Breaking NewsD5 specialNewsPunjab

ਲੁਧਿਆਣਾ ਦੇ ਬੀਜ ਘੁਟਾਲੇ ਵਿੱਚ 1 ਹੋਰ ਗ੍ਰਿਫ਼ਤਾਰ, 12 ਬੀਜ ਡੀਲਰਸ਼ਿਪਾਂ ਰੱਦ

ਚੰਡੀਗੜ : ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਕਿਸਾਨਾਂ ਨੂੰ ਜਆਲੀ ਬੀਜ ਵੇਚਣ ਦੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਇੱਕ ਰਾਜ ਪੱਧਰੀ ਵਿਸ਼ੇਸ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਇਸੇ ਦੌਰਾਨ ਹੀ ਇਸ ਘੁਟਾਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਲੁਧਿਆਣਾ ਵਿੱਚ ਅਣਅਧਿਕਾਰਤ ਤੌਰ ’ਤੇ ਗੈਰ ਪ੍ਰਮਾਣਿਤ ਝੋਨੇ ਦਾ ਬੀਜ ਵੇਚਣ ਦੇ ਦੋਸ਼ ਹੇਠ 12 ਹੋਰ ਡੀਲਰਸ਼ਿਪਾਂ ਨੂੰ ਰੱਦ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਏਡੀਜੀਪੀ, ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ (ਪੀਬੀਆਈ) ਅਤੇ ਰਾਜ ਅਪਰਾਧ ਰਿਕਾਰਡ ਬਿਓਰੋ (ਐਸਸੀਆਰਬੀ) ਨਰੇਸ਼ ਅਰੋੜਾ ਦੀ ਅਗਵਾਈ ਵਾਲੀ ਇਹ ਨਵੀਂ ਐਸਆਈਟੀ (ਸਿੱਟ) ਹੁਣ ਤੱਕ ਲੁਧਿਆਣਾ ਦੀ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਨੂੰ ਆਪਣੇ ਹੱਥਾਂ ਵਿੱਚ ਲਵੇਗੀ ਅਤੇ ਜਾਅਲੀ ਬੀਜਾਂ ਦੀ ਵਿਕਰੀ ਬਾਰੇ ਮੌਜੂਦਾ/ਭਵਿੱਖ ਦੀਆਂ ਸ਼ਿਕਾਇਤਾਂ ਸੰਬੰਧੀ ਵੀ ਜਾਂਚ ਕਰੇਗੀ।

ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਨੂੰ ਛੇਤੀ ਤੋਂ ਛੇਤੀ ਜਾਂਚ ਮੁਕੰਮਲ ਕਰਨ ਲਈ ਕੰਮ ਸੌਂਪਿਆ ਗਿਆ ਹੈ ਤਾਂ ਜੋ ਛੇਤੀ ਤੋਂ ਛੇਤੀ ਸਾਰੇ ਦੋਸ਼ੀਆਂ ਦੀ ਪਛਾਣ ਕਰਕੇ ਗਿ੍ਰਫਤਾਰੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਐਸਆਈਟੀ (ਸਿੱਟ) ਦੇ ਹੋਰ ਮੈਂਬਰਾਂ ਵਿਚ ਆਈਜੀਪੀ ਕ੍ਰਾਈਮ ਨਾਗੇਸਵਰ ਰਾਓ, ਪੁਲਿਸ ਕਮਿਸਨਰ ਲੁਧਿਆਣਾ ਰਾਕੇਸ਼ ਅਗਰਵਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ ਸੁਖਦੇਵ ਸਿੰਘ ਅਤੇ ਡਿਪਟੀ ਕਮਿਸ਼ਨਰ ਪੁਲਿਸ, (ਅਮਨ ਤੇ ਕਾਨੂੰਨ) ਲੁਧਿਆਣਾ ਅਸ਼ਵਨੀ ਕਪੂਰ ਸ਼ਾਮਲ ਹਨ। ਇਹ ਸਿੱਟ ਏ.ਡੀ.ਜੀ.ਪੀ. -ਕਮ- ਡਾਇਰੈਕਟਰ, ਬਿਓਰੋ ਆਫ ਇਨਵੈਸਟੀਗੇਸ਼ਨ ਪੰਜਾਬ ਦੀ ਨਿਗਰਾਨੀ ਹੇਠ ਕੰਮ ਕਰੇਗੀ।  ਬੀਜ ਘੁਟਾਲੇ ਲਈ ਗਠਿਤ ਐਸ.ਆਈ.ਟੀ. ਦੁਆਰਾ ਕੀਤੀ ਗਈ ਗਿ੍ਰਫਤਾਰੀ ਦਾ ਵੇਰਵਾ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਬੀਜ ਕੰਟਰੋਲ ਆਰਡਰ ਕਾਨੂੰਨ ਦੀਆਂ ਧਾਰਾਵਾਂ 3, 8, 9, ਜਰੂਰੀ ਵਸਤਾਂ ਕਾਨੂੰਨ ਦੀਆਂ ਧਾਰਾਵਾਂ 2, 3, 7 ਅਤੇ ਆਈਪੀਸੀ ਦੀ 420 ਤਹਿਤ ਮੁੱਖ ਖੇਤੀ ਅਫਸਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੋਇਆ ਹੈ ਅਤੇ ਗਿ੍ਰਫਤਾਰ ਮੁਲਜ਼ਮ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਾਲੀਆਂ ਪੁੱਤਰ ਭਗਤ ਸਿੰਘ ਵਾਸੀ ਭੂੰਦੜੀ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ।

ਬਲਜਿੰਦਰ ਦੀ ਗਿ੍ਰਫਤਾਰੀ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਦੀ ਗਿ੍ਰਫਤਾਰੀ ਤੋਂ ਬਾਅਦ ਹੋਈ, ਜਿਸ ਨੂੰ ਪਹਿਲਾਂ ਇਸ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਇਹ ਬਲਜਿੰਦਰ ਸਿੰਘ ਜਗਰਾਉਂ ਵਿਖੇ 34 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਪੀਏਯੂ ਦੁਆਰਾ ਗਠਿਤ ਕੀਤੀ ਗਈ ਕਿਸਾਨ ਐਸੋਸੀਏਸਨ ਦਾ ਮੈਂਬਰ ਹੈ ਜੋ ਕਿਸਾਨਾਂ ਨੂੰ ਨਵੇਂ ਬੀਜਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ। ਨਵੇਂ ਬੀਜ ਦੀ ਪੈਦਾਵਾਰ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਉਸਨੂੰ ਅਜ਼ਮਾਇਸ਼ ਵਜੋਂ ਬਿਜਾਈ ਲਈ ਪਿਛਲੇ ਸਾਲ ਝੋਨੇ ਦਾ ਨਵਾਂ ਵਿਕਸਤ ਬੀਜ ਪੀਆਰ 128 ਅਤੇ ਪੀਆਰ 129 ਦਿੱਤਾ ਗਿਆ ਸੀ। ਪਰ ਉਸਨੇ ਪਰਖ ਵਜੋਂ ਤਿਆਰ ਕੀਤੀ ਵਾਧੂ ਫਸਲ ਦੇ ਬੀਜ ਦਾ ਉਤਪਾਦਨ ਕੀਤਾ ਅਤੇ ਉਸ ਨੂੰ ਬਿਨਾਂ ਅਧਿਕਾਰ ਤੋਂ ਬਰਾੜ ਬੀਜ ਸਟੋਰ ’ਤੇ ਵੇਚ ਦਿੱਤਾ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਰਖ ਵਾਲੇ ਬੀਜ ਦੀ ਇਹ ਵਿਕਰੀ ਸਪੱਸਟ ਤੌਰ ‘ਤੇ ਗੈਰ ਕਾਨੂੰਨੀ ਸੀ ਕਿਉਂਕਿ ਕੇਂਦਰੀ ਬੀਜ ਨੋਟੀਫਾਈਡ ਕਮੇਟੀ ਦੁਆਰਾ ਪ੍ਰਮਾਣਿਤ ਹੋਣ ਤੱਕ ਪਰਖ ਅਧੀਨ ਬੀਜ ਨੂੰ ਖੁੱਲੀ ਮੰਡੀ ਵਿੱਚ ਨਹੀਂ ਵੇਚਿਆ ਜਾ ਸਕਦਾ।

ਇਸ ਦੌਰਾਨ, ਬੀਜਾਂ ਦੀ ਗੈਰਕਨੂੰਨੀ ਤੇ ਅਣਅਧਿਕਾਰਤ ਵਿਕਰੀ ‘ਤੇ ਆਪਣੀ ਕਾਰਵਾਈ ਜਾਰੀ ਰੱਖਦਿਆਂ, ਲੁਧਿਆਣਾ ਜ਼ਿਲਾ ਪ੍ਰਸਾਸਨ ਨੇ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਬੀਜ ਡੀਲਰਾਂ ਦੀਆਂ ਕੁੱਲ 1900 ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਜਾਂਚ ਕੀਤੀ ਹੈ। ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਜੀਤ ਖੰਨਾ ਅਨੁਸਾਰ ਇਸ ਛਾਪੇਮਾਰੀ ਦੌਰਾਨ 12 ਡੀਲਰ ਅਣਅਧਿਕਾਰਤ ਬੀਜ ਵੇਚਦੇ ਪਾਏ ਗਏ ਅਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ। ਖੰਨਾ ਨੇ ਕਿਹਾ ਕਿ ਇਨਾਂ ਸਾਰੇ ਡੀਲਰਾਂ ਖਿਲਾਫ ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਉਨਾਂ ਦੇ ਸਟੋਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਖੰਨਾ ਨੇ ਕਿਹਾ ਕਿ ਕੁਝ ਬੇਈਮਾਨ ਡੀਲਰ ਕੋਵਿਡ -19 ਸਥਿਤੀ ਦਾ ਲਾਭ ਲੈ ਰਹੇ ਹਨ, ਕਿਉਂਕਿ ਇਸ ਬਿਪਤਾ ਦੀ ਘੜੀ ਮੌਕੇ ਪੀਏਯੂ ਕਿਸਾਨ ਮੇਲੇ ਨਾ ਲਗਾ ਸਕੀ ਅਤੇ ਵਧੀਆ ਕਿਸਮ ਦੀਆਂ ਫਸਲਾਂ ਦੇ ਬੀਜ ਜਾਰੀ ਨਹੀ ਕਰ ਸਕੀ। ਖੰਨਾ ਨੇ ਕਿਹਾ ਕਿ ਪੀਏਯੂ ਨੂੰ ਆਪਣਾ ਪ੍ਰੋਟੋਕੋਲ ਬਦਲਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਣਅਧਿਕਾਰਤ ਤੌਰ ’ਤੇ ਪਰਖ ਅਧੀਨ ਬੀਜ ਖਰੀਦਣ ਤੇ ਆਮ ਲੋਕਾਂ ਨੂੰ ਵੇਚਣ ਦੇ ਯੋਗ ਨਾ ਹੋ ਸਕੇ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਘਟੀਆ ਜਾਂ ਅਣਅਧਿਕਾਰਤ ਬੀਜ ਵੇਚਣ ਵਾਲੀਆਂ ਫਰਮਾਂ ਖਿਲਾਫ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਉਚਿਤ ਬਿੱਲ ਤੋਂ ਬਿਨਾਂ ਕੋਈ ਖੇਤੀ ਅਧਾਰਤ ਵਸਤ ਨਾ ਖਰੀਦਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button