PunjabTop News

Punjab Bulletin : 13-03-2023 ਅੱਜ ਦੀਆਂ ਸਾਰੀਆਂ ਖ਼ਬਰਾਂ

ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਅੱਜ ਵਿਜੀਲੈਂਸ ਨੇ ਮਾਰੀ ਰੇਡ

ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਅੱਜ ਵਿਜੀਲੈਂਸ ਨੇ ਰੇਡ ਮਾਰੀ। ਇਹ ਛਾਪੇਮਾਰੀ ਕਰਨ ਲਈ ਚੰਡੀਗੜ੍ਹ ਤੋਂ ਤਕਨੀਕੀ ਟੀਮਾਂ ਜਾਂਚ ਲਈ ਪਹੁੰਚੀਆਂ । ਇਸ ਗੱਲ ਦੀ ਪੁਸ਼ਟੀ ਕਰਦਿਆਂ ਲੁਧਿਆਣਾ ਦੇ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਜਾਂਚ ਚੱਲ ਰਹੀ ਹੈ।

TET ਦਾ ਪੇਪਰ ਲੀਕ, ਸਿੱਖਿਆ ਮੰਤਰੀ ਬੈਂਸ ਤੇ ਮੁੱਖ ਮੰਤਰੀ ਮਾਨ ਨੇ ਦਿੱਤੇ ਸਖ਼ਤ ਨਿਰਦੇਸ਼

ਬੀਤੇ ਕੱਲ੍ਹ ਸੂਬੇ ਭਰ ਵਿਚ TET ਦਾ ਪੇਪਰ ਸੀ ਜਿਸ ਵਿਚ ਇਕ ਵੱਡੀ ਅਣਗਹਿਲੀ ਪਾਈ ਗਈ ਹੈ। ਦਰਅਸਲ, ਪ੍ਰਸ਼ਨ ਪੱਤਰ ਦੇ ਵਿਚ ਹੀ ਉਹਨਾਂ ਦੇ ਉੱਤਰ ਲੀਕ ਕਰ ਦਿੱਤੇ ਗਏ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਪ੍ਰਸ਼ਨ ਪੱਤਰ ਵਿਚ ਹੀ ਉੱਤਰ ਹਾਈਲਾਈਟ ਕੀਤੇ ਗਏ ਅਤੇ 4 ਆਪਸ਼ਨ ‘ਚੋਂ ਸਹੀ ਉੱਤਰ ਨੂੰ ਬੋਲਡ ਕੀਤਾ ਗਿਆ ਜਿਸ ਤੋਂ ਬਾਅਦ ਪੇਪਰ ਵਾਲੀ ਥਾਂ ‘ਤੇ ਵੱਡਾ ਹੰਗਾਮਾ ਹੁੰਦਾ ਵਿਖਾਈ ਦਿੱਤਾ ਹੈ। ਇਸ ਮਾਮਲੇ ਨੂੰ ਲੈਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਪੇਪਰ ਦੁਬਾਰਾ ਲਿਆ ਜਾਵੇਗਾ।

ਮੋਦੀ ਸਰਕਾਰ ਖਿਲਾਫ਼ ਕਾਂਗਰਸ ਦਾ “ਚੱਲੋਂ ਰਾਜਭਵਨ ਮਾਰਚ”, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੋਛਾੜਾਂ

ਪੰਜਾਬ ਕਾਂਗਰਸ ਵੱਲੋਂ ਅੱਜ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਅੱਜ ਰੋਸ ਮਾਰਚ ਕੱਢਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ “ਚੱਲੋਂ ਰਾਜਭਵਨ ਮਾਰਚ” ਪੰਜਾਬ ਕਾਂਗਰਸ ਭਵਨ ਤੋਂ ਸ਼ੁਰੂ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਅਡਾਨੀ ਅਤੇ ਬੀਜੇਪੀ ਦੇ ਖਿਲਾਫ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਵਲੋਂ ਮਾਰਚ ਨੂੰ ਰਾਜ ਭਵਨ ਤੱਕ ਪਹੁੰਚਣ ਤੋਂ ਰੋਕਣ ਲਈ ਪਾਣੀ ਦੀਆਂ ਬੋਛਾੜਾਂ ਦੀ ਵਰਤੋਂ ਕੀਤੀ ਗਈ ਅਤੇ ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿਚ ਵੀ ਲਿਆ।

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਆਈਪੀਐਸ ਅਧਿਕਾਰੀ ਜਯੋਤੀ ਯਾਦਵ ਨਾਲ ਹੋਈ ਮੰਗਣੀ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਮਹੀਨੇ ਦੇ ਅੰਤ ਵਿੱਚ ਆਨੰਦਪੁਰ ਸਾਹਿਬ ਵਿਖੇ ਆਈਪੀਐਸ ਅਧਿਕਾਰੀ ਜਯੋਤੀ ਯਾਦਵ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ। ਜਯੋਤੀ ਯਾਦਵ ਇਸ ਸਮੇਂ ਮਾਨਸਾ ਦੇ ਐਸ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਹਨ। ਹਾਲ ਹੀ ‘ਚ ਦੋਹਾਂ ਦੀ ਮੰਗਣੀ ਹੋਈ ਹੈ ਅਤੇ ਤਸਵੀਰ ਵੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਮਹੀਨੇ ਹੋਣ ਵਾਲੇ ਵਿਆਹ ਵਿੱਚ ਕਈ ਸਿਆਸੀ ਦਿੱਗਜਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਬਜਟ ਨੂੰ ਲੈਕੇ ਵਿਰੋਧੀ ਧਿਰ ਨੇਤਾ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ਨੂੰ ਲਿਖੀ ਚਿੱਠੀ

ਸਾਲ 2023-24 ਲਈ ਪੇਸ਼ ਕੀਤੇ ਬਜਟ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿਵਾਦਾਂ ਵਿਚ ਘਿਰ ਗਈ ਹੈ। ਵਿਰੋਧੀ ਲਗਾਤਾਰ ਬਜਟ ਨੂੰ ਲੈਕੇ ਮਾਨ ਸਰਕਾਰ ਨੂੰ ਘੇਰਦੇ ਵਿਖਾਈ ਦੇ ਰਹੇ ਹਨ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖਿਆ ਹੈ। ਪੱਤਰ ਦੇ ਵਿਚ ਉਹਨਾਂ ਨੇ ਬਜਟ ‘ਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੋਈ ਵੀ ਰਾਸ਼ੀ ਨਾ ਰੱਖਣ ਅਤੇ ਪੰਜਾਬੀ ਤੇ ਪੰਜਾਬੀਅਤ ਦੇ ਹੋਰ ਸਰੋਕਾਰਾਂ ਦੇ ਮੁੱਦਿਆ ਬਾਰੇ ਆਪਣੇ ਵਿਚਾਰ ਰੱਖੇ ਹਨ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਦੀ ਭਾਵੁਕ ਕਰਨ ਵਾਲੀ ਪੋਸਟ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਆਉਣ ਵਾਲੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ। ਇਸ ਬਰਸੀ ਸਮਾਗਮ ਨੂੰ ਲੈਕੇ ਜਿਥੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਬਰਸੀ ‘ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਉਥੇ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵਲੋਂ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਮੂਸੇਵਾਲਾ ਸਬੰਧੀ ਇਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਚਰਨ ਕੌਰ ਨੇ ਲਿਖਿਆ, ‘‘ਸ਼ੁੱਭ ਪੁੱਤ ਕਿਥੇ ਮੈਂ ਤੇਰੇ ਵਿਆਹ ਦਾ ਸਹਿਜਪਾਠ ਸਾਹਿਬ ਬੜੇ ਚਾਅ ਨਾਲ ਕਰਾਉਣਾ ਸੀ ਬੱਚੇ ਪਰ ਅਫਸੋਸ ਸਾਨੂੰ ਤੇਰੀ ਵਿਦਾਇਗੀ ਦਾ ਕਰਾਉਣਾ ਪੈ ਰਿਹਾ। ਬੱਚੇ ਮੈਨੂੰ ਤੇਰੇ ’ਤੇ ਮਾਣ ਹੈ।’’ ਉਨ੍ਹਾਂ ਅੱਗੇ ਲਿਖਿਆ, ‘‘ਤੁਸੀਂ ਇੰਨੀ ਦੁਨੀਆ ਦਾ ਪਿਆਰ ਸਾਡੀ ਝੋਲੀ ਪਾ ਕੇ ਗਏ ਹੋ ਕਮੀ ਤਾਂ ਤੁਸੀਂ ਕੋਈ ਨਹੀਂ ਛੱਡੀ ਪਰ ਤੇਰੀ ਘਾਟ ਸਾਡੇ ਹਰ ਪਲ ਹਰ ਸਾਹ ਨਾਲ ਰੜਕਦੀ ਹੈ। ਸਾਨੂੰ ਤੇਰੇ ਬਿਨਾਂ ਜਿਊਣਾ ਪੈ ਰਿਹਾ।’’

ਹੋਲੇ-ਮਹੱਲੇ ਦੌਰਾਨ ਮਾਰੇ ਗਏ NRI ਨਿਹੰਗ ਪ੍ਰਦੀਪ ਸਿੰਘ ‘ਤੇ ਹੋਏ ਹਮਲੇ ਦੀ ਇਕ ਹੋਰ ਵੀਡੀਓ ਵਾਇਰਲ

ਹੋਲੇ-ਮਹੱਲੇ ਦੌਰਾਨ ਮਾਰੇ ਗਏ ਐੱਨ. ਆਰ. ਆਈ. ਨਿਹੰਗ ਪ੍ਰਦੀਪ ਸਿੰਘ ‘ਤੇ ਹਮਲੇ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਨਵੀਂ ਆਈ ਇਸ ਵੀਡੀਓ ਦੇ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਪ੍ਰਦੀਪ ਸਿੰਘ ਦਾ ਹੋਲ-ਮਹੱਲੇ ਦੌਰਾਨ ਕਤਲ ਕੀਤਾ ਗਿਆ ਹੈ। ਵੀਡੀਓ ਅਨੁਸਾਰ ਪਹਿਲਾਂ ਪ੍ਰਦੀਪ ਸਿੰਘ ਅਤੇ ਕੁਝ ਨੌਜਵਾਨਾਂ ਵਿਚਾਲੇ ਝਗੜਾ ਹੁੰਦਾ ਹੈ ਅਤੇ ਬਾਅਦ ਵਿਚ ਇਕ-ਦੂਜੇ ਵਿਚਾਲੇ ਤਲਵਾਰਾਂ ਤੱਕ ਚੱਲ ਜਾਂਦੀਆਂ ਹਨ। ਝਗੜੇ ਦੌਰਾਨ ਪ੍ਰਦੀਪ ਸਿੰਘ ਨੌਜਵਾਨ ਸਤਬੀਰ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰ ਰਿਹਾ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਕਾਫ਼ੀ ਭੀੜ ਨਜ਼ਰ ਆ ਰਹੀ ਹੈ। ਬਾਅਦ ਵਿਚ ਫਿਰ ਨੌਜਵਾਨਾਂ ਵੱਲੋਂ ਪ੍ਰਦੀਪ ਸਿੰਘ ‘ਤੇ ਤਲਵਾਰਾਂ ਨਾਲ ਹਮਲਾ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਇਕ ਨੁਕਿਲੀ ਚੀਜ਼ ਵੱਜਣ ਨਾਲ ਪ੍ਰਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿੱਤੀ ਗ੍ਰਾਂਟ ਵਧਾਉਣ ਦੀ ਮੰਗ ਨੂੰ ਲੈ ਕੇ ਚੁੰਨ੍ਹੀ ਕਲਾਂ ਕਾਲਜ ਦਾ ਪ੍ਰਦਰਸ਼ਨ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿੱਤੀ ਗ੍ਰਾਂਟ ਵਧਾਉਣ ਦੀ ਮੰਗ ਨੂੰ ਲੈ ਕੇ ਜਿਥੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਯੂਨੀਵਰਸਿਟੀ ਅਧੀਨ ਆਉਂਦੇ ਕਾਲਜ ਵੀ ਸਰਕਾਰ ਖਿਲਾਫ਼ ਆਪਣਾ ਰੋਸ ਜ਼ਾਹਰ ਕਰਨ ਲੱਗ ਪਏ ਹਨ। ਖ਼ਬਰ ਫਤਿਹਗੜ੍ਹ ਸਾਹਿਬ ਦੇ ਚੁੰਨ੍ਹੀ ਕਲਾਂ ਦੀ ਹੈ ਜਿਥੇ ਕਾਲਜ ਦੇ ਵਿਦਿਆਰੀਆਂ, ਅਧਿਆਪਕਾਂ ਸਣੇ ਸਟਾਫ ਵਲੋਂ ਪੰਜਾਬ ਦੀ ਮਾਨ ਸਰਕਾਰ ਖਿਲਾਫ਼ ਘੱਟ ਗ੍ਰਾਂਟ ਦੇਣ ਕਾਰਨ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ।

ਫਿਰੋਜ਼ਪੁਰ ਪੁਲਿਸ ਦੀ ਕਾਰਵਾਈ, ਚਲਾਇਆ ਤਲਾਸ਼ੀ ਅਭਿਆਨ, ਘਰਾਂ ‘ਚ ਮਾਰੀ ਰੇਡ

ਪੰਜਾਬ ਦੇ ਵਿਚ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਪੱਬਾ ਭਾਰ ਹੋਈ ਪਈ ਹੈ। ਇਸ ਦੌਰਾਨ ਉਹਨਾਂ ਵਲੋਂ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕੀਤੀ ਜਾਂਦੀ ਹੈ ਅਤੇ ਤਲਾਸ਼ੀ ਅਭਿਆਨ ਵੀ ਚਲਾਇਆ ਜਾਂਦਾ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਫਿਰੋਜ਼ਪੁਰ ਪੁਲਿਸ ਨੇ 52 ਥਾਵਾਂ ‘ਤੇ ਸਰਚ ਓਪਰੇਸ਼ਨ ਚਲਾਇਆ। ਇਸ ਦਰਮਿਆਨ ਪੁਲਿਸ ਨੇ ਘਰਾਂ ਦੇ ਵੀ ਰੇਡ ਮਾਰੀ ਹੈ ।

ਤਰਨਤਾਰਨ ‘ਚ ਸ਼ਰੇਆਮ ਉੱਡਦੀਆਂ ਵਿਖਾਈ ਦਿੱਤੀਆਂ ਕਾਨੂੰਨ ਦੀਆਂ ਧੱਜੀਆਂ

ਇਕ ਪਾਸੇ ਤਾਂ ਗੰਨ ਕਲਚਰ ਨੂੰ ਪ੍ਰੋਮੋਟ ਕਰਨ ਤੋਂ ਰੋਕਣ ਲਈ ਸਰਕਾਰ ਵਲੋਂ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਉਥੇ ਹੀ ਤਰਨਤਾਰਨ ਵਿਖੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਵਿਖਾਈ ਦਿੱਤੀਆਂ ਹਨ। ਦਰਅਸਲ, ਮਾਮਲਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਦਾ ਹੈ ਜਿਥੇ ਵਿਆਹ ਸਮਾਗਮ ਦੌਰਾਨ ਕੁਝ ਨੌਜਵਾਨਾਂ ਵਲੋਂ ਸ਼ਰੇਆਮ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਇਸ ਵੀਡੀਓ ਦੇ ਨਸ਼ਰ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button