Breaking NewsD5 specialIndiaNewsPoliticsPunjab

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ (ਵੀਡੀਓ)

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਕਾਂਗਰਸ ਦੇ ਸੀਨੀਅਰ ਆਗੂ ਸੱਜਣ ਕੁਮਾਰ ਨੂੰ 1984 ਸਿੱਖ ਨਸਲਕੁਸ਼ੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੂੰ ਕਿ 31 ਦਸੰਬਰ ਤੱਕ ਅਦਾਲਤ ਅੱਗੇ ਆਤਮ ਸਮਰਪਣ ਕਰਨਾ ਪਵੇਗਾ। ਇਸ ਮਾਮਲੇ ਵਿੱਚ ਸੱਜਣ ਕੁਮਾਰ ਦੇ ਸਹਿ ਦੋਸ਼ੀ ਬਲਵਾਨ ਖੋਖਰ, ਕੈਪਟਨ ਭਾਗਮਲ, ਗਿਰਧਾਰੀ ਲਾਲ, ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੂੰ ਵੀ ਅਦਾਲਤ ਨੇ 10 ਸਾਲ ਕੈਦ-ਏ-ਬਾਮੁਸ਼ਕੱਤ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ ਜਿਸ ਫੈਸਲੇ ਨੂੰ ਦਿੱਲੀ ਹਾਈਕੋਰਟ ਨੇ ਪਲਟ ਦਿੱਤਾ ਹੈ। ਆਪਣੇ ਇਸ ਫੈਸਲੇ ਸਬੰਧੀ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਬੇਹੱਦ ਜਰੂਰੀ ਹੈ ਕਿ ਪੀੜਤ ਨੂੰ ਭਰੋਸਾ ਦਿੱਤਾ ਜਾਵੇ ਕਿ ਚੁਣੌਤੀਆਂ ਦੇ ਬਾਵਜੂਦ ਸੱਚ ਨੇ ਬਾਹਰ ਆਉਣਾ ਹੀ ਹੁੰਦਾ ਹੈ।  ਅਦਾਲਤ ਨੇ ਕਿਹਾ ਕਿ ਮੁਲਜਮਾਂ ਨੇ ਸਿਆਸੀ ਸਰਪ੍ਰਸਤੀ ਹਾਸਲ ਕੀਤੀ ਅਤੇ ਜਗਦੀਸ਼ ਕੌਰ ਨਾਮ ਦੀ ਗਵਾਹ ਦੇ ਹੋਂਸਲੇ ਦੀ ਸਰਾਹਣਾ ਕੀਤੀ ਕਿ ਇਸਦੇ ਬਾਵਜੂਦ ਉਸਨੇ ਨਿਡਰ ਹੋ ਕੇ ਇਸ ਕੇਸ ਦੀ ਪੈਰਵਾਈ ਕੀਤੀ।

Read Also ’84 ਸਿੱਖ ਕਤਲੇਆਮ ਮਾਮਲੇ ‘ਚ ਸੱਜਣ ਕੁਮਾਰ ਨੂੰ ਹੋ ਸਕਦੀ ਹੈ ਜੇਲ੍ਹ

ਦੱਸ ਦੇਈਏ ਕਿ ਨਵੰਬਰ 1984 ਵਿੱਚ ਵਾਪਰੇ ਇਸ ਕਾਂਡ ਦੌਰਾਨ ਦਿੱਲੀ ਛਾਉਣੀ ਨਜ਼ਦੀਕ ਰਾਜਨਗਰ ਇਲਾਕੇ ’ਚ ਇੱਕੋ ਪਰਿਵਾਰ ਦੇ ਪੰਜ ਜੀਆਂ ਨੂੰ ਕਤਲ ਕਰ ਦੇਣ ਦੇ ਦੋਸ਼ ਵਿੱਚ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਪਰ ਸਾਬਕਾ ਕੌਂਸਲਰ ਬਲਵਾਨ ਖੋਖਰ, ਗਿਰਧਾਰੀ ਲਾਲ, ਸੇਵਾ ਮੁਕਤ ਜਲ ਸੇਨਾ ਅਧਿਕਾਰੀ ਕੈਪਟਨ ਭਾਗਮੱਲ ਤੇ ਹੋਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਭਾਗਮੱਲ, ਗਿਰਧਾਰੀ ਲਾਲ ਅਤੇ ਖੋਖਰ ਨੂੰ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।

ਜਿਸ ਤੋਂ ਬਾਅਦ ਮਈ 2013 ਨੂੰ ਦਿੱਲੀ ਹਾਈਕੋਰਟ ਵਿੱਚ ਇਸ ਸਜ਼ਾ ਦੇ ਖਿਲਾਫ਼ ਆਪੋ ਆਪਣੀ ਮੰਗ ਕਰਦੀਆਂ ਪਟੀਸ਼ਨਾਂ ਪਾਈਆਂ ਗਈਆਂ ਸਨ ਜਿਸ ਵਿੱਚ ਸੀਬੀਆਈ ਨੇ ਇਹ ਮੰਗ ਕੀਤੀ ਸੀ ਕਿ ਇਹ ਇੱਕ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਫਿਰਕੂ ਦੰਗਾ ਅਤੇ ਧਾਰਮਿਕ ਨਸਲਕੁਸ਼ੀ ਮਾਮਲਾ ਹੈ, ਇਸ ਲਈ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਇਸ ਕੇਸ ਵਿੱਚ ਬਣਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਲਿਹਾਜ਼ਾ ਮੁਲਜ਼ਮਾਂ ਦੇ ਖਿਲਾਫ਼ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਨਾਕਾਫੀ ਹੈ ਜਿਸ ਤੇ ਉਤਲੀ ਅਦਾਲਤ ਮੁੜ ਵਿਚਾਰ ਕਰੇ। ਇਸ ਕੇਸ ਵਿੱਚ ਪੀੜਤਾਂ, ਸੀਬੀਆਈ ਅਤੇ ਦੋਸ਼ੀਆਂ ਵਲੋਂ ਪਾਈਆਂ ਗਈਆਂ ਪਟੀਸ਼ਨਾਂ ਤੇ ਲੰਘੀ 29 ਅਕਤੂਬਰ ਨੂੰ ਬਹਿਸ ਮੁਕੰਮਲ ਹੋਣ ਤੋਂ ਬਾਅਦ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ ਜਿਸ ਤੇ ਹੁਣ ਸਜ਼ਾ ਦੀ ਮੋਹਰ ਲੱਗ ਗਈ ਹੈ।

ਤਾਜ਼ਾ ਮਾਮਲੇ ਵਿੱਚ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਤੋਂ ਬਾਅਦ ਸਿਆਸੀ ਮਾਹਰਾਂ ਨੇ ਇਸ ਦੇ ਆਪੋ ਆਪਣੇ ਢੰਗ ਨਾਲ ਵਿਸ਼ਲੇਸ਼ਣ ਕਰਨੇ ਸ਼ੁਰੂ ਕਰ ਦਿੱਤੇ ਹਨ ਜਿੱਥੇ ਇੱਕ ਪਾਸੇ ਇਸ ਫੈਸਲੇ ਨੇ ਆਉਂਦੀਆਂ 2019 ਦੀਆਂ ਚੋਣਾਂ ਤੋਂ ਪਹਿਲਾਂ ਬੈਠੇ ਬਿਠਾਏ ਬੀਜੇਪੀ ਦੇ ਪੈਰਾਂ ਥੱਲੇ ਬਟੇਰ ਦੇ ਦਿੱਤੀ ਹੈ, ਉੱਥੇ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਜਬਰਦਸਤ ਵਾਪਸੀ ਕਰਨ ਵਾਲੀ ਕਾਂਗਰਸ ਇੱਕ ਵਾਰ ਫਿਰ ਪਿਛਲੇ ਪੈਰੀਂ ਮੁੜਦੀ ਦਿਖਾਈ ਦਿੰਦੀ ਹੈ। ਪੰਜਾਬ ਦੀ ਸਿਆਸਤ ਵਿੱਚ ਇਸ ਫੈਸਲੇ ਦਾ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲੇਗਾ ਜਿੱਥੇ ਇਸ ਵੇਲੇ ਸਿਆਸੀ ਤੌਰ ਤੇ ਦੱਬੀ ਕੁਚਲੀ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਰਗਾਂ ਵਿੱਚ ਇਸ ਫੈਸਲੇ ਨੇ ਪਲੇਟਲੈਟਸ ਨਾਲ ਭਰੇ ਹੋਏ ਖੂਨ ਦੀਆਂ ਬੋਤਲਾਂ ਦਾ ਕੰਮ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button