Press ReleasePunjabTop News

ਦਿੱਲੀ ਅੰਦੋਲਨ 2 ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 9ਵਾਂ ਜਥਾ ਅੰਮ੍ਰਿਤਸਰ ਤੋਂ ਰਵਾਨਾ

ਲੋਕ ਮੰਗਾਂ ਪੂਰੀਆਂ ਕਰਵਾਓਣ ਲਈ ਲੰਬੇ ਸੰਘਰਸ਼ ਲਈ ਤਿਆਰ

ਅੰਮ੍ਰਿਤਸਰ: ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸਾਂਝੇ ਸੰਘਰਸ਼ ਤਹਿਤ ਦਿੱਲੀ ਅੰਦੋਲਨ ਦੋ ਦੇ ਚਲਦੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਅੰਮ੍ਰਿਤਸਰ ਤੋਂ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਨੌਵਾਂ ਜਥਾ ਸੂਬਾ ਆਗੂ ਸਰਵਨ ਸਿੰਘ ਪੰਧੇਰ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਅੰਮ੍ਰਿਤਸਰ ਅਤੇ ਬਿਆਸ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਔਰਤਾਂ ਅਤੇ ਨੌਜਵਾਨਾਂ ਸ਼ਾਮਿਲ ਸਨ। ਇਸ ਮੌਕੇ ਆਗੂਆਂ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੇਸ਼ ਦਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਾਰੀ ਸੰਘਰਸ਼ ਵਿਚਲੀਆਂ ਮੰਗਾਂ ਦੀ ਅਹਿਮੀਅਤ ਸਮਝ ਚੁੱਕਾ ਹੈ ਅਤੇ ਪਿੰਡ ਪੱਧਰ ਤੇ ਅੰਦੋਲਨ ਪ੍ਰਤੀ ਜਾਗਰੂਕਤਾ ਲਗਾਤਾਰ ਵਧੀ ਹੈ ਜਿਸਦਾ ਸਬੂਤ ਅੱਜ ਦੇ ਕਾਫ਼ਲਿਆਂ ਦੇ ਰੂਪ ਵਿੱਚ ਸਭ ਦੇ ਸਾਹਮਣੇ ਹੈ।
ਓਹਨਾ ਕਿਹਾ ਕਿ ਲੋਕਾਂ ਦੇ ਸੰਘਰਸ਼ ਨੇ ਅੱਜ ਵਿਰੋਧੀ ਧਿਰ ਨੂੰ ਲੋਕਾਂ ਦੇ ਹੱਕਾਂ ਦੀ ਆਵਾਜ਼ ਚੱਕਣ ਤੇ ਮਜਬੂਰ ਕਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਲੋਕਾਂ ਦਾ, ਮੰਗਾਂ ਮਸਲਿਆਂ ਦਾ ਹੱਲ ਕਰਨ ਲਈ, ਸੰਘਰਸ਼ਮਈ ਤਰੀਕੇ ਤੇ ਭਰੋਸਾ ਹੋਰ ਵੀ ਵਧਿਆ ਹੈ। ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਤੇ ਬਲਵਿੰਦਰ ਸਿੰਘ ਬਿੰਦੂ ਨੇ ਕਿਹਾ ਕਿ ਇੱਕ ਵੇਲੇ ਐਮ ਐਸ ਪੀ ਗਰੰਟੀ ਕਨੂੰਨ ਨੂੰ ਬਣਵਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਗੁਜਰਾਤ ਦੇ ਮੁੱਖ ਮੰਤਰੀ ਤੌਰ ਤੇ ਨਰਿੰਦਰ ਮੋਦੀ ਮਨਮੋਹਨ ਸਿੰਘ ਸਰਕਾਰ ਨੂੰ ਚਿੱਠੀਆਂ ਲਿਖ ਕੇ ਮੰਗ ਕੀਤੀ ਗਈ ਸੀ, ਅੱਜ ਮੋਦੀ ਸਰਕਾਰ ਖੁਦ 11ਵੇਂ ਸਾਲ ਵਿੱਚ ਹੈ ਪਰ ਓਹਨਾ ਮੰਗਾਂ ਤੇ ਕੰਮ ਕਰਨ ਦੀ ਬਜ਼ਾਏ ਇਹਨਾਂ ਹੀ ਮੰਗਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ ਤੇ ਅਤਿਆਚਾਰ ਕਰਦਿਆਂ ਕਿਸਾਨਾਂ ਮਜਦੂਰਾਂ ਦੇ ਕਤਲ ਕੀਤੇ ਗਏ ਹਨ। ਇਸ ਮੌਕੇ ਜਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਅਤੇ ਸੁਖਦੇਵ ਸਿੰਘ ਚਾਟੀਵਿੰਡ ਨੇ ਕਿਹਾ ਕਿ ਅੱਜ ਜਿਲ੍ਹੇ ਅਧੀਨ ਪੈਂਦੇ ਜਥੇਬੰਦੀ ਨਾਲ ਸਬੰਧਿਤ ਲਗਭਗ ਅੱਧੇ ਪਿੰਡਾਂ ਤੋਂ ਕਿਸਾਨ ਮਜ਼ਦੂਰ ਅਤੇ ਔਰਤਾਂ ਰਵਾਨਾ ਹੋ ਰਹੇ ਹਨ, ਜਿਲ੍ਹੇ ਵੱਲੋਂ ਇਸੇ ਤਰਜ਼ ਤੇ ਅਗਲਾ ਜਥਾ 30 ਅਗਸਤ ਨੂੰ ਫਿਰ ਰਵਾਨਾ ਕੀਤਾ ਜਾਵੇਗਾ।
ਓਹਨਾ ਕਿਹਾ ਕਿ 31 ਅਗਸਤ ਨੂੰ ਸ਼ੰਭੂ, ਖਨੌਰੀ ਅਤੇ ਰਤਨਪੁਰਾ ਤੇ ਮੋਰਚੇ ਦੇ 200 ਦਿਨ ਪੂਰੇ ਹੋਣ ਤੇ ਵੱਡੇ ਇਕੱਠ ਹੋਣ ਜਾ ਰਹੇ ਹਨ, ਜਿਸ ਲਈ ਪਿੰਡਾਂ ਦੇ ਕਿਸਾਨਾਂ ਮਜਦੂਰਾਂ ਵਿੱਚ ਭਾਰੀ ਜੋਸ਼ ਅਤੇ ਉਤਸ਼ਾਹ ਹੈ। ਓਹਨਾ ਕਿਹਾ ਕਿ ਦੇਸ਼ ਦਾ ਕਿਸਾਨ ਮਜ਼ਦੂਰ ਸਮਝ ਚੁੱਕਾ ਹੈ ਕਿ ਓਹਨਾ ਦੇ ਹੱਕਾਂ ਦੀਆਂ ਮੰਗਾਂ ਓਹਨਾ ਤਾਕਤਾਂ ਨਾਲ ਟਕਰਾ ਰਹੀਆਂ ਹਨ ਜ਼ੋ ਦੁਨੀਆਂ ਦੇ ਸਭ ਤੋਂ ਵੱਡੇ ਪ੍ਰਬੰਧ ਦੇ ਮਾਲਕ ਹਨ ਪਰ ਲੋਕਾਂ ਕੋਲ ਆਪਣੀ ਕਿਰਤ, ਜਮੀਨਾਂ ਅਤੇ ਜਮਹੂਰੀ ਅਧਿਕਾਰ ਬਚਾਉਣ ਲਈ ਸੰਘਰਸ਼ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ, ਇਸ ਲਈ ਉਹ ਸਾਲਾਂਬਧੀ ਚੱਲਣ ਵਾਲੇ ਸੰਘਰਸ਼ ਲੜਨ ਦਾ ਮਨ ਬਣਾ ਚੁੱਕੇ ਹਨ। ਆਗੂਆਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਲਈ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ ਦਿਹਾੜੀ 700 ਰੁਪਏ, ਕਿਸਾਨ ਅਤੇ ਖੇਤ ਮਜ਼ਦੂਰ ਦੀ ਸੰਪੂਰਨ ਕਰਜ਼ਾ ਮੁਕਤੀ, ਬਜ਼ੁਰਗ ਕਿਸਾਨ ਮਜ਼ਦੂਰ ਲਈ 10 ਹਜ਼ਾਰ ਮਹੀਨਾ ਪੈਨਸ਼ਨ, ਭੂੰਮੀ ਅਧਿਗ੍ਰਹਿਣ ਕਾਨੂੰਨ 2013 ਤਹਿਤ ਕਰਨ, ਆਦਿਵਾਸੀਆਂ ਦੀ ਮੰਗ ਤਹਿਤ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ, ਫ਼ਸਲੀ ਬੀਮਾ ਯੋਜਨਾ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਦੇ ਠੋਸ ਹੱਲ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਓਹਨਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੰਘਰਸ਼ ਵਿਰੋਧੀ ਤਾਕਤਾਂ ਦੇ ਪ੍ਰਾਪੇਗਾਂਡੇ ਤੋਂ ਹੋਸ਼ਿਆਰ ਰਿਹਾ ਜਾਵੇ ਕਿਉਂਕਿ ਸੋਸ਼ਲ ਮੀਡੀਆ ਅਤੇ ਮੇਨ ਸਟਰੀਮ ਮੀਡੀਆ ਤੇ ਬੋਲਣ ਵਾਲ਼ੇ ਤਥਾਕਥਿਤ ਬੁੱਧੀਜੀਵੀ ਸ਼ਾਯਦ ਖੁਦ ਨਹੀਂ ਜਾਣਦੇ ਕਿ ਉਹ, ਜਾਣੇ ਜਾਂ ਅਣਜਾਣੇ, ਲੋਕ ਹਿੱਤਾਂ ਦੀ ਲੜਾਈ ਦੇ ਵਿਰੁੱਧ ਅਤੇ ਸਰਕਾਰ ਦੇ ਪੱਖ ਵਿੱਚ ਭੁਗਤ ਰਹੇ ਹਨ। ਓਹਨਾ ਕਿਹਾ ਕਿ ਸਾਨੂੰ ਆਸ ਹੈ ਕਿ ਇਹ ਅੰਦੋਲਨ ਪਹਿਲੇ ਅੰਦੋਲਨ ਦੀ ਖਿੱਚੀ ਲਕੀਰ ਨੂੰ ਹੋਰ ਲੰਬਾ ਕਰਦੇ ਹੋਏ ਕਿਸਾਨਾਂ ਮਜਦੂਰਾਂ ਦੇ ਉਜਲੇ ਭਵਿੱਖ ਵੱਡਾ ਹਿੱਸਾ ਪਾਵੇਗਾ। ਇਸ ਮੌਕੇ ਵੱਖ ਵੱਖ ਜੋਨਾਂ ਤੋਂ ਮੁਖਤਾਰ ਸਿੰਘ ਭਗਵਾਂ, ਗੁਰਭੇਜ ਸਿੰਘ ਝੰਡੇ, ਗੁਰਬਾਜ਼ ਸਿੰਘ ਭੁੱਲਰ, ਸੁਖਦੇਵ ਸਿੰਘ ਕਾਜ਼ੀਕੋਟ, ਸਵਰਨ ਸਿੰਘ ਉਧੋਨੰਗਲ, ਅਮਰੀਕ ਸਿੰਘ ਜਮਾਲਪੁਰ, ਚਰਨ ਸਿੰਘ ਕਲੇਰ ਘੁੰਮਾਣ, ਅਮਨਿੰਦਰ ਸਿੰਘ ਮਾਲੋਵਾਲ, ਗੁਰਭੇਜ ਸਿੰਘ ਭੀਲੋਵਾਲ ਸਮੇਤ ਵੱਖ ਵੱਖ ਪਿੰਡਾਂ ਤੋਂ ਜਥੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button