਧ ਕਰੇਗੀ । ਦੂਸਰਾ ਇਹ ਵੀ ਵਾਅਦਾ ਕੀਤਾ ਸੀ ਕਿ ਹਰ ਪਰਿਵਾਰ ਨੂੰ ਘਰ, ਰੋਟੀ-ਰੋਜੀ ਦਿੱਤੀ ਜਾਵੇਗੀ । ਇਨ੍ਹਾਂ ਦੋਵੇ ਮੁੱਢਲੀਆ ਪ੍ਰਦਾਨ ਕਰਨ ਵਾਲੀਆ ਸਹੂਲਤਾਂ ਵਿਚ ਸੈਟਰ ਦੀ ਮੋਦੀ ਸਰਕਾਰ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ । ਇਹੀ ਵਜਹ ਹੈ ਕਿ ਬੇਰੁਜਗਾਰ ਨੌਜਵਾਨਾਂ ਨੂੰ ਪਾਰਲੀਮੈਟ ਵਿਚ ਕੁਝ ਸਮਾਂ ਪਹਿਲੇ ਮੁਲਕ ਨਿਵਾਸੀਆਂ ਨੂੰ ਅਚੰਭੇ ਵਿਚ ਪਾਉਣ ਵਾਲੀ ਮਜ਼ਬੂਰਨ ਕਾਰਵਾਈ ਕਰਨੀ ਪਈ । ਜਿਸ ਵਿਚ 800 ਦੇ ਕਰੀਬ ਐਮ.ਪੀ ਅਤੇ ਹਜਾਰ ਦੇ ਲੱਗਭਗ ਪਾਰਲੀਮੈਟ ਵਿਚ ਕੰਮ ਕਰਨ ਵਾਲੇ ਸਟਾਫ ਮੈਬਰਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਸੀ । ਜੇਕਰ ਇਨ੍ਹਾਂ ਨੌਜਵਾਨਾਂ ਨੂੰ ਇਹ ਗੈਰ ਵਿਧਾਨਿਕ ਅਮਲ ਕਰਨਾ ਪਿਆ ਤਾਂ ਇਸ ਵਿਚ ਮੋਦੀ ਹਕੂਮਤ ਦੀਆਂ ਦਿਸ਼ਾਹੀਣ ਨੀਤੀਆ ਅਤੇ ਇਥੋ ਦੇ ਨਿਵਾਸੀਆ ਨਾਲ ਕੀਤੇ ਗਏ ਗੁੰਮਰਾਹਕੁੰਨ ਬਚਨਾਂ ਨੂੰ ਪੂਰਾ ਨਾ ਕਰਨ ਦੀ ਬਦੌਲਤ ਅਜਿਹਾ ਮਾਹੌਲ ਬਣਿਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਲਕ ਵਿਚ ਦਿਨ-ਬ-ਦਿਨ ਵੱਧਦੀ ਜਾ ਰਹੀ ਬੇਰੁਜਗਾਰੀ ਅਤੇ ਇਥੋ ਦੇ ਨਿਵਾਸੀਆ ਨੂੰ ਮੁੱਢਲੀਆਂ ਸਹੂਲਤਾਂ ਰੋਟੀ, ਕੱਪੜਾ, ਮਕਾਨ ਤੇ ਰੁਜਗਾਰ ਸਰਕਾਰ ਵੱਲੋ ਅੱਜਤੱਕ ਉਪਲੱਬਧ ਨਾ ਕਰਵਾਉਣ ਦੀ ਗੈਰ ਜਿੰਮੇਵਰਾਨਾ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਥੋ ਦੇ ਨਿਵਾਸੀਆ ਨਾਲ ਝੂਠੇ ਵਾਅਦੇ ਕਰਨ ਦੀਆਂ ਦਿਸ਼ਾਹੀਣ ਨੀਤੀਆ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਤ ਦੀ ਸਰਦੀ-ਗਰਮੀ ਦੇ ਦਿਨਾਂ ਵਿਚ ਲੱਖਾਂ ਦੀ ਗਿਣਤੀ ਵਿਚ ਮੁਲਕ ਨਿਵਾਸੀ ਸੜਕਾਂ ਦੇ ਕਿਨਾਰਿਆ ਅਤੇ ਹੋਰ ਸਥਾਨਾਂ ਉਤੇ ਬਿਨ੍ਹਾਂ ਛੱਤ ਤੋ ਸੌਣ, ਰਹਿਣ ਅਤੇ ਉਥੇ ਹੀ ਅਸਮਾਨ ਦੀ ਖੁੱਲ੍ਹੀ ਛੱਤ ਥੱਲ੍ਹੇ ਆਪਣੀ ਰੋਟੀ ਬਣਾਉਣ ਦੀ ਗੱਲ ਪ੍ਰਤੱਖ ਕਰਦੀ ਹੈ ਕਿ ਇਥੇ ਰਾਜ ਕਰਨ ਵਾਲੀਆ ਜਮਾਤਾਂ ਭਾਵੇ ਉਹ ਕਾਂਗਰਸ ਹੋਵੇ, ਭਾਵੇ ਬੀਜੇਪੀ-ਆਰ.ਐਸ.ਐਸ ਜਾਂ ਹੋਰ । ਇਨ੍ਹਾਂ ਗਰੀਬਾਂ ਲਈ ਕੋਈ ਵੀ ਜਮਾਤ ਸੁਹਿਰਦਤਾ ਨਾਲ ਅਮਲ ਨਹੀ ਕਰ ਸਕੀ । ਇਥੋ ਤੱਕ ਕਿ ਵੱਡੀ ਗਿਣਤੀ ਵਿਚ ਅਨੁਸੂਚਿਤ ਜਾਤੀਆ ਤੇ ਪੱਛੜੇ ਵਰਗਾਂ ਦੇ ਅਜਿਹੇ ਪਰਿਵਾਰ ਹਨ ਜਿਨ੍ਹਾਂ ਦੀਆਂ ਬੀਬੀਆਂ ਸਵੇਰੇ ਤੜਕੇ ਹੀ ਆਪਣੇ ਘਰਾਂ ਤੋ ਆਪਣੇ ਡੰਗਰ, ਵੱਛਿਆ ਲਈ ਜੰਗਲਾਂ ਵਿਚ ਚਾਰਾ ਲੈਣ ਤੁਰ ਜਾਂਦੀਆ ਹਨ । ਫਿਰ ਆ ਕੇ ਪਰਿਵਾਰ ਲਈ ਖਾਣਾ ਬਣਾਉਦੀਆ ਹਨ ਅਤੇ ਫਿਰ ਆਪਣਾ ਚੁੱਲਾ ਬਾਲਣ ਲਈ ਲੱਕੜਾਂ ਇਕੱਠੀਆ ਕਰਨ ਲਈ ਫਿਰ ਨਿਕਲ ਜਾਂਦੀਆ ਹਨ । ਜਿਸ ਮੁਲਕ ਵਿਚ ਬਹੁਤ ਵੱਡੀ ਗਿਣਤੀ ਵਿਚ ਬੀਬੀਆ ਦੀ ਇਹ ਦੁਭਰ ਵਾਲੀ ਜਿੰਦਗੀ ਹੋਵੇ, ਉਥੋ ਦੇ ਵਜੀਰ ਏ ਆਜਮ ਚੰਦ ਅਤੇ ਹੋਰ ਉਪ ਗ੍ਰਹਿਆ ਉਤੇ ਸੈਟੇਲਾਈਟ ਭੇਜਕੇ ਉਥੇ ਵੱਸੋ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਅਤੇ ਮੁਲਕ ਦੀ ਤਰੱਕੀ ਦੇ ਝੂਠੇ ਦਾਅਵੇ ਕਰਨ ਦੀ ਫੂਕ ਤਾਂ ਖੁਦ-ਬ-ਖੁਦ ਨਿਕਲ ਜਾਂਦੀ ਹੈ ।
ਉਨ੍ਹਾਂ ਕਿਹਾ ਕਿ ਜਿਥੋ ਤੱਕ ਰੁਜਗਾਰ ਦੇਣ ਅਤੇ ਬੇਰੁਜਗਾਰੀ ਦੂਰ ਕਰਨ ਦਾ ਗੰਭੀਰ ਮੁੱਦਾ ਹੈ, ਇਨ੍ਹਾਂ ਵੱਲੋ ਕੀਤੇ 2 ਕਰੋੜ ਨੌਕਰੀਆ ਹਰ ਸਾਲ ਦੇਣ ਦੇ ਬਚਨ ਵਿਚ ਕੋਈ ਰਤੀਭਰ ਵੀ ਸੱਚਾਈ ਨਹੀ ਹੈ । ਇਥੋ ਤੱਕ ਜੋ ਫ਼ੌਜ ਵਿਚ ਅਗਨੀਵੀਰ ਭਰਤੀ ਕਰਨ ਦੀ ਸਕੀਮ ਹੈ, ਉਹ ਕੇਵਲ ਨੌਜਵਾਨਾਂ ਨੂੰ 4 ਸਾਲ ਲਈ ਸੇਵਾ ਦੇਣਾ ਹੈ । ਜਦੋਕਿ ਐਨੇ ਥੋੜੇ ਸਮੇ ਵਿਚ ਤਾਂ ਇਕ ਫ਼ੌਜੀ ਨੂੰ ਫ਼ੌਜ ਦੇ ਹਥਿਆਰਾਂ ਅਤੇ ਉਪਕਰਨਾ ਨੂੰ ਚਲਾਉਣ ਦੀ ਸਿਖਲਾਈ ਵੀ ਪੂਰੀ ਨਹੀ ਹੁੰਦੀ ਅਤੇ 4 ਸਾਲ ਬਾਅਦ ਇਹ ਫਿਰ ਬੇਰੁਜਗਾਰ ਹੋ ਜਾਣਗੇ । ਫਿਰ ਅਜਿਹੀਆ ਸੇਖਚਿੱਲੀ ਵਾਲੀਆ ਸਕੀਮਾਂ ਦਾ ਮੁਲਕ ਨਿਵਾਸੀਆ ਅਤੇ ਬੇਰੁਜਗਾਰ ਨੌਜਵਾਨਾਂ ਨੂੰ ਕੀ ਫਾਇਦਾ ਹੋਵੇਗਾ ਅਤੇ ਇਥੋ ਦੀ ਮਾਲੀ, ਧਾਰਮਿਕ, ਸਮਾਜਿਕ ਤੇ ਇਖਲਾਕੀ ਹਾਲਤ ਕਿਵੇ ਬਿਹਤਰ ਹੋ ਸਕੇਗੀ ? ਹੁਕਮਰਾਨਾਂ ਦੀ ‘ਕਥਨੀ ਅਤੇ ਕਰਨੀ’ ਵਿਚ ਬਹੁਤ ਵੱਡਾ ਅੰਤਰ ਹੈ ਕੇਵਲ ਮੁਲਕ ਨਿਵਾਸੀਆ ਨੂੰ ਵੱਡੀਆ-ਵੱਡੀਆ ਯੋਜਨਾਵਾਂ ਦੇ ਮੀਡੀਏ ਵਿਚ ਐਲਾਨ ਕਰਕੇ ਸਬਜਬਾਗ ਦਿਖਾਕੇ ਗੁੰਮਰਾਹ ਕਰਦੇ ਆ ਰਹੇ ਹਨ । ਸਥਿਤੀ ਇਥੋ ਦੀ ਪਹਿਲੇ ਨਾਲੋ ਵੀ ਵਿਸਫੋਟਕ ਬਣਦੀ ਜਾ ਰਹੀ ਹੈ । ਜਿਸ ਨਾਲ ਇਥੋ ਦੇ ਹਾਲਾਤਾਂ ਨੂੰ ਹੁਕਮਰਾਨ ਸਹੀ ਢੰਗ ਨਾਲ ਕਾਬੂ ਰੱਖਣ ਵਿਚ ਅਸਫਲ ਹੀ ਨਹੀ ਹੋਣਗੇ, ਬਲਕਿ ਇਥੇ ਅਰਾਜਕਤਾ ਫੈਲਾਉਣ ਵਾਲੀਆ ਕਾਰਵਾਈਆ ਲਈ ਇਹ ਖੁਦ ਜਿੰਮੇਵਾਰ ਹੋਣਗੇ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਮੀਡੀਏ ਵਿਚ ਵੱਡੇ-ਵੱਡੇ ਐਲਾਨ ਤੇ ਦਾਅਵੇ ਕਰਨ ਦੀ ਬਜਾਇ ਮੁਲਕ ਨਿਵਾਸੀਆ ਦੀ ਬਿਹਤਰੀ ਲਈ ਵਿਸੇਸ ਤੌਰ ਤੇ ਬੇਰੁਜਗਾਰੀ ਦੇ ਮੁੱਦੇ ਨੂੰ ਹੱਲ ਕਰਨ ਅਤੇ ਹਰ ਬੇਘਰ ਪਰਿਵਾਰ ਨੂੰ ਘਰ, ਰੋਟੀ, ਰੋਜੀ ਦੇਣ ਦੀਆਂ ਅਸਰਦਾਇਕ ਯੋਜਨਾਵਾਂ ਉਤੇ ਅਮਲ ਕਰਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.