PunjabTop News

NDU ਦੀ ਮੇਜ਼ਬਾਨੀ `ਚ ਵਾਈ-20 ਸਿਖਰ ਸੰਮੇਲਨ ਅਮਿਟ ਯਾਦਾਂ ਛਡਦਾ ਸੰਪੰਨ, ਜੀ-20 ਦੇਸ਼ਾਂ ਵਾਈ-20 ਪੈਨਲਿਸਟਾਂ ਅਤੇ ਡੈਲੀਗੇਟਾਂ ਨੂੰ ਨਿੱਘੀ ਵਿਦਾਇਗੀ

ਪੈਨਲਿਸਟਾਂ ਦੇ ਸੁਝਾਵਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਕਰੇਗੀ ਕੰਮ: ਡੀਨ ਅਕਾਦਮਿਕ ਮਾਮਲੇੇ

 ਗਿੱਧੇ-ਭੰਗੜੇ ਦੀ ਧਮਾਲ ਨੇ ਮਹਿਮਾਨਾਂ ਨੂੰ ਕੀਤਾ ਨੱਚਣ ਲਈ ਮਜਬੂਰ

ਅੰਮ੍ਰਿਤਸਰ, 16 ਮਾਰਚ 2023 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕਿਹਾ ਹੈ ਕਿ ਵਾਈ-20 ਸਿਖਰ ਸੰਮੇਲਨ ਦੇ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਈ ਪੈਨਲ ਵਿਚਾਰ ਚਰਚਾ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ 20 ਪੈਨਲਿਸਟਾਂ ਵੱਲੋਂ ਜੀ-20 ਦੇ ਦੇਸ਼ਾਂ ਨੂੰ ਜੋ ਸੁਝਾਅ ਦਿੱਤੇ ਗਏ ਹਨ ਉਨ੍ਹਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਕੰਮ ਕਰੇਗੀ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੇਜ਼ਬਾਨੀ ਹੇਠ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਆਯੋਜਿਤ ਵਾਈ-20 ਸਿਖਰ ਸੰਮੇਲਨ ਵਿੱਚ ਜੀ-20 ਦੇਸ਼ਾਂ ਦੇ ਪੈਨਲ ਮੈਂਬਰਾਂ ਅਤੇ ਡੈਲੀਗੇਟਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਿੱਘੀ ਵਿਦਾਇਗੀ ਉਪਰੰਤ ਸਿੰਡੀਕੇਟ ਰੂਮ ਵਿਚ ਇਕ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਜਿਸ ਵਿਚ ਉਨ੍ਹਾਂ ਨੇ ਚਾਰ ਪੜਾਵਾਂ ਵਿਚ ਹੋਈ ਪੈਨਲ ਵਿਚਾਰ ਚਰਚਾ ਦੇ ਨਿਚੋੜ ਨੂੰ ਪੱਤਰਕਾਰਾਂ ਸਾਹਮਣੇ ਰੱਖਦਿਆਂ ਕਿਹਾ ਕਿ ਇਨਾਂ ਸੁਝਾਵਾਂ ਦੇ ਨਾਲ ਰਾਸ਼ਟਰੀ ਹੀ ਨਹੀਂ ਅੰਤਰਰਾਸ਼ਟਰੀ ਪੱਧਰ `ਤੇ ਵੀ ਬਦਲਾਅ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਜਿਹੜੇ ਸੁਝਾਅ ਪੈਨਲਿਸਟਾਂ ਵੱਲੋਂ ਦਿੱਤੇ ਗਏ ਉਹ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਨੌਜੁਆਨਾਂ ਨੂੰ ਕੇਂਦਰ ਵਿਚ ਰੱਖ ਕੇ ਇਕਵੀਂ ਸਦੀ ਨੂੰ ਆਧਾਰ ਬਣਾ ਕੇ ਦਿਤੇ ਹਨ। ਇਸ ਮੌਕੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ, ਲੋਕ ਸੰਪਰਕ ਵਿਭਾਗ ਦੇ ਪ੍ਰੋਫੈਸਰ ਇੰਚਾਰਜ ਪ੍ਰੋ. ਸੁਖਪ੍ਰੀਤ ਸਿੰਘ ਹਾਜ਼ਰ ਸਨ। ਇਸ ਪ੍ਰੈਸ ਮਿਲਣੀ ਦਾ ਮੁੱਖ ਉਦੇਸ਼ ਵਾਈ-20 ਸਿਖਰ ਸੰਮੇਲਨ ਵਿਚ ਜੀ-20 ਦੇਸ਼ਾਂ ਤੋਂ ਇਕੱਠੇ ਹੋਏ ਨੌਜਵਾਨ ਵਿਦਵਾਨਾਂ ਦੇ ਵਿਦਵਤਾ ਭਰਪੂਰ ਵਿਚਾਰਾਂ ਦੇ ਸਿੱਟਿਆਂ ਨੂੰ ਸੰਖੇਪ ਵਿਚ ਪੇਸ਼ ਕਰਨਾ ਸੀ।

ਪ੍ਰੋ. ਬਹਿਲ ਨੇ ਦੱਸਿਆ ਕਿ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਕੰਮ ਦਾ ਭਵਿੱਖ, ਉਦਯੋਗ 4.0, ਇਨੋਵੇਸ਼ਨ ਅਤੇ 21ਵੀਂ ਸਦੀ ਵਿਸ਼ੇ `ਤੇ ਕਰਵਾਏ ਗਏ ਵਾਈ-20 ਸਿਖਰ ਸੰਮੇਲਨ ਦੇ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿੱਚ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਨੂੰ ਮਜਬੂਤ ਕਰਨ ਸਬੰਧੀ ਵੱਖ ਵੱਖ ਨੁਕਤਿਆਂ `ਤੇ ਗੰਭੀਰ ਵਿਚਾਰਾਂ ਹੋਈਆਂ। ਉਨ੍ਹਾਂ ਦੱਸਿਆ ਕਿ ਫਸਲੀ ਵਿਭਿੰਨਤਾ ਦਾ ਸਹਾਰਾ ਲੈਂਦਿਆਂ ਖੇਤੀ ਨੂੰ ਵਿਗਿਆਨਕ ਤਕਨੀਕਾਂ ਦੀ ਮਦਦ ਨਾਲ ਨਵੀਆਂ ਲੀਹਾਂ ਤੇ ਲਿਆਉਂਦੇ ਹੋਏ ਸਾਡੀ ਧਰਤੀ ਅਤੇ ਪਾਣੀ ਨੂੰ ਕਿਵੇ ਬਚਾਉਣਾ ਹੈ, ਇਹ ਮੁੱਦਾ ਇਸ ਸੰਮੇਲਨ ਦੇ ਪਹਿਲੀ ਪੈਨਲ ਚਰਚਾ ਦਾ ਕੇਂਦਰ ਰਿਹਾ। ਕੁਦਰਤੀ ਸਰੋਤ ਪ੍ਰਬੰਧਨ ਅਤੇ ਡਿਜੀਟਲ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀਆਂ ਨਵੀਆਂ ਪਹਿਲਕਦਮੀਆਂ, ਖੇਤੀਬਾੜੀ ਸਿੱਖਿਆ ਅਤੇ ਉੱਦਮਤਾ `ਤੇ ਵੱਖ-ਵੱਖ ਨੀਤੀਆਂ ਦੇ ਨਾਲ-ਨਾਲ ਵੱਖ ਵੱਖ ਨਵੇਂ ਰੁਝਾਨ ਇਸ ਵਿਚ ਵਿਸ਼ੇਸ਼ ਤੌਰ `ਤੇ ਸ਼ਾਮਿਲ ਸਨ।

ਉਨ੍ਹਾਂ ਦੂਜੀ ਪੈਨਲ ਵਿਚਾਰ ਚਰਚਾ `ਚ ਪੈਨਲਿਸਟਾਂ ਦੇ ਸੁਝਾਵਾਂ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਵਿਸ਼ਵ ਵਿਚ ਹੋ ਰਹੇ ਬਦਲਾਅ, ਅਨਿਸ਼ਚਿਤਤਾਵਾਂ ਅਤੇ ਰੋਜ਼ਗਾਰ ਨੂੰ ਲੈ ਕੇ ਪੈਨਲਿਸਟਾਂ ਵੱਲੋਂ ਜੋ ਸੁਝਾਅ ਦਿੱਤੇ ਗਏ ਹਨ ਉਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਅੰਤਰਰਾਸ਼ਟਰੀ ਪੱਧਰ `ਤੇ ਲੋੜ ਹੈ। ਉਨ੍ਹਾਂ ਨੇ ਕੋਵਿਡ 19 ਅਤੇ ਯੁਕਰੇਨ ਜੰਗ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਇਕ ਖੇਤਰ ਵਿਚ ਵਾਪਰਨ ਵਾਲੀਆਂ ਘਟਨਾਵਾਂ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਹਨ ਜਿਸ ਨਾਲ ਹਰ ਖੇਤਰ ਵਿਚ `ਤੇ ਬਦਲਾਅ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਨਵੇਂ ਬਦਲਦੇ ਹਲਾਤਾਂ ਵਿਚ ਰੋਜ਼ਗਾਰ ਨੂੰ ਲੈ ਕੇ ਵੀ ਕੁੱਝ ਅਜਿਹੀ ਸਥਿਤੀ ਬਣੀ ਹੋਈ ਹੈ ਜਿਸ ਦੇ ਬਦਲ ਵਜੋਂ ਪੈਨਲਿਸਟਾਂ ਦਾ ਮੰਨਣਾ ਹੈ ਇਸ ਨੂੰ ਨਾਕਾਰਤਮਕ ਦ੍ਰਿਸ਼ਟੀਕੋਣ ਤੋਂ ਲੈਣ ਦੀ ਬਜਾਇ ਸਾਕਾਰਤਮਕ ਦ੍ਰਿਸ਼ਟੀ ਤੋਂ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਥਿਤੀਆਂ ਵਿਚੋਂ ਬਾਹਰ ਨਿਕਲਣ ਦੇ ਹੱਲ ਪੂਰੇ ਵਿਸ਼ਵ ਨੂੰ ਧਿਆਨ ਵਿਚ ਰੱਖ ਕੇ ਕੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਪ੍ਰਣਾਲੀਬੱਧ ਕੀਤਾ ਜਾਣਾ ਚਾਹੀਦਾ ਹੈ ਜਿਸ `ਤੇ ਅਜੇ ਤਕ ਪੂਰੇ ਵਿਸ਼ਵ ਵਿਚ ਕਿਤੇ ਕੰਮ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਵਿਸ਼ਵ ਵਿਚ ਇਹ ਧਾਰਨਾ ਨੌਜੁਆਨਾਂ ਵਿਚ ਪੈਦਾ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਰੋਜ਼ਗਾਰ ਲੱਭਣ ਦੀ ਥਾਂ ਉਪਲਬਧ ਕਰਵਾਉਣ ਵਾਲੇ ਬਣਨ।

ਨੈਨੋਟੈਕਨਾਲੋਜੀ ਅਤੇ ਖੋਜ ਵਿਕਲਪਾਂ ਬਾਰੇ ਹੋਏ ਪੈਨਲ ਚਰਚਾ ਦੇ ਸਿਟਿਆਂ ਬਾਰੇ ਦਸਦਿਆਂ ਪ੍ਰੋ. ਬਹਿਲ ਨੇ ਕਿਹਾ ਕਿ ਪੈਨਲਿਸਟਾਂ ਵੱਲੋਂ ਤਕਨਾਲੋਜੀ ਨੂੰ ਅਕਾਦਮਿਕ ਤੋਂ ਉਦਯੋਗ ਨਾਲ ਜੋੜਨ `ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿ ਜਿੰਨਾ ਚਿਰ ਨੂੰ ਅੰਤਰ-ਸਬੰਧਤ ਨਹੀਂ ਕੀਤਾ ਜਾਂਦਾ ਓਨੀ ਦੇਰ ਵਿਕਾਸ ਵਿਚ ਪੂਰੀ ਤਰ੍ਹਾਂ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਕਿਹਾ ਕਿ ਇਹ ਗੱਲ ਨੌਜੁਆਨਾਂ `ਤੇ ਵੀ ਢੁਕਦੀ ਹੈ ਕਿ ਉਨ੍ਹਾਂ ਨੂੰ ਵੀ ਉਦਯੋਗ ਦੇ ਅਨੁਸਾਰ ਹੀ ਢਾਲਿਆ ਜਾਣਾ ਚਾਹੀਦਾ ਹੈ। ਪੈਨਲਿਸਟਾਂ ਦਾ ਮੰਨਣਾ ਸੀ ਜੋ ਉਨ੍ਹਾਂ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਜੋ ਫੀਲਡ ਵਿਚ ਜਾ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਵਿਚ ਕਾਫੀ ਪਾੜਾ ਹੈ ਜਿਸ ਨੂੰ ਦੂਰ ਕੀਤੇ ਜਾਣਾ ਸਮੇਂ ਦੀ ਪ੍ਰਮੁੱਖ ਲੋੜ ਹੈ।

ਉਨ੍ਹਾਂ ਕਿਹਾ ਕਿ ਰੀਅਲ ਅਸਟੇਟ ਜੋ ਅੰਤਰਰਾਸ਼ਟਰੀ ਪੱਧਰ ਦਾ ਵੱਡਾ ਬਾਜ਼ਾਰ ਹੈ ਦੇ ਵਿਚ ਵੱਡੀਆਂ ਤਬਦੀਲੀਆਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਨਵੀਂ ਤਕਨਾਲਜੀ ਦੇ ਆਧਾਰ `ਤੇ ਹੀ ਨਵੇਂ ਹੁਨਰਮੰਦ ਤਿਆਰ ਕੀਤੇ ਜਾਣਾ ਚੌਥੀ ਪੈਨਲ ਚਰਚਾ ਦੇ ਪੈਨਲਿਸਟਾਂ ਦੀ ਪ੍ਰਮੁੱਖ ਚਰਚਾ ਦਾ ਹਿੱਸਾ ਸੀ।

ਪੈਨਲਿਸਟਾਂ ਦਾ ਮੰਨਣਾ ਸੀ ਕਿ ਅਕਾਦਮਿਕ ਸੰਸਥਾਵਾਂ ਨੂੰ ਹੁਨਰ ਵਧਾਉਣ ਵਰਗੀਆਂ ਸੰਭਾਵਨਾਵਾਂ ਪੈਦਾ ਕਰਨ ਲਈ ਇੱਕ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਉਦਯੋਗ ਦੀਆਂ ਨਵੀਆਂ ਦਿਸ਼ਾਵਾਂ ਵੱਲ ਤੋਰਨ ਲਈ ਇਨਕਿਊਬੇਟਰ ਵਜੋਂ ਕੰਮ ਕਰਨਾ ਚਾਹੀਦਾ ਹੈ। ਰੀਅਲ ਅਸਟੇਟ ਅਤੇ ਉਸਾਰੀ ਸੈਕਟਰ ਨੂੰ ਸਮੱਗਰੀ ਦੀ ਵਰਤੋਂ ਅਤੇ ਇਸਦੀ ਜ਼ਿੰਮੇਵਾਰ ਖਪਤ ਵਿੱਚ ਲੋੜੀਂਦੇ ਵਿਕਲਪਾਂ ਅਤੇ ਵਿਵਹਾਰਾਂ ਨੂੰ ਅਪਣਾ ਕੇ ਚਲਦੇ ਰਹਿਣ ਵਾਲੇ ਅਰਥਚਾਰੇ ਦੇ ਸਿਧਾਂਤਾਂ ਦੀ ਪ੍ਰੋੜਤਾ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪੈਨਲਿਸਟਾਂ ਨੇ ਇਸ ਸਿਧਾਂਤ ਨੂੰ ਇਨਕਾਰਿਆ ਹੈ ਕਿ ਹਰੇਕ ਚੀਜ ਵਾਸਤੇ ਪੂੰਜੀ ਹੀ ਚਾਹੀਦੀ ਹੈ ਜਦੋਂਕਿ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਫਾਲਤੂ ਸਮਝ ਕੇ ਸੁੱਟ ਦਿੰਦੇ ਹਾਂ ਉਨਾਂ ਨੂੰ ਵੀ ਮੁੜ ਵਰਤੋਂ ਵਿਚ ਲਿਆਉਣ `ਤੇ ਕੰਮ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੀ ਆਰਥਿਕ ਵੀ ਬਹੁਤ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਜ਼ੀਰੋ ਡਿਸਚਾਰਜ਼ ਦੇ ਹਵਾਲੇ ਨਾਲ ਕਿਹਾ ਕਿ ਇਥੇ ਵੇਸਟ ਪਾਣੀ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ ਕੂੜੇ ਦਾ ਪੂਰਾ ਪ੍ਰਬੰਧਨ ਕੀਤਾ ਜਾਂਦਾ  ਹੈ। ਇਸੇ ਤਰ੍ਹਾਂ ਰੀਅਲ ਅਸਟੇਟ ਅਤੇ ਈਵੇਸਟ ਨੂੰ ਮੁੜ ਵਰਤੋਂ ਵਿਚ ਲਿਆਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸਾਡੇ ਪੈਨਲਿਸਟਾਂ ਅਤੇ ਡੈਲੀਗੇਟ ਦੇ ਲਈ ਜੋ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਸੀ, ਦਾ ਵੀ ਸਾਡੇ ਮਹਿਮਾਨਾਂ ਨੇ ਭਰਪੂਰ ਆਨੰਦ ਲਿਆ। ਇਸ ਸਿਖਰ ਸੰਮੇਲਨ ਵਿਚ ਭਵਿੱਖ ਨੂੰ ਲੈ ਕੇ ਚਿੰਤਾਵਾਂ `ਤੇ ਹੀ ਜੋਰ ਨਹੀਂ ਦਿੱਤਾ ਗਿਆ ਸਗੋਂ ਵਿਦੇਸ਼ੀ ਮਹਿਮਾਨਾਂ ਨੂੰ ਸਭਿਆਚਾਰ, ਸਮਾਜ ਅਤੇ ਧਾਰਮਿਕ ਧਰੋਹਰਾਂ ਤੋਂ ਜਾਣੂ ਕਰਵਾਉਣ ਲਈ ਵੀ ਕੁੱਝ ਪ੍ਰੋਗਰਾਮ ਉਲ਼ੀਕੇ ਸਨ ਜਿਨ੍ਹਾਂ ਵਿਚੋਂ ਸਭਿਆਚਾਰਕ ਪ੍ਰੋਗਰਾਮ ਇਕ ਸੀ। ਇਸ ਵਿਚ ਪੰਜਾਬ ਦੇ ਲੋਕ ਨਾਚ ਗਿੱਧੇ ਵਿਚ ਮੁਟਿਆਰਾਂ ਅਤੇ ਭੰਗੜੇ ਵਿਚ ਨੌਜੁਆਨਾ  ਨੇ ਜਿਥੇ ਸਜ ਫਬ ਕੇ ਪਰੰਪਰਿਕ ਪਹਿਰਾਵੇ ਵਿਚ ਜਬਰਦਸਤ ਪੇਸ਼ਕਾਰੀ ਦਿੱਤੀ, ਦੇ ਨਾਲ ਮਹਿਮਾਨ ਗਦਗਦ ਹੋ ਉਠੇ।

ਲੋਕ ਸਾਜ਼, ਪੱਛਮੀ ਸਮੂਹ ਗੀਤ ਅਤੇ ਕਲਾਸੀਕਲ ਡਾਂਸ ਕੱਥਕ ਦੀਆਂ ਪੇਸ਼ਕਾਰੀਆਂ ਵੀ ਉਨ੍ਹਾਂ ਦੇ ਦਿਲ ਦਿਮਾਗ `ਤੇ ਛਾਈਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਮਹਿਮਾਨਾਂ ਨੂੰ ਪੰਜਾਬ ਦੇ ਵਿਰਸੇ ਦੇ ਰੂਬਰੂ ਕਰਵਾਉਣ ਲਈ ਸਾਡੇ ਪਿੰਡੇ ਦੀ ਫੇਰੀ ਵੀ ਲਗਵਾਈ ਗਈ ਅਤੇ ਇਸ ਸਮੇਂ ਸਾਰੇ ਮਹਿਮਾਨਾਂ ਨੇ ਇਕ ਦੂਜੇ ਨੂੰ ਨੇੜੇ ਤੋਂ ਜਾਣਿਆ ਅਤੇ ਆਪੋ ਆਪਣੇ ਸਭਿਆਚਾਰ ਦੀਆਂ ਵੰਨਗੀਆਂ ਪੇਸ਼ ਕੀਤੀਆਂ।  ਉਨ੍ਹਾਂ ਕਿਹਾ ਕਿ ਅੱਜ ਜਦੋਂ ਇਨ੍ਹਾਂ ਮਹਿਮਾਨਾਂ ਨੂੰ ਯੂਨੀਵਰਸਿਟੀ ਦੇ ਗੈਸਟ ਤੋਂ ਨਿੱਘੀ ਵਿਦਾਇਗੀ ਦਿੱਤੀ ਗਈ ਤਾਂ ਉਨ੍ਹਾਂ ਨੇ ਆਪਣੀਆਂ ਖੂਬਸੂਰਤ ਯਾਦਾਂ ਨੂੰ ਤਾਅ ਉਮਰ ਸਾਭਣ ਦੀ ਗੱਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button